“3 ਸਾਲਾਂ ਤੋਂ ਸੇਵਾ, ਫਿਰ ਵੀ ਨਹੀਂ ਮਿਲੀ ਪੱਕੀ ਨੌਕਰੀ“
ਪਟਿਆਲਾ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਦੇ ਬਾਹਰ ਆਮ ਆਦਮੀ ਕਲੀਨਿਕ ਤੇ ਸਾਂਝਾ ਫਰੰਟ ਮੋਰਚਾ ਪੰਜਾਬ ਦੇ ਵਰਕਰਾਂ ਦਾ ਵੱਡਾ ਰੋਸ ਪ੍ਰਦਰਸ਼ਨ
15 ਜੂਨ, 2026 – ਪਟਿਆਲਾ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਦੇ ਬਾਹਰ ਆਮ ਆਦਮੀ ਕਲੀਨਿਕਾਂ ਸਾਂਝਾ ਫਰੰਟ ਮੋਰਚਾ ਪੰਜਾਬ ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਵਰਕਰਾਂ ਨੇ ਨੌਕਰੀ ਦੀ ਸੁਰੱਖਿਆ, ਨਿਸ਼ਚਿਤ ਤਨਖਾਹ ਅਤੇ ਰੈਗੂਲਰ ਕਰਨ ਦੀ ਮੰਗ ਉਠਾਈ ਹੈ।
ਆਊਟਸੋਰਸ ਕਰਮਚਾਰੀਆਂ ਨੂੰ ਪੂਰੇ ਮਹੀਨੇ ਦੀ ਤਨਖਾਹ ਮਿਲਦੀ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ “ਅਸੀਂ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਆਮ ਆਦਮੀ ਕਲੀਨਿਕਾਂ ਵਿੱਚ ਸੇਵਾਵਾਂ ਦੇ ਰਹੇ ਹਾਂ, ਪਰ ਅੱਜ ਤੱਕ ਸਾਨੂੰ ਪੱਕੇ ਕਰਮਚਾਰੀ ਦਾ ਦਰਜਾ ਨਹੀਂ ਮਿਲਿਆ। ਸਰਕਾਰ ਨੇ ਸਾਨੂੰ ਆਊਟਸੋਰਸ ਕਰਮਚਾਰੀ ਦੀ ਬਜਾਏ ਦਿਹਾੜੀਦਾਰ ਸ਼੍ਰੇਣੀ ਵਿੱਚ ਰੱਖਿਆ ਹੋਇਆ ਹੈ। ਜਿੱਥੇ ਆਊਟਸੋਰਸ ਕਰਮਚਾਰੀਆਂ ਨੂੰ ਪੂਰੇ ਮਹੀਨੇ ਦੀ ਤਨਖਾਹ ਮਿਲਦੀ ਹੈ, ਉੱਥੇ ਦਿਹਾੜੀ ਪ੍ਰਣਾਲੀ ਅਧੀਨ ਸਿਰਫ਼ ਕੰਮ ਕੀਤੇ ਦਿਨਾਂ ਦੇ ਆਧਾਰ ‘ਤੇ ਭੁਗਤਾਨ ਕੀਤਾ ਜਾਂਦਾ ਹੈ।”
ਦਿਹਾੜੀ ‘ਤੇ ਕੰਮ ਕਰਨ ਲਈ ਕੀਤਾ ਜਾ ਰਿਹਾ ਮਜ਼ਬੂਰ
ਆਮ ਆਦਮੀ ਕਲੀਨਿਕਾਂ ਸਾਂਝਾ ਫਰੰਟ ਮੋਰਚਾ ਪੰਜਾਬ ਦੇ ਵਰਕਰਾਂ ਨੇ ਇਲਜ਼ਾਮ ਲਗਾਇਆ ਕਿ “ਬੀ–ਫਾਰਮਾ, ਐਮ–ਫਾਰਮਾ ਅਤੇ ਹੋਰ ਉੱਚ ਸਿੱਖਿਆ ਪ੍ਰਾਪਤ ਕਰਮਚਾਰੀਆਂ ਨੂੰ ਵੀ ਦਿਹਾੜੀ ‘ਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜੇਕਰ ਕੋਈ ਕਰਮਚਾਰੀ ਹਾਦਸੇ ਜਾਂ ਬਿਮਾਰੀ ਕਾਰਨ ਤਿੰਨ ਦਿਨਾਂ ਤੋਂ ਵੱਧ ਛੁੱਟੀ ਲੈਂਦਾ ਹੈ ਤਾਂ ਉਸ ਦੀ ਨੌਕਰੀ ਖਤਮ ਹੋਣ ਦਾ ਖਤਰਾ ਬਣ ਜਾਂਦਾ ਹੈ।”
ਉਨ੍ਹਾਂ ਕਿਹਾ ਕਿ ਰੋਜ਼ਾਨਾ ਔਸਤਨ 12 ਮਰੀਜ਼ਾਂ ਨੂੰ ਸੇਵਾਵਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਕਰੀਬ 12 ਹਜ਼ਾਰ ਰੁਪਏ ਮਹੀਨਾਵਾਰ ਆਮਦਨ ਹੀ ਪ੍ਰਾਪਤ ਹੋ ਰਹੀ ਹੈ। ਜਿਸ ਨਾਲ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ।
ਹਾਲੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ
ਪ੍ਰਦਰਸ਼ਨਕਾਰੀ ਵਰਕਰਾਂ ਨੇ ਕਿਹਾ ਕਿ “ਉਹ ਕੋਈ ਵਿਸ਼ੇਸ਼ ਸਹੂਲਤ ਜਾਂ ਵੱਡੀ ਤਨਖਾਹ ਨਹੀਂ ਮੰਗ ਰਹੇ। ਸਗੋਂ ਆਪਣੀਆਂ ਬੁਨਿਆਦੀ ਲੋੜਾਂ ਮੁਤਾਬਿਕ ਨਿਸ਼ਚਿਤ ਤਨਖਾਹ, ਨੌਕਰੀ ਦੀ ਸੁਰੱਖਿਆ ਅਤੇ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪਹਿਲਾਂ ਵੀ ਪੰਜਾਬ ਭਰ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ।”
ਵਰਕਰਾਂ ਨੇ ਦਿੱਤੀ ਚਿਤਾਵਨੀ
ਵਰਕਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਵਧਾਏ ਜਾਣਗੇ।
ETV BHARAT