ਸੈਨਿਕ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
ਬਰਨਾਲਾ ਦੇ ਪਿੰਡ ਕਾਹਨੇਕੇ ਦੇ 23 ਸਾਲਾ ਅਗਨੀਵੀਰ ਜਵਾਨ ਕੁਲਵਿੰਦਰ ਸਿੰਘ ਦੀ ਫਿਰੋਜ਼ਪੁਰ ’ਚ ਡਿਊਟੀ ਦੌਰਾਨ ਦਿਨ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
17 ਅਗਸਤ, 2026 – ਬਰਨਾਲਾ: ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਕਾਹਨੇਕੇ ਵਿੱਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਗਰੀਬ ਪਰਿਵਾਰ ਨਾਲ ਸਬੰਧਤ 23 ਸਾਲਾ ਅਗਨੀਵੀਰ ਸੈਨਿਕ ਕੁਲਵਿੰਦਰ ਸਿੰਘ ਦੀ ਫਿਰੋਜ਼ਪੁਰ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕੁਲਵਿੰਦਰ ਸਿੰਘ ਤਿੰਨ ਸਾਲ ਪਹਿਲਾਂ ਫੌਜ ਦੀ 113 ਇੰਜੀਨੀਅਰ ਯੂਨਿਟ ਵਿੱਚ ਭਰਤੀ ਹੋਏ ਸਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਦਾ ਸੁਪਨਾ ਲੈ ਕੇ ਦੇਸ਼ ਦੀ ਸੇਵਾ ਕਰ ਰਹੇ ਸਨ, ਪਰ ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਜੱਦੀ ਪਿੰਡ ਕਾਹਨੇਕੇ ਪਹੁੰਚੀ ਸ਼ਹੀਦ ਸੈਨਿਕ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ
ਸ਼ਹੀਦ ਸੈਨਿਕ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟ ਕੇ ਉਨ੍ਹਾਂ ਦੇ ਜੱਦੀ ਪਿੰਡ ਕਾਹਨੇਕੇ ਪਹੁੰਚੀ। ਫੌਜ ਦੇ ਅਧਿਕਾਰੀ ਲੈਫਟੀਨੈਂਟ ਸ਼ਿਵ ਲੋਚਨ ਅਤੇ ਫੌਜ ਦੀ ਟੁਕੜੀ ਨੇ ਪੂਰੇ ਸੈਨਿਕ ਸਨਮਾਨ ਨਾਲ ਉਨ੍ਹਾਂ ਨੂੰ ਅੰਤਿਮ ਸਲਾਮੀ ਦਿੱਤੀ। ਇਸ ਤੋਂ ਬਾਅਦ ਧਾਰਮਿਕ ਰੀਤੀ-ਰਿਵਾਜਾਂ ਮਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਪਿਤਾ ਦੀ ਭਾਵੁਕ ਅਪੀਲ: ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ
ਸ਼ਹੀਦ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ “ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੈ। ਮੇਰਾ ਪੁੱਤਰ ਪਰਿਵਾਰ ਦੀ ਗਰੀਬੀ ਦੂਰ ਕਰਨ ਅਤੇ ਘਰ ਦਾ ਸਹਾਰਾ ਬਣਨ ਲਈ ਫੌਜ ਵਿੱਚ ਭਰਤੀ ਹੋਇਆ ਸੀ। ਜਦੋਂ ਉਨ੍ਹਾਂ ਨੂੰ ਪੁੱਤਰ ਦੀ ਤਬੀਅਤ ਖਰਾਬ ਹੋਣ ਦੀ ਜਾਣਕਾਰੀ ਮਿਲੀ, ਤਾਂ ਆਰਥਿਕ ਤੰਗੀ ਕਾਰਨ ਉਨ੍ਹਾਂ ਕੋਲ ਫਿਰੋਜ਼ਪੁਰ ਜਾ ਕੇ ਪੁੱਤਰ ਨੂੰ ਮਿਲਣ ਲਈ ਕਿਰਾਏ ਤੱਕ ਦੇ ਪੈਸੇ ਨਹੀਂ ਸਨ। ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਹੈ। ਪਰਿਵਾਰ ਮੁਤਾਬਕ ਕੁਲਵਿੰਦਰ ਸਿੰਘ ਹੀ ਘਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਸੀ। ਉਸ ਦੇ ਪਿੱਛੇ ਮਾਤਾ–ਪਿਤਾ ਅਤੇ ਇੱਕ ਛੋਟਾ ਭਰਾ ਰਹਿ ਗਏ ਹਨ।” ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਆਰਥਿਕ ਸਹਾਇਤਾ ਦੇਣ ਦੇ ਨਾਲ-ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਵੱਲੋਂ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ
ਪਿੰਡ ਵਾਸੀਆਂ ਨੇ ਵੀ ਇਸ ਦੁਖਦਾਈ ਘਟਨਾ ‘ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਸ਼ਹੀਦ ਅਗਨੀਵੀਰ ਦੇ ਪਰਿਵਾਰ ਨੂੰ ਉੱਚਿਤ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਸਰਕਾਰ ਨੂੰ ਤੁਰੰਤ ਮਦਦ ਕਰਨੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਦੇ ਆਗੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ “ਪਰਿਵਾਰ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਦੇ ਸਾਹਮਣੇ ਚੁੱਕਿਆ ਜਾਵੇਗਾ ਅਤੇ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਪਰਿਵਾਰ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।”
ਸਾਬਕਾ ਵਿਧਾਇਕ ਪਿਰਮਲ ਸਿੰਘ ਢਿੱਲੋਂ ਨੇ ਅਗਨੀਵੀਰ ਯੋਜਨਾ ‘ਤੇ ਚੁੱਕੇ ਸਵਾਲ
ਹਲਕਾ ਭਦੌੜ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਆਗੂ ਪਿਰਮਲ ਸਿੰਘ ਧੌਲਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਅਗਨੀਵੀਰ ਭਰਤੀ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ “ਨੌਜਵਾਨਾਂ ਨੂੰ ਫੌਜ ਵਿੱਚ ਪੱਕੀ ਭਰਤੀ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।”
ਫੌਜ ਦੇ ਅਧਿਕਾਰੀਆਂ ਨੇ ਅੰਤਿਮ ਸਲਾਮੀ ਦਿੱਤੀ
ਫੌਜ ਦੇ ਅਧਿਕਾਰੀ ਲੈਫਟੀਨੈਂਟ ਸ਼ਿਵ ਲੋਚਨ ਨੇ ਆਪਣੀ ਯੂਨਿਟ ਦੇ ਜਵਾਨਾਂ ਨਾਲ ਸ਼ਹੀਦ ਕੁਲਵਿੰਦਰ ਸਿੰਘ ਨੂੰ ਸੈਨਿਕ ਸਨਮਾਨ ਨਾਲ ਅੰਤਿਮ ਸਲਾਮੀ ਦਿੱਤੀ। ਉਨ੍ਹਾਂ ਨੇ ਸ਼ਹੀਦ ਦੇ ਮਾਤਾ-ਪਿਤਾ ਅਤੇ ਭਰਾ ਨੂੰ ਤਿਰੰਗਾ ਸੌਂਪਦਿਆਂ ਉਨ੍ਹਾਂ ਨੂੰ ਹਿੰਮਤ ਦਿੱਤੀ ਅਤੇ ਕਿਹਾ ਕਿ “ਦੇਸ਼ ਦੀ ਰਾਖੀ ਕਰਦਿਆਂ ਫੌਜ ਦੇ ਜਵਾਨ ਹਮੇਸ਼ਾ ਸਰਵਉੱਚ ਕੁਰਬਾਨੀ ਲਈ ਤਿਆਰ ਰਹਿੰਦੇ ਹਨ।”
ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ
ਇਸ ਦੌਰਾਨ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਗੁਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਵੀ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਮਹਿਜ਼ 23 ਸਾਲ ਦੀ ਉਮਰ ਵਿੱਚ ਕੁਲਵਿੰਦਰ ਸਿੰਘ ਦਾ ਇਸ ਤਰ੍ਹਾਂ ਚਲੇ ਜਾਣ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ETV BHARAT