ਸਰਕਾਰੀ ਹਸਪਤਾਲਾਂ ਦੀਆਂ ਸਹੂਲਤਾਂ ਦੀ ਪੋਲ ਖੋਲ੍ਹਦੀਆਂ ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪੱਤਰਕਾਰ ਅਮਨਦੀਪ ਸਿੰਘ ਅਤੇ ਵਰਿੰਦਰ ਥਿੰਦ ਦੀ ਵਿਸ਼ੇਸ਼ ਰਿਪੋਰਟ
17 ਅਗਸਤ, 2026 – ਬਠਿੰਡਾ/ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਲੇਟੈਸਟ ਤਕਨੀਕ ਨਾਲ ਮਰੀਜ਼ਾਂ ਦਾ ਇਲਾਜ ਕਰਨ ਦਾ ਪ੍ਰਬੰਧ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਜੇਕਰ ਜ਼ਮੀਨੀ ਪੱਧਰ ‘ਤੇ ਸਰਕਾਰੀ ਹਸਪਤਾਲਾਂ ਦਾ ਹਾਲ ਦੇਖਿਆ ਜਾਵੇ ਤਾਂ ਸਰਕਾਰੀ ਹਸਪਤਾਲਾਂ ਵਿੱਚ ਕਰੋੜਾਂ ਰੁਪਏ ਦੀ ਮਸ਼ੀਨਰੀ ਸਿਰਫ ਇਸ ਲਈ ਖਰਾਬ ਹੋ ਰਹੀ ਹੈ ਕਿਉਂਕਿ ਇਨਾਂ ਨੂੰ ਚਲਾਉਣ ਵਾਲੇ ਡਾਕਟਰ ਅਤੇ ਆਪਰੇਟਰ ਉਪਲਬਧ ਹੀ ਨਹੀਂ ਹਨ।
200 ਬੈੱਡ, 2 ਵੈਂਟੀਲੇਟਰ, ਚਲਾਉਣ ਵਾਲਾ ਕੋਈ ਨਹੀਂ !
200 ਬੈੱਡਾਂ ਵਾਲਾ ਬਠਿੰਡਾ ਦਾ ਸਰਕਾਰੀ ਹਸਪਤਾਲ ਰੈਫਰ ਸੈਂਟਰ ਬਣ ਕੇ ਰਹਿ ਗਿਆ ਹੈ ਕਿਉਂਕਿ ਇਸ 200 ਬੈੱਡਾਂ ਵਾਲੇ ਸਰਕਾਰੀ ਹਸਪਤਾਲ ਵਿੱਚ ਸਿਰਫ ਦੋ ਵੈਂਟੀਲੇਟਰ ਹਨ, ਜਿਨ੍ਹਾਂ ਨੂੰ ਚਲਾਉਣ ਲਈ ਸਟਾਫ ਉਪਲਬਧ ਨਹੀਂ ਹੈ ਅਤੇ ਕਦੇ ਕਦੇ ਨਰਸਾਂ ਵੱਲੋਂ ਵੈਂਟੀਲੇਟਰ ਆਪਰੇਟ ਕੀਤੇ ਜਾਂਦੇ ਹਨ। ਵੈਂਟੀਲੇਟਰ ਦੀ ਸੁਵਿਧਾ ਹੋਣ ਦੇ ਬਾਵਜੂਦ ਸਟਾਫ ਦੀ ਕਮੀ ਦੇ ਚੱਲਦਿਆਂ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
“ਸਰਕਾਰ ਵੱਲੋਂ ਹਸਪਤਾਲਾਂ ਵਿੱਚ ਵੈਂਟੀਲੇਟਰ ਦੀ ਸਹੂਲਤ ਦਿੱਤੀ ਗਈ ਹੈ ਪਰ ਉਸ ਨੂੰ ਚਲਾਉਣ ਲਈ ਸਟਾਫ ਦੀ ਕਮੀ ਹੈ। ਜ਼ਿਲ੍ਹਾ ਬਹੁਤ ਵੱਡਾ ਹੈ। ਹਾਦਸੇ ਬਹੁਤ ਹੁੰਦੇ ਹਨ। ਜਦੋਂ ਅਸੀਂ ਕਿਸੇ ਨੂੰ ਗੰਭੀਰ ਹਾਲਤ ਵਿੱਚ ਲਿਜਾਂਦੇ ਹਾਂ ਤਾਂ ਜਿੰਨਾ ਹੁੰਦਾ ਹੈ ਹਸਪਤਾਲ ਵੱਲੋਂ ਕੀਤਾ ਜਾਂਦਾ ਆਖਰ ਸਹੂਲਤਾਂ ਦੀ ਕਮੀ ਕਾਰਨ ਪੀੜਤ ਨੂੰ ਰੈਫਰ ਹੀ ਕਰਨਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਸਟਾਫ ਪੂਰਾ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਸਹੂਲਤਾਂ ਨਿਰਵਿਘਨ ਦਿੱਤੀਆਂ ਜਾਣ।”–ਸਮਾਜ ਸੇਵੀ ਵਰਕਰ
ਬਠਿੰਡਾ ਦਾ ਸਰਕਾਰੀ ਹਸਪਤਾਲ ਬਣਿਆ ਰੈਫਰ ਹਸਪਤਾਲ ?
ਬਠਿੰਡਾ ਦੀ ਨਾਮੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰ ਜੱਗਾ ਸਿੰਘ ਅਤੇ ਵਿੱਕੀ ਦਾ ਕਹਿਣਾ ਹੈ ਕਿ “ਸਾਡੇ ਵੱਲੋਂ ਰੋਜ਼ਾਨਾ 3 ਤੋਂ 4 ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਲਿਜਾਇਆ ਜਾਂਦਾ ਹੈ ਪਰ ਨਮੋਸ਼ੀ ਦਾ ਸਾਹਮਣਾ ਉਸ ਸਮੇਂ ਕਰਨਾ ਪੈਂਦਾ ਹੈ ਜਦੋਂ ਕਈ ਵਾਰ ਜ਼ਖ਼ਮੀਆਂ ਨੂੰ ਬਚਾਉਣ ਲਈ ਮੁੱਢਲੀ ਸਹਾਇਤਾ ਦੇਣ ਵਾਲੇ ਵੈਂਟੀਲੇਟਰ ਦੀ ਲੋੜ ਪੈਂਦੀ ਹੈ ਪਰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਵੈਂਟੀਲੇਟਰ ਦੀ ਸੁਵਿਧਾ ਹੋਣ ਦੇ ਬਾਵਜੂਦ ਇਸ ਨੂੰ ਚਲਾਉਣ ਵਾਲੇ ਆਪਰੇਟਰ ਉਪਲਬਧ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਜ਼ਖ਼ਮੀ ਵਿਅਕਤੀ ਦੀ ਜ਼ਿੰਦਗੀ ਬਚਾਉਣ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਹਲਾਤ ਇਹ ਬਣ ਜਾਂਦੇ ਹਨ ਕਿ ਸਮਾਂ ਘੱਟ ਹੋਣ ਅਤੇ ਟਰੈਫਿਕ ਜ਼ਿਆਦਾ ਹੋਣ ਕਾਰਨ ਰੈਫਰ ਕੀਤੇ ਗਏ ਵਿਅਕਤੀ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ।”
“ਬਠਿੰਡਾ ਜ਼ਿਲ੍ਹੇ ਦਾ ਇਹ 200 ਬੈੱਡਾਂ ਵਾਲਾ ਸਰਕਾਰੀ ਹਸਪਤਾਲ ਮੁੱਢਲੀਆਂ ਲੋੜਾਂ ਤੋਂ ਵਾਂਝਾ ਹੈ ।ਅਜਿਹੇ ਵਿੱਚ ਇਹ ਹਸਪਤਾਲ ਰੈਫਰ ਸੈਂਟਰ ਬਣ ਕੇ ਰਹਿ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਇੱਕੋ-ਇੱਕ ਵੱਡੇ ਸਰਕਾਰੀ ਹਸਪਤਾਲ ਵਿੱਚ ਵੈਂਟੀਲੇਟਰ ਆਪਰੇਟ ਕਰਨ ਵਾਲੇ ਸਟਾਫ ਦੀ ਭਰਤੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਸਹੂਲਤ ਦਿੱਤੀ ਜਾ ਸਕੇ ਅਤੇ ਉਨ੍ਹਾਂ ਨੂੰ ਔਖੇ ਸਮੇਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।”–ਵਰਕਰ, ਸਮਾਜ ਸੇਵੀ ਸੰਸਥਾ
ਮਰੀਜ਼ ਦੇ ਰਿਸ਼ਤੇਦਾਰ ਦਾ ਖੁਲਾਸਾ !
ਬਠਿੰਡਾ ਦੇ ਰਹਿਣ ਵਾਲੇ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ “ਮੇਰੇ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਸੀ ਪਰ ਇਸ ਦੌਰਾਨ ਐਮਰਜੈਂਸੀ ਹਲਾਤ ਪੈਦਾ ਹੋਣ ‘ਤੇ ਵੈਂਟੀਲੇਟਰ ਦੀ ਸੁਵਿਧਾ ਨਾ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ। ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਹਨ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੈਂਟੀਲੇਟਰ ਦੀ ਸੁਵਿਧਾ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਹੈ। ਜ਼ਿਆਦਾਤਰ ਵੈਂਟੀਲੇਟਰ ਆਪਰੇਟਰ ਨਾ ਹੋਣ ਕਾਰਨ ਧੂੜ ਚੱਟ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਵੱਡੀ ਪੱਧਰ ‘ਤੇ ਵੈਂਟੀਲੇਟਰ ਚਲਾਉਣ ਕਰਨ ਲਈ ਸਟਾਫ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ।”
ਸਿਵਲ ਸਰਜਨ ਬਠਿੰਡਾ ਦਾ ਸਪੱਸ਼ਟੀਕਰਨ
ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰ ਜੋਤ ਦਾ ਕਹਿਣਾ ਹੈ ਕਿ “ਬਠਿੰਡਾ ਦੇ ਜ਼ਿਲ੍ਹਾ ਹਸਪਤਾਲ ਵਿੱਚ 3 ਬੈੱਡ ਦਾ ਆਈਸੀਯੂ ਸੈਂਟਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਦੋ ਵੈਂਟੀਲੇਟਰ ਕੰਮ ਕਰ ਰਹੇ ਹਨ। ਜ਼ਿਲ੍ਹਾ ਬਠਿੰਡਾ ਵਿੱਚ ਕੁੱਲ ਪੰਜ ਵੈਂਟੀਲੇਟਰ ਹਨ, ਇਸ ਤੋਂ ਇਲਾਵਾ ਤਿੰਨ ਵੈਂਟੀਲੇਟਰ ਤਲਵੰਡੀ ਸਾਬੋ ਸਰਕਾਰੀ ਹਸਪਤਾਲ ਵਿੱਚ ਹਨ ਪਰ ਉੱਥੇ ਆਈਸੀਯੂ ਨਹੀਂ ਹੈ। ਇਨ੍ਹਾਂ ਵੈਂਟੀਲੇਟਰ ਨੂੰ ਆਪਰੇਟ ਕਰਨ ਲਈ ਸਟਾਫ ਦੀ ਵੱਡੀ ਕਮੀ ਹੈ, ਜਿਸ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਹੈ। ਐਮਰਜੈਂਸੀ ਹਲਾਤ ਵਿੱਚ ਸਟਾਫ ਨਰਸ ਵੱਲੋਂ ਵੈਂਟੀਲੇਟਰ ਆਪਰੇਟ ਕੀਤੇ ਜਾਂਦੇ ਹਨ ਅਤੇ ਕਈ ਡਾਕਟਰ ਵੈਂਟੀਲੇਟਰ ਆਪਰੇਟ ਕਰਨ ਵਿੱਚ ਸਹਾਇਤਾ ਕਰਦੇ ਹਨ ਪਰ ਫਿਲਹਾਲ ਸਾਡੇ ਕੋਲ ਦੋ ਹੀ ਜ਼ਿਲ੍ਹਾ ਹਸਪਤਾਲ ਵਿੱਚ ਵੈਂਟੀਲੇਟਰ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਨਰਸਾਂ ਵੱਲੋਂ ਆਪਰੇਟ ਕੀਤਾ ਜਾਂਦਾ ਹੈ। ਸਰਕਾਰ ਨੂੰ ਹੋਰ ਸਟਾਫ ਲਈ ਪੱਤਰ ਲਿਖਿਆ ਗਿਆ ਹੈ।”
“ਸਿਰਫ ਦਿਖਾਵੇ ਲਈ ਵੈਟੀਲੇਟਰ ਲਗਾਏ ਗਏ ਹਨ ਜਦਕਿ ਉਨ੍ਹਾਂ ਨੂੰ ਚਲਾਉਣ ਲਈ ਇਨ੍ਹਾਂ ਕੋਲ ਆਪਰੇਟਰ ਕੋਈ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਸਿਰਫ ਖੋਖ੍ਹਲੇ ਦਾਅਵੇ ਕੀਤੇ ਜਾ ਰਹੇ ਹਨ। ਸਰਕਾਰੀ ਹਸਪਤਾਲਾਂ ਤੋਂ ਮਰੀਜ਼ਾਂ ਨੂੰ ਪ੍ਰਾਈਵੇਟ ਰੈਫਰ ਕੀਤਾ ਜਾਂਦਾ ਹੈ। ਮੈਂ ਆਪਣੇ ਰਿਸ਼ਤੇਦਾਰ ਨੂੰ ਸਰਕਾਰੀ ਹਸਪਤਾਲ ਲੈ ਕੇ ਗਿਆ ਸੀ ਪਰ ਉਸ ਥਾਂ ’ਤੇ ਪਤਾ ਲੱਗਾ ਕਿ ਆਪਰੇਟਰ ਹੀ ਨਹੀਂ ਸੀ।”–ਰਿਸ਼ਤੇਦਾਰ
ਇੱਕ ਮਰੀਜ਼ ਨੂੰ ਕਦੋਂ ਵੈਂਟੀਲੇਟਰ ਦੀ ਲੋੜ ਪੈਂਦੀ ਹੈ ?
ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਆਮ ਤੌਰ ’ਤੇ ਉਦੋਂ ਪੈਂਦੀ ਹੈ ਜਦੋਂ ਮਰੀਜ਼ ਸਹੀ ਢੰਗ ਨਾਲ ਸਾਹ ਨਹੀਂ ਲੈ ਪਾ ਰਿਹਾ ਹੁੰਦਾ ਜਾਂ ਖੂਨ ਵਿੱਚ ਆਕਸੀਜਨ/ਕਾਰਬਨ ਡਾਈਆਕਸਾਈਡ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੇ ਪਹੁੰਚ ਜਾਂਦਾ ਹੈ ਜਿਵੇਂ
ਸਿਰਫ਼ ਆਕਸੀਜਨ ਘੱਟ ਹੋਣ ਨਾਲ ਹੀ ਹਰ ਮਰੀਜ਼ ਨੂੰ ਵੈਂਟੀਲੇਟਰ ਨਹੀਂ ਲਗਾਇਆ ਜਾਂਦਾ। ਡਾਕਟਰ ਮਰੀਜ਼ ਦੀ ਸਾਹ ਦੀ ਦਰ, ਆਕਸੀਜਨ ਸੈਚੁਰੇਸ਼ਨ, ਖੂਨ ਦੀ ਜਾਂਚ (ABG), ਚੇਤਨਾ ਅਤੇ ਫੇਫੜਿਆਂ ਦੀ ਹਾਲਤ ਦੇਖ ਕੇ ਫੈਸਲਾ ਕਰਦੇ ਹਨ।
ਵੈਂਟੀਲੇਟਰ ਕਿਵੇਂ ਕਰਦਾ ਹੈ ਕੰਮ ?
ICU ਵਿੱਚ ਵੈਂਟੀਲੇਟਰ ਚਲਾਉਣ ਲਈ ਇੱਕ ਨਰਸ ਜੋਂ ਲਗਾਤਾਰ ਵੈਂਟੀਲੇਟਰ/ਮਰੀਜ਼ ਦੀ ਦੇਖਭਾਲ ਕਰ ਸਕੇ ਇਸ ਤੋਂ ਇਲਾਵਾ ਡਾਕਟਰ/ਇੰਟੈਂਸਿਵਿਸਟ ਜੋਂ ਵੈਂਟੀਲੇਟਰ ਦੀਆਂ ਸੈਟਿੰਗਾਂ ਅਤੇ ਮਰੀਜ਼ ਦੇ ਇਲਾਜ ਦੀ ਨਿਗਰਾਨੀ ਕਰ ਸਕੇ, ਡਾਕਟਰ ਦੇ ਨਾਲ Respiratory therapist/ਟੈਕਨੀਸ਼ੀਅਨ ਜੋਂ ਵੈਂਟੀਲੇਟਰ ਦੀ ਸੈਟਿੰਗ, ਟ੍ਰਬਲਸ਼ੂਟਿੰਗ ਅਤੇ ਸਾਹ ਨਾਲ ਸਬੰਧਤ ਦੇਖਭਾਲ ਵਿੱਚ ਮਦਦ ਕਰ ਸਕੇ, ਦੀ ਲੋੜ ਪੈਂਦੀ ਹੈ ਹੈ।
ਲੁਧਿਆਣਾ ਦਾ ਕੀ ਹੈ ਹਾਲ ?
ਕੋਰੋਨਾ ਕਾਲ ਦੇ ਦੌਰਾਨ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁੱਢਲੀਆਂ ਸਿਹਤ ਸੁਵਿਧਾਵਾਂ ਦੇਣ ਦੇ ਨਾਲ ਐਮਰਜੈਂਸੀ ਸੇਵਾਵਾਂ ਅਤੇ ਆਈਸੀਯੂ ਵੈਂਟੀਲੇਟਰ ਸੇਵਾਵਾਂ ਦੇਣ ਲਈ ਵੀ ਪ੍ਰਬੰਧ ਕੀਤਾ ਗਿਆ। ਜਿਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਰੱਥਾ ਦੇ ਮੁਤਾਬਕ ਵੈਂਟੀਲੇਟਰ ਦਿੱਤੇ ਗਏ ਅਤੇ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ 33 ਦੇ ਕਰੀਬ ਵੈਂਟੀਲੇਟਰ ਉਸ ਵੇਲੇ ਮੁਹੱਈਆ ਕਰਵਾਏ ਗਏ ਸਨ ਜਿਨ੍ਹਾਂ ਵਿੱਚੋਂ ਫਿਲਹਾਲ ਅੱਜ ਦੀ ਤਰੀਕ ਦੇ ਵਿੱਚ 8 ਅਪਰੇਸ਼ਨਲ ਨੇ ਜਦੋਂ ਕਿ ਇਨ੍ਹਾਂ ਵਿੱਚ ਕਈ ਬੈਡ ਮੋਨੀਟਰਿੰਗ ਦੇ ਤਹਿਤ ਲੇਵਲ ਤਿੰਨ ਅਤੇ ਚਾਰ ਆਈਸੀਯੂ ਦੇ ਵਿੱਚ ਵੀ ਇਸਤੇਮਾਲ ਕੀਤੇ ਜਾ ਰਹੇ ਹਨ। ਹਾਲਾਂਕਿ ਬਾਕੀ ਦੇ ਵੈਂਟੀਲੇਟਰ ਸਟਾਫ ਡਾਕਟਰਾਂ ਦੀ ਕਮੀ ਦੇ ਕਾਰਨ ਨਹੀਂ ਇਸਤੇਮਾਲ ਕੀਤੇ ਜਾ ਪਾ ਰਹੇ।
30 ਤੋਂ ਵੱਧ ਵੈਂਟੀਲੇਟਰ ਵਰਤੇ ਜਾ ਰਹੇ ਅੱਠ !
ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪਿਛਲੇ ਸਾਲ ਲੁਧਿਆਣਾ ਦੇ ਆਈਸੀਯੂ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਦੇ ਵਿੱਚ ਅੱਠ ਬੈੱਡ ਸਨ ਜਿਨ੍ਹਾਂ ਵਿੱਚੋਂ ਚਾਰ ‘ਤੇ ਵੈਂਟੀਲੇਟਰ ਸਪੋਰਟ ਵੀ ਸੀ। ਬਾਅਦ ਵਿੱਚ ਛੋਟੇ ਬੱਚਿਆਂ ਦੇ ਲਈ 12 ਹੋਰ ਬੈਡ ਵਾਲਾ ਆਈਸੀਯੂ ਵਰਡ ਬਣਾਇਆ ਗਿਆ, ਜਿੱਥੇ ਚਾਰ ਬੈੱਡ ‘ਤੇ ਵੈਂਟੀਲੇਟਰ ਸਪੋਰਟ ਅਤੇ ਬਾਕੀ ਨੂੰ ਆਈਸੀਯੂ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਬਾਕੀ ਬੈਡਾਂ ‘ਤੇ ਵੀ ਮੋਨੀਟਰਿੰਗ ਸਕਰੀਨ ਲਗਾਈਆਂ ਗਈਆਂ ਨੇ ਜਿਸ ਦੇ ਨਾਲ ਬੀਪੀ, ਦਿਲ ਦੀ ਧੜਕਨ ਅਤੇ ਆਕਸੀਜਨ ਦਾ ਪੱਧਰ ਆਦਿ ਮੋਨੀਟਰਿੰਗ ਹੁੰਦੀ ਹੈ।
ਇਸ ਦੇ ਬਾਰੇ ਲੁਧਿਆਣਾ ਦੇ ਐਸਐਮਓ ਰੋਹਿਤ ਰਾਮਪਾਲ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ “ਪਹਿਲੇ ਪੜਾ ਦੇ ਤਹਿਤ ਅੱਠ ਬੈਡ ਵਾਲਾ ਆਈਸੀਯੂ ਦੂਜੇ ਪੜਾ ਦੇ ਤਹਿਤ 12 ਬੈੱਡ ਵਾਲਾ ਆਈਸੀਯੂ ਬੱਚਿਆਂ ਦੇ ਲਈ ਤਿਆਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਲਗਭਗ ਅੱਠ ਬੈਡ ‘ਤੇ ਅਸੀਂ ਵੈਂਟੀਲੇਟਰ ਸਪੋਰਟ ਇਸਤੇਮਾਲ ਕਰ ਰਹੇ ਹਨ।”
“ਸਾਡੇ ਕੋਲ ਸਿਵਲ ਹਸਪਤਾਲ ਵਿੱਚ 2 ਆਈਸੀਯੂ ਹਨ। ਇੱਕ ਜੋ ਆਮ ਲੋਕਾਂ ਲਈ ਆਈਸੀਯੂ ਹੈ, ਉਸ ਵਿੱਚ 8 ਬੈੱਡ ਹਨ ਅਤੇ ਜੋ ਬੈੱਡਾਂ ’ਤੇ ਵੈਟੀਲੇਟਰ ਉਪਲਬਧ ਹੈ, ਜਦਕਿ 4 ਬੈੱਡਾਂ “ਤੇ ਮੋਨੀਟਰਿੰਗ ਮਸ਼ੀਨਾਂ ਲੱਗੀਆਂ ਹਨ। ਜਦਕਿ ਜੋ ਛੋਟਿਆਂ ਬੱਚਿਆਂ ਲਈ ਆਈਸੀਯੂ ਹੈ ਉਸ ਵਿੱਚ 12 ਬੈੱਡ ਹਨ ਅਤੇ ਉੱਥੇ 4 ਬੈੱਡਾਂ ’ਤੇ ਵੈਂਟੀਲੇਟਰ ਉਪਲਬਧ ਹੈ ਅਤੇ ਬਾਕੀਆਂ ਦੇ ਬੈੱਡਾਂ ਤੇ ਮੋਨੀਟਰਿੰਗ ਮਸ਼ੀਨਾਂ ਲੱਗੀਆਂ ਹੋਈਆਂ ਹਨ। ਆਈਸੀਯੂ ਸਿਰਫ ਮਸ਼ੀਨਾਂ ਨਾਲ ਨਹੀਂ ਚੱਲਦਾ ਸਟਾਫ ਨਾਲ ਵੀ ਚੱਲਦਾ ਹੈ। ਇਹ ਇੱਕ ਗੁੰਝਲਦਾਰ ਮਾਮਲਾ ਹੈ। “–ਰੋਹਿਤ ਰਾਮਪਾਲ, ਐਸਐਮਓ, ਲੁਧਿਆਣਾ ਸਿਵਲ ਹਸਪਤਾਲ
ਐਸਐਮਓ ਰੋਹਿਤ ਰਾਮਪਾਲ ਦਾ ਬਿਆਨ
ਹਾਲਾਂਕਿ ਜਦੋਂ ਐਸਐਮਓ ਰੋਹਿਤ ਰਾਮਪਾਲ ਨੂੰ ਇਹ ਸਵਾਲ ਕੀਤਾ ਗਿਆ ਕਿ ਕੋਰੋਨਾ ਦੇ ਦੌਰਾਨ 30 ਦੇ ਕਰੀਬ ਵੈਂਟੀਲੇਟਰ ਆਏ ਸਨ ਤਾਂ ਉਨ੍ਹਾਂ ਕਿਹਾ ਕਿ “ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਨਾਂ ਦੀ ਸਮਰੱਥਾ ਵਧਾਉਣ ਦੇ ਲਈ ਲਗਾਤਾਰ ਯਤਨ ਕਰ ਰਹੇ ਹਾਂ। ਵੈਂਟੀਲੇਟਰ ਦੇ ਲਈ ਸਿਰਫ ਵਾਰਡ ਬਣਾ ਦੇਣਾ ਹੀ ਕਾਫੀ ਨਹੀਂ ਹੁੰਦਾ ਉਸ ਲਈ ਬਕਾਇਦਾ ਉਸ ਦੇ ਆਪਰੇਟਰ ਦੀ, ਮੋਨੀਟਰਿੰਗ ਕਰਨ ਲਈ ਡਾਕਟਰਾਂ ਦੀ ਵੀ ਲੋੜ ਹੁੰਦੀ ਹੈ। ਅਗਲੇ ਮਹੀਨੇ ਤੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦੀ ਸਮਰੱਥਾ ਨੂੰ ਹੋਰ ਵਧਾਇਆ ਜਾਵੇ ਪਰ ਆਈਸੀਯੂ ਦੀ ਸਮਰੱਥਾ ਨੂੰ ਵਧਾਉਣਾ ਬਹੁਤ ਹੀ ਗੁੰਝਲਦਾਰ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 12 ਤੋਂ ਅਗਲੇ ਮਹੀਨੇ ਤੱਕ ਇਸ ਦੀ ਸਮਰੱਥਾ ਵਧਾ ਕੇ 18 ਤੱਕ ਕਰ ਦਿੱਤੀ ਜਾਵੇ ਇਸ ਸਬੰਧੀ ਪ੍ਰਪੋਜ਼ਲ ਵੀ ਤਿਆਰ ਹੋ ਗਈ ਹੈ।”
ETV BHARAT