ਕੀ ਹੈ ਸੰਮੇਦ ਸ਼ਿਖਰਜੀ ਨਾਲ ਜੁੜਿਆ ਇਤਿਹਾਸ ਅਤੇ ਕਿਸ ਫੈਸਲੇ ਕਾਰਨ ਹੋਇਆ ਵਿਵਾਦ? ਕਿਵੇਂ ਸਰਕਾਰ ਨੇ 3 ਸਾਲ ਪੁਰਾਣਾ ਆਦੇਸ਼ ਲਿਆ ਵਾਪਿਸ?
ਆਓ ਜਾਣੀਏ ਕਿਵੇਂ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਜੈਨ ਸਮਾਜ ਨੇ ਅੰਦੋਲਨ ਵਿਚ ਹਾਸਿਲ ਕੀਤੀ ਜਿੱਤ l
ਜੈਨ ਸਮਾਜ ਦਾ ਪਵਿੱਤਰ ਤੀਰਥ ਸਥਾਨ ਹੁਣ ਸੈਲਾਨੀ ਕੇਂਦਰ ਨਹੀਂ ਬਣੇਗਾ।ਕੇਂਦਰ ਸਰਕਾਰ ਨੇ ਝਾਰਖੰਡ ਸਰਕਾਰ ਨੂੰ ਇਸ ਸੰਬੰਧੀ ਫੈਸਲੇ ਨੂੰ ਵਾਪਸ ਲੈਣ ਲਈ ਆਦੇਸ਼ ਦੇ ਦਿੱਤੇ ਹਨ। ਵਾਤਾਵਰਨ ਮੰਤਰਾਲੇ ਨੇ ਚਿੱਠੀ ਜਾਰੀ ਕੀਤੀ ਹੈ ਜਿਸ ਵਿਚ ਲਿਖਿਆ ਹੈ ਕਿ,’ਈਕੋ ਸੈਂਸਟਿਵ ਜ਼ੋਨ ਨੋਟੀਫਿਕੇਸ਼ਨ ਦੇ ਕਲਾਜ਼-3 ਦੇ ਉਪਬੰਧਾਂ ਨੂੰ ਲਾਗੂ ਕਰਨ ‘ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ, ਜਿਸ ਵਿੱਚ ਹੋਰ ਸਾਰੀਆਂ ਸੈਰ-ਸਪਾਟਾ ਅਤੇ ਈਕੋ-ਟੂਰਿਜ਼ਮ ਗਤੀਵਿਧੀਆਂ ਸ਼ਾਮਲ ਹਨ। ਰਾਜ ਸਰਕਾਰ ਨੂੰ ਇਸ ਨੂੰ ਯਕੀਨੀ ਬਣਾਉਣ ਲਈ ਤੁਰੰਤ ਸਾਰੇ ਲੋੜੀਂਦੇ ਕਦਮ ਚੁੱਕਣ ਦੇ ਵੀ ਨਿਰਦੇਸ਼ ਦਿੱਤੇ ਜਾਂਦੇ ਹਨ।’
ਸੰਮੇਦ ਸ਼ਿਖਰ ਨੂੰ ਸੈਲਾਨੀ ਕੇਂਦਰ ਬਣਾਉਣ ਸੰਬੰਧੀ ਕੁੱਝ ਸਮੇਂ ਤੋਂ ਜੈਨ ਸਮਾਜ ਵੱਲੋਂ ਵਿਸ਼ਾਲ ਪੱਧਰ ਤੇ ਸ਼ਾਂਤਮਈ ਅੰਦੋਲਨ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਕਈ ਜੈਨ ਮੁਨੀਆਂ ਨੇ ਮਰਨ ਵਰਤ ਵੀ ਸ਼ੁਰੂ ਕਰ ਦਿੱਤਾ ਸੀ।ਜੈਨ ਰਿਸ਼ੀ ਸੁਗਯਸਾਗਰ ਮਹਾਰਾਜ ਨੇ ਮਰਨ ਵਰਤ ਰੱਖ ਕੇ ਆਪਣਾ ਬਲੀਦਾਨ ਵੀ ਦੇ ਦਿੱਤਾ ਸੀI
ਆਓ ਜਾਣੀਏ ਕਿ ਹੈ ਸੰਮੇਦ ਸ਼ਿਖਰਜੀ ਦਾ ਇਤਿਹਾਸ ਅਤੇ ਕੀ ਸੀ ਇਸਨਾਲ ਜੁੜਿਆ ਵਿਵਾਦ
ਸੰਮੇਦ ਸ਼ਿਖਰਜੀ ਜੈਨੀਆਂ ਲਈ ਪਵਿੱਤਰ ਤੀਰਥ ਸਥਾਨ ਹੈIਸ਼੍ਰੀ ਸੰਮੇਦ ਸ਼ਿਖਰਜੀ,ਜਿਸਨੂੰ ਪਾਰਸਨਾਥ ਪਰਵਤ ਵੀ ਕਿਹਾ ਜਾਂਦਾ ਹੈ, ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਵਿੱਚ ਪਾਰਸਨਾਥ ਪਹਾੜੀ ਉੱਤੇ ਸਥਿਤ ਹੈ।ਵੱਡੀ ਗਿਣਤੀ ਵਿਚ ਹਿੰਦੂ ਵੀ ਇਸ ਨੂੰ ਆਸਥਾ ਦਾ ਵੱਡਾ ਕੇਂਦਰ ਮੰਨਦੇ ਹਨ। ਜੈਨ ਸਮਾਜ ਦੇ ਲੋਕ ਸੰਮੇਦ ਸ਼ਿਖਰਜੀ ਦੇ ਦਰਸ਼ਨ ਕਰਦੇ ਹਨ ਅਤੇ 27 ਕਿਲੋਮੀਟਰ ਦੇ ਖੇਤਰ ਵਿੱਚ ਫੈਲੇ ਮੰਦਰਾਂ ਵਿੱਚ ਪੂਜਾ ਕਰਦੇ ਹਨ।
ਜੈਨ ਧਾਰਮਿਕ ਮਾਨਤਾ ਅਨੁਸਾਰ, ਇੱਥੇ 24 ਵਿਚੋਂ 20 ਜੈਨ ਤੀਰਥੰਕਰਾਂ ਅਤੇ ਭਿਕਸ਼ੂਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਜੈਨ ਭਾਈਚਾਰੇ ਦੇ ਇਸ ਪਵਿੱਤਰ ਧਾਰਮਿਕ ਸਥਾਨ ਨੂੰ ਝਾਰਖੰਡ ਦੀ ਤਤਕਾਲੀ ਸਰਕਾਰ ਨੇ ਫਰਵਰੀ 2019 ਵਿੱਚ ਸੈਲਾਨੀ ਕੇਂਦਰ ਘੋਸ਼ਿਤ ਕੀਤਾ ਸੀ।ਇਸੀ ਸਾਲ ਅਗਸਤ ਵਿੱਚ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਪਾਰਸਨਾਥ ਪਹਾੜੀ ਨੂੰ ਈਕੋ-ਸੰਵੇਦਨਸ਼ੀਲ ਜ਼ੋਨ ਘੋਸ਼ਿਤ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਖੇਤਰ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਬਹੁਤ ਸੰਭਾਵਨਾ ਹੈ। ਇਸੀ ਫੈਸਲੇ ਦਾ ਜੈਨ ਸਮਾਜ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਗਿਆ ਸੀ l
ਵਿਰੋਧ ਕਰ ਰਹੇ ਜੈਨ ਸਮਾਜ ਵੱਲੋਂ ਕਿਹਾ ਗਿਆ ਸੀ ਕਿ ਇਹ ਆਸਥਾ ਦਾ ਕੇਂਦਰ ਹੈ,ਕੋਈ ਸੈਲਾਨੀ ਕੇਂਦਰ ਨਹੀਂ ਹੈI ਜੇਕਰ ਇਸਨੂੰ ਸੈਲਾਨੀ ਕੇਂਦਰ ਬਣਾਇਆ ਜਾਂਦਾ ਹੈ ਤਾਂ ਪਵਿੱਤਰ ਧਾਰਮਿਕ ਅਸਥਾਨ ਦੀ ਪਵਿੱਤਰਤਾ ਦੀ ਉਲੰਘਣਾ ਕੀਤੀ ਜਾਵੇਗੀ,ਜਿਸਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ I ਜੈਨ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁਖ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਝਾਰਖੰਡ ਸਰਕਾਰ ਨੂੰ ਫੈਸਲਾ ਵਾਪਿਸ ਲੈਣ ਦੇ ਆਦੇਸ਼ ਦਿਤੇ ਗਏl
ਹੁਣ ਜੈਨ ਤੀਰਥ ਸਥਾਨ ਸੰਮੇਦ ਸ਼ਿਖਰ ਵਿਖੇ ਸੈਰ-ਸਪਾਟਾ ਅਤੇ ਈਕੋ-ਟੂਰਿਜ਼ਮ ਗਤੀਵਿਧੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਤਿੰਨ ਸਾਲ ਪਹਿਲਾਂ ਜਾਰੀ ਕੀਤੇ ਆਪਣੇ ਹੁਕਮ ਨੂੰ ਵਾਪਸ ਲੈ ਲਿਆ ਹੈ । ਕੇਂਦਰੀ ਵਾਤਾਵਰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸਾਰੀਆਂ ਸੈਰ-ਸਪਾਟਾ ਅਤੇ ਈਕੋ-ਟੂਰਿਜ਼ਮ ਗਤੀਵਿਧੀਆਂ ‘ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਨਿਗਰਾਨੀ ਕਮੇਟੀ ਵੀ ਬਣਾਈ ਹੈ। ਇਹ ਕਮੇਟੀ ਈਕੋ-ਸੈਂਸਟਿਵ ਜ਼ੋਨ ਦੀ ਨਿਗਰਾਨੀ ਕਰੇਗੀ।ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਇਸ ਕਮੇਟੀ ਵਿੱਚ 2 ਜੈਨ ਭਾਈਚਾਰੇ ਦੇ ਅਤੇ 1 ਸਥਾਨਕ ਆਦਿਵਾਸੀ ਭਾਈਚਾਰੇ ਦੇ ਮੈਂਬਰ ਨੂੰ ਸਥਾਈ ਤੌਰ ਤੇ ਸ਼ਾਮਲ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨl
ਰਾਸ਼ਟਰ ਨਿਰਮਾਣ ਵਿਚ ਜੈਨ ਧਰਮ ਦਾ ਅਹਿਮ ਯੋਗਦਾਨ
ਇਤਿਹਾਸ ਦੀ ਜੇਕਰ ਗੱਲ ਕਰੀਏ ਤੇ ਭਾਰਤ ਦੀ ਸੁਤੰਤਰਤਾ ਮੁਹਿੰਮ ਵਿਚ ਵੀ ਜੈਨ ਸਮਾਜ ਨੇ ਵੱਧ ਚੜ੍ਹ ਕੇ ਯੋਗਦਾਨ ਦਿੱਤਾlਲਾਲਾ ਲਾਜਪਤ ਰਾਏ,ਜਗਦੀਸ਼ ਚੰਦਰ ਜੈਨ ਵਰਗੇ ਕਈ ਸੁਤੰਤਰਤਾ ਸੈਨਾਨੀਆਂ ਨੇ ਆਜ਼ਾਦੀ ਦੀ ਇਸ ਲੜਾਈ ਵਿਚ ਵੱਡਾ ਯੋਗਦਾਨ ਦਿਤਾl
ਦੇਸ਼ ਦੇ ਵਿਕਾਸ ਸੰਬੰਧੀ ਗੱਲ ਕਰੀਏ ਤੇ ਦੇਸ਼ ਵਿਚ 1% ਤੋਂ ਵੀ ਘੱਟ ਅਬਾਦੀ ਹੋਣ ਦੇ ਬਾਵਜੂਦ ਦੇਸ਼ ਦੇ ਇਨਕਮ ਟੈਕਸ ਵਿਚ 24% ਹਿੱਸਾ ਜੈਨ ਸਮਾਜ ਦਾ ਹੈlਦਿਲੀਪ ਸਿੰਘਵੀ ,ਰਾਜੇਸ਼ ਮਹਿਤਾ, ਜੈਨ ਪ੍ਰਿਥਵੀਰਾਜ ਕੋਠਾਰੀ, ਰਸਲ ਮਹਿਤਾ, ਸੇਠ ਪ੍ਰੇਮਚੰਦ ਰੋਏਚੰਦ ਵਰਗੇ ਕਈ ਕਾਰੋਬਾਰੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀਆਂ ਦੇ ਬਾਨੀ ਹਨl
ਜੇਕਰ ਪੰਜਾਬ ਦੀ ਗੱਲ ਕਰੀਏ ਤਾ 2011 ਦੀ ਜਨਗਣਨਾ ਅਨੁਸਾਰ 0.16 ਪ੍ਰਤੀਸ਼ਤ ਅਬਾਦੀ ਜੈਨ ਸਮਾਜ ਦੇ ਲੋਕਾਂ ਦੀ ਹੈ ਪ੍ਰੰਤੂ ਇਥੇ ਵੀ ਕਈ ਵੱਡੀ ਕੰਪਨੀਆਂ ਜੈਨ ਸਮਾਜ ਦੇ ਲੋਕਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ ਅਤੇ ਸੂਬੇ ਦੇ ਵਿਕਾਸ ਵਿਚ ਇਹ ਸਮਾਜ ਅਹਿਮ ਯੋਗਦਾਨ ਦੇ ਰਿਹਾ ਹੈl
ਜੈਨ ਧਰਮ ਦੇ ਤਿੰਨ ਮਾਰਗਦਰਸ਼ਕ ਸਿਧਾਂਤ ਜਾਂ ‘ਤਿੰਨ ਗਹਿਣੇ’, ਸਹੀ ਵਿਸ਼ਵਾਸ, ਸਹੀ ਗਿਆਨ ਅਤੇ ਸਹੀ ਆਚਰਣ ਹਨ,ਜਿਸ ਉੱਤੇ ਚਲਦੇ ਹੋਏ ਜੈਨ ਸਮਾਜ ਵੱਲੋਂ ਹਮੇਸ਼ਾ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਹੈI
test