ਡਾ. ਸੁਖਜਿੰਦਰ ਰਿਸ਼ੀ
ਕਿਸੇ ਸੱਭਿਆਚਾਰ ਵਿਚ ਪੈਦਾ ਹੋਈ ਸ਼ਬਦਾਵਲੀ ਮਹਿਜ਼ ਉਂਝ ਹੀ ਅਚੇਤ ਬਣਾਈ ਗਈ ਨਹੀਂ ਹੁੰਦੀ ਬਲਕਿ ਉਥੋਂ ਦੇ ਚੇਤੰਨ ਚਿੰਤਨ ਅਤੇ ਜੀਵਨ ਦ੍ਰਿਸ਼ਟੀ ਨਾਲ ਭਿੱਜੀ ਹੁੰਦੀ ਹੈ। ‘ਗੁ’ ਦਾ ਅਰਥ ਹੈ ‘ਅੰਧਕਾਰ’ ‘ਰੂ’ ਦਾ ਅਰਥ ਹੈ ‘ਪ੍ਰਕਾਸ਼’। ਸਾਡੇ ਦੇਸ਼ ਵਿਚ ‘ਗੁਰੂ’ ਸ਼ਬਦ ਦਾ ਹੋਂਦ ਵਿਚ ਆਓਣਾ ਹੀ ਸਪੱਸ਼ਟ ਕਰਦਾ ਹੈ ਕਿ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਣ ਵਾਲੇ ਮਾਰਗਦਰਸ਼ਕ ਦਾ ਰੁਤਬਾ ਅਤੇ ਸਮਾਜਿਕ ਅਕਸ ਕਿੰਨਾਂ ਮਜਬੂਤ ਰਿਹਾ ਹੋਵੇਗਾ। ਸਾਡੇ ਦੇਸ਼ ਵਿਚ ਗੁਰੂ ਸ਼ਿਸ਼ ਪਰੰਪਰਾ ਬਹੁਤ ਉਤਮ ਪ੍ਰੰਪਰਾ ਰਹੀ ਹੈ। ਸਾਡੇ ਦੇਸ਼ ਵਿਚ ਗੁਰੂ ਨੂੰ ਪ੍ਰਮਾਤਮਾ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ। ਗੁਰੂ ਵੀ ਆਪਣਾ ਸਾਰਾ ਗਿਆਨ ਸ਼ਿਸ਼ ਨੂੰ ਦੇ ਦਿੰਦਾ ਸੀ। ਗਰੂ ਦਾ ਉਦੇਸ਼ ਵੀ ਚੇਲੇ ਨੂੰ ਆਪਣੇ ਤੋਂ ਵੱਡਾ ਵਿਦਵਾਨ ਬਣਾਉਣਾ ਸੀ। ਜ਼ਿਕਰਯੋਗ ਹੈ ਕਿ ਇਹ ਸਾਰਾ ਕੁਝ ਨਿਰਸੁਆਰਥ ਸੀ ਅਤੇ ਅਧਿਆਤਮ ਭਾਵ ਨਾਲ ਓਤਪ੍ਰੋਤ ਸੀ। ਵੇਦਾਂ ਦੇ ਮੰਤਰਾਂ ਅਨੁਸਾਰ ਵਿਦਿਆ ਪ੍ਰਾਪਤੀ ਸਮੇਂ ਵਿਦਿਆਰਥੀ ਦਾ ‘ਉਪਨਯਨ’ ਸੰਸਕਾਰ ਹੁੰਦਾ ਸੀ ‘ਉਪ’ ਦਾ ਅਰਥ ਹੈ ਨੇੜ੍ਹੇ ‘ਨਯਨ’ ਦਾ ਅਰਥ ਹੈ ਲੈ ਜਾਣਾ, ਅਰਥਾਤ ਗੁਰੂ ਦੇ ਨੇੜੇ ਲੈ ਜਾਣਾ ਇਸ ਸੰਸਕਾਰ ਤੋਂ ਬਾਅਦ ਗੁਰੂ ਸ਼ਿਸ਼ ਦੀ ਚਿੰਤਾ ਇੱਕ ਮਾਂ ਵਾਂਗ ਕਰਦਾ ਸੀ। ਵੇਦਾਂ ਦੇ ਮੰਤਰਾਂ ਵਿਚ ਇਹ ਵੀ ਲਿਖਿਆ ਹੈ ਕਿ ਜਿਸ ਤਰ੍ਹਾਂ ਮਾਂ ਗਰਭ ਧਾਰਨ ਕਰਦੀ ਹੈ ਉਸੇ ਤਰਾਂ ਗੁਰੂ ਚੇਲੇ ਨੂੰ ਜੀਵਨ ਵਿਚ ਗ੍ਰਹਿਣ ਕਰਦਾ ਸੀ। ਭਾਰਤ ਵਿਚ ਹਜ਼ਾਰਾਂ ਉਦਾਹਰਣਾ ਹਨ ਜਦੋਂ ਚੇਲਿਆਂ ਨੇ ਵੀ ਗੁਰੂ ਦਕਸ਼ਿਣਾ ਦੇ ਰੂਪ ਵਿਚ ਆਪਣਾ ਸਰਵੱਸਵ ਹੀ ਵਾਰ ਦਿੱਤਾ। ਅਜਿਹੀ ਇਕ ਉਦਾਹਰਣ ਇਕਲੱਵਿਆ ਦੀ ਵੀ ਮਿਲਦੀ ਹੈ ਜਿਸਨੇ ਕਿ ਵਿਸ਼ਵ ਦਾ ਨੰਬਰ ਇੱਕ ਤੀਰਅੰਦਾਜ਼ ਹੋਣ ਦੇ ਬਾਵਜੂਦ ਆਪਣਾ ਸੱਜਾ ਅੰਗੂਠਾ ਕੱਟ ਕੇ ਆਪਣੇ ਗੁਰੂ ਦਰੋਣਾਚਾਰੀਆ ਦੇ ਪੈਰਾਂ ‘ਚ ਰੱਖ ਦਿੱਤਾ। ਸ਼ੰਕਰਾਚਾਰੀਆ ਜੀ ਦਾ ਸਲੋਕ ਹੈ “ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਦੇਵੋ ਮਹੇਸ਼ਵਰਾ, ਗੁਰੂਰ ਸਾਖਸ਼ਾਤ ਪਰਮਬ੍ਰਹਮਾ ਤਤਸਮੇ ਸ਼੍ਰੀ ਗੁਰਵੇ ਨਮਹ” ਕਬੀਰਦਾਸ ਜੀ ਨੇ ਵੀ ਕਿਹਾ ਹੈ “ਗੁਰੂ ਗੋਬਿੰਦ ਦੋਉ ਖੜੇ ਕਾਕੇ ਲਾਗੋਂ ਪਾਏ, ਬਲੀਹਾਰੀ ਗੁਰ ਆਪਣੇ ਗੋਬਿੰਦ ਦੀਓ ਬਤਾਏ ” ਅਜਿਹੇ ਸ਼ਲੋਕ ਦੱਸਦੇ ਹਨ ਕਿ ਭਾਰਤ ਵਿਚ ਗੁਰੂ ਸ਼ਿਸ਼ ਦਾ ਆਪਸੀ ਸਨੇਹ ਬਹੁਤ ਉੱਚ ਕੋਟੀ ਦਾ ਸੀ। ਆਪਸ ਵਿਚ ਪੂਰਨ ਸਮਰਪਣ ਸੀ। ਗੁਰੂ ਦਾ ਉਦੇਸ਼ ਵੀ ਸਿਰਫ ਗਿਆਨ ਦੇਣਾ ਨਹੀਂ ਸੀ ਬਲਕਿ ਸ਼ਿਸ਼ ਦੀ ਪੂਰਨ ਆਧਿਆਤਮਿਕ ਉੱਨਤੀ ਅਤੇ ਸਮੱਗਰ ਵਿਕਾਸ ਵੀ ਮਹੱਤਵਪੂਰਨ ਗੱਲ ਸੀ। ਕਬੀਰ ਜੀ ਕਹਿੰਦੇ ਹਨ “ਗੁਰੂ ਕੁਮਹਾਰ ਸ਼ਿਸ਼ ਕੁੰਭ ਹੈ ਘੜ੍ਹ-ਘੜ੍ਹ ਕਾਢੈ ਖੋਟ, ਅੰਤਰ ਹਾਥ ਸਹਾਰ ਦੈ ਬਾਹਰ ਬਾਹੈ ਚੋਟ” ਭਾਵ ਗੁਰੂ ਘੁਮਿਆਰ ਵਾਂਗ ਹੁੰਦਾ ਹੈ ਘੁਮਿਆਰ ਘੜ੍ਹੇ ਨੂੰ ਬਣਾਉਣ ਲਈ ਬਾਹਰੋਂ ਭਾਵੇਂ ਚੋਟ ਦਿੰਦਾ ਹੈ ਪਰ ਅੰਦਰੋਂ ਹੱਥ ਨਾਲ ਸਹਾਰਾ ਵੀ ਦਿੰਦਾ ਹੈ। ਸਾਡੇ ਦੇਸ਼ ਵਿਚ ਚੰਦਰਗੁਪਤ ਅਤੇ ਚਾਣਕਿਆ, ਵਿਵੇਕਾਨੰਦ ਅਤੇ ਪਰਮਹੰਸ, ਦਰੋਣਾਚਾਰੀਆ ਅਤੇ ਅਰਜੁਨ ਵਰਗੇ ਮਹਾਪੁਸਰਸ਼ਾਂ ਨੇ ਇਕ ਲੰਬੀ ਗੁਰੂ ਸ਼ਿਸ਼ ਪ੍ਰੰਪਰਾ ਦਿੱਤੀ ਹੈ ਜਿਸਨੇ ਇਸ ਇਸ ਰਾਸ਼ਟਰ ਦੀ ਗੌਰਵਸ਼ਾਲੀ ਸੰਸਕ੍ਰਿਤੀ ਨੂੰ ਮਹਾਨਤਾ ਦਿੱਤੀ ਹੈ। ਇਹਨਾਂ ਮਹਾਨ ਪਰੰਪਰਾਵਾਂ ਨੂੰ ਬਣਾਈ ਰੱਖਣ ਲਈ ਕੁਝ ਵਿਵਸਥਾਵਾਂ ਨੂੰ ਬਰਕਰਾਰ ਰੱਖਣਾ ਜ਼ਰੂਰੂ ਹੁੰਦਾ ਹੈ। ਕਰੂਰਤਾ ਨਾਲ ਭਰੇ ਵਿਦੇਸ਼ੀ ਸਾਸ਼ਨ ਦੇ ਚਲਦਿਆਂ ਅਤੇ ਅਜਾਦੀ ਤੋਂ ਇੱਕਦਮ ਬਾਅਦ ਦੀਆਂ ਸਰਕਾਰਾਂ ਕੋਲ ਸਵਦੇਸ਼ੀ ਚਿੰਤਨ ਦੀ ਘਾਟ ਕਰਕੇ ਕਿਤੇ ਨਾ ਕਿਤੇ ਭਾਰਤੀ ਗੁਰੂ ਸ਼ਿਸ਼ ਪ੍ਰੰਪਰਾ ਸਿੱਖਿਆ ਪ੍ਰਣਾਲੀ ਅਤੇ ਅਧਿਆਪਕ ਦੇ ਅਕਸ ਨੂੰ ਢਾਅ ਲੱਗੀ ਹੈ।
ਜਿਸ ਦੇਸ਼ ਵਿਚ ਅਧਿਆਪਕ ਦਾ ਰੁਤਬਾ ਪ੍ਰਮਾਤਮਾ ਦੇ ਬਰਾਬਰ ਦਾ ਰਿਹਾ ਹੋਵੇ ਉਸ ਦੇਸ਼ ਵਿਚ ਅਧਿਆਪਕ ਦੀ ਤ੍ਰਾਸ਼ਦਿਕ ਹਾਲਤ ਬਣ ਜਾਣੀ ਕੋਈ ਅਚਾਨਕ ਵਾਪਰੀ ਸਧਾਰਣ ਘਟਨਾ ਨਹੀਂ ਹੈ। ਅੱਜ ਅਧਿਆਪਕਾਂ ‘ਤੇ ਲਾਠੀਚਾਰਜ ਹੋਣਾ, ਔਰਤ ਅਧਿਆਪਕਾਂ ਦੀ ਖਿਚ-ਧੂਹ, ਅਧਿਆਪਕਾਂ ਦੇ ਪਾਣੀ ਦੀਆਂ ਬੁਛਾੜਾਂ ਮਾਰਨਾ ਆਮ ਜਿਹੀ ਗੱਲ ਹੋ ਗਈ ਹੈ ਜਿਸ ਨੂੰ ਸਿਰਫ ਅਧਿਆਪਕਾਂ ਦੀਆਂ ਤਤਕਾਲੀ ਮੰਗਾਂ ਤਕ ਮਹਿਦੂਦ ਕਰਕੇ ਵੇਖਿਆ ਜਾ ਰਿਹਾ ਹੈ। ਅਧਿਆਪਕਾਂ ਦਾ ਜੋ ਰੁਤਬਾ ਅਸੀਂ ਪਹਿਲੇ ਸਮਿਆਂ ਵਿਚ ਸੁਣਦੇ ਹਾਂ। ਉਹ ਰੁਤਬਾ ਅੱਜ ਅਧਿਆਪਕ ਕੋਲ ਨਹੀਂ ਰਿਹਾ ਹੈ। ਕੇਵਲ ਅਧਿਆਪਕ ਦਾ ਰੁਤਬਾ ਹੀ ਨਹੀਂ ਘਟਿਆ ਬਲਕਿ ਅਧਿਆਪਕ ਦੀ ਆਪਣੀ ਮਾਨਸਿਕਤਾ ਨੂੰ ਵੀ ਇਸ ਪਾਸੇ ਲੈ ਕੇ ਆਉਣ ਦੀ ਲੋੜ੍ਹ ਹੈ ਕਿ ਸਾਡੇ ਦੇਸ਼ ਵਿਚ ਗੁਰੂ ਸ਼ਿਸ਼ ਦੇ ਰਿਸਤੇ ਦਾ ਸਰਵਉੱਚ ਸਰੂਪ ਕੀ ਰਿਹਾ ਹੈ । ਅਧਿਆਪਕ ਦੀ ਸ਼ਾਖ ਨੂੰ ਲੱਗੇ ਖੋਰੇ ਬਾਰੇ ਚਿੰਤਨ ਕੀਤਾ ਜਾਵੇ ਤਾਂ ਅੰਗਰੇਜੀ ਸਿੱਖਿਆ ਨੀਤੀ ਸਾਹਮਣੇ ਆਓਂਦੀ ਹੈ। ਅੰਗਰੇਜੀ ਸਿੱਖਿਆ ਨੀਤੀ-ਪ੍ਰਬੰਧ ਦੇ ਲਾਗੂ ਹੋਣ ਨਾਲ ਪੁਰਾਣੀ ਚੱਲੀ ਆਉਂਦੀ ਗੁਰੂ-ਸ਼ਿਸ਼ ਪ੍ਰੰਪਰਾ ਤਾਂ ਖਤਮ ਹੋਈ ਹੀ, ਨਾਲੋ-ਨਾਲ ਅਧਿਆਪਕ ਦਾ ਅਕਸ ਸਮਾਜ ਵਿਚ ਪੈਸੇ ਲੈ ਕੇ ਕੰਮ ਕਰਨ ਵਾਲੇ ਬਾਕੀ ਧੰਦਿਆਂ ਦੇ ਲੋਕਾਂ ਵਰਗਾ ਬਣ ਗਿਆ। ਇਸ ਅੰਗਰੇਜੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਪਿੱਛੇ ਅਂਗਰੇਜਾਂ ਦੀ ਬੜੀ ਵੱਡੀ ਬਦਨੀਤ ਸੀ ਇਸ ਬਦਨੀਤ ਦੀ ਸਪੱਸ਼ਟਤਾ ਮੈਕਾਲੇ ਦੇ ਬੋਲਾਂ ਤੋਂ ਹੁੰਦੀ ਹੈ। ਅੰਗਰੇਜੀ ਸਿੱਖਿਆ ਨੀਤੀ ਦੀ ਨੀਂਹ ਰੱਖਣ ਵਾਲੇ ਲਾਰਡ ਮੈਕਾਲੇ ਨੇ 21 ਫਰਵਰੀ 1835 ਨੂੰ ਅੰਗਰੇਜ਼ ਪਾਰਲੀਮੈਂਟ ਵਿਚ ਤਕਰੀਰ ਕਰਦਿਆਂ ਕਿਹਾ ਸੀ, “ਮੈਂ ਸਾਰੇ ਭਾਰਤ ਵਿਚ ਚਾਰੇ ਪਾਸੇ ਘੁੰਮਿਆ ਹਾਂ। ਮੈਂ ਆਪਣੇ ਸਫ਼ਰ ਦੌਰਾਨ ਦੇਸ਼ ਭਰ ਵਿਚ ਇਕ ਵੀ ਮੰਗਤਾ ਅਤੇ ਇਕ ਵੀ ਚੋਰ ਨਹੀਂ ਵੇਖਿਆ। ਮੈਂ ਇਸ ਦੇਸ਼ ਵਿਚ ਬਹੁਤ ਦੌਲਤ ਵੇਖੀ ਹੈ, ਉੱਚਾ ਸਦਾਚਾਰ ਵੇਖਿਆ ਹੈ, ਮੈਂ ਲੋਕਾਂ ਦਾ ਏਨਾ ਉੱਚਾ ਪੱਧਰ ਵੇਖਿਆ ਹੈ ਤੇ ਮੈਂ ਸਮਝਦਾ ਹਾਂ ਕਿ ਜਿੰਨਾ ਚਿਰ ਅਸੀਂ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਨਹੀਂ ਤੋੜ ਦਿੰਦੇ ਭਾਵ ਇਨ੍ਹਾਂ ਲੋਕਾਂ ਦੇ ਆਤਮਿਕ ਤੇ ਸਭਿਆਚਾਰਕ ਵਿਰਸੇ ਨੂੰ ਖਤਮ ਨਹੀਂ ਕਰਦੇ, ਓਨਾ ਚਿਰ ਅਸੀਂ ਇਸ ਦੇਸ਼ ਨੂੰ ਨਹੀਂ ਜਿੱਤ ਸਕਾਂਗੇ। ਅਤੇ ਇਸ ਲਈ ਮੈਂ ਸੁਝਾਅ ਦਿੰਦਾ ਹਾਂ ਕਿ ਅਸੀਂ ਇਸ ਦੇਸ਼ ਦੇ ਪ੍ਰਾਚੀਨ ਤੇ ਸਦੀਆਂ ਤੋਂ ਚਲਦੇ ਆ ਰਹੇ ਵਿੱਦਿਅਕ ਪ੍ਰਬੰਧ ਤੇ ਸਭਿਆਚਾਰ ਦੀ ਥਾਂ ਆਪਣੀ ਦਿੱਤੀ ਵਿੱਦਿਆ ਨਾਲ ਭਾਰਤੀਆਂ ਨੂੰ ਇਹ ਸੋਚਣ ਲਾ ਦੇਈਏ ਕਿ ਜੋ ਕੁਝ ਵੀ ਪ੍ਰਦੇਸੀ ਹੈ, ਅੰਗਰੇਜ਼ੀ ਹੈ, ਉਹ ਚੰਗਾ ਹੈ ਅਤੇ ਭਾਰਤੀਆਂ ਨਾਲੋਂ ਬਿਹਤਰ ਹੈ। ਇੰਜ ਉਹ ਆਪਣਾ ਸਵੈਮਾਣ ਗੁਆ ਦੇਣਗੇ ਅਤੇ ਉਹ ਕੁਝ ਬਣ ਜਾਣਗੇ, ਜੋ ਅਸੀਂ ਚਾਹੁੰਦੇ ਹਾਂ, ਇਕ ਗੁਲਾਮ ਕੌਮ।“
ਜਿਵੇਂ-ਜਿਵੇਂ ਇਹ ਪੱਛਮੀ ਵਿੱਦਿਅਕ ਪ੍ਰਬੰਧ ਭਾਰੂ ਹੁੰਦਾ ਗਿਆ, ਵਿੱਦਿਆ ਪੈਸੇ ਅਤੇ ਲੈਣ-ਦੇਣ ਦਾ ਧੰਦਾ ਬਣ ਗਈ ਅਤੇ ਗੁਰੂ-ਸ਼ਿਸ਼ ਦਾ ਇਹ ਰਿਸ਼ਤਾ ਬਹੁਤ ਹੱਦ ਤੱਕ ਟੁੱਟ ਗਿਆ। ਜਿੱਥੇ ਗੁਰੂ ਸ਼ਿਸ਼ ਦਾ ਰਿਸ਼ਤਾ ਧਰਮ ਅਧਾਰਿਤ ਨਾ ਹੋਵੇ ਤਾਂ ਓਥੇ ਸਿਲੇਬਸ ਪੂਰਾ ਕਰਵਾਉਣ ਵਾਲਾ ਟੀਚਰ ਜਾਂ ਅਧਿਆਪਕ ਤਾਂ ਬਣਿਆਂ ਜਾ ਸਕਦਾ ਹੈ ਪਰ ਗੁਰੂ ਨਹੀਂ ਬਣਿਆਂ ਜਾ ਸਕਦਾ । ਅੱਜਕੱਲ ਵਿਦਿਅਕ ਸੰਸਥਾਵਾਂ ਵਿਚ ਅਨੁਸਾਸ਼ਨ ਸੰਬੰਧੀ ਆ ਰਹੀਆਂ ਸਮੱਸਿਆਵਾਂ ਦਾ ਹੱਲ ਅਧਿਆਪਕ ਵਿਦਿਆਰਥੀ ਤੇ ਸਖਤੀ ਕਰਕੇ ਲੱਭ ਰਿਹਾ ਹੈ ਜਦਕਿ ਹੱਲ ਵਿਦਿਆਰਥੀਆਂ ਨੂੰ ਸਜ਼ਾ ਦੇ ਕੇ ਨਹੀਂ ਬਲਕਿ ਉਸਦਾ ਮਨ ਬਦਲਕੇ ਹੋਣਾ ਹੈ ਧਰਮ ਅਤੇ ਵਿਚਾਰਧਾਰਾ ਵਿਚ ਮੂਲ ਅੰਤਰ ਵੀ ਇਹੀ ਹੈ ਵਿਚਾਰਧਾਰਾ ਕਹਿੰਦੀ ਹੈ ਕਿ ਸਿਸਟਮ ਬਦਲਨਾ ਚਾਹੀਦਾ ਹੈ ਜਦਕਿ ਧਰਮ ਮਨੁੱਖ ਦਾ ਹਿਰਦਾ ਬਦਲਦਾ ਹੈ, ਸਾਨੂੰ ਵਿਦਿਆਰਥੀ ਦਾ ਹਿਰਦਾ ਬਦਲਨਾ ਹੋਵੇਗਾ ਸਿਸਟਮ ਆਪੇ ਬਦਲ ਜਾਵੇਗਾ । ਅੱਗੇ ਚੱਲ ਕੇ ਇਹੀ ਵਿਦਿਆਰਥੀ ਗੁਰੂ ਬਣਨਗੇ ਤੇ ਸਭ ਕੁਝ ਠੀਕ ਹੋ ਜਾਵੇਗਾ। ਆਮ ਟੀਚਰ ਨੂੰ ਕੇਵਲ ਸੰਸਥਾ ਦੇ ਗੇਟ ਅੰਦਰ ਵਿਦਿਆਰਥੀ ਦੀ ਚਿੰਤਾ ਹੋਵੇਗੀ ਪਰ ਜੋ ਗੁਰੂ ਹੋਵੇਗਾ ਉਸ ਨੂੰ ਸ਼ਿਸ਼ ਦੇ ਘਰ ਬੈਠੇ ਦੀ ਵੀ ਚਿੰਤਾ ਹੋਵੇਗੀ। ਇਸ ਪੱਧਰ ਦਾ ਮਨੁੱਖ ਹੀ ਅਦਰਸ਼ਕ ਸਮਾਜ ਸਿਰਜ ਸਕੇਗਾ। ਇਸ ਤਰ੍ਹਾਂ ਤਿਆਰ ਹੋਏ ਵਿਦਿਆਰਥੀ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਹਰ ਜਗ੍ਹਾ ਹੋਣਗੇ ਤਾਂ ਅਧਿਆਪਕ ਦਾ ਰੁਤਬਾ ਆਪਣੇ ਆਪ ਫਿਰ ਤੋਂ ਮਹਾਨ ਹੋ ਜਾਵੇਗਾ।
ਇਸ ਸਾਰੇ ਢਾਂਚੇ ਦੇ ਖਰਾਬ ਹੋਣ ਦਾ ਕਾਰਣ ਕੇਵਲ ਇਹ ਹੈ ਕਿ ਭਾਰਤੀ ਸਿੱਖਿਆ ਪ੍ਰਣਾਲੀ ਦੀ ਥਾਂ ਪੱਛਮੀਂ ਪ੍ਰਣਾਲੀ ਨੇ ਲੈ ਲਈ। ਅਧਿਆਪਕ ਗੁਰੂ ਬਣ ਕੇ ਸਾਹਮਣੇ ਆਉਣ ਇਸ ਲਈ ਸਾਨੂੰ ਵਿਦੇਸ਼ੀ ਸਿੱਖਿਆ ਨੀਤੀ ਦੇ ਢਾਂਚੇ ਬਦਲਣੇ ਪੈਣਗੇ, ਵਿਦਿਆ ਦੇ ਵਪਾਰੀਕਰਨ ਦੀਆਂ ਨੀਤੀਆਂ ਨੂੰ ਬਦਲਨਾ ਹੋਵੇਗਾ। ਇੱਕ ਗੱਲ ਇਹ ਵੀ ਵਿਚਾਰਨੀ ਪਵੇਗੀ ਕਿ ਕਿਓਂ ਵੱਡੇ ਗਵੱਈਏ ਜਾਂ ਗਾਇਕੀ ਦੇ ਉਸਤਾਦ ਜਿਆਦਾਤਰ ਸੰਗੀਤ ਦੀ ਗੁਰੂ ਸ਼ਿਸ਼ ਪ੍ਰੰਪਰਾ ਵਿਚੋਂ ਹੀ ਨਿੱਕਲੇ ਹਨ ਨਾ ਕਿ ਅੰਗਰੇਜੀ ਸਿੱਖਿਆ ਪ੍ਰਣਾਲੀ ਵਿਚੋਂ। ਕਿਓਂ ਵੱਡੇ ਕਾਰੀਗਰ, ਮੀਨਾਕਾਰ, ਬੁੱਤਤਰਾਸ਼ ਵੀ ਗੁਰੂ ਸ਼ਿਸ਼ ਦੀ ਪ੍ਰੰਪਰਾ ਵਿਚੋਂ ਨਿੱਕਲੇ ਹਨ। ਘਰਾਂ ਦੀਆਂ ਸੁਆਣੀਆਂ ਵੀ ਖੂਬਸੂਰਤ ਨਮੂਨੇ ਅਤੇ ਕਢਾਈ ਬੁਣਾਈ ਘਰੋਂ ਹੀ ਸਿੱਖ ਕੇ ਕਰਦੀਆਂ ਰਹੀਆਂ ਹਨ। ਗੁਰੂ ਸ਼ਿਸ਼ ਦੇ ਰਿਸ਼ਤੇ ਦੀ ਪੁਨਰ ਸੁਰਜੀਤੀ ਲਈ ਕੇਵਲ ਸਰਕਾਰੀ ਪ੍ਰਬੰਧ ਹੀ ਮਦਦਗਾਰ ਨਹੀਂ ਹੋਣਗੇ ਬਲਕਿ ਸਾਡੇ ਦੁਆਰਾ ਸਾਡੇ ਰਿਸ਼ੀਆਂ ਤੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਆਤਮਸਾਤ ਕਰਨਾ ਹੋਵੇਗਾ ਕਿਸੇ ਸ਼ਾਗਿਰਦ ਦੇ ਪੂਰੇ ਜੀਵਨ ਦੀ ਚਿੰਤਾ ਕਿਸੇ ਨੂੰ ਹੋਵੇ ਅਜਿਹਾ ਕਿਸੇ ਵੱਡੀ ਪ੍ਰੇਰਨਾ ਨਾਲ ਹੀ ਹੋ ਸਕਦਾ ਹੈ ਤੇ ਧਾਰਮਿਕਤਾ ਅਤੇ ਅਧਿਆਤਮਿਕਤਾ ਤੋਂ ਵੱਡੀ ਪ੍ਰੇਰਨਾ ਕੋਈ ਹੋਰ ਨਹੀਂ ਹੋ ਸਕਦੀ, ਇਹਨਾਂ ਭਾਵਨਾਵਾਂ ਨੂੰ ਗੁਰੂ ਅਤੇ ਸ਼ਿਸ਼ ਦੋਵਾਂ ਨੂੰ ਗ੍ਰਹਿਣ ਕਰਨਾ ਹੋਵੇਗਾ। ਸਾਨੂੰ ਸਾਡੀਆਂ ਪ੍ਰੰਪਰਾਵਾਂ ਅਤੇ ਸਾਡੇ ਭਾਰਤੀ ਚਿੰਤਨ ਦੇ ਅਨੁਕੂਲ ਸਿੱਖਿਆ ਪ੍ਰਣਾਲੀ ਨੂੰ ਵਿਕਸਿਤ ਕਰਨਾ ਹੋਵੇਗਾ, ਵਿਦਿਅਕ ਸੰਸਥਾਵਾਂ ਵਿਚ ਕਈ ਪ੍ਰਕਾਰ ਦੇ ਹੋਰ ‘ਵਾਦ’ ਪੜ੍ਹਾਓਣ ਦੇ ਨਾਲ-ਨਾਲ ‘ਅਧਿਆਤਮਵਾਦ’ ਅਤੇ ‘ਧਰਮ’ ਵੀ ਸਿਖਾਈਏ। ਸਾਡੇ ਬੀਤੇ ਸਮੇਂ ਦੀ ਸਿੱਖਿਆ ਪ੍ਰਣਾਲੀ ਦੀਆਂ ਸੁਨਹਿਰੀ ਪ੍ਰੰਪਰਾਵਾਂ ਨੂੰ ਅਪਣਾ ਕੇ ਆਉ ਰਲ ਮਿਲ ਕੇ ਫਿਰ ਤੋਂ ਚੰਦਰਗੁਪਤਾਂ ਦਾ ਨਿਰਮਾਣ ਕਰੀਏ ਤੇ ਸਾਡੇ ਗ੍ਰੰਥਾਂ ਦੇ ਇਸ ਸ਼ਲੋਕ ਦਾ ਪਾਲਣ ਕਰੀਏ ‘ਵਿਅੰਮ ਰਾਸ਼ਟਰੇ ਜਾਗਰਿਆਮ ਪੁਰੋਹਿਤਾਹ’ ਅਰਥਾਤ ਅਸੀਂ ਆਪਣੇ ਦੇਸ਼ ਵਿਚ ਜਾਗ੍ਰਿਤ ਰਹਿੰਦੇ ਹੋਏ ਦੇਸ਼ ਦਾ ਨੇਤ੍ਰਿਤਵ ਕਰੀਏ।
(ਡਾ. ਸੁਖਜਿੰਦਰਰਿਸ਼ੀ , ਸਹਾਇਕਪ੍ਰੋਫੈਸਰ , ਯੁਨੀਵਰਸਿਟੀਕਾਲਜ, ਧੂਰੀ)
test