ਹਰਪ੍ਰੀਤ ਕੌਰ ਘੁੰਨਸ
ਨਿਹੰਗ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦੇ ਅਰਥ ਤਲਵਾਰ ਜਾਂ ਮਗਰਮੱਛ। ਇਸ ਤੋਂ ਭਾਵ ਆਤਮ-ਗਿਆਨੀ ਵੀ ਲਿਆ ਜਾਂਦਾ ਹੈ, ਜਿਸਦਾ ਅਰਥ ਹੈ ਦਲੇਰ ਅਤੇ ਮੌਤ ਦਾ ਭੈਅ ਨਾ ਰੱਖਣ ਵਾਲਾ।
ਨਿਹੰਗ ਪਰੰਪਰਾ:-ਨਿਹੰਗ ਨੀਲਾ ਬਾਣਾ ਪਾਉਂਦੇ ਅਤੇ ਗੋਲ ਦਸਤਾਰ ਸਜਾਉਂਦੇ ਹਨ ਜਿਸ ਉੱਪਰ ਇਹ ਚੱਕ੍ਰ, ਤੋੜਾ, ਆਦਿ ਛੋਟੇ ਸ਼ਸਤਰ ਵੀ ਲਗਾਉਂਦੇ ਹਨ। ਇਹਨਾਂ ਵੱਲੋਂ ਸਰਬ ਲੋਹ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਆਪਣੇ ਡੇਰਿਆਂ ਨੂੰ ਛਾਉਣੀਆਂ ਅਤੇ ਖ਼ੁਦ ਨੂੰ ਗੁਰੂ ਗੋਬਿੰਦ ਸਿੰਘ ਦੀਆਂ ਲਾਡਲੀਆਂ ਫ਼ੌਜਾਂ ਦੱਸਦੇ ਹਨ। ਇਹ ਘੋੜੇ ਵੀ ਰੱਖਦੇ ਹਨ। ਇਹਨਾਂ ਵੱਲੋੰ ਪੁਰਾਤਨ ਸਮੇਂ ਵੀ ਵਿੱਚ ਦੁਸ਼ਮਣਾਂ ਕੋਲ ਜਾਣਕਾਰੀ ਨਾ ਲੀਕ ਹੋ ਜਾਵੇ ਇਸ ਲਈ ਕੋਡਿੰਗ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਜਿੰਨ੍ਹਾਂ ਨੂੰ ਗੜਗੱਜ ਬੋਲੇ ਕਿਹਾ ਜਾਂਦਾ ਹੈ। ਜਿਵੇਂ ਇਹ ਡੰਡੇ ਨੂੰ ਅਕਲਦਾਨ, ਮਾਇਆ ਨੂੰ ਡੈਣ, ਸੁਰਮੇ ਨੂੰ ਨੇਤਰ ਠੋਕਾ, ਸਬਜ਼ੀ ਨੂੰ ਭਾਜਾ ਅਤੇ ਰੋਗੀ ਨੂੰ ਮਸਤਾਨਾ ਕਹਿੰਦੇ ਹਨ। ਇਹ ਅਕਾਲ-ਅਕਾਲ ਜਪਦੇ ਹਨ। ਵਿਸਾਖੀ ਜਿਹੇ ਪ੍ਰੋਗਰਾਮ ‘ਤੇ ਜੌਹਰ ਦਿਖਾ ਕੇ ਇਹ ਖ਼ੂਬ ਰੰਗ ਬੰਨ੍ਹਦੇ ਹਨ।
ਇਤਿਹਾਸ:- ਜੇਕਰ ਇਤਿਹਾਸਕ ਦ੍ਰਿਸ਼ਟੀ ਤੋਂ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਇੱਕ ਵਾਰ ਸਾਹਿਬਜ਼ਾਦਾ ਫ਼ਤਿਹ ਸਿੰਘ ਇੱਕ ਦਿਨ ਦੁਮਾਲਾ ਸਜਾ ਕੇ ਤੇ ਨੀਲਾ ਬਾਣਾ ਪਾ ਕੇ ਦਸਮ ਪਿਤਾ ਦੇ ਸਾਹਮਣੇ ਆਏ ਜਿਸਨੂੰ ਵੇਖ ਕੇ ਦਸਮ ਪਿਤਾ ਬਹੁਤ ਖ਼ੁਸ਼ ਹੋਏ ਅਤੇ ਉਹਨਾਂ ਨੇ ਫਰਮਾਇਆ ਕਿ ਇਸੇ ਬਾਣੇ ਵਾਲਾ ਨਿਹੰਗ ਜਥਾ ਹੋਵੇਗਾ। ਮਾਲਵਾ ਇਤਿਹਾਸ ਦੇ ਹਵਾਲੇ ਅਨੁਸਾਰ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ‘ਚ ਨਜ਼ਰਬੰਦ ਸਨ ਤਾਂ ਸੰਗਤ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗੁਰੂ ਜੀ ਦੇ ਦਰਸ਼ਨਾਂ ਲਈ ਜਾਇਆ ਕਰਦੀ ਸੀ। ਬਾਬਾ ਬੁੱਢਾ ਜੀ ਨਿਸ਼ਾਨ ਸਾਹਿਬ ਲੈ ਕੇ ਅੱਗੇ-ਅੱਗੇ ਤੁਰਿਆ ਕਰਦੇ ਸਨ। ਇਸ ਪਿਆਰ ਅਤੇ ਦੀਦਾਰ ਭਾਵਨਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਕਿ ਬਾਬਾ ਜੀ, ਸਮਾਂ ਪਾ ਕੇ ਤੇਰਾ ਇਹ ਨਿਸ਼ਾਨ ਵਾਲਾ ਪੰਥ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰੇਗਾ। ਇੱਕ ਹੋਰ ਵਿਚਾਰ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਮਾਛੀਵਾੜੇ ਤੋਂ ਚੱਲਣ ਸਮੇਂ ਜਿਹੜਾ ਨੀਲਾ ਬਾਣਾ ਧਾਰਨ ਕੀਤਾ ਸੀ,ਜਦੋਂ ਉਸਨੂੰ ਅੱਗ ਵਿੱਚ ਸਾੜਿਆ ਗਿਆ ਤਾਂ ਉਸਦੀ ਇੱਕ ਲੀਰ ਭਾਈ ਮਾਨ ਸਿੰਘ ਨੇ ਆਪਣੀ ਦਸਤਾਰ ਵਿੱਚ ਸਜਾ ਲਈ ਸੀ। ਜਿਸ ਤੋਂ ਨਿਹੰਗ ਸਿੰਘਾਂ ਦੇ ਬਾਣੇ ਦੀ ਆਰੰਭਤਾ ਹੋਈ ਮੰਨੀ ਜਾਂਦੀ ਹੈ। ਇਸ ਪ੍ਰਕਾਰ ਨਿਹੰਗਾਂ ਬਾਰੇ ਅਲੱਗ-ਅਲੱਗ ਮਾਨਤਾਵਾਂ ਪ੍ਰਚੱਲਿਤ ਹਨ।
ਯੋਗਦਾਨ:- ਜੇਕਰ ਬੀਤੇ ਸਮੇਂ ਵਿੱਚ ਝਾਤ ਮਾਰੀਏ ਤਾਂ ਇਸ ਵਿਲੱਖਣ ਸਿੱਖ ਫ਼ਿਰਕੇ ਦਾ ਮਾਨਵਤਾ ਦੀ ਭਲਾਈ ਅਤੇ ਰਾਖੀ ਲਈ ਵਿਸ਼ੇਸ਼ ਯੋਗਦਾਨ ਰਿਹਾ ਹੈ। ਜਦੋਂ ਮੁਗਲ ਰਾਜ ਕਾਇਮ ਸੀ ਉਸ ਸਮੇਂ ਇਹ ਨਿਹੰਗ ਜੰਗਲਾਂ ਵਿੱਚ ਰਹਿੰਦੇ,ਘੋੜਿਆਂ ‘ਤੇ ਸੌਂਦੇ,ਫ਼ੌਜ ਵਾਂਗ ਕੋਡਿੰਗ ਭਾਸ਼ਾ ਦੀ ਵਰਤੋਂ ਕਰਦੇ ਸਨ। ਨਿਹੰਗਾਂ ਬਾਰੇ ਇੱਕ ਅਖਾਉਤ ਮਸ਼ਹੂਰ ਹੈ-
“ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ”
ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਇਹਨਾਂ ਦਾ ਜਸ ਗਾਉਂਦੇ ਸਨ ਅਤੇ ਇਹ ਜਬਰ-ਜ਼ੁਲਮ ਨਾਲ ਖ਼ਿਲਾਫ਼ ਲੜਦੇ ਸਨ।
18ਵੀਂ ਸਦੀ ਦੌਰਾਨ ਮੁਗਲ ਸਰਕਾਰ ਦੇ ਜ਼ੁਲਮ ਤੋਂ ਬਚਣ ਲਈ ਨਿਹੰਗਾਂ ਨੇ ਪਹਾੜਾਂ ਅਤੇ ਰੇਗਿਸਤਾਨਾਂ ਵਿੱਚ ਸ਼ਰਨ ਲਈ। ਮੁਗਲ ਸਰਕਾਰ ਇਹਨਾਂ ਨੂੰ ਦਬਾਉਣ ਵਿੱਚ ਕਾਮਯਾਬ ਨਾ ਹੋ ਸਕੀ।
ਪ੍ਰਬੰਧਕੀ ਸਹੂਲਤ ਲਈ 1734 ਈ: ਵਿੱਚ ਨਿਹੰਗਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ।
1. ਬੁੱਢਾ ਦਲ
2. ਤਰਨਾ ਦਲ
ਬੁੱਢਾ ਦਲ- ਇਸ ਵਿੱਚ 40 ਵਰ੍ਹਿਆਂ ਦੀ ਉਮਰ ਤੋਂ ਉੱਪਰ ਵਾਲੇ ਨਿਹੰਗ ਹਨ। ਇਹਨਾਂ ਦਾ ਕੰਮ ਇਤਿਹਾਸਕ ਸਥਾਨਾਂ ਦੀ ਸੇਵਾ ਕਰਨਾ ਸੰਭਾਲ ਕਰਨੀ ਸੀ। ਤਰਨਾ ਦਲ- ਇਸ ਵਿੱਚ 40 ਵਰ੍ਹਿਆਂ ਤੋਂ ਘੱਟ ਉਮਰ ਦੇ ਨਿਹੰਗ ਹੁੰਦੇ ਹਨ ਜਿੰਨ੍ਹਾਂ ਦਾ ਕੰਮ ਅੱਗੇ ਵਧ ਕੇ ਜੰਗੀ ਮੋਰਚੇ ਸਰ ਕਰਨਾ ਸੀ। ਤਰਨਾ ਦਲ ਨੂੰ ਅੱਗੇ ਪੰਜ ਜਥਿਆਂ ਵਿੱਚ ਵੰਡਿਆ ਗਿਆ
ਹਰ ਜਥੇ ਵਿੱਚ 1300 ਤੋਂ 5000 ਤੱਕ ਹਥਿਆਰਬੰਦ ਸਿੱਖ ਹੁੰਦੇ ਸਨ। 1735 ਈ. ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ਨਾਲ ਸੰਬੰਧ ਤੋੜ ਕੇ ਮੁੜ ਤੋਂ ਉਹਨਾਂ ‘ਤੇ ਜ਼ੁਲਮ ਢਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਦੋਹਾਂ ਦਲਾਂ ਦੇ ਯੋਧੇ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿੱਚ ਖਿੰਡ ਗਏ।
1739 ਈਸਵੀ ਵਿੱਚ ਜਦੋਂ ਨਾਦਰਸ਼ਾਹ ਦਿੱਲੀ ਸਮੇਤ ਪੰਜਾਬ ਨੂੰ ਲੁੱਟ ਕੇ ਇੱਥੋਂ ਦੀਆਂ ਸੈਂਕੜੇ ਕੁੜੀਆਂ ਨੂੰ ਨਾਲ ਲੈ ਕੇ ਆਪਣੇ ਵਤਨ ਪਰਤ ਰਿਹਾ ਸੀ ਤਾਂ ਤਰਨਾ ਦਲ ਦੇ ਯੋਧਿਆਂ ਵੱਲੋੰ ਉਸਦਾ ਪਿੱਛਾ ਕਰਕੇ ਕੁੜੀਆਂ ਨੂੰ ਛੁਡਾ ਕੇ ਉਹਨਾਂ ਦੇ ਮਾਪਿਆਂ ਕੋਲ ਪਹੁੰਚਾਇਆ।
1748 ਈ: ਵਿੱਚ ਵਿਸਾਖੀ ਵਾਲੇ ਦਿਨ ਸਾਰੇ ਜਥੇ ਅੰਮ੍ਰਿਤਸਰ ਇਕੱਠੇ ਹੋਏ ਅਤੇ ਸਰਬਤ ਖ਼ਾਲਸੇ ਦੇ ਗੁਰਮਤੇ ਨਾਲ ਇੱਕ ਸਮੁੱਚੀ ਵੱਡੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਜਿਸਦਾ ਨਾਮ ਦਲ ਖ਼ਾਲਸਾ ਰੱਖਿਆ ਗਿਆ। ਇਸਦੀ ਸਰਦਾਰੀ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ ਗਈ। ਇਸ ਦਲ ਦੀ ਸਥਾਪਨਾ ਨਾਲ ਛੋਟੇ-ਛੋਟੇ ਜਥਿਆਂ ਨੂੰ 11 ਟੋਲਿਆਂ ਵਿੱਚ ਵੰਡਿਆ ਗਿਆ, ਜਿੰਨ੍ਹਾਂ ਨੂੰ ਮਿਸਲਾਂ ਕਿਹਾ ਜਾਂਦਾ ਹੈ।
ਇਹਨਾਂ ਵਿੱਚੋਂ 6 ਮਿਸਲਾਂ ਦਾ ਸੰਬੰਧ ਬੁੱਢਾ ਦਲ ਅਤੇ 5 ਦਾ ਤਰਨਾ ਦਲ ਨਾਲ ਸੀ।
1. ਬਾਬਾ ਜੱਸਾ ਸਿੰਘ ਅਧੀਨ ਆਹਲੂਵਾਲੀਆ ਮਿਸਲ
2. ਨਵਾਬ ਕਪੂਰ ਸਿੰਘ ਅਧੀਨ ਸਿੰਘਪੁਰੀਆ ਮਿਸਲ
3. ਸ. ਕਰੋੜਾਂ ਸਿੰਘ ਅਧੀਨ ਕਰੋੜ ਸਿੰਘੀਆਂ ਮਿਸਲ
4. ਸ. ਦਸੌਂਧਾ ਸਿੰਘ ਅਧੀਨ ਨਿਸ਼ਾਨਵਾਲੀਆ ਮਿਸਲ
5. ਬਾਬਾ ਦੀਪ ਸਿੰਘ ਅਧੀਨ ਸ਼ਹੀਦਾਂ ਵਾਲੀ ਮਿਸਲ
6. ਸ. ਗੁਲਾਬ ਸਿੰਘ ਅਧੀਨ ਡੱਲੇਵਾਲੀਆ ਮਿਸਲ
ਬਾਕੀ ਪੰਜ ਦਾ ਸੰਬੰਧ ਤਰਨਾ ਦਲ ਨਾਲ ਸੀ। ਇਹ ਸਨ-
1.ਸ. ਚੜ੍ਹਤ ਸਿੰਘ ਅਧੀਨ ਸ਼ੁਕਰਚਕੀਆ ਮਿਸਲ
2.ਸ.ਹਰੀ ਸਿੰਘ ਅਧੀਨ ਭੰਗੀਆ ਮਿਸਲ
3.ਸ. ਜੈ ਸਿੰਘ ਅਧੀਨ ਕਨ੍ਹਈਆ ਮਿਸਲ
4.ਸ. ਹੀਰਾ ਸਿੰਘ ਅਧੀਨ ਨਕੈਈ ਮਿਸਲ
5.ਸ. ਜੱਸਾ ਸਿੰਘ ਅਧੀਨ ਰਾਮਗੜ੍ਹੀਆ ਮਿਸਲ
1746 ‘ਚ ਦੋਹਾਂ ਦਲਾਂ ਦੇ ਛੋਟੇ ਘੱਲੂਘਾਰੇ ‘ਚ 7,8 ਹਜ਼ਾਰ ਅਤੇ ਵੱਡੇ ਘੱਲੂਘਾਰੇ ‘ਚ 20 ਹਜ਼ਾਰ ਸੈਨਿਕਾਂ ਨੇ ਸ਼ਹਾਦਤ ਦਾ ਜ਼ਾਮ ਪੀਤਾ।
1764 ਵਿੱਚ ਸਰਹਿੰਦ ‘ਤੇ ਜਿੱਤ ਪ੍ਰਾਪਤ ਕਰਨ ਉਪਰੰਤ ਹਰ ਮਿਸਲ ਨੇ ਆਪਣੇ-ਆਪਣੇ ਇਲਾਕੇ ਜਿੱਤ ਕੇ ਰਿਆਸਤਾਂ ਕਾਇਮ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਦੋਹਾਂ ਦਲਾਂ ‘ਚ ਖਾਰ ਵਧਣ ਕਾਰਨ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਨਿਹੰਗ ਸਿੰਘਾਂ ਨੇ 1920 ਈ. ਤੋਂ ਪਹਿਲਾਂ ਵੀ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ ਦੀ ਅਜ਼ਾਦੀ ਲਈ ਕੁਰਬਾਨੀਆਂ ਕੀਤੀਆਂ। ਇਸ ਪ੍ਰਕਾਰ ਇਸ ਮਹਾਨ ਅਤੇ ਵਿਲੱਖਣ ਕੌਮ ਦਾ ਭਾਰਤ ਅੰਦਰ ਵਿਸ਼ੇਸ਼ ਯੋਗਦਾਨ ਰਿਹਾ ਹੈ ਜਿੰਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਅਜੋਕੇ ਸਮੇਂ ਦੀ ਸਥਿਤੀ:-
ਜੇਕਰ ਅਜੋਕੇ ਸਮੇਂ ਦੀ ਸਥਿਤੀ ਵੇਖੀ ਜਾਵੇ ਤਾਂ ਕਈ ਕਾਰਨਾਂ ਕਰਕੇ ਹਮੇਸ਼ਾ ਹੀ ਇਹ ਫਿਰਕਾ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਰਹਿੰਦਾ ਹੈ। ਜਿਵੇਂ ਭੰਗ ਦਾ ਸੇਵਨ ਕਰਨਾ ਆਦਿ ਵਿਸ਼ੇਸ਼ ਤੌਰ ‘ਤੇ ਵਿਰੋਧਤਾ ਦਾ ਵਿਸ਼ਾ ਬਣੇ ਰਹਿੰਦੇ ਹਨ। ਸਿੱਖ ਧਰਮ ਅੰਦਰ ਨਸ਼ੇ ਦੀ ਮਨਾਹੀ ਹੈ। ਫਿਰ ਇਸਦਾ ਸੇਵਨ ਕਿਉਂ? ਇਹੀ ਗੱਲਾਂ ਸਿੱਖਾਂ ਅਤੇ ਨਿਹੰਗ ਸਿੱਖਾਂ ਵਿੱਚ ਵਿਵਾਦ ਦਾ ਕਾਰਨ ਬਣੀਆਂ ਰਹਿੰਦੀਆਂ ਹਨ।
ਦੂਸਰਾ 1984 ਵਿੱਚ ਅਕਾਲ ਤਖ਼ਤ ‘ਤੇ ਹੋਏ ਹਮਲੇ ਬਾਅਦ ਬੁੱਢਾ ਦਲ ਦੇ ਮੁਖੀ ਵੱਲੋੰ ਸਰਕਾਰ ਨਾਲ ਮਿਲ ਕੇ ਅਕਾਲ ਤਖ਼ਤ ਦੀ ਸੇਵਾ ਕਰਵਾਈ। ਜਿਸਦਾ ਕੁਝ ਨਿਹੰਗਾਂ ਵੱਲੋੰ ਵਿਰੋਧ ਕੀਤਾ ਗਿਆ। ਇਸ ਤਰ੍ਹਾਂ ਇਹ ਦੋ ਭਾਗਾਂ ਵਿੱਚ ਵੰਡੇ ਗਏ। ਕਦੇ ਜਥੇਦਾਰੀ ਨੂੰ ਲੈ ਕੇ ਕਦੇ ਕਿਸੇ ਕਦੇ ਕਿਸੇ ਵਿਵਾਦ ‘ਚ ਘਿਰੇ ਰਹਿਣ ਕਾਰਨ ਲੋਕ ਮਨਾਂ ਵਿੱਚ ਨਿਹੰਗਾਂ ਦੇ ਅਕਸ ਸੰਬੰਧੀ ਅਜਿਹੀ ਛਾਪ ਛਪ ਗਈ ਜਿੰਨ੍ਹਾਂ ਨੇ ਇਹਨਾਂ ਦੀ ਹਰਮਨ ਪਿਆਰਤਾ ਨੂੰ ਘਟਾ ਦਿੱਤਾ।
ਪਰ ਇਹ ਵੀ ਵਿਚਾਰਨਯੋਗ ਹੈ ਕਿ ਇਹ ਨਿਹੰਗ ਫ਼ੌਜ ਏਨੀ ਦਲੇਰ ਅਤੇ ਨਿਰਭੈ ਹੈ ਕਿ ਲੋੜ ਪੈਣ ‘ਤੇ ਅੱਜ ਵੀ ਸਵਾ ਲੱਖ ਦੇ ਬਰਾਬਰ ਇਕੱਲਾ ਜਣਾ ਭਿੜ ਸਕਦਾ ਹੈ।
test