ਬ੍ਰਿਗੇਡੀਅਰ ਪੀ. ਐਸ. ਗੋਤਰਾ
ਸ਼ਮਸ਼ਾਨ ਘਾਟ ਵਿਚ ਕਰਨੈਲ ਸਿੰਘ ਦੀ ਲਾਸ਼ ਨੂੰ ਅੱਗ ਲਾ ਕੇ ਗੁਰਦੁਆਰੇ ਵਿਚ ਅਰਦਾਸ ਖਤਮ ਹੋਈ ਹੀ ਸੀ ਕਿ ਵਕੀਲ ਸਾਹਿਬ ਮਾਈਕ ਤੇ ਖੜੇ ਹੋ ਕੇ ਬੋਲੇ, “ਪਿਆਰੀ ਸਾਧਸੰਗਤ ਜੀ, ਮਰਹੂਮ ਕਰਨੈਲ ਸਿੰਘ ਦੀ ਇੱਛਾ ਸੀ ਕਿ ਮੈਂ ਉਨ੍ਹਾਂ ਦਾ ਜੱਸੀ ਦੇ ਨਾਮ ਦਾ ਖਤ ਆਪ ਸਬ ਨੂੰ ਸੁਣਾਵਾਂ। ਚਾਹ , ਜਲੇਬੀਆਂ ਅਤੇ ਸਮੋਸਿਆਂ ਦਾ ਲੰਗਰ ਤਿਆਰ ਹੈ। ਤੁਸੀਂ ਲੰਗਰ ਛੱਕੋ ਤੇ ਮੈਂ ਨਾਲ-ਨਾਲ ਕਰਨੈਲ ਸਿੰਘ ਦਾ ਜੱਸੀ ਦੇ ਨਾਮ ਦਾ ਖਤ ਅਤੇ ਵਸੀਯਤ ਪੜ੍ਹ ਕੇ ਸੁਣਾਨਾਂ ਹਾਂ। ਵੈਸੇ ਤੇ ਕਰਨੈਲ ਸਿੰਘ ਜੀ ਨੇ ਕਿਹਾ ਸੀ ਕਿ ਇਹ ਖਤ ਜੱਸੀ ਦੀ ਮੌਜੂਦਗੀ ਵਿੱਚ ਪੜ੍ਹਿਆ ਜਾਵੇ। ਲੇਕਿਨ ਮੈਂ ਜੱਸੀ ਦੀ ਗੈਰ ਮੌਜੂਦੱਗੀ ਵਿਚ ਖਤ ਪੜ੍ਹ ਰਿਹਾ ਹਾਂ, ਕਿਉਂਕਿ ਜੱਸੀ ਉਦੋਂ ਤੱਕ ਸ਼ਮਸ਼ਾਨ ਘਾਟ ਨਹੀਂ ਛੱਡੇਗਾ ਜਦੋਂ ਤੱਕ ਕਰਨੈਲ ਸਿੰਘ ਦੀ ਚਿਤਾ ਨੂੰ ਠੀਕ ਤਰ੍ਹਾਂ ਅੱਗ ਨਾ ਲੱਗ ਜਾਵੇ।“
“ਪਿਆਰੇ ਜੱਸੀ
ਦਸ ਸਾਲ ਪਹਿਲਾਂ ਜਦੋਂ ਰਿਟਾਇਰਮੈਂਟ ਤੋਂ ਬਾਅਦ ਮੈਂ ਅਤੇ ਮੇਰੀ ਪਤਨੀ, ਅੰਮ੍ਰਿਤਾ, ਇਸ ਕਲੋਨੀ ਵਿੱਚ ਆਏ, ਤਾਂ ਅਸੀਂ ਕਿਸੇ ਨੂੰ ਪੁੱਛਿਆ ਕਿ ਛੋਟੇ ਮੋਟੇ ਕਮਾਂ ਵਾਸਤੇ ਸਾਨੂੰ ਕਿਸੇ ਦੀ ਮਦਦ ਦੀ ਲੋਡ ਹੈ। ਉਸਨੇ ਸਾਨੂੰ ਜੱਸੀ ‘ਝੱਲੇ’ ਨੂੰ ਬੁਲਾਉਣ ਲਈ ਕਿਹਾ। ਮੈਂ ਪੁੱਛਿਆ ਕਿ ਤੁਸੀਂ ਉਸ ਨੂੰ ਝੱਲਾ ਕਿਉਂ ਕਹਿੰਦੇ ਹੋ। ਉਸਨੇ ਕਿਹਾ ਕਿ ਜੱਸੀ ਬਿਨਾਂ ਕਿਸੇ ਮਿਹਨਤਾਨੇ ਦੇ ਹਰੇਕ ਦੀ ਮਦਦ ਕਰਦਾ ਰਹਿੰਦਾ ਹੈ। ਅਗਲੇ ਦਸ ਦਿਨ ਅਸੀਂ, ਤੇਰੀ ਮਦਦ ਨਾਲ ਆਪਣਾ ਸਾਰਾ ਘਰ ਸੈੱਟ ਕਰ ਲਿਆ। ਅਸੀਂ ਸੋਚਿਆ ਕਿ ਤੈਨੂੰ ਕੁਛ ਤਨਖਾਹ ਦੇ ਕੇ ਮਦਦ ਵਾਸਤੇ ਰਖ ਲੈਨੇ ਹਾਂ। ਉਨ੍ਹਾਂ ਦਸ ਦਿੰਨਾਂ ਵਿਚ ਅਸੀਂ ਤੇਰਾ ਨਜਾਇਜ਼ ਫਾਇਦਾ ਵੀ ਉਠਾਇਆ। ਲੇਕਿਨ ਤੇਰੇ ਮੱਥੇ ਤੇ ਕਦੀ ਕੋਈ ਸ਼ਿਕਨ ਨਹੀਂ ਦੇਖੀ। ਤੁਸੀਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਅਸੀਂ ਫੈਸਲਾ ਕੀਤਾ ਕਿ ਅਸੀਂ ਆਪਣਾ ਸਾਰਾ ਕੰਮ ਆਪਣੇ ਆਪ ਹੀ ਕਰ ਲਈਏ। ਉਨ੍ਹਾਂ ਦਿਨਾਂ ਵਿਚ ਸਾਨੂੰ ਅਫ਼ਸਰੀ, ਪੈਸੇ, ਅਤੇ ਆਪਣੇ ਬੱਚਿਆਂ ਦੀ ਸਫਲਤਾ ਦਾ ਬੜਾ ਗ਼ਰੂਰ ਸੀ। ਅਸੀਂ ਹਮੇਸ਼ਾਂ ਲੋਕਾਂ ਨੂੰ ਨੀਵਾਂ ਦਿਖਾਉਣ ਦੇ ਮੌਕਿਆਂ ਦੀ ਭਾਲ ਵਿਚ ਰਹਿੰਦੇ ਸੀ। ਤੁਹਾਡੇ ਨਾਲ ਵੀ ਅਸੀਂ ਅਜਿਹਾ ਹੀ ਕੀਤਾ। ਜਦ ਤੁਸੀ ਦੱਸਿਆ ਕਿ ਤੁਸੀ ਬੀ.ਏ ਕੀਤੀ ਹੈ, ਤੇ ਮੈਂ ਕਿਹਾ ਕੇ ਬੀ.ਏ ਬੇਕਾਰ ਲੋਕ ਕਰਦੇ ਹਨ। ਮਿਹਨਤੀ ਲੋਕ ਇੰਜੀਨੀਅਰਿੰਗ ਕਰਦੇ ਹਨ। ਦਰਅਸਲ ਆਪਣੇ ਬੱਚਿਆਂ ਦੀ ਸਫਲਤਾ ਦੱਸਦਿਆਂ ਮੈਂ ਤੁਹਾਨੂੰ ਨੀਵਾਂ ਦਿਖਾਉਣਾ ਚਾਹੁੰਦਾ ਸੀ। ਫਿਰ ਮੈਂ ਇਕ ਵਾਰੀ ਤੁਹਾਨੂੰ ਚੋਬਮਾ ਗੱਲ ਕੀਤੀ ਕਿ ਤੁਹਾਡੇ ਕੋਲ ਕੋਈ ਨੌਕਰੀ ਨਹੀਂ ਹੈ, ਫਿਰ ਵੀ ਤੂਸੀ ਲੈਪਟਾਪ ਐਦਾਂ ਚੁੱਕਿਆ ਹੁੰਦਾਂ ਹੈਂ ਜਿਵੇਂ ਤੂਸੀ ਡੀ.ਸੀ ਲਗੇ ਹੋਏ ਹੋ।“
ਖਤ ਦਾ ਪੰਨਾ ਪਲਟਦੇ ਹੋਏ ਵਕੀਲ ਸਾਬ ਨੇਂ ਬਾਹਰ ਦੇਖਿਆ ਤੇ ਸਾਰੇ ਲੋਕ ਚਾਹ ਛੱਡ ਕੇ ਬੜੇ ਧਿਆਨ ਨਾਲ ਉਸਨੂੰ ਸੁਨ ਰਹੇ ਸਨ। ਉਸਨੇ ਅੱਗੇ ਪੜਨਾ ਸ਼ੁਰੂ ਕੀਤਾ, “ਇਹ ਸਬ ਹੋਣ ਦੇ ਬਾਵਜੂਦ ਤੁਸੀਂ ਹਰ ਰੋਜ਼ ਸਾਡਾ ਹਾਲ ਪੁੱਛਣ ਸਾਡੇ ਕੋਲ ਦਸ-ਪੰਦਰਾਂ ਮਿੰਟ ਆਂਦੇ ਤੇ ਮੇਰੇ ਅਤੇ ਅੰਮ੍ਰਿਤਾ ਦੇ ਪੈਰ ਦਬਾਂਦੇ ਸੀ। ਅਸੀਂ ਸੋਚਿਆ ਕਿ ਅਸੀਂ ਵੱਡੇ ਲੋਕ ਹਾਂ ਇਸ ਲਈ ਤੁਸੀਂ ਐਸਾ ਕਰਦੇ ਹੋ, ਲੇਕਿਨ ਸਾਨੂੰ ਪਤਾ ਲਗਾ ਤੁਸੀ ਸਾਰੇ ਬੁਜ਼ੁਰਗਾਂ ਨਾਲ ਐਸਾ ਹੀ ਵਰਤਾਓ ਰੱਖਦੇ ਹੋ। ਥੋੜੇ ਦਿਨਾਂ ਵਿਚ ਮੈਨੂੰ ਤੇ ਅੰਮ੍ਰਿਤਾ ਨੂੰ ਤੁਹਾਡੀ ਆਦਤ ਪੈ ਗਈ। ਗਿਆਰਾਂ ਵੱਜਦੇ ਹੀ ਅੰਮ੍ਰਿਤਾ ਚੁੱਲ੍ਹੇ ਤੇ ਚਾਹ ਰੱਖਦੀ ਤੇ ਕਹਿੰਦੀ, ‘ਜੱਸੀ ਆਉਣ ਹੀ ਵਾਲਾ ਹੋਵੇਗਾ।‘ ਜਿਸ ਦਿਨ ਤੁਸੀ ਨਹੀਂ ਆਂਦੇ, ਇਕ ਅਜੀਬ ਜਹੀ ਬੇਚੈਨੀ ਮਹਿਸੂਸ ਕਰਦੇ। ਉਸ ਦਿਨ ਅੰਮ੍ਰਿਤਾ ਨਾਰਾਜ਼ਗੀ ਵੀ ਵਿਅਕਤ ਕਰਦੀ ਕਿ ਫਾਇਦਾ ਹੋਇਆ ਉਨ੍ਹਾਂਨੂੰ ਐਡੇ ਵੱਡੇ ਅਫ਼ਸਰ ਬੱਣਾਂਨ ਦਾ ਬਚੇ ਸਿਰਫ ਪੈਸੇ ਦੀ ਜਰੂਰਤ ਵੇਲੇ ਫੋਨ ਕਰਦੇ ਹਨ। ਕਾਸ਼ ਜੱਸੀ ਨੇਂ ਸਾਡੇ ਘਰ ਜਨਮ ਲਿਆ ਹੁੰਦਾਂ।
ਦੋ ਮਹੀਨੇ ਪਹਿਲਾਂ ਜੱਦ ਮੇਰੀ ਪਤਨੀ ਬਿਮਾਰ ਹੋਈ ਤਾਂ ਤੁਸੀ ਅਤੇ ਤੁਹਾਡੀ ਪਤਨੀ ਨੇਂ ਵੱਧ ਚੜ੍ਹ ਕੇ ਉਸਦੀ ਸੇਵਾ ਕੀਤੀ। ਦਸ ਦਿਨਾਂ ਬਾਅਦ ਜੱਦ ਉਸਦੀ ਮੌਤ ਹੋਈ ਤਾਂ ਆਪ ਜੀ ਨੇ ਸਾਰੇ ਪ੍ਰੋਗਰਾਮ ਦਾ ਜ਼ਿੱਮਾ ਸੰਭਾਲ ਲਿਆ। ਮੇਰੇ ਆਪਣੇ ਬੱਚੇ ਤੇ ਲਾਕਡਾਉਨ ਦਾ ਬਹਾਨਾ ਬਣਾ ਕੇ ਆਪਣੀ ਮਾਂ ਦਾ ਮੁਹਂ ਵੀ ਨਹੀਂ ਦੇਖਣ ਆਏ, ਜੱਦ ਕਿ ਫਲਾਈਟਾਂ ਚਾਲੂ ਹੋ ਗਈਆਂ ਸਨ। ਉਸ ਦਿਨ ਮੇਰਾ ਦਿਲ ਰੋ ਰਿਹਾ ਸੀ ਕੇ ਮੇਰੇ ਆਪਣੇ ਬੱਚੇ ਮੇਰੇ ਕੋਲ ਹੋਣ ਤੇ ਮੈਨੂੰ ਜਾਫੀ ਪਾ ਕੇ ਕਹਿਣ ਕਿ ਪਾਪਾ ਅਸੀਂ ਤੁਹਾਡੇ ਨਾਲ ਹਾਂ। ਲੇਕਿਨ ਉਨ੍ਹਾਂਨੇ ਸਿਰਫ ਇਕ ਵਾਰ ਫੋਨ ਤੇ ਦੋ ਗੱਲਾਂ ਕਰ ਕੇ ਕੰਮ ਚਲਾ ਲਿਆ। ਉਸ ਦਿਨ ਮੈਨੂੰ ਪਤਾ ਲਗਾ ਕਿ ਮੈਂ ਦੁਨੀਆਂ ਦਾ ਸਬ ਤੂੰ ਵੱਡਾ ਬਦਨਸੀਬ ਹਾਂ। ਤੁਸੀ ਹਰ ਕੋਸ਼ਿਸ਼ ਕੀਤੀ ਕਿ ਮੈਨੂੰ ਮੇਰੇ ਬੱਚਿਆਂ ਦੀ ਕਮੀ ਮਹਿਸੂਸ ਨਾ ਹੋਵੇ। ਆਪਣੇ ਆਪ ਨੂੰ ਬਹੁਤ ਵੱਡਾ ਆਦਮੀ ਸੋਚਣ ਵਾਲਾ ਮੈਂ, ਤੁਹਾਡੀ ਸ਼ਖਸੀਅਤ ਅਗੇ ਛੋਟਾ ਹੋ ਰਿਹਾ ਸੀ। ਪਤਨੀ ਦੀ ਮੌਤ, ਬੱਚਿਆਂ ਦਾ ਵਿਛੋੜਾ ਅਤੇ ਤੁਹਾਡੇ ਅਹਿਸਾਨਾਂ ਦਾ ਭਾਰ ਮੈਨੂੰ ਘੁਣ ਵਾਂਗ ਅੰਦਰੋਂ ਅੰਦਰ ਖਾ ਰਿਹਾ ਸੀ। ਜਿਸ ਦਿਨ ਮੇਰੀ ਕਰੋਂਨਾ ਪੋਜਿਟਿਵ ਦੀ ਰਿਪੋਰਟ ਆਈ, ਮੈਂ ਰੱਬ ਦਾ ਧੰਨਵਾਦ ਕੀਤਾ। ਹਾਂ ਮੈਂ ਇੱਕ ਹੋਰ ਅਪਰਾਧ ਕਰ ਬੈਠਾ। ਤੁਹਾਡੀ ਗੈਰ ਮੌਜੂਦਗੀ ਵਿਚ ਮੈਂ ਤੁਹਾਡੇ ਲੈਪਟਾਪ ਵਿਚੁਂ ਡਾਟਾ ਚੋਰੀ ਕਰ ਲਿਆ। ਜੱਦ ਮੈਂ ਉਹ ਡਾਟਾ ਦੇਖਿਆ ਤੇ ਮੈਨੂੰ ਪਤਾ ਲਗਾ ਕਿ ਤੁਸੀ ਇਕ ਬੜੇ ਵੱਡੇ ਸਾਹਿਤਿਕਾਰ ਹੋ। ਤੁਹਾਡੀਆਂ ਰਚਨਾਵਾਂ, ਕਹਾਣੀਆਂ ਅਤੇ ਕਵਿਤਾਵਾਂ ਵਿਚ ਬਜ਼ੁਰਗਾਂ ਦੀ ਪੀਡ਼ ਦਿਲ ਨੂੰ ਛੁ ਜਾਂਦੀ ਹੈ। ਮੇਰੇ ਉੱਤੇ ਇਕ ਹੋਰ ਇਹਸਾਨ ਕਰੋ। ਜੇ ਮੇਰੇ ਸੰਸਕਾਰ ਤੇ ਮੇਰੇ ਬੱਚੇ ਨਹੀਂ ਆਂਦੇ ਤੇ ਵਕੀਲ ਸਾਹਬ ਨਾਲ ਮਿਲ ਕੇ ਮੇਰੀ ਸਾਰੀ ਜਾਇਦਾਦ ਵੈਚ ਕੇ ਜਿਹੜੇ ਪੈਸੇ ਆਂਦੇ ਹਨ, ਉਨ੍ਹਾਂ ਦਾ ਇਕ ਟ੍ਰਸਟ ਖੋਲੋ, ਜੋ ਕਿ ਬਜ਼ੁਰਗਾਂ ਦੀ ਮਦਦ ਕਰੇ। ਤੁਸੀ ਉਸ ਟ੍ਰਸਟ ਨੂੰ ਚਲਾਓਗੇ। ਮੈਂ ਤੁਹਾਡੇ ਬੱਚਿਆਂ ਦੀ ਸਿੱਖਿਆ ਲਈ ਪੈਸੇ ਦੇਣਾ ਚਾਹੁੰਦਾ ਸੀ ਪਰ ਮੈਂ ਜਾਣਦਾ ਹਾਂ ਕਿ ਤੁਹਾਡਾ ਆਤਮਸੰਮਾਨ ਇਸ ਨੂੰ ਸਵੀਕਾਰ ਨਹੀਂ ਕਰੇਗਾ। ਪਰ ਮੇਰੀ ਇੱਛਾ ਹੈ ਕਿ ਤੁਸੀਂ ਆਪਣੀਆਂ ਲਿਖੀਆਂ ਰਚਨਾਵਾਂ ਪ੍ਰਕਾਸ਼ਤ ਕਰਨ ਲਈ ਟ੍ਰਸਟ ਤੋਂ ਪੈਸੇ ਦੀ ਵਰਤੋਂ ਕਰੋ। ਇਹ ਮਨੁੱਖਤਾ ਦੇ ਭਲੇ ਲਈ ਹੈ।
ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਹਰ ਘਰ ਵਿੱਚ ਤੁਹਾਡੇ ਵਰਗੇ ਬੱਚੇ ਪੈਦਾ ਹੋਣ।“
ਧੰਨਵਾਦ
ਤੁਹਾਡਾ ਕਰਜ਼ਦਾਰ
ਕਰਨੈਲ ਸਿੰਘ।
ਆਪਣੇ ਹੰਝੂ ਪੂੰਝਦਿਆਂ ਵਕੀਲ ਸਾਹਬ ਨੇ ਕਿਹਾ, “ਸਾਡੇ ਵਿੱਚ ਇਕ ਹੀਰਾ ਹੈ ਅਤੇ ਅਸੀਂ ਉਸਨੂੰ ਝੱਲਾ ਕਹਿੰਦੇ ਹਾਂ। ਅੱਜ ਵੀ ਕੋਰੋਨਾ ਦੇ ਡਰ ਕਾਰਨ, ਕਰਨੈਲ ਸਿੰਘ ਜੀ ਦੇ ਉਪਰ ਲੱਕੜਾਂ ਪਾਉਣ ਵਾਸਤੇ ਸਾਡੇ ਵਿਚੋਂ ਕੋਈ ਅੱਗੇ ਨਹੀਂ ਗਿਆ। ਜੱਦ ਕਿ ਕੋਰੋਨਾ ਤੋਂ ਬਚਾਉਣ ਵਾਸਤੇ ਦਸ ਪੀ.ਪੀ.ਈ ਕੀਟਾਂ ਮੌਜੂਦ ਸਨ। ਕੱਲਾ ਜੱਸੀ ਇਸ ਗਰਮੀ ਵਿਚ ਲੱਕੜਾਂ ਰੱਖਦਾ ਰਿਹਾ।“
ਜਦੋਂ ਵਕੀਲ ਨੇ ਵਸੀਅਤ ਨੂੰ ਪੜ੍ਹਨਾ ਸ਼ੁਰੂ ਕੀਤਾ, ਤੇ ਲੋਕ ਆਪਣੇ ਪਛਤਾਵੇ ਵਿਚ ਆਪਣੇ ਉੱਤੇ ਜੱਸੀ ਦੇ ਅਹਿਸਾਨਾਂ ਦੇ ਕਿੱਸੇ ਇਕ ਦੁਸੱਰੇ ਨੂੰ ਸੁਣਾਂਨ ਲੱਗ ਪਏ। ਘਰ ਜਾਨ ਬਾਰੇ ਭੁੱਲ ਗਏ। ਦੋ ਘੰਟਿਆਂ ਬਾਅਦ ਜੱਦ ਜੱਸੀ ਗੁਰਦੁਆਰੇ ਅੰਦਰ ਦਾਖਲ ਹੋਇਆ, ਲੋਕਾਂ ਨੇ ਉਸ ਨੂੰ ਮੋਢੇਆਂ ਉੱਤੇ ਚੁੱਕ ਲਿਆ ਅਤੇ ਕਲੋਨੀ ਵੱਲ ਤੁਰ ਪਏ।
ਤਰਸੇਮ ਕੌਰ ਨੇ ਜੈਕਾਰਾ ਛੱਡਿਆ,
“ਸਾਡਾ ਬੱਚਾ ਕੌਣ?”
ਸਾਰੇ ਬਜ਼ੁਰਗਾਂ ਨੇ ਬਹੁਤ ਜ਼ੋਰ ਸ਼ੋਰ ਨਾਲ ਜਵਾਬ ਦਿੱਤਾ, “ਜੱਸੀ।”
“ਸਾਡਾ ਹੀਰੋ ਕੌਣ?”
“ਜੱਸੀ”
‘ਝੱਲਾ’ ਜੱਸੀ, ‘ਹੀਰੋ’ ਬਣ ਗਿਆ ਸੀ।
test