ਇਕਬਾਲ ਸਿੰਘ ਲਾਲਪੁਰਾ
ਅੱਜ ਤੋਂ ਕਰੀਬ 550 ਸਾਲ ਪਹਿਲਾਂ ਸਤਿਗੁਰ ਨਾਨਕ ਦੇ ਪ੍ਰਗਟ ਹੋਣ ਨਾਲ ਭਾਰਤ ਦਾ ਤੀਜਾ ਤੇ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੋਂਦ ਵਿੱਚ ਆਇਆ। ਨਿਰਮਲ ਪੰਥ ਵਿੱਚ ਨਾ ਤਾਂ ਕੋਈ ਕਰਮ ਕਾਂਡ ਹੈ ਨਾ ਤੀਰਥ ਯਾਤਰਾ, ਇਕ ਅਕਾਲ ਦੇ ਪੁਜਾਰੀ, ਗੁਰਬਾਣੀ ਦੇ ਗਿਆਨ ਦੇ ਪ੍ਰਕਾਸ਼ ਨਾਲ ਅੰਦਰ ਦਾ ਦੀਵਾ ਜਗਾ ਕੇ ਪ੍ਰਭੂ ਸਿਮਰਨ, ਸੱਚ, ਸੰਤੋਖ ਤੇ ਲੁਕਾਈ ਦੀ ਸੇਵਾ ਰਾਹੀਂ ਉਸ ਤੱਕ ਪਹੁੰਚਣ ਦੇ ਪਾਂਧੀ ਹਨ, ਇਜ਼ਤ ਨਾਲ ਭੈ-ਰਹਿਤ ਜੀਵਨ ਲੋਕਾਈ ਨਾਲ ਪ੍ਰੇਮ ਦਾ ਮਾਰਗ ਹੈ, ਜਿਸ ਵਿੱਚ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥’ ਦੇ ਆਦਰਸ਼ ਨਾਲ ਸਭ ਦੇ ਦੋਸਤ ਬਣਾਉਣਾ ਹੁੰਦਾ ਹੈ।‘ਸੂਰਬੀਰ ਬਚਨ ਕੇ ਬਲੀ` ਸੰਤ ਤੇ ਸਿਪਾਹੀ ਦੀ ਪਰਿਭਾਸ਼ਾ ਨੂੰ ਸਪਸ਼ਟ ਕਰਦਾ ਹੈ।
ਜ਼ੁਲਮ ਦੇ ਵਿਰੁੱਧ ਆਵਾਜ ਗੁਰੂ ਨਾਨਕ ਸਾਹਿਬ ਨੇ ਹੀ ਬਾਬਰ ਨੂੰ ਜਾਬਰ ਤੇ ਉਸਦੀ ਫੌਜ ਨੂੰ ‘ਪਾਪ ਕੀ ਜੰਜ’ ਆਖ ਕੇ ਉਠਾਈ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਗਲਾਂ ਦੇ ਹੁਕਮ, ਕਰਾਮਾਤ ਵਿਖਾਓ ਜਾ ਮੁਸਲਮਾਨ ਬਣ ਜਾਓ ਨੂੰ ਨਕਾਰ ਕੇ ਆਸਾ ਕਨੂੰਨ ਹੇਠ ਕਸ਼ਟ ਝੱਲ ਕੇ ਸ਼ਹੀਦ ਹੋਣਾ ਪ੍ਰਵਾਨ ਕੀਤਾ, ਫੇਰ ਤਾਂ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਤੱਕ ਗੁਰੂ ਪਰਿਵਾਰ ਦੀਆਂ ਸ਼ਹੀਦੀਆਂ ਦੀ ਇਕ ਲੰਬੀ ਸੂਚੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਹਿਤ 21 ਲੜਾਈਆਂ ਲੜਣੀਆਂ ਪਈਆਂ, ਪਰ ਜਿੱਤ ਉਪਰੰਤ ਵੀ ਇਕ ਇੰਚ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈ. ਵਿੱਚ ਸਰਹੰਦ ਜਿੱਤ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ, ਜੋ ਜ਼ਿਆਦਾ ਦੇਰ ਨਹੀਂ ਰਿਹਾ ਪਰ ਆਉਣ ਵਾਲੇ ਸਮੇਂ ਲਈ ਸਿੱਖ ਰਾਜ ਦਾ ਰਾਹ ਦਸੇਰਾ ਬਣ ਗਿਆ।
ਮੁਗਲ ਹਕੂਮਤ, ਨਾਦਿਰ ਸ਼ਾਹ ਤੇ ਅਹਿਮਦ ਸ਼ਾਹ ਨਾਲ ਲੜਦਿਆਂ ਮਿਸਲਾਂ ਦੇ ਸਰਦਾਰਾਂ ਨੇ ਉੱਤਰੀ ਹਿੰਦੁਸਤਾਨ ਦੇ ਵੱਡੇ ਹਿੱਸੇ ‘ਤੇ 18 ਵੀਂ ਸਦੀ ਵਿੱਚ ਕਬਜ਼ਾ ਕਰ ਲਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਪਰਿਵਾਰ ਨੇ ਕਰੀਬ 50 ਸਾਲ ਰਾਜ ਕੀਤਾ। ਇਹਨਾ ਜਿੱਤਾਂ ਪਿੱਛੇ ਖਾਲਸਾ ਦੀ ਬਹਾਦੁਰੀ ਤੇ ਉੱਚ ਚਰਿਤ੍ਰ ਸੀ, ਜਿਸ ਵਿੱਚ ਔਰਤ ਦੀ ਇੱਜ਼ਤ, ਹਥਿਆਰ ਰਹਿਤ ਵਿਅਕਤੀ ਤੇ ਹਮਲਾ ਨਾ ਕਰਨ ਦੇ ਨਾਲ ਨਾਲ, ਚੋਰੀ ਨਾ ਕਰਨ ਤੇ ਚੋਰ ਦਾ ਸਾਥ ਵੀ ਨਾ ਦੇਣ ਦੇ ਅਸੂਲ ਵੀ ਸਨ।
ਅੰਗਰੇਜ ਨੇ ਮੱਕਾਰੀ ਤੇ ਧੋਖੇ ਨਾਲ ਬਾਲ ਮਹਾਰਾਜਾ ਦਲੀਪ ਸਿੰਘ ਤੋਂ ਪੰਜਾਬ ਦਾ ਰਾਜ ਖੋਹ ਲਿਆ। ਦਰਿਆ ਸਤਲੁਜ ਪਾਰ ਹਿੱਸੇ ਦੇ ਸਰਦਾਰ, ਰਾਜ ਕੁਮਾਰ ਬਣ ਅੰਗਰੇਜਾਂ ਦੇ ਪਹਿਲਾਂ ਹੀ ਪਿਠੂ ਬਣ ਚੁੱਕੇ ਸਨ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਤੀਸਰੀ ਜਾਤ ਆਈ ਵਾਲੇ ਰਾਜ ਅੰਦਰਫ਼ਿਰਕੂ ਫੁੱਟ ਪਾਉਣ ਲਈ,ਅੰਗਰੇਜ ਨੇ ਵੱਡੀ ਵਿਉਂਤਬੰਦੀ ਨਾਲ, ਪਹਿਲਾਂ ਮੁਸਲਮਾਨ ਤੇ ਫੇਰ ਹਿੰਦੂ-ਸਿੱਖਾਂ ਨੂੰ ਇੱਕ ਦੂਜੇ ਤੋਂ ਦੂਰ ਕਰਨ ਦੀ ਚਾਲ ਚਲੀ। ਜਿਸ ਕਾਰਨ ਮਹਾਰਾਣੀ ਜਿੰਦ ਕੌਰ ਦੇ ਹੱਕ ਵਿਚ ਤੇ ਮਹਾਰਾਜਾ ਦਲੀਪ ਸਿੰਘ ਦੇ ਇਸਾਈ ਕਰਨ ਵਿਰੁੱਧ ਕਿਸੇ ਨੇ ਆਵਾਜ ਵੀ ਨਹੀਂ ਉਠਾਈ,ਸਾਥ ਤਾਂ ਕੀ ਦੇਣਾ ਸੀ ।
ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਬੁੰਗਾ ਸਰਦਾਰਾਂ ਢਾਹ ਦਿੱਤਾ ਗਿਆ। ਸ੍ਰੀ ਹਰਿਮੰਦਿਰ ਸਾਹਿਬ ਦਾ ਦਰਵਾਜ਼ਾ, ਗੇਟ ਘੰਟਾਘਰ ਬਣਾ ਦਿੱਤਾ ਗਿਆ। ਰਾਜ ਕੁਮਾਰੀ ਬੰਬਾਂ 1957 ਈ. ਤੱਕ ਲਾਹੌਰ ਵਿੱਚ ਰਹੀ ਉਸ ਨੂੰ ਸਤਿਕਾਰ ਤਾਂ ਕਿਸ ਦੇਣਾ ਸੀ, ਧੋਖੇ ਨਾਲ ਖੋਹੇ ਸਿੱਖ ਰਾਜ ਦੇ ਮੁੜ ਬਹਾਲੀ ਦੀ ਮੰਗ ਵੀ ਕਿਸੇ ਨਹੀਂ ਕੀਤੀ।
ਅੰਗਰੇਜ ਨੇ ਪੂਰਨ ਰੂਪ ਵਿੱਚ ਸਿੱਖ ਚਰਿੱਤਰ ਤੇ ਸਿਧਾਂਤ ਨੂੰ ਹੀ ਖਤਮ ਕਰਨ ਦਾ ਯਤਨ ਕੀਤਾ। ਵੱਡੀ ਗਿਣਤੀ ਸਿੱਖ ਫੌਜੀ ਅੰਗਰੇਜ ਤੋਪ ਦਾ ਬਰੂਦ ਬਣ,ਦੁਨੀਆ ਭਰ ਵਿੱਚ ਲੜੇ ਤੇ ਮਰੇ। ਲਗਾਤਾਰ ਮੁਗਲ, ਨਾਦਿਰ ਸ਼ਾਹ,ਅਬਦਾਲੀ ਤੇ ਮੰਨੂ ਵਰਗੇ ਜਰਵਾਣੇ ਸਿੱਖਾਂ ਦਾ ਕਤਲ ਕਰਕੇ ਤੇ ਧਰਮ ਸਥਾਨ ਢਾਹ ਕੇ ਕੌਮ ਨੂੰ ਖਤਮ ਕਰਨ ਲ਼ਈ ਯਤਨਸ਼ੀਲ ਰਹੇ ਹਨ ਪਰ ਸਫਲ ਨਹੀਂ ਹੋਏ, ਪਰ ਅੰਗਰੇਜ ਨੇ ਤਖਤ ਢਾਹੁਣ ਦੀ ਥਾਂ ਸਿਧਾਂਤ ਢਾਹੁਣ ਦੀ ਨੀਤੀ ਨਾਲ ਇਹ ਮਹਾਨ ਫ਼ਲਸਫ਼ਾ ਤੇ ਸ਼ਕਤੀ ਨੂੰ ਖੇਰੂੰ-ਖੇਰੂੰ ਕਰ ਦਿੱਤੀ ।
ਸਿੱਖ ਕੌਮ ਦੀ ਤ੍ਰਾਸਦੀ ਇਹ ਰਹੀ ਕਿ ਸਾਰੇ ਲੋਕ ਇੱਕਠੇ ਹੋ ਕੇ ਨਹੀਂ ਬੈਠੇ ਪਹਿਲਾਂ ਅੰਗਰੇਜ਼ਾਂ ਨੇ ਵੰਡ ਦਿੱਤੇ, ਜੇਕਰ ਕੋਈ ਮਹਾਰਾਜਾ ਦਲੀਪ ਸਿੰਘ, ਬਾਬਾ ਮਹਾਰਾਜ ਸਿੰਘ ਵਾਂਗ ਕੋਈ ਉਠਿਆ ਤਾਂ ਉਹ ਇਕੱਲਾ ਰਹਿ ਹੀ ਗਿਆ।
ਆਜ਼ਾਦੀ ਸਮੇਂ ਖਾਲਸਾ ਰਾਜ ਦੀ ਰਾਜਧਾਨੀ ਸਮੇਤ ਬਹੁਤੇ ਇਤਿਹਾਸਕ ਗੁਰਧਾਮ ਵੀ ਪਾਕਿਸਤਾਨ ਦੇ ਹਵਾਲੇ ਕਰ ਦਿੱਤੇ। ਪਾਕਿਸਤਾਨ ਵਿੱਚ ਬਚੇ ਸਿੱਖ ਜਾ ਤਾਂ ਕਤਲ ਕਰ ਦਿੱਤੇ ਗਏ ਜਾ ਧਰਮ ਪ੍ਰਵਰਤਣ ਲਈ ਮਜਬੂਰ ਕਰ ਦਿੱਤੇ ਗਏ। ਪਾਕਿਸਤਾਨ ਦਾ ਪੰਜਾਬ,ਸਿੱਖ ਮੁਕਤ ਹੋ ਗਿਆ,ਜੋ ਕੁਝ ਸਿੱਖ ਬਚੇ ਹਨ,ਉਹ ਕਬਾਇਲੀ ਇਲਾਕੇ ਵਿੱਚ ਰਹਿੰਦੇ ਹਨ।
ਭਾਰਤ ਨਾਲ ਰਹਿਣ ਦੇ ਸਿੱਖ ਆਗੂਆਂ ਦੇ ਫ਼ੈਸਲੇ ਨਾਲ ਕੌਮ ਨੂੰ ਘਾਟਾ ਤਾਂ ਨਹੀਂ ਰਿਹਾ ਪਰ ਸ਼ੁਰੂਆਤੀ ਦਹਾਕਿਆਂ `ਚ ਸਿੱਖ ਕੌਮ ਨੂੰ ਕੇਂਦਰੀ ਹਕੂਮਤ ਤੋਂ ਮਾੜੇ ਤਜਰਬੇ ਵੀ ਹੋਏ। ਹਰ ਖੇਤਰ ਵਿੱਚ ਸਿੱਖਾਂ ਨੂੰ ਅੱਗੇ ਵਧਣ ਤੇ ਸਰਕਾਰੀ ਕੁਰਸੀਆਂ ਦਾ ਆਨੰਦ ਮਾਨਣ ਦਾ ਮੌਕਾ ਮਿਲ ਰਿਹਾ ਹੈ। ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫ਼ੌਜਾਂ ਦੇ ਮੁਖੀ, ਸੁਪਰੀਮ ਕੋਰਟ ਦੇ ਚੀਫ ਜਸਟਿਸ, ਖੇਡ ਟੀਮਾਂ ਦੇ ਕਪਤਾਨ ਸਿੱਖ ਬਣੇ ਤੇ ਹੈ ਵੀ ਨੇ।ਪੰਜਾਬ ਜਿੱਥੇ ਸਿੱਖ ਵੱਡੀ ਗਿਣਤੀ ਵਿੱਚ ਵਸਦੇ ਹਨ, 1956 ਈ ਤੋਂ ਕੁਝ ਸਮਾਂ ਛੱਡ ਸਿੱਖ ਹੀ ਮੁੱਖ ਮੰਤਰੀ ਤੇ ਵਜ਼ੀਰ ਬਣਦੇ ਆ ਰਹੇ ਹਨ।
ਮਾਸਟਰ ਤਾਰਾ ਸਿੰਘ ਜੀ ਤੋਂ ਬਾਅਦ ਸਿੱਖ ਰਾਜਨੈਤਿਕ ਆਗੂਆਂ ਦੀ ਸਥਿਤੀ ‘‘ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥“ਵਾਲੀ ਰਹੀ ਹੈ, ਜਿੱਥੇ ਨਾ ਤਾਂ ਰਾਜਨੀਤਿਕ ਤੌਰ `ਤੇ ਅੱਗੇ ਵਧ ਸਕੇ ਹਾਂ ਨਾ ਹੀ ਧਾਰਮਿਕ ਤੌਰ `ਤੇ। ਆਬਾਦੀ ਦੇ ਹਿਸਾਬ ਨਾਲ ਭਾਰਤ ਵਿੱਚ ਸਿੱਖ ਤੀਜੇ ਤੋਂ ਚੌਥੇ ਨੰਬਰ `ਤੇ ਚਲੇ ਗਏ ਹਨ।ਜੋ ਸਿੱਖ ਅੱਜ ਦੁਨੀਆ ਵਿੱਚ ਫੈਲ ਚੁੱਕੇ ਹਨ ਤੇ ਫ਼ਲਸਫ਼ੇ ਤੇ ਇਤਿਹਾਸ ਦੀ ਅਮੀਰੀ ਨਾਲ ਬਹੁਤ ਅੱਗੇ ਵਧਣ ਦੀ ਸਮਰੱਥਾ ਰੱਖਦੇ ਹਨ।ਜੇਕਰ ਆਪਣਾ ਬੱਚਾ ਦੂਜੇ ਦੇ ਘਰ ਚਲਾ ਜਾਏ ਤੇ ਗੁਆਂਢੀ ਨਾਲ ਲੜਣ ਦੀ ਥਾਂ ਆਪਣੇ ਬੱਚੇ ਨੂੰ ਸਮਝਾਉਣਾ ਸਹੀ ਨੀਤੀ ਹੈ। ਪਰ ‘ਮੋਹਿ ਐਸੇ ਬਨਜ ਸਿਉ ਨਹੀਨ ਕਾਜੁ॥ ਜਿਹ ਘਟੈ ਮੂਲੁ ਨਿਤ ਬਢੈ ਬਿਆਜੁ॥’ ਦੇ ਹੁਕਮ ਅਨੂਸਾਰ 1981 ਤੋਂ ਅੱਜ ਤੱਕ ਦੇ ਖਾੜਕੂਵਾਦ ਦਾ ਨਤੀਜਾ ਇਹ ਹੈ ਕਿ ਬਹੁਤੇ ਸਿੱਖਾਂ ਨੇ ਹੀ ਸਿੱਖਾਂ ਨੂੰ ਮਾਰ ਕੇ ਪੰਜਾਬ ਤੇ ਦੂਜੇ ਸੂਬਿਆਂ ਵਿੱਚ ਹਜ਼ਾਰਾਂ ਘਰਾਂ ਦੇ ਚਿਰਾਗ਼ ਬੁਝਾ ਲਏ ਹਨ।
ਅਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਸਿੱਖ ਕੌਮ ਨੇ ਪੁਰ ਅਮਨ ਅੰਦੋਲਨਾਂ ਰਾਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਸਮੇਤ ਕਈ ਮੌਰਚੇ ਜਿੱਤੇ ਹਨ।ਪਰ 1980 ਦੇ ਦਹਾਕੇ ਤੋਂ ਸਿੱਖ ਭੇਸ ਵਾਲੇ ਕਈ ਪੁਰਾਣੇ ਨਕਸਲਬਾੜੀਆਂ ਨੇਕੁਝ ਨਿਹੱਥੇ ਮਾਸੂਮ ਬੱਚੇ, ਔਰਤਾਂ ਤੇ ਬੇਗੁਨਾਹ ਲੋਕਾਂ ਨੂੰ ਮਾਰਨ ਦੇ ਰਾਹ ਵੀ ਪਾ ਦਿੱਤਾ।ਗੁਰੂ ਕਾ ਸਿਖ ਨਾ ਤਾਂ ਭੱਜੇ ਤੇ ਵਾਰ ਕਰਦਾ ਹੈ ਤੇ ਨਾਂ ਹੀ ਨਿਹੱਥੇ ਤੇ ਜੇਕਰ, ਕਤਲ ਕਰਨ ਨਾਲ ਵਿਚਾਰ ਨੂੰ ਮਾਰਿਆ ਜਾ ਸਕਦਾ ਤਾਂ ਗੁਰੂ ਸਾਹਿਬਾਨ ਦੀਆ ਬੇਮਿਸਾਲ ਕੁਰਬਾਨੀਆਂ ਤੋਂ ਬਾਦ ਤਾਂ ਇਕ ਵੀ ਸਿੱਖ ਨਾ ਬਚਦਾ ਨਾ ਬਣਦਾ।
ਸਿੱਖਾਂ ਨੂੰ ਈਦ ਦੇ ਦੁੰਬੇ ਵਾਂਗ ਕਤਲ ਕਰ 1985 ਈ. ਦੀ ਚੋਣ ਜਿੱਤਣ ਦੀ ਸਰਕਾਰੀ ਸਾਜਿਸ਼ ਦਾ ਕਈ ਸਾਬਕਾ ਅਧਿਕਾਰੀ ਪਰਦਾਫਾਸ਼ ਕਰਦੇ ਹਨ। ਪਰ ਕੀ, ਕਿਸੇ ਨੇ ਉਹਨਾ ਨਾਲ ਸੰਪਰਕ ਕੀਤਾ ਤੇ, ਸੱਚ ਦਾ ਇਤਿਹਾਸ ਕੌਮ ਨੂੰ ਕਲਮਬੰਦ ਕਰਕੇ ਦਿੱਤਾ। ਇਸ ਅਖੌਤੀ ਧਰਮ ਯੁੱਧ ਵਿੱਚ ਜੋ ਸਿੱਖ ਕੌਮ ਦਾ ਨੁਕਸਾਨ ਹੋਇਆ,ਉਸ ਲਈ ਜਿਮੇਂਵਾਰ ਕੌਣ ਹਨ? ਉਸ ਦੀ ਭਰਪਾਈ ਅਜੇ ਤੱਕ ਕਿਉਂ ਨਹੀਂ ਹੋਈ? ਜਿੰਨਾ ਧਰਮੀ ਫੌਜੀਆਂ ਨੇ 1984ਈ. ਵਿੱਚ ‘ਸਾਕਾ ਨੀਲਾ ਤਾਰਾ’ ਵਿਰੁੱਧ ਰੋਸ ਕਾਰਨ ਬੈਰਕਾਂ ਛੱਡੀਆਂ ਸਨ ਨੂੰ 1985 ਈ ਤੋਂ ਬਾਅਦ ਪੰਥਕ ਸਰਕਾਰਾਂ ਨੇ ਕੀ ਸਹਾਇਤਾ ਕੀਤੀ ਜਾ ਨੋਕਰੀਆਂ ਦਿੱਤੀਆਂ? ਟਾਸਕ ਫੋਰਸ ਦੇ ਮੈਂਬਰ ਬਣ ਚੌਕੀਦਾਰਾ ਕਰਨ ਨਾਲ਼ੋਂ ਤਾਂ ਉਹ ਪਹਿਲਾਂ ਹੀ ਚੰਗੇ ਨਹੀਂ ਸਨ
ਪਿਛਲੇ 45 ਸਾਲ ਵਿੱਚ ਪੰਜਾਬ ਦੇ ਅੰਦਰ ਤੇ ਪੰਜਾਬ ਤੋਂ ਬਾਹਰ ਜੋ ਕਤਲੋ ਗਾਰਤ ਹੋਈ ਹੈ, ਉਸ ਬਾਰੇ ਕੀ ਕੋਈ ਕਮੇਟੀ ਨਹੀਂ ਬਨਣੀ ਚਾਹੀਦੀ ਸੀ, ਜੋ ਇਸ ਦੇ ਕਾਰਣ ਤੇ ਨਤੀਜਿਆਂ ਦੀ ਪੜਤਾਲ ਕਰਕੇ ਅੱਗੇ ਨੀਤੀ ਤੈਅ ਕਰਦੀ ?
ਧਰਮਯੁੱਧ ਮੋਰਚੇ ਤੇ ਮਰਜੀਵੜੇ ਬਨਾਉਣ ਦਾ ਫੈਸਲਾ ਰਾਜਨੀਤਿਕ ਸੀ ਇਸ ਲਈ ਰਾਜੀਵ-ਲੋਂਗੋਵਾਲ ਸਮਝੌਤਾ ਰੱਦ ਹੋਣ ‘ਤੇ ਵੀ ਆਵਾਜ਼ ਕੁਰਸੀ ਪ੍ਰਾਪਤ ਕਰਨ ਤੱਕ ਹੀ ਸੀ, ਜੋ ਪੰਜਾਬ ਤੇ ਸਿੱਖਾਂ ਦੇ ਆਪ ਕੀਤੇ ਜਾ ਸਕਦੇ ਸਨ ਉਹ ਵੀ ਨਹੀਂ ਹੋਏ, ਘੱਟੋਂ-ਘੱਟ ਸਰਕਾਰੀ ਤੰਤਰ ਤੇ ਆਮ ਵਿਅਕਤੀਆਂ ਵਿੱਚ ਲੰਬੇ ਸਮੇਂ ਹੋਏ ਕਤਲੋਗਾਰਤ ਨੂੰ ਮਾਫ ਕਰੋ, ਪਿਆਰ ਕਰੋ, ਤੇ ਅੱਗੇ ਵੱਧੋ ਤੱਕ ਦੀ ਗੱਲ ਨਹੀਂ ਹੋਈ। ਨੀਤੀ ਕੇਵਲ ਮੁੱਦੇ ਤੇ ਸਮੱਸਿਆਵਾਂ ਜਿੰਦਾ ਰੱਖਣ ਤੱਕ ਹੀ ਰਹੀ ਲਗਦੀ ਹੈ।
1984 ਈ ਦੀ ਸਿੱਖ ਕਤਲੋਗਾਰਤ ਕਰੀਬ 9 ਭਾਰਤ ਦੇ ਰਾਜਾਂ ਵਿੱਚ ਹੋਈ ਉਸ ਵਾਰੇ ਇਨਸਾਫ ਲੈ ਕੇ ਦੇਣ ਵਾਰੇ ਕਿਸ ਕੌਮੀ ਆਗੂ ਨੇ ਯਤਨ ਕੀਤਾ=;ਵਸਪੰਜਾਬ ਤੋਂ ਬਾਹਰ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਉਤਰਾਖੰਡ, ਮੱਧ ਪ੍ਰਦੇਸ਼ ਸਮੇਤ ਸਾਰੇ ਸੂਬਿਆਂ ਵਿੱਚ 50 ਲੱਖ ਤੋਂ ਵੱਧ ਸਿੱਖ ਵਸਦੇ ਹਨ ਜੋ ਵੱਡੇ ਜ਼ਿਮੀਂਦਾਰ ਤੇ ਕਾਰੋਬਾਰੀ ਹਨ। ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰ ਬਾਹਰ ਵਸਦੇ ਸਿੱਖਾਂ ਦਾ ਜੀਵਨ ਅਸੁਰੱਖਿਅਤ ਕਰਨ,ਜਿਸਦੇ ਜੁੰਮੇਵਾਰ ਸਿੱਖ ਸਰੂਪ ਵਿੱਚ ਹੋਣ ਵਾਲੇ ਲੋਕ ਨਜ਼ਰ ਆਉਣ ਕੀ ਇਹ ਕੌਮੀ ਹਿਤ ਹੈ?
ਵਾਰਿਸ ਪੰਜਾਬ ਦਾ ਪਛੋਕੜ, ਕੌਮ ਨੂੰ ਦੇਣ ਤੇ ਅੰਤਿਮ ਨਿਸ਼ਾਨਾ ਕੀ ਹੈ ? ਕੌਮ ਦੇ ਗਲ ਵਿੱਚ ਇਹ ਸਮੱਸਿਆ ਜਾ ਮੁਹਿੰਮ ਪਾਉਣ ਤੋਂ ਪਹਿਲਾਂ ਕਿਸ ਕਿਸ ਆਗੂ ਨੇ ਰਾਏ ਦਿੱਤੀ ? ਕੀ ਇਹ ਭਾਰਤ ਨੂੰ ਜ਼ਖਮੀ ਕਰ ਖ਼ੂਨ ਬਹਾਉਣ ਲਈ 2KK (ਕਸ਼ਮੀਰ, ਖਾਲਿਸਤਾਨ) ਪਲਾਨ ਦੀ ਆਈਐਸਆਈ ਦੀ ਨੀਤੀ ਤਾਂ ਨਹੀਂ? ਕਿਸੇ ਵੀ ਦੇਸ਼ ਵਿਰੁੱਧ ਹਥਿਆਰ ਬੰਦ ਲੜਾਈ ਦੂਜਾ ਦੇਸ਼ ਹੀ ਲੜ ਸਕਦਾ ਹੈ, ਕੀ ਹਥਿਆਰਾਂ ਦੀ ਗੱਲ ਕਰਨ ਵਾਲੇ, ਉਸ ਦੇਸ਼ ਦਾ ਨਾਂ ਦੱਸਣਗੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਰੱਖ ਥਾਣੇ ‘ਤੇ ਕਬਜ਼ਾ ਕਰਨ ਦਾ ਵਿਰੋਧ ਕਿਉਂ ਨਹੀਂ ਕੀਤਾ? ਖਾਲਿਸਤਾਨ ਦਾ ਸ਼ਬਦ ਵਿਦੇਸ਼ਾਂ ਵਿੱਚ ਭੇਜਣ ਦੇ ਨਾ ਤੇ ਪੈਸੇ ਕਮਾਉਣ ਦਾ ਵੀ ਸਾਧਨ ਬਣਦਾ ਜਾ ਰਿਹਾ ਹੈ, ਮੁੱਠੀਭਰ ਲੋਕ ਦੇਸ਼-ਵਿਦੇਸ਼ ਵਿੱਚ ਸਿੱਖ ਕੌਮ ਦੀ ਛਵੀ ਖਰਾਬ ਕਰਦੇ ਨਜ਼ਰ ਆਉਂਦੇ ਹਨ।
ਨਸ਼ਾ, ਗੁਰਮਤ ਅਨੁਸਾਰ ਵਰਜਿਤ ਹੈ, ਪਰ ਇਸ ਵਿਰੁੱਧ ਲਾਮਬੰਦੀ ਇੱਕ ਵਿਅਕਤੀ ਨੂੰ ਨਹੀਂ ਸਿੱਖ ਪੰਥ ਨੂੰ ਕਰਨੀ ਪਵੇਗੀ ਤੇ ਨਸ਼ੇ ਵੇਚਣ ਵਾਲੇ ਵਪਾਰੀ ਜੋ ਪੰਜਾਬ ਵਿੱਚੋਂ ਹੀ ਹਨ ਨੂੰ ਰਾਜਸੀ ਤੇ ਧਾਰਮਿਕ ਪੁਸ਼ਤਨਾਈ ਕਰਨ ਦੀ ਥਾਂ ਸਾਮਾਜਿਕ ਬਹਿਸ਼ਕਾਰ ਕਰਨਾ ਪਵੇਗਾ, ਜੋ ਸਾਡੇ ਕਰਦੇ ਹੁੰਦੇ ਸਨ।
ਧਾਰਮਿਕ ਰੂਪ ਵਿੱਚ ਨਿਰਮਲ ਪੰਥ ਤਾਂ ਪੂਰਨ ਕਰਮਕਾਂਡੀ ਬਣਾ ਦਿੱਤਾ ਗਿਆ ਹੈ, ਉਜਰਤ ਲੈ ਦੇ ਕੇ ਪਾਠ ਨਾ ਕਰਾਉਣ ਦੇ ਸਿਧਾਂਤ ਤਾਂ ਕਦੋਂ ਦਾ ਖਤਮ ਹੋ ਚੁੱਕਾ ਹੈ, ਪਾਠ, ਕਥਾ ਕੀਰਤਨ ਅਰਦਾਸ ਰੋਜਗਾਰ ਤੇ ਕਮਾਈ ਦੇ ਸਾਧਨ ਬਣ ਚੁੱਕੇ ਹਨ।
ਸਿੱਖ ਆਗੂਆਂ ਦਾ ਸਾਰਾ ਜ਼ੋਰ ਸ਼੍ਰੋਮਣੀ ਗੁਰਦਵਾਰਾ ਕਮੇਟੀ ਤੇ ਕਬਜ਼ਾ ਕਰਨ ਤੇ ਕੌਮ ਦਾ ਪੈਸਾ ਵਿੱਦਿਆ, ਸਿਹਤ ਤੇ ਰੋਜ਼ਗਾਰ ਵੱਲ ਲਾਉਣ ਦੀ ਥਾਂ ਗੁਰਦਵਾਰਾ ਸਾਹਿਬਾਨ ਦੇ ਹਾਲ, ਲੰਗਰ ਤੇ ਸਰਾਂਵਾਂ, ਰਾਜਨੀਤੀ ਲਈ ਵਰਤਣ ਤੱਕ ਹੀ ਸੀਮਿਤ ਰਿਹਾ।
ਇਹ ਪ੍ਰੇਮ, ਸੇਵਾ ਤੇ ਬਹਾਦੁਰੀ ਦੇ ਮੁਜੱਸਮੇ, ਦੂਜੇ ਦੀ ਧੀ ਭੈਣ ਦੀ ਇਜ਼ਤ ਦੇ ਰਖਵਾਲੇ, ਵਾਰ ਵਾਰ ਧੌਖਾ ਤੇ ਵਾਇਦਾ ਸ਼ਿਕਨੀ ਕਾਰਨ ਦੌਸਤ ਤੇ ਦੁਸ਼ਮਣ ਦੀ ਪਹਿਚਾਣ ਕਰਨ ਦੇ ਅਸਮਰਥ ਹੋ ਗਏ ਲੱਗਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਉਤੇ ਪੰਚਮ ਪਾਤਿਸਾਹ ਨੇ ‘ਨਾ ਹਮ ਹਿੰਦੂ ਨ ਮੁਸਲਮਾਨ॥’ ਅੰਕਿਤ ਆਪਣੀ ਵੱਖਰੀ ਹੋਂਦ ਬਾਰੇ 400 ਸਾਲ ਤੋਂ ਪਹਿਲਾਂ ਹੀ ਦਰਜ ਕੀਤੀ ਹੈ, ਫੇਰ ਕਿਸ ਤੋਂ ਸਰਟੀਫਕੇਟ ਲੈਣ ਦੀ ਕੀ ਲੋੜ ਹੈ। ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜ਼ਾਹਰ ਪੀਰ ਜਗਤ ਗੁਰੂ ਬਾਬਾ ਸਭ ਦਾ ਸਾਂਝਾ ਹੈ। ਕਿਸੇ ਦੁਨੀਆਵੀ ਸੀਮਾਂ ਵਿੱਚ ਬੱਝ ਨਹੀਂ ਸਕਦਾ। ਨਫ਼ਰਤ ਦੀ ਖੇਤੀ ਬੰਦ ਹੋਣੀ ਚਾਹੀਦੀ ਹੈ। ਉਸ ਮਹਾਨ ਸ਼ਖਸੀਅਤ ਨੂੰ ਜਿਸ ਨੂੰ ਕੌਮ, ਆਪਣੀ ਚੁਣੀ ਹੋਈ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਮਸੀਹਾ` ਵਜੋਂ ਸਨਮਾਨਿਤ ਕਰਦੀ ਹੈ, ਬਾਰੇ ਕਿਸ ਕਾਰਣ ਤੋਂ ਲੋਕਾਂ ਵਿੱਚ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ।
ਸਿੱਟਾ ਇਹ ਹੈ ਕਿ 18ਵੀਂ ਤੇ 19ਵੀਂ ਸਦੀ ਦੇ ਸਿੱਖ, ਕੌਮ ਲਈ ਆਪਾ ਵਾਰ ਕੇ ਨਾਮ ਰੌਸ਼ਨ ਕਰਦੇ ਰਹੇ ਹਨ, ਪਰ 20ਵੀਂ ਸਦੀ ਦੇ 7ਵੇਂ ਦਹਾਕੇ ਤੋਂ ਬਾਅਦ ਦੇ ਆਗੂ, ਰਾਜਨੀਤੀ ਲਈ ਧਰਮ ਸਥਾਨਾਂ ਦੀ ਵਰਤੋਂ ਕਰਦੇ ਹੋਏ ਸਿੱਖ ਕੌਮ ਨੂੰ ਜ਼ਜਬਾਤੀ ਤੌਰ `ਤੇ ਭੜਕਾ ਕੇ ਰਾਜੀਨੀਤਕ ਕੁਰਸੀਆਂ ਲੱਭਣ ਦਾ ਯਤਨ ਕਰਦੇ ਹਨ। ਫੇਰ ਲੜਾਈ ਟੈਂ ਮੰਨਣ ਤੇ ਟੈਂ ਭੰਨਣ ਦੀ ਬਣ ਜਾਂਦੀ ਹੈ।
ਸਿੱਖ ਕੌਮ ਇੱਕ ਬਹਾਦੁਰ ਕੌਮ ਹੈ, ਜਿਸਨੇ ਮੁਗਲਾਂ ਤੋਂ ਹੀ ਨਹੀਂ ਅਬਦਾਲੀ ਤੇ ਅਗਰੇਜ਼ਾਂ ਤੋਂ ਵੀ ਆਜ਼ਾਦੀ ਲੈਣ ਲਈ ਮੋਹਰੀ ਭੂਮਿਕਾ ਅਦਾ ਕੀਤੀ ਤੇ ਸੇਵਾ ਤੇ ਕੁਰਬਾਨੀ ਨਾਲ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਾਣ-ਸਤਿਕਾਰ ਪ੍ਰਾਪਤ ਕਰ ਰਹੀ ਹੈ। ਇਹ ਬਹਾਦੁਰ ਤੇ ਪ੍ਰੇਮ ਕਰਨ ਵਾਲੇ ਬਹਾਦੁਰ ਕੇਵਲ ਇਜ਼ਤ ਤੇ ਪਿਆਰ ਮੰਗਦੇ ਹਨ, ਪਰ ਕਈ ਧੋਖੇ ਹੋਣ ਕਾਰਨ ਜਲਦੀ ਨਿਰਾਸ਼ ਤੇ ਨਾਰਾਜ਼ ਹੋ, ਗ਼ੁੱਸੇ ਕਾਰਨ ਸੱਚ ਤੇ ਝੂਠ ਦੀ ਪਰਖ ਕਰਨ ਵਿੱਚ ਪਿੱਛੇ ਰਹਿ ਜਾਂਦੇ ਹਨ। ਜਿਸ ਬਾਰੇ ਵਿਦਵਾਨਾਂ ਦੀ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ ਅਤੇ ਆਪਣੇ ਮੂਲ ਚਰਿੱਤਰ ਨਾਲ ਜੁੜ ਇਸ ਧਰਤੀ ਨੂੰ ਅਮਨ, ਸੁਰੱਖਿਆ ਤੇ ਤਰੱਕੀ ਵਾਲਾ ਹਲੇਮੀ ਰਾਜ ਬਣਾਉਣ ਵੱਲ ਵਧਣਾ ਚਾਹੀਦਾ ਹੈ।
(ਲੇਖਕ ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ ਦੇ ਚੇਅਰਮੈਨ ਅਤੇ ਗੋਲਬਲ ਪੰਜਾਬੀ ਐਸੋਸੀਏਸ਼ਨ ਦੇ ਸਰਪ੍ਰਸਤ ਵੀ ਹਨ)
test