ਪ੍ਰੋ: ਸਰਚਾਂਦ ਸਿੰਘ ਖਿਆਲਾ
ਟਕਰਾਅ ਦੀ ਰਾਜਨੀਤੀ ਪੰਜਾਬ ਲਈ ਲਾਹੇਵੰਦ ਨਹੀਂ ਹੈ। ਕਿਸਾਨ ਆਗੂ ਕੇਂਦਰ ਨਾਲ ਟਕਰਾਓ ਦੀ ਥਾਂ ਪੰਜਾਬ ਅਤੇ ਕਿਸਾਨੀ ਦੇ ਵਿਕਾਸ ਬਾਰੇ ਚਿੰਤਨ ਕਰਨ ।
ਭਾਰਤੀ ਜਨਤਾ ਪਾਰਟੀ ਵੱਲੋਂ ਫ਼ਿਰੋਜਪੁਰ ਵਿਖੇ ਕੀਤੀ ਜਾ ਰਹੀ ਰੈਲੀ ਦੇ ਰੱਦ ਹੋਣ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਸ ਮੌਕੇ ਪੰਜਾਬ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਐਲਾਨਾਂ ਅਤੇ ਵਿਕਾਸ ਕਾਰਜਾਂ ਦੀ ਆਸ ਲਗਾਈ ਬੈਠੇ ਪੰਜਾਬ ਵਾਸੀਆਂ ਨੂੰ ਗਹਿਰਾ ਧੱਕਾ ਲੱਗਿਆ ਹੈ। ਬੇਸ਼ੱਕ ਇਹ ਰੈਲੀ ਮੌਸਮ ਦੀ ਖ਼ਰਾਬੀ ਤੋਂ ਇਲਾਵਾ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਵਿਰੋਧ ’ਚ ਦਿਖਾਏ ਜਾ ਰਹੇ ਤੇਵਰਾਂ ਕਾਰਨ ਰੱਦ ਕੀਤੀ ਗਈ ਹੈ। ਰੈਲੀ ਵਿਚ ਸ਼ਾਮਿਲ ਹੋਣ ਆ ਰਹੇ ਪ੍ਰਧਾਨ ਮੰਤਰੀ ਦਾ ਰਾਹ ਰੋਕਣਾ ਕਿਸੇ ਤਰਾਂ ਵੀ ਤਰਕਸੰਗਤ ਨਹੀਂ ਕਿਹਾ ਜਾ ਸਕਦਾ।
ਅਜਿਹਾ ਕਰਦਿਆਂ ਕਿਸਾਨ ਅਗੂਆਂ ਨੇ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ ਉੱਥੇ ਹੀ ਪੰਜਾਬੀਆਂ ਦੇ ਸਦਾਚਾਰ ਦੇ ਗੁਣਾਂ ਨੂੰ ਵੀ ਦਿਨ ਦਿਹਾੜੇ ਤਿਲਾਂਜਲੀ ਦਿੰਦਿਆਂ ਆਪਣੇ ਅੰਦਰ ਨੈਤਿਕ ਪਤਨ ਦਾ ਮੁਜ਼ਾਹਰਾ ਕੀਤਾ ਹੈ। ਕਿਸਾਨ ਜਥੇਬੰਦੀਆਂ ਨੂੰ ਦਿਲੀ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਸ਼ਾਂਤਮਈ ਰੋਸ ਧਰਨਾ ਦੇਣ ਦਾ ਹੱਕ ਹੈ ਤਾਂ ਪ੍ਰਧਾਨ ਮੰਤਰੀ ਦਾ ਰਾਹ ਰੋਕਦਿਆਂ ਰੈਲੀ ਨਾ ਹੋਣ ਦੇਣ ’ਤੇ ਅੜਿਆ ਰਹਿ ਕੇ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਮੋਦੀ ਸਰਕਾਰ ਕਿਸਾਨਾਂ ਨਾਲ ਟਕਰਾਅ ਨਹੀਂ ਚਾਹੁੰਦੀ, ਕਿਸਾਨੀ ਮਾਮਲੇ ਅਤੇ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਪ੍ਰਤੀ ਨਰਮੀ ਦਿਖਾਉਂਦਿਆਂ ਗੱਲਬਾਤ ਦਾ ਰਸਤਾ ਖੁੱਲ੍ਹਾ ਰੱਖਿਆ ਗਿਆ ਜਿਸ ਦਾ ਹਰੇਕ ਸੂਝਵਾਨ ਨੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਪੰਜਾਬੀਆਂ ਖ਼ਾਸਕਰ ਸਿੱਖ ਭਾਈਚਾਰੇ ਦੀ ਨਰਾਜ਼ਗੀ ਦੂਰ ਕਰਨ ਲਈ ਬਹੁਤ ਕੁਝ ਕੀਤਾ ਹੈ। ਕਈ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਸੁੱਟਣ, ਕਰਤਾਰਪੁਰ ਲਾਂਘਾ ਖੋਲ੍ਹਣ ਵਰਗੇ ਕਾਰਜ ਸ੍ਰੀ ਮੋਦੀ ਦੇ ਹਿੱਸੇ ਹੀ ਆਏ ਹਨ। ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਅਜਿਹੇ ਦੂਰਅੰਦੇਸ਼ੀ ਤੇ ਦ੍ਰਿੜ੍ਹ ਵਿਅਕਤੀ ਹਨ ਜਿਨ੍ਹਾਂ ਬਾਰੇ ਇਹ ਸਟੀਕ ਤੇ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਉਹ ਕੀ ਕਰਨਗੇ? ਉਹ ਅਚਾਨਕ ਐਲਾਨ ਕਰਦਿਆਂ ਤਰਥੱਲੀ ਮਚਾਉਣ ਵਾਲੇ ਹਨ।
ਜਿਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਮੇ ਕੀਤਾ। ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਨੇ ਪਿਛਲੇ ਦਿਨਾਂ ਦੌਰਾਨ ਵੱਖ ਵੱਖ ਰਾਜਾਂ ਦੇ ਦੌਰਿਆਂ ਦੌਰਾਨ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਇਕ ਸਰਹੱਦੀ ਸੂਬਾ ਹੈ। ਇੱਥੋਂ ਦੇ ਲੋਕਾਂ ਖ਼ਾਸਕਰ ਸਿੱਖ ਭਾਈਚਾਰੇ ਨੇ ਦੇਸ਼ ਦੀ ਸੁਰੱਖਿਆ ਲਈ ਹਮੇਸ਼ਾਂ ਅੱਗੇ ਹੋਕੇ ਕੁਰਬਾਨੀਆਂ ਦਿੱਤੀਆਂ ਹਨ। ਇਸ ਇਤਿਹਾਸਕ ਅਤੇ ਰਾਜਨੀਤਿਕ ਪੱਖੋਂ ਅਹਿਮੀਅਤ ਰੱਖਣ ਵਾਲੇ ਪੰਜਾਬ ਨਾਲ ਕੇਂਦਰ ਦੀ ਮੋਦੀ ਸਰਕਾਰ ਟਕਰਾਓ ਨਹੀਂ ਸਹੇੜਨਾ ਚਾਹੇਗਾ ਸਗੋਂ ਮੌਜੂਦਾ ਕੇਂਦਰ ਸਰਕਾਰ ਪੰਜਾਬ ਦੀ ਊਰਜਾ ਅਤੇ ਹੁਨਰ ਦੀ ਵਰਤੋਂ ਦੇਸ਼ ਦੇ ਵਿਕਾਸ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਪ੍ਰਤੀ ਚਾਹਵਾਨ ਹੈ। ਟਕਰਾਅ ਦੀ ਰਾਜਨੀਤੀ ਪੰਜਾਬ ਲਈ ਲਾਹੇਵੰਦ ਨਹੀਂ ਹੈ। ਫਿਰ ਰੈਲੀ ਦਾ ਵਿਰੋਧ ਕਰਨ ਵਾਲੇ ਕਿਸਾਨ ਆਗੂ ਕਿਸ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਨਾਲ ਬੇਵਜ੍ਹਾ ਟਕਰਾਅ ਵਧਾ ਰਹੇ ਹਨ। ਅਜਿਹੇ ਹਾਲਾਤ ਵਿਚ ਫ਼ਿਰੋਜਪੁਰ ’ਚ ਭਾਜਪਾ ਦੀ ਰੈਲੀ ਹੋਣ ਦਿੱਤੀ ਜਾਂਦੀ ਤਾਂ ਕੇਂਦਰ ਦੀ ਪੰਜਾਬ ਪ੍ਰਤੀ ਰਵਇਏ ਅਤੇ ਸੋਚ ਦਾ ਵੀ ਪਤਾ ਲਗ ਜਾਂਦਾ।
ਰੈਲੀ ਨੂੰ ਅਸਫਲ ਕਰਕੇ ਕਿਸਾਨ ਆਗੂਆਂ ਨੇ ਕੋਈ ਮਾਅਰਕਾ ਨਹੀਂ ਮਾਰਿਆ ਸਗੋਂ ਆਪਣੀ ਨਾ ਸਮਝੀ ਦਾ ਹੀ ਸਬੂਤ ਦਿੱਤਾ ਹੈ। ਕਿਸਾਨ ਆਗੂਆਂ ਨੂੰ ਚਿੰਤਨ ਕਰਨ ਦੀ ਲੋੜ ਹੈ, ਅੱਜ ਉਹ ਸ਼ਕਤੀਆਂ ਫਿਰ ਕਾਮਯਾਬ ਰਹੀਆਂ ਜੋ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਵਿਕਾਸ ਨਹੀਂ ਚਾਹੁੰਦੇ, ਅਤੇ ਆਪਣੇ ਸਿਆਸੀ ਮੁਫ਼ਾਦ ਲਈ ਕੇਂਦਰ ਅਤੇ ਪੰਜਾਬ ਵਿਚ ਟਕਰਾਅ ਦੀ ਸਥਿਤੀ ਚਾਹੁੰਦੇ ਹਨ। ਬੀਤੇ ਦਿਨਾਂ ਤੋਂ ਪੰਜਾਬ ’ਚ ਵੱਡੀ ਚਰਚਾ ਇਹੀ ਰਹੀ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਨੂੰ ਵੱਡੇ ਪੈਕੇਜ ਵਜੋਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਤੋਂ ਇਲਾਵਾ ਪੰਜਾਬ ਦੀਆਂ ਪਰੰਪਰਾਗਤ ਮੰਗਾਂ ਮੰਨ ਲਏ ਜਾਣ ਦੀ ਪੂਰੀ ਆਸ ਸੀ। ਜਿਸ ਵਿਚ 4275 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਨੂੰ ਦੇਣ, ਦਰਿਆਈ ਪਾਣੀਆਂ ਦੇ ਮਾਮਲੇ ’ਤੇ ਵਿਚਾਰ ਕਰਨ, ਕਿਸਾਨਾਂ ਦਾ ਅਤੇ ਪੰਜਾਬ ਦਾ ਕਰਜ਼ਾ ਮੁਆਫ਼ ਕਰਨ, ਬੰਦੀ ਸਿੰਘਾਂ ਦੀ ਰਿਹਾਈ, ਸਿੱਖ ਪੰਥ ਦੀਆਂ ਚਿਰੋਕਣੀ ਮੰਗਾਂ ਦਾ ਸਥਾਈ ਹੱਲ ਕਰਨਾ ਵੀ ਸ਼ਾਮਿਲ ਹੈ।
ਰੈਲੀ ’ਚ ਕੀਤੇ ਜਾਣ ਵਾਲੇ ਐਲਾਨਾਂ ਨਾਲ ਗੁਰੂ ਨਗਰੀ ਅੰਮ੍ਰਿਤਸਰ ਨੂੰ ਕਾਫ਼ੀ ਲਾਭ ਪੁੱਜਣਾ ਸੀ। ਸੜਕਾਂ ਦੀ ਮਜ਼ਬੂਤੀ ਵਿਕਾਸ ਲਈ ਜ਼ਰੂਰੀ ਸਾਧਨ ਹੈ। 39,500 ਕਰੋੜ ਦੀ ਲਾਗਤ ਵਾਲੀ 669 ਕਿੱਲੋਮੀਟਰ ਦਿਲੀ- ਅੰਮ੍ਰਿਤਸਰ- ਕਟੜਾ ਐਕਸਪ੍ਰੈਸਵੇਅ ਪੰਜਾਬ ਦੇ ਵਿਕਾਸ ਅਤੇ ਧਾਰਮਿਕ ਕੇਂਦਰ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਵੈਸ਼ਨੋ ਦੇਵੀ ( ਕਟੜਾ ) ਤਕ ਪਹੁੰਚਣ ਲਈ ਮੀਲ ਪੱਥਰ ਦਾ ਕੰਮ ਕਰਨਾ ਸੀ। ਸਿਹਤ ਸਹੂਲਤਾਂ ਅਤੇ ਫ਼ਿਰੋਜਪੁਰ ਸਮੇਂਤ ਪੰਜਾਬ ਨੂੰ ਕੈਂਸਰ ਤੋਂ ਨਿਜਾਤ ਲਈ 490 ਕਰੋੜ ਦੀ ਪੀਜੀਆਈ ਸੈਟੇਲਾਈਟ ਸੈਂਟਰ, ਮੁਹਾਲੀ ਵਿਖੇ ਮੈਡੀਕਲ ਕਾਲਜ ਨੂੰ ਮਨਜ਼ੂਰੀ ਦੇਣ ਉਪਰੰਤ ਹੁਣ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ 325 ਕਰੋੜ ਦੀ ਲਾਗਤ ਨਾਲ 100 ਸੀਟਾਂ ਦੀ ਸਮਰੱਥਾ ਵਾਲੇ ਮੈਡੀਕਲ ਕਾਲਜ, 1700 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ- ਊਨਾ 77 ਕਿੱਲੋਮੀਟਰ ਚਾਰ ਮਾਰਗੀ, 410 ਕਰੋੜ ਰੁਪਏ ਲਾਗਤ ਨਾਲ ਮੁਕੇਰੀਆਂ ਤਲਵਾੜਾ ਰੇਲਵੇ ਲਾਈਨ ਦੀ ਉਸਾਰੀ ਲਈ ਨੀਂਹ ਰੱਖੇ ਜਾਣੇ ਸਨ, ਜਿਨ੍ਹਾਂ ਤੋਂ ਹੁਣ ਪੰਜਾਬ ਨੂੰ ਹਾਲ ਦੀ ਘੜੀ ਹੱਥ ਧੋਣਾ ਪਿਆ ਹੈ। ਇਨ੍ਹਾਂ ਪ੍ਰਾਜੈਕਟਾਂ ਨਾਲ ਪੰਜਾਬ ਵਿਚ ਸੈਰ ਸਪਾਟੇ ਦੇ ਖੇਤਰ ’ਚ ਜਿੱਥੇ ਵਾਧਾ ਹੋਣਾ ਨਿਸ਼ਚਿਤ ਸੀ ਉੱਥੇ ਹੀ ਆਰਥਿਕਤਾ ਨੂੰ ਵੱਡਾ ਹਲੂਣਾ ਮਿਲਣ ਦੀ ਉਮੀਦ ਸੀ। ਕਿਸਾਨ ਜਥੇਬੰਦੀਆਂ ਵੱਲੋਂ ਦਿਲੀ ਤੋਂ ਵਾਪਸ ਪਰਤਣ ਤੋਂ ਬਾਅਦ ਭਾਜਪਾ ਦੀ ਹਰ ਪਾਸੇ ਤੋਂ ਸਰਗਰਮੀ ਵਧੀ ਹੋਈ ਸੀ। ਭਾਜਪਾ ਰੈਲੀ ਦੀ ਕਾਮਯਾਬੀ ਅਤੇ ਪੰਜਾਬ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਪੰਜਾਬ ਭਾਜਪਾ ਦੇ ਇੰਚਾਰਜ ਕੇਂਦਰੀ ਮੰਤਰੀ ਗੱਜੇ ਦਰ ਸਿੰਘ ਸ਼ੇਖਾਵਤ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਦਿਨ ਰਾਤ ਇਕ ਕੀਤਾ ਹੋਇਆ ਸੀ। ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਕਈ ਅਹਿਮ ਸ਼ਖ਼ਸੀਅਤਾਂ ਵੱਲੋਂ ਭਾਜਪਾ ਵਿਚ ਕੀਤੀ ਜਾ ਰਹੀ ਸ਼ਮੂਲੀਅਤ ਭਾਜਪਾ ਦੀ ਪੰਜਾਬ ’ਚ ਚੜ੍ਹਤ ਅਤੇ ਵਧ ਰਹੀ ਤਾਕਤ ਨੂੰ ਬਿਆਨ ਕਰ ਰਿਹਾ ਸੀ, ਜਿਸ ਕਾਰਨ ਕਈਆਂ ਰਾਜਸੀ ਪਾਰਟੀਆਂ ਨੂੰ ਔਖ ਮਹਿਸੂਸ ਹੋਣਾ ਕੁਦਰਤੀ ਹੈ।
ਸਿਆਸਤ ਮੌਕਾ ਪ੍ਰਸਤੀ ਦੀ ਖੇਡ ਬਣ ਕੇ ਰਹਿ ਗਈ ਹੈ। ਕਾਂਗਰਸ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਨੂੰ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡੀ ਹੋਈ। ਅੱਜ ਕਿਸਾਨ ਆਗੂ ਚੋਣ ਲੜਨਾ ਚਾਹੁੰਦੇ ਹਨ ਤਾਂ ਬੇਸ਼ੱਕ ਲੜ ਲੈਣ ਪਰ ਕਿਸੇ ਸਾਜ਼ਿਸ਼ ਦਾ ਹਿੱਸਾ ਬਣ ਕੇ ਪੰਜਾਬ ਦੇ ਵਿਕਾਸ ਦਾ ਰਾਹ ਰੋਕਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀ ਇਸ ਦਾ ਜਵਾਬ ਲੋਕ ਕਿਸਾਨ ਆਗੂਆਂ ਤੋਂ ਜ਼ਰੂਰ ਲੈਣਗੇ।
test