ਇੱਕ–ਦੋ ਨਹੀਂ, ਸਗੋਂ 1000 ਤੋਂ ਵੱਧ ਲਗਾਏ ਪੌਦੇ
ਮੋਗਾ ਦੇ ਇੱਕ ਪਰਿਵਾਰ ਨੇ ਆਪਣੇ ਘਰ ਵਿੱਚ 1000 ਤੋਂ ਵੱਧ ਪੌਦੇ ਲਗਾ ਕੇ, ਘਰ ਨੂੰ ਹੀ ਬਣਾਇਆ ਨਰਸਰੀ।
17 ਅਗਸਤ, 2026 – ਮੋਗਾ: ਜ਼ਿਲ੍ਹਾ ਮੋਗਾ ਵਿੱਚ ਰਹਿਣ ਵਾਲਾ ਇੱਕ ਅਜਿਹਾ ਪਰਿਵਾਰ ਜੋ ਵਾਤਾਵਰਣ ਪ੍ਰੇਮ ਦੀ ਮਿਸਾਲ ਬਣਿਆ ਹੋਇਆ ਹੈ, ਜਿਸ ਨੇ ਆਪਣੇ ਘਰ ਨੂੰ ਹੀ ਇੱਕ ਖੂਬਸੂਰਤ ਨਰਸਰੀ ਦਾ ਰੂਪ ਦੇ ਦਿੱਤਾ ਹੈ। ਇਸ ਪਰਿਵਾਰ ਦੇ ਘਰ ਵਿੱਚ ਇੱਕ-ਦੋ ਨਹੀਂ, ਸਗੋਂ 1000 ਤੋਂ ਵੱਧ ਪੌਦੇ ਲਗਾਏ ਗਏ ਹਨ। ਘਰ ਦਾ ਹਰ ਕੋਨਾ, ਕਮਰਾ, ਪੌੜੀਆਂ ਅਤੇ ਇੱਥੋਂ ਤੱਕ ਕਿ ਛੋਟੀਆਂ-ਛੋਟੀਆਂ ਥਾਵਾਂ ਵੀ ਹਰਿਆਲੀ ਨਾਲ ਭਰੀਆਂ ਹੋਈਆਂ ਹਨ।
ਕੁਦਰਤ ਪ੍ਰਤੀ ਮੁਹੱਬਤ
ਘਰ ਦੇ ਬਾਹਰੋਂ ਹੀ ਇਸ ਪਰਿਵਾਰ ਦੀ ਕੁਦਰਤ ਪ੍ਰਤੀ ਮੁਹੱਬਤ ਸਾਫ਼ ਨਜ਼ਰ ਆਉਂਦੀ ਹੈ। ਘਰ ਦੇ ਫਰੰਟ ਤੋਂ ਲੈ ਕੇ ਅੰਦਰਲੇ ਹਿੱਸਿਆਂ ਤੱਕ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਇਸ ਹਰਿਆਲੀ ਕਾਰਨ ਘਰ ਦੇ ਆਲੇ-ਦੁਆਲੇ ਦਾ ਮਾਹੌਲ ਸੁਹਾਵਣਾ ਰਹਿੰਦਾ ਹੈ ਅਤੇ ਗਰਮੀਆਂ ਵਿੱਚ ਵੀ ਘਰ ਦੇ ਅੰਦਰ ਠੰਢ ਦਾ ਅਹਿਸਾਸ ਹੁੰਦਾ ਹੈ।
ਸਾਡੀ ਈਟੀਵੀ ਭਾਰਤ ਦੀ ਟੀਮ ਨੇ ਜਦੋਂ ਪਰਿਵਾਰ ਦੀ ਮੈਂਬਰ ਨੀਲਮ ਰਾਣੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ “ਸਾਨੂੰ ਸ਼ੁਰੂ ਤੋਂ ਹੀ ਕੁਦਰਤ ਨਾਲ ਪਿਆਰ ਹੈ, ਪਰ ਕੋਰੋਨਾ ਕਾਲ ਦੌਰਾਨ ਬੂਟਿਆਂ ਦੀ ਮਹੱਤਤਾ ਹੋਰ ਵੀ ਚੰਗੀ ਤਰ੍ਹਾਂ ਸਮਝ ਆਈ। ਉਸ ਸਮੇਂ ਘਰ ਵਿੱਚ ਤੁਲਸੀ, ਅਜਵਾਇਨ, ਗਿਲੋਏ ਅਤੇ ਹੋਰ ਮੈਡੀਸਨਲ ਪੌਦਿਆਂ ਦੀ ਵਰਤੋਂ ਨੇ ਉਨ੍ਹਾਂ ਨੂੰ ਹੋਰ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਪਰਿਵਾਰ ਨੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ।”
ਘਰ ਵਿੱਚ ਕਈ ਕਿਸਮਾਂ ਦੇ ਪੌਦੇ ਹਨ ਮੌਜੂਦ
ਨੀਲਮ ਰਾਣੀ ਨੇ ਦੱਸਿਆ ਕਿ “ਘਰ ਵਿੱਚ ਆਕਸੀਜਨਲ, ਮੈਡੀਸਨਲ, ਫੁੱਲਦਾਰ, ਫਲਦਾਰ ਅਤੇ ਹੋਰ ਕਈ ਕਿਸਮਾਂ ਦੇ ਪੌਦੇ ਮੌਜੂਦ ਹਨ। ਹਰ ਪੌਦੇ ਦੀ ਆਪਣੀ–ਆਪਣੀ ਮਹੱਤਤਾ ਹੁੰਦੀ ਹੈ। ਪੌਦੇ ਹਵਾ ਨੂੰ ਸ਼ੁੱਧ ਕਰਨ ਦੇ ਨਾਲ–ਨਾਲ ਸਾਨੂੰ ਫੁੱਲ, ਫਲ, ਸਬਜ਼ੀਆਂ ਅਤੇ ਕਈ ਤਰ੍ਹਾਂ ਦੇ ਔਸ਼ਧੀ ਗੁਣ ਵੀ ਪ੍ਰਦਾਨ ਕਰਦੇ ਹਨ। ਅਸੀਂ ਜਿਆਦਾਤਰ ਔਰਗੈਨਿਕ ਪੌਦੇ ਲਗਾਏ ਹੋਏ ਹਨ, ਕਿਉਂਕਿ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹਨ ਅਤੇ ਕਈਆਂ ਤੋਂ ਤਾਂ ਜੜੀਆਂ–ਬੂਟੀਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ।”
“ਪੌਦਿਆਂ ਦੀ ਦੇਖਭਾਲ ਹੁਣ ਪਰਿਵਾਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਪਾਣੀ ਦੇਣਾ, ਖਾਦ ਪਾਉਣਾ ਅਤੇ ਪੌਦਿਆਂ ਦੀ ਸੰਭਾਲ ਕਰਨਾ ਉਨ੍ਹਾਂ ਲਈ ਕੋਈ ਵੱਖਰਾ ਕੰਮ ਨਹੀਂ, ਸਗੋਂ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਵਾਂਗ ਹੈ। ਪਰਿਵਾਰ ਦੇ ਬੱਚੇ ਵੀ ਇਸ ਕੰਮ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ।“- ਨੀਲਮ ਰਾਣੀ
ਨੀਲਮ ਰਾਣੀ ਇੱਕ ਅਧਿਆਪਕਾ ਵੀ ਹਨ
ਦੱਸ ਦੇਈਏ ਕਿ ਨੀਲਮ ਰਾਣੀ ਇੱਕ ਅਧਿਆਪਕ ਹਨ। ਉਹ ਆਪਣੀ ਨੌਕਰੀ ਦੇ ਨਾਲ-ਨਾਲ ਬੱਚਿਆਂ ਅਤੇ ਪਰਿਵਾਰ ਦੇ ਖਾਣੇ ਦਾ ਵੀ ਪ੍ਰਬੰਧ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ “ਐਤਵਾਰ ਵਾਲੇ ਦਿਨ ਪੁਰਾ ਪਰਿਵਾਰ ਹੀ ਪੌਦਿਆਂ ਨਾਲ ਆਪਣਾ ਸਮਾਂ ਬਿਤਾਉਂਦਾ ਹੈ, ਪੌਦਿਆਂ ਦੀ ਦੇਖਭਾਲ ਕਰਦਾ ਹੈ। ਪੂਰਾ ਪਰਿਵਾਰ ਹੀ ਮਿਲਕੇ ਪੌਦਿਆਂ ਦੀ ਦੇਖ–ਰੇਖ ਕਰਦਾ ਹੈ।”
“ਜਦੋਂ ਲੋਕ ਸਾਡੀ ਤਰੀਫ ਕਰਦੇ ਹਨ ਤਾਂ ਬਹੁਤ ਖੁਸ਼ੀ ਹੁੰਦੀ ਹੈ। ਲੋਕ ਸਾਡੇ ਘਰ ਆ ਕੇ ਕਾਫੀ ਲੰਬਾ ਸਮਾਂ ਬਤੀਤ ਕਰਦੇ ਹਨ। ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ। ਘਰ ਵਿੱਚ ਦਾਖਲ ਹੁੰਦੇ ਹੀ ਹਰਿਆਲੀ ਦੇਖ ਕੇ ਇੱਕ ਵੱਖਰੀ ਤਰ੍ਹਾਂ ਦੀ ਸਕਾਰਾਤਮਕਤਾ ਮਹਿਸੂਸ ਹੁੰਦੀ ਹੈ। ਕਹਿੰਦੇ ਹਨ ਕਿ ਸਾਨੂੰ ਇੱਥੇ ਆ ਕੇ ਆਕਸੀਜਨ ਮਿਲੀ। ਸਾਨੂੰ ਦੇਖਣ ਨੂੰ ਮਿਲਿਆ ਕਿ ਤੁਸੀਂ ਪਲਾਸਟਿਕ ਜਾਂ ਹੋਰ ਵੇਸਟ ਚੀਜ਼ਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ, ਸਾਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਿਆ। ਇਸਦੇ ਨਾਲ ਹੀ ਤੁਸੀਂ ਸਾਨੂੰ ਇੱਕ ਬੂਟਾ ਵੀ ਗਿਫਟ ਕਰ ਰਹੇ ਹੋ। ਉਹ ਕਹਿੰਦੇ ਹਨ ਕਿ ਹੁਣ ਅਸੀਂ ਵੀ ਘਰ ਵਿੱਚ ਪੌਦੇ ਲਗਾਵਾਂਗੇ ਤਾਂ ਇਸ ਤਰ੍ਹਾਂ ਜਦੋਂ ਅਸੀਂ ਲੋਕਾਂ ਤੋਂ ਸੁਣਦੇ ਹਾਂ, ਫਿਰ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ। “- ਨੀਲਮ ਰਾਣੀ
ਵੇਸਟ ਮਟੀਰੀਅਲ ਨੂੰ ਬੇਕਾਰ ਨਹੀਂ ਜਾਣ ਦਿੱਤਾ
ਇਸ ਪਰਿਵਾਰ ਦੀ ਖਾਸ ਗੱਲ ਇਹ ਵੀ ਹੈ ਕਿ ਘਰ ਵਿੱਚ ਪਏ ਕਿਸੇ ਵੀ ਵੇਸਟ ਮਟੀਰੀਅਲ ਨੂੰ ਬੇਕਾਰ ਨਹੀਂ ਜਾਣ ਦਿੱਤਾ ਗਿਆ। ਜਿਸ ਤਰ੍ਹਾਂ ਕਿ ਨੀਲਮ ਰਾਣੀ ਦੱਸਦੇ ਹਨ ਕਿ- ਉਨ੍ਹਾਂ ਨੇ ਪੁਰਾਣੀਆਂ ਚੀਜ਼ਾਂ ਨੂੰ ਸਾਫ਼ ਕਰਕੇ ਅਤੇ ਸਜਾ ਕੇ ਉਨ੍ਹਾਂ ਵਿੱਚ ਪੌਦੇ ਲਗਾਏ ਹਨ। ਇਸ ਤਰ੍ਹਾਂ ਪਰਿਵਾਰ ਇੱਕ ਪਾਸੇ ਹਰਿਆਲੀ ਵਧਾ ਰਿਹਾ ਹੈ ਅਤੇ ਦੂਜੇ ਪਾਸੇ ਵੈਸਟ ਮਟੀਰੀਅਲ ਨੂੰ ਵੀ ਮੁੜ ਵਰਤੋਂ ਵਿੱਚ ਲਿਆ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਸਕੂਲ ਦੇ ਬੱਚਿਆਂ ਨੂੰ ਇਹ ਇਸ ਤਰ੍ਹਾਂ ਦੀ ਹੀ ਸਲਾਹ ਦਿੰਦੇ ਹਨ। ਉਹ ਦੱਸਦੇ ਹਨ ਕਿ ਕੋਈ ਵੀ ਚੀਜ਼ ਵੇਸਟ ਨਹੀਂ ਹੈ।
ਆਕਸੀਜਨ ਵਾਲੇ ਪੌਦਿਆਂ ਨਾਲ ਭਰਿਆ ਬੈਡ ਰੂਮ
ਤੁਹਾਨੂੰ ਦੱਸ ਦੇਈਏ ਕਿ ਪਰਿਵਾਰ ਵੱਲੋਂ ਆਪਣੇ ਬੈਡ ਰੂਮ (ਸੌਣ ਵਾਲੇ ਕਮਰਿਆਂ ਵਿੱਚ) ਵਿੱਚ ਵੀ ਪੌਦੇ ਲਗਾਏ ਹਨ। ਨੀਲਮ ਰਾਣੀ ਨੇ ਦੱਸਿਆ ਕਿ “ਸਾਡਾ ਸਾਰਾ ਕਮਰਾ ਆਕਸੀਜਨ ਵਾਲੇ ਪੌਦਿਆਂ ਨਾਲ ਭਰਿਆ ਹੋਇਆ ਹੈ। ਜਿਨ੍ਹਾਂ ਦੀ ਜਿਆਦਾ ਦੇਖ–ਭਾਲ ਦੀ ਲੋੜ ਨਹੀਂ ਪੈਂਦੀ। ਸਾਡੇ ਪਰਿਵਾਰ ਲਈ ਪੌਦੇ ਸਿਰਫ਼ ਘਰ ਦੀ ਸਜਾਵਟ ਨਹੀਂ, ਸਗੋਂ ਪਰਿਵਾਰ ਦਾ ਹਿੱਸਾ ਹਨ। ਬੱਚੇ ਪੌਦਿਆਂ ਨਾਲ ਗੱਲਾਂ ਕਰਦੇ ਹਨ, ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਦੇ ਹਨ।”
“ਗਰਮੀਆਂ ਵਿੱਚ ਸਾਡਾ ਘਰ ਠੰਢਾ ਰਹਿੰਦਾ ਹੈ। ਸਾਨੂੰ ਏਸੀ ਦੀ ਲੋੜ ਨਹੀਂ ਪੈਂਦੀ। ਕਈ ਵਾਰ ਤਾਂ ਸਾਨੂੰ ਪੱਖਾ ਲਗਾਉਣ ਦੀ ਲੋੜ ਵੀ ਨਹੀਂ ਪੈਂਦੀ। ਜਦੋਂ ਅਸੀਂ ਸਾਡੇ ਘਰੋਂ ਬਾਹਰ ਹੁੰਦੇ ਹਾਂ ਅਤੇ ਜਦੋਂ ਬਾਹਰ ਆਉਂਦੇ ਹਾਂ ਤਾਂ ਘਰ ਆਉਂਦਿਆਂ ਹੀ ਬਹੁਤ ਠੰਢੀ ਹਵਾ ਲੱਗਦੀ ਹੈ। ਬੱਚਿਆਂ ਨੂੰ ਵੀ ਸਕੂਲ ਮਿਲਦਾ ਹੈ।“-ਨੀਲਮ ਰਾਣੀ
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਪਰਿਵਾਰ ਸਿਰਫ਼ ਆਪਣੇ ਘਰ ਤੱਕ ਹੀ ਹਰਿਆਲੀ ਨੂੰ ਸੀਮਤ ਨਹੀਂ ਰੱਖਦਾ। ਰਵਿੰਦਰ ਬਾਂਸਲ ਨੇ ਦੱਸਿਆ ਕਿ “ਉਨ੍ਹਾਂ ਵੱਲੋਂ ਜਨਮਦਿਨ, ਵਿਆਹ ਦੀ ਵਰ੍ਹੇਗੰਢ, ਧਾਰਮਿਕ ਸਮਾਗਮ ਜਾਂ ਕਿਸੇ ਹੋਰ ਪ੍ਰੋਗਰਾਮ ਵਿੱਚ ਜਾਂਦੇ ਸਮੇਂ ਪਰਿਵਾਰ ਬੂਟੇ ਹੀ ਤੋਹਫ਼ੇ ਵਜੋਂ ਦਿੱਤੇ ਜਾਂਦੇ ਹਨ। ਸਾਡਾ ਪਰਿਵਾਰ ਹੁਣ ਤੱਕ 50 ਹਜ਼ਾਰ ਤੋਂ ਵੱਧ ਪੌਦੇ ਲੋਕਾਂ ਨੂੰ ਤੋਹਫ਼ੇ ਵਜੋਂ ਦੇ ਚੁੱਕਾ ਹੈ।”
ਪਰਿਵਾਰ ਦਾ ਛੋਟਾ ਬੱਚਾ ਪਰਵ ਬਾਂਸਲ ਵੀ ਲੋਕਾਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਦਾ ਹੈ। ਉਸ ਦਾ ਸੁਨੇਹਾ ਹੈ ਕਿ ਹਰ ਵਿਅਕਤੀ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਅਤੇ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰੇ। ਪਰਵ ਨੇ ਦੱਸਿਆ ਕਿ ਜਦੋਂ ਮੇਰੇ ਪਿਤਾ-ਪਿਤਾ ਵੱਲੋਂ ਪੌਦੇ ਉਗਾਏ ਜਾਂਦੇ ਸਨ, ਤਾਂ ਉਨ੍ਹਾਂ ਨੂੰ ਦੇਖ ਹੀ ਮੈਨੂੰ ਇਹ ਲੱਗਿਆ ਕਿ ਸਾਨੂੰ ਦੂਜਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ।
“ਹਰਿਆਵਲ ਨਮਸਕਾਰ, ਹਰਿਆਵਲ ਸਾਡੇ ਜੀਵਨ ਦਾ ਇੱਕ ਮਹੱਤਵਪੂਰ ਹਿੱਸਾ ਹੈ। ਸਾਨੂੰ ਪੌਦੇ ਲਗਾਉਣੇ ਚਾਹੀਦੇ ਹਨ, ਉਨ੍ਹਾਂ ਨੂੰ ਪਾਣੀ ਦੇਣਾ ਚਾਹੀਦਾ ਹੈ। ਪਲਾਸਿਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਸਾਫ ਪਾਣੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਤਾਂ ਆਓ ਅਸੀਂ ਸਾਰੇ ਰਲ–ਮਿਲ ਕੇ ਵਾਤਾਵਰਣ ਨੂੰ ਸੁਰੱਖਿਅਤ ਬਣਾਏ। “ –ਪਰਵ ਬਾਂਸਲ
ਮੋਗਾ ਦਾ ਇਹ ਪਰਿਵਾਰ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਵਾਤਾਵਰਣ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਮੁਹਿੰਮ ਦੀ ਉਡੀਕ ਕਰਨ ਦੀ ਲੋੜ ਨਹੀਂ। ਜੇਕਰ ਹਰ ਘਰ ਕੁਝ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲੈ ਲਵੇ ਤਾਂ ਸਾਡਾ ਆਲੇ-ਦੁਆਲੇ ਹੀ ਨਹੀਂ, ਸਗੋਂ ਪੂਰਾ ਦੇਸ਼ ਹੋਰ ਵੀ ਹਰਿਆ-ਭਰਿਆ ਬਣ ਸਕਦਾ ਹੈ।
ETV BHARAT