ਕੁਲਬੀਰ ਸਿੰਘ ਸਿੱਧੂ
ਜੇ ਨਵਜੋਤ ਸਿੰਘ ਸਿੱਧੂ ਰਹੇ ਤਾਂ ਪੰਜਾਬ ਵਿੱਚ ਹੀ ਪਰ ਕੁਝ ਸਮਾਂ ਚੁੱਪ ਰਹਿ ਕੇ ਪਹਿਲਾਂ “ਪੰਜਾਬ ਤਮਾਸ਼ੇ” ਨੂੰ “ਵੇਖੇ -ਘੋਖੇ “ ਤੇ ਗਹਿਨ-ਗੰਭੀਰ ਵਿਉਂਤਬੰਦੀ ਕਰੇ !!
ਇਸ ਤੋਂ ਇਲਾਵਾ ਹੋਰ ਵੀ ਅਹਿਮ ਗੱਲ ਇਹ ਹੈ ਕਿ ਆਪਣੀ ਜਨਤਾ ਵੀ “ਚਲ-ਹੋਊ : ਆਪਾਂ ਨੂੰ ਕੀ” ਵਾਲੀ ਮਨੋਬ੍ਰਿਤੀ ਦਾ ਤਿਆਗ ਕਰਕੇ ਹੁਣ ਬੱਸ ਹਮੇਸ਼ਾਂ ਵਾਸਤੇ ਸਮਝ ਲਵੇ ਕਿ “ ਭਾਵੇਂ ਖ਼ਰਬੂਜ਼ਾ ਛੁਰੀ ‘ਤੇ ਡਿਗੇ ਜਾਂ ਛੁਰੀ ਖ਼ਰਬੂਜ਼ੇ ‘ ਤੇ ਡਿਗੇ ; ਆਖਿਰ ਨੂੰ
ਤਾਂ ਖ਼ਰਬੂਜ਼ੇ ਨੇ ਹੀ ਵੱਢਿਆ ਜਾਣਾ ਹੈ ।।
ਇਸ ਲਈ ਹਮੇਸ਼ਾਂ ਲਈ “ਅੱਖਾਂ ਵਿੱਚ ਘਸੁੰਨ ਦੇ ਕੇ ਰੋਣ” ਨਾਲ਼ੋਂ ਇਕ ਗੱਲ ਸਦਾ ਵਾਸਤੇ ਪੱਲੇ ਬੰਨ੍ਹ ਲਵੇ ਕਿ ਨੇਤਾਗਣਾਂ ਦਾ ਤਾਂ ਕਦੇ ਕਿਤੇ ਕੱਖ ਵੀ ਨਹੀਂ ਵਿਗੜਦਾ ਪਰ ਲੋਕਾਂ ਦਾ ਤਾਂ ਕੋਈ ਕੱਖ-ਕਾਣ ਵੀ ਨਹੀਂ ਬਚਦਾ ।।
ਸੋ ਲੋਕਾਂ ਨੂੰ ਕੌਮਪ੍ਰਸਤੀ ਦੇ ਇਸ ਕੌਮੀ ਕਾਰਜ ਹਿਤ ਖ਼ੁਦ ਹੀ ਜਾਗਣ ਦੀ ਲੋੜ ਹੈ ਕਿਉਂਕਿ ਹੁਣ ਤੱਕ ਆਪਾਂ ਨੇ ਬਥੇਰੀ ਗੁਲਾਮੀ ਤੇ ਚਾਕਰੀ ਹੰਢਾ-ਵਰਤਾਅ ਲਈ ਹੈ ।ਸੋ ਕਿੰਨਾ ਚੰਗਾ ਹੋਵੇ ਕਿ ਆਪਾਂ ਹਾਲੇ ਵੀ ਆਪਣੇ ਹੀ ਭਲੇ ਦੀ ਖ਼ਾਤਰ ਚੰਗੇ-ਮਾੜੇ ਲੀਡਰਾਂ, ਅਫਸਰਸ਼ਾਹੀ ਤੇ ਖਾਸ ਤੌਰ ‘ ਤੇ ਵਰਤਮਾਨ ਦੇ ਫਰੰਗੀਆਂ ਦੀ ਬੁੱਕਲ ਦੇ ” ਪਹਾੜਾ ਸਿੰਘ ” ਜਿਹੇ ਕਈ ਝੋਲੀ-ਚੁਕ ਮੀਣੇ-ਮੀਸਣੇ ਯਾਰਾਂ ਦੀ ਨਿਰਖ-ਪਰਖ ਕਰਨ ਲੱਗ ਪਈਏ।
ਇਸ ਲਈ ਸਾਨੂੰ ਮਾਨਸਿਕ ਗੁਲਾਮੀ ਦੇ ਤਹਿਤ ਹੁਣ ਤੱਕ ਦੀ ਕੀਤੀ ਫੋਕੀ ਚੌਧਰ, ਫੌਂਡਵਾਈ ਤੇ ਚਾਪਲੂਸੀ ਦਾ ਲੜ ਛੱਡਣ ਦੀ ਵੀ ਆਪਣੇ ਆਪ ਨੂੰ ਆਦਤ ਪਾਉਣ
ਅਤੇ ਵਿਸ਼ੇਸ਼ ਕਰਕੇ ਇਲੈਕਸ਼ਨਾਂ ਦੇ ਸਮੇਂ ਸੋਝੀ ਦੇ ਘਰ ਆਉਣ ਦੀ ਬੇਹੱਦ ਲੋੜ ਹੈ।।
ਇਸ ਇਨਕਲਾਬੀ ਬਦਲਾਅ ਵਾਸਤੇ ਜੇ ਕਿਤੇ ਸਚਮੁਚ ਹੀ ਕਥਿਤ ਪੰਥਕ ਜਥੇਬੰਦੀਆਂ ਤੇ ” ਗੱਲੀਂ-ਵਡੇ “ ਬੁੱਧੀਜੀਵੀ ਵਰਗ ਅਤੇ ਖ਼ਾਸ ਕਰਕੇ ਪੰਜਾਬ-ਹਿਤੈਸ਼ੀ ਅਵਾਮ ਆਪਣੀ ਚਲ ਰਹੀ ਅਣਹੋਣੀ ਦੀਆਂ ਰਮਜ਼ਾਂ ਨੂੰ ਸਮਝਦੇ ਹੋਏ ਬੱਸ ਕਿਤੇ ਸਿਰਫ਼ ਇਕ ਵਾਰ ਹੀ ਇਕੱਠੇ ਹੋ ਜਾਣ ਅਤੇ ਪੰਜਾਬ-ਦੋਖੀਆਂ ਦੇ ਖ਼ਿਲਾਫ਼ ਸਰਬ-ਹਿੱਤ ਦੇ ਵਾਸਤੇ ਬੇਸ਼ਕ ਰੱਬ ਲਗਦੀ ਨੂੰ ਹੀ ਲਾਮਬੰਦ ਹੋ ਜਾਣ ਤਾਂ ਫੇਰ ਦੇਖਿਉ ਕਿ ਗ਼ਦਾਰੀ ਦੀ ਹੱਦ ਤੱਕ ਪਹੁੰਚੇ ਸਾਡੇ ਫਫੇਕੁਟ-ਸੁਆਰਥੀ ਸਿਆਸਤੀਆਂ ਦਾ ਕਿਵੇਂ ਦਸ਼ਿਹਰਾ-ਦਹਿਨ ਹੁੰਦਾ ਹੈ ??
ਜਜਮਾਨੋਂ ! ਜੇ ਇਹ ਗਲ ਔਖੀ ਹੈ ਤਾਂ ਸੋਚ ਲਉ ਕਿ ਆਪ ਸੱਦੀ-ਬੁਲਾਈ ਗੁਲਾਮੀ ਦੇ ਪ੍ਸੰਗ ਵਿਚ ਵਿਉ-ਮਾਤਾ ਵਲੋਂ ਲਿਖੇ ਗਏ ਅੱਖਰ ਪੜ੍ਹਨੇ ਵੀ ਕਿਹੜਾ ਸੌਖੇ ਹਨ ??
ਖ਼ੈਰ ! ਰੱਬ ਬੇਲੀ !!
ਆਈ.ਏ.ਐੱਸ..( ਰਿਟਾ )
test