Kartarpur Corridor: ਕਰਤਾਰਪੁਰ ਲਾਂਘਾ ਨਾ ਸਿਰਫ਼ ਰਾਹ, ਸਗੋਂ ਸ਼ਰਧਾ, ਮਨੁੱਖਤਾ ਅਤੇ ਵੰਡ ਵੇਲ੍ਹੇ ਵਿਛੜਿਆਂ ਨੂੰ ਮਿਲਾਉਣ ਦਾ ਜ਼ਰੀਆ…ਫਿਲਹਾਲ ਬੰਦ।
22 ਅਗਸਤ, 2026 – ਚੰਡੀਗੜ੍ਹ: ਕਰਤਾਰਪੁਰ ਲਾਂਘਾ ਮਹਿਜ਼ ਇਕ ਲਾਂਘਾ ਨਹੀ, ਬਲਕਿ ਲੱਖਾਂ ਸੰਗਤ ਦੀਆਂ ਭਾਵਨਾਵਾਂ ਦਾ ਵਹਿਣ ਹੈ। ਇਸ ਲਾਂਘੇ ਨੇ ਕਈ ਵਿਛੜੇ ਪਰਿਵਾਰਾਂ ਨੂੰ ਮਿਲਾਇਆ ਅਤੇ 2 ਮੁਲਕਾਂ ਵਿਚ ਪਈ ਵੰਡ ਦੇ ਜ਼ਖ਼ਮ ਭਰਨ ਦੀ ਕੋਸ਼ਿਸ਼ ਕੀਤੀ। ਪਰ, ਹੁਣ ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ (Kartarpur Corridor) ਫਿਲਹਾਲ ਨਹੀਂ ਖੁੱਲ੍ਹੇਗਾ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਸਰਹੱਦ ਪਾਰ ਦੀ ਮੌਜੂਦਾ ਸਥਿਤੀ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦਿਆਂ ਯਾਤਰਾ ਅਜੇ ਬਹਾਲ ਨਹੀਂ ਕੀਤੀ ਜਾ ਸਕਦੀ। ਇਸ ਫੈਸਲੇ ਨੇ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ। ਜਿਸ ਤੋਂ ਬਾਅਦ ਹੁਣ ਕਰਤਾਰਪੁਰ ਲਾਂਘਾ ਮੁੜ ਤੋਂ ਚਰਚਾ ਵਿਚ ਆ ਗਿਆ ਹੈ।
ਈਟੀਵੀ ਭਾਰਤ ਦੀ ਇਸ ਵਿਸ਼ੇਸ਼ ਰਿਪੋਰਟ ਵਿਚ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਰਤਾਰਪੁਰ ਲਾਂਘਾ ਕਿੱਥੇ ਸਥਿਤ ਹੈ, ਇਹ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਬੰਦ ਹੋਇਆ। ਲਾਂਘਾ ਪਹਿਲਾਂ ਕਿਹੜੇ ਕਾਰਨਾਂ ਕਰਕੇ ਬੰਦ ਹੋਇਆ, ਮੁੜ ਕਦੋਂ ਖੁੱਲ੍ਹਿਆ ਅਤੇ ਮੌਜੂਦਾ ਸਮੇਂ ਵਿੱਚ ਇਸ ਨੂੰ ਬੰਦ ਰੱਖਣ ਪਿੱਛੇ ਸੁਰੱਖਿਆ ਨਾਲ ਜੁੜੇ ਕੀ ਕਾਰਨ ਹਨ ? ਸਿੱਖ ਜਥੇਬੰਦੀਆਂ ਵੱਲੋਂ ਇਸ ਨੂੰ ਮੁੜ ਖੋਲ੍ਹਣ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ?
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦਾ ਬਿਆਨ
ਇਸ ਪੂਰੇ ਮਾਮਲੇ ‘ਤੇ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਸਰਕਾਰ ਦਾ ਪੱਖ ਸਪੱਸ਼ਟ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਲਾਂਘਾ ਮੁੜ ਖੋਲ੍ਹਣ ਅਤੇ ਸ਼ਰਧਾਲੂਆਂ ਦੀਆਂ ਮੰਗਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਰਣਧੀਰ ਜੈਸਵਾਲ ਨੇ ਕਿਹਾ, “ਭਾਰਤ ਅਤੇ ਪਾਕਿਸਤਾਨ ਵਿਚਾਲੇ ਤੀਰਥ ਯਾਤਰਾ ਦੁਵੱਲੇ ਪ੍ਰਬੰਧਾਂ ਤਹਿਤ ਚੱਲਦੀ ਹੈ। ਜਿੱਥੋਂ ਤੱਕ ਕਰਤਾਰਪੁਰ ਲਾਂਘੇ ਦਾ ਸਵਾਲ ਹੈ, ਸੰਸਦ ਵਿੱਚ ਵੀ ਇਹ ਸਾਫ਼ ਕੀਤਾ ਗਿਆ ਹੈ ਕਿ ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦਿਆਂ ਹੀ 7 ਮਈ 2025 ਤੋਂ ਇਸ ਦੀਆਂ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਸਨ, ਜੋ ਕਿ ਹਾਲੇ ਵੀ ਬਰਕਰਾਰ ਹਨ।” ਜੈਸਵਾਲ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸੁਰੱਖਿਆ ਮਾਹੌਲ ਕਾਰਨ ਲਾਂਘੇ ਨੂੰ ਅਜੇ ਖੋਲ੍ਹਿਆ ਨਹੀਂ ਜਾ ਸਕਦਾ।
ਪਾਕਿਸਤਾਨ ਹਾਈ ਕਮਿਸ਼ਨ ਨਾਲ SGPC ਦੀ ਅਹਿਮ ਮੀਟਿੰਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇੱਕ ਉੱਚ-ਪੱਧਰੀ ਵਫ਼ਦ ਨੇ ਨਵੀਂ ਦਿੱਲੀ ਵਿਖੇ ਪਾਕਿਸਤਾਨ ਦੇ ਚਾਰਜ ਡੀ’ਅਫੇਅਰਜ਼ ਸਾਦ ਅਹਿਮਦ ਵੜੈਚ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਬਾਰੇ ਵੀ MEA ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ, ‘ਸਰਕਾਰ ਦੀ ਇਸ ਰਿਪੋਰਟ ‘ਤੇ ਨਜ਼ਰ ਹੈ। ਐੱਸ.ਜੀ.ਪੀ.ਸੀ. ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਨਵੰਬਰ 2026 ਦੇ ਪ੍ਰਕਾਸ਼ ਪੁਰਬ ਲਈ ਨਿਰਧਾਰਤ ਵੀਜ਼ਾ ਕੋਟੇ ਦੀ ਸੀਮਾ ਵਧਾਈ ਜਾਵੇ। ਕਮੇਟੀ ਨੇ ਦੱਸਿਆ ਕਿ, ਲਾਂਘਾ ਬੰਦ ਹੋਣ ਕਾਰਨ 7,500 ਤੋਂ ਵੱਧ ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਜਮ੍ਹਾਂ ਕਰਵਾਏ ਹਨ, ਜਦਕਿ ਆਮ ਕੋਟਾ ਸਿਰਫ 1,800 ਦੇ ਕਰੀਬ ਹੈ। ਐੱਸ.ਜੀ.ਪੀ.ਸੀ. ਨੇ ਭਾਰਤ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ।‘
ਕਿੱਥੇ ਹੈ ਕਰਤਾਰਪੁਰ ਲਾਂਘਾ ?
ਕਰਤਾਰਪੁਰ ਲਾਂਘਾ ਪੰਜਾਬ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਸਥਿਤ ਜ਼ਿਲ੍ਹਾ ਨਾਰੋਵਾਲ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਬਣਿਆ ਹੋਇਆ ਹੈ। ਇਹ ਭਾਰਤ ਅਤੇ ਪਾਕਿਸਤਾਨ ਨੂੰ ਆਪਸ ਵਿਚ ਜੋੜਦਾ ਹੈ। ਇਹ ਪਾਕਿਸਤਾਨ ਵਾਲੇ ਪਾਸੇ ਅੰਤਰਰਾਸ਼ਟਰੀ ਸਰਹੱਦ ਤੋਂ ਲੱਗਭੱਗ 4.5 ਕਿਲੋਮੀਟਰ ਅੰਦਰ ਹੈ।
ਸ੍ਰੀ ਕਰਤਾਰਪੁਰ ਸਾਹਿਬ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਅਧਿਕਾਰਿਤ ਪੋਰਟਲ ਮੁਤਾਬਕ ਸ੍ਰੀ ਕਰਤਾਰਪੁਰ ਸਾਹਿਬ ਸਿੱਖ ਧਰਮ ਨਾਲ ਸਬੰਧਿਤ ਬਹੁਤ ਹੀ ਪਵਿੱਤਰ ਅਸਥਾਨ ਹੈ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਇੱਥੇ ਬਿਤਾਏ ਸਨ। ਗੁਰੂ ਜੀ ਨੇ ਇਸੇ ਅਸਥਾਨ ‘ਤੇ ਖੇਤੀਬਾੜੀ ਕਰਕੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਮਹਾਨ ਉਪਦੇਸ਼ ਦਿੱਤਾ ਅਤੇ ਸਿੱਖੀ ਦੀ ਨੀਂਹ ਪੱਕੀ ਕੀਤੀ। ਗੁਰੂ ਨਾਨਕ ਦੇਵ ਜੀ ਇਸੇ ਪਵਿੱਤਰ ਧਰਤੀ ‘ਤੇ ਜੋਤੀ ਜੋਤਿ ਸਮਾਏ ਸਨ, ਜਿਸ ਕਾਰਨ ਇਹ ਸਿੱਖ ਜਗਤ ਲਈ ਅਥਾਹ ਸ਼ਰਧਾ ਦਾ ਕੇਂਦਰ ਹੈ। 1947 ਦੀ ਵੰਡ ਦੌਰਾਨ ਇਹ ਅਸਥਾਨ ਪਾਕਿਸਤਾਨ ਵਿਚ ਰਹਿ ਗਿਆ ਸੀ ਜਿਸ ਦੇ ਦਰਸ਼ਨਾਂ ਦੀ ਤਾਂਘ ਹਮੇਸ਼ਾ ਸੰਗਤ ਦੇ ਮਨ ਵਿੱਚ ਰਹੀ।
ਭਾਰਤ ਪਾਕਿਸਤਾਨ ਵਿਚਾਲੇ ਲਾਂਘੇ ਦੀ ਸ਼ੁਰੂਆਤ ਕਦੋਂ ਹੋਈ ?
ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਅਤੇ ਵੱਖ ਵੱਖ ਮੀਡੀਆ ਰਿਪੋਰਟਾਂ ਮੁਤਾਬਕ ਕਰਤਾਰਪੁਰ ਲਾਂਘੇ ਦਾ ਉਦਘਾਟਨ 9 ਨਵੰਬਰ 2019 ਨੂੰ ਕੀਤਾ ਗਿਆ ਸੀ। ਭਾਰਤ ਦੇ ਪਾਸੇ ਤੋਂ ਡੇਰਾ ਬਾਬਾ ਨਾਨਕ ਲੈਂਡ ਪੋਰਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ। ਇਸ ਉਦਘਾਟਨ ਮੌਕੇ ਦੋਵਾਂ ਮੁਲਕਾਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਪਾਕਿਸਤਾਨ ਵਾਲੇ ਪਾਸੇ ਇਸ ਲਾਂਘੇ ਦਾ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤਾ ਸੀ।
ਇਸ ਤੋਂ ਪਹਿਲਾਂ, 24 ਅਕਤੂਬਰ 2019 ਨੂੰ ਭਾਰਤ ਅਤੇ ਪਾਕਿਸਤਾਨ ਨੇ ਲਾਂਘੇ ਦੇ ਸੰਚਾਲਨ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। ਲੈਂਡਪੋਰਟ ਅਥਾਰਿਟੀ ਮੁਤਾਬਕ ਲਾਂਘੇ ਦਾ ਮਕਸਦ ਭਾਰਤ ਵਿੱਚ ਰਹਿੰਦੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇੱਕ ਸਿੱਧਾ ਰਸਤਾ ਦੇਣਾ ਸੀ। ਇਸ ਪ੍ਰਬੰਧ ਤਹਿਤ ਭਾਰਤੀ ਸ਼ਰਧਾਲੂ ਬਿਨਾਂ ਪਾਕਿਸਤਾਨੀ ਵੀਜ਼ੇ ਦੇ ਕਰਤਾਰਪੁਰ ਸਾਹਿਬ ਜਾ ਸਕਦੇ ਸਨ। ਲਾਂਘੇ ਦੀ ਨਿਰਧਾਰਤ ਸਮਰੱਥਾ ਪ੍ਰਤੀ ਦਿਨ 5,000 ਸ਼ਰਧਾਲੂਆਂ ਦੀ ਸੀ।
ਪਹਿਲੀ ਵਾਰ ਲਾਂਘਾ ਕਦੋਂ ਬੰਦ ਹੋਇਆ ?
ਭਾਰਤ ਸਰਕਾਰ ਦੇ ਪ੍ਰੈਸ ਇਨਫਰਮੈਸ਼ਨ ਬਿਊਰੋ ਮੁਤਾਬਕ, ਨਵੰਬਰ 2019 ਵਿਚ ਲਾਂਘਾ ਖੁੱਲ੍ਹਣ ਤੋਂ ਬਾਅਦ ਕੋਵਿਡ 19 ਮਹਾਂਮਾਰੀ ਦੇ ਪ੍ਰਕੋਪ ਕਾਰਨ 16 ਮਾਰਚ 2020 ਨੂੰ ਇਹ ਲਾਂਘਾ ਮੁੜ ਤੋਂ ਬੰਦ ਕਰ ਦਿੱਤਾ ਗਿਆ ਸੀ। ਲਾਂਘੇ ਰਾਹੀਂ ਯਾਤਰਾ 2020-21 ਵਿੱਚ ਬੰਦ ਰਹੀ। ਬਾਅਦ ਵਿੱਚ ਭਾਰਤ ਸਰਕਾਰ ਨੇ ਨਵੰਬਰ 2021 ਵਿੱਚ ਇਸ ਨੂੰ ਮੁੜ ਖੋਲ੍ਹਿਆ।
ਮੌਜੂਦਾ ਬੰਦ ਕਦੋਂ ਹੋਇਆ ?
ਕੇਂਦਰੀ ਵਿਦੇਸ਼ ਵਿਭਾਗ ਦੇ ਰਿਕਾਰਡ ਮੁਤਾਬਕ, ਕਰਤਾਰਪੁਰ ਲਾਂਘਾ 7 ਮਈ, 2025 ਤੋਂ ਬੰਦ ਹੈ। ਇਹ ਫੈਸਲਾ 22 ਅਪ੍ਰੈਲ, 2025 ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਭਾਰਤ-ਪਾਕਿਸਤਾਨ ਤਣਾਅ ਦੇ ਦੌਰਾਨ ਲਿਆ ਗਿਆ। ਭਾਰਤ ਸਰਕਾਰ ਨੇ 31 ਜੁਲਾਈ 2026 ਦੇ ਲੋਕ ਸਭਾ ਜਵਾਬ ਵਿੱਚ ਸਪੱਸ਼ਟ ਕੀਤਾ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਸੇਵਾਵਾਂ 7 ਮਈ 2025 ਤੋਂ ਮੁਅੱਤਲ ਹਨ।
ਲਾਂਘੇ ਰਾਹੀਂ ਰੋਜ਼ਾਨਾ ਕਿੰਨੇ ਸ਼ਰਧਾਲੂ ਜਾਂਦੇ ਸਨ ?
ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਰਕਾਰੀ ਅੰਕੜਿਆਂ ਮੁਤਾਬਕ, 2019 ਵਿੱਚ ਲਾਂਘਾ ਖੁੱਲ੍ਹਣ ਤੋਂ ਲੈ ਕੇ ਹੁਣ ਤੱਕ ਕੁੱਲ 4,05,162 ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਜੇਕਰ ਸਾਲਾਂ ਦੇ ਹਿਸਾਬ ਨਾਲ ਦੇਖੀਏ ਤਾਂ ਸ਼ੁਰੂਆਤ ਵਿੱਚ 2019-20 ਦੌਰਾਨ 62,786 ਯਾਤਰੀ ਉੱਥੇ ਗਏ, ਪਰ ਅਗਲੇ ਸਾਲ 2020-21 ਵਿੱਚ ਕੋਰੋਨਾ ਮਹਾਂਮਾਰੀ ਕਰਕੇ ਯਾਤਰਾ ਪੂਰੀ ਤਰ੍ਹਾਂ ਬੰਦ ਰਹੀ। ਹਾਲਾਤ ਸੁਧਰਨ ਤੋਂ ਬਾਅਦ ਯਾਤਰਾ ਫਿਰ ਸ਼ੁਰੂ ਹੋਈ, ਜਿਸ ਵਿੱਚ 2021-22 ਦੌਰਾਨ 31,869, ਇਸ ਤੋਂ ਬਾਅਦ 2022-23 ਵਿੱਚ 91,383 ਅਤੇ 2023-24 ਵਿੱਚ 85,672 ਸ਼ਰਧਾਲੂਆਂ ਨੇ ਸੀਮਾ ਪਾਰ ਕੀਤੀ। ਇਸ ਤੋਂ ਬਾਅਦ, ਸਾਲ 2024-25 ਵਿੱਚ ਸਭ ਤੋਂ ਵੱਧ 1,21,113 ਲੋਕਾਂ ਨੇ ਦਰਸ਼ਨ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ। ਉੱਥੇ ਹੀ, ਸਾਲ 2025 ਵਿਚ 12,339 ਸ਼ਰਧਾਲੂ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਗਏ। ਇਹ ਅੰਕੜਾ 6 ਮਈ 2025 ਤੱਕ ਦਾ ਹੈ।
ਕਿਹੜੇ ਸੁਰੱਖਿਆ ਕਾਰਨਾਂ ਕਰਕੇ ਬੰਦ ਕੀਤਾ ਗਿਆ ਲਾਂਘਾ ?
ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਕਰਨਲ ਵਿਪਿਨ ਪਾਠਕ ਮੁਤਾਬਕ, “ਇਸ ਪਿੱਛੇ ਕਈ ਕਾਰਨ ਅਤੇ ਸਰਕਾਰ ਦੀਆਂ ਕਈ ਚਿੰਤਾਵਾਂ ਹੋ ਸਕਦੀਆਂ ਹਨ। ਜਿਵੇਂ 5 ਮਈ, 2026 ਨੂੰ ਪਹਿਲਗਾਮ ਹਮਲੇ ਦੀ ਵਰੇਗੰਢ ਵਾਲੇ ਦਿਨ ਜਲੰਧਰ ਸਥਿਤ ਬੀਐੱਸਐੱਫ ਹੈੱਡਕੁਆਰਟਰ ਅਤੇ ਅੰਮ੍ਰਿਤਸਰ ਨੇੜੇ ਖਾਸਾ ਮਿਲਟਰੀ ਕੈਂਟ ਨੂੰ ਨਿਸ਼ਾਨਾ ਬਣਾ ਕੇ ਹੋਏ 2 ਆਈਈਡੀ ਧਮਾਕਿਆਂ ਨੇ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾਈ ਹੈ। ਉਨ੍ਹਾਂ ਕਿਹਾ ਕਿ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਵਰਗੇ ਸਰਹੱਦੀ ਇਲਾਕਿਆਂ ਵਿੱਚ ਡਰੋਨ ਰਾਹੀਂ ਘੁਸਪੈਠ ਅਤੇ ਸਰਹੱਦ ਪਾਰ ਦੇ ਨੈੱਟਵਰਕਾਂ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਅਜਿਹੇ ਹਾਲਾਤਾਂ ਵਿੱਚ ਕਰਤਾਰਪੁਰ ਲਾਂਘੇ ਦੀ ਵੀਜ਼ਾ–ਮੁਕਤ ਯਾਤਰਾ ਦੀ ਗ਼ਲਤ ਵਰਤੋਂ ਹੋਣ ਦਾ ਖ਼ਦਸ਼ਾ ਵੀ ਰਹਿੰਦਾ ਹੈ।”
ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਵੀ ਵੱਡਾ ਮੁੱਦਾ ਹੈ। ਜੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਅਚਾਨਕ ਵਧਦਾ ਹੈ, ਤਾਂ ਪਾਕਿਸਤਾਨ ਵਿੱਚ ਮੌਜੂਦ ਸ਼ਰਧਾਲੂ ਮੁਸ਼ਕਲ ਵਿੱਚ ਫਸ ਸਕਦੇ ਹਨ। ਉਨ੍ਹਾਂ ਕਿਹਾ ਕਿ ਲਾਂਘੇ ਰਾਹੀਂ ਵੀਜ਼ਾ ਤੋਂ ਬਿਨਾਂ ਯਾਤਰਾ ਦੀ ਸਹੂਲਤ ਹੋਣ ਦੇ ਬਾਵਜੂਦ ਸੁਰੱਖਿਆ ਦਾ ਖ਼ਤਰਾ ਖਤਮ ਨਹੀਂ ਹੁੰਦਾ। ਇਸ ਲਈ ਮੌਜੂਦਾ ਹਾਲਾਤਾਂ ਵਿੱਚ ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜਣ ਤੋਂ ਪਹਿਲਾਂ ਸੁਰੱਖਿਆ ਪੱਖੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਣਾ ਜ਼ਰੂਰੀ ਹੈ। ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਸਿਰਫ਼ ਸਰਹੱਦ ’ਤੇ ਤਣਾਅ ਘਟਣਾ ਕਾਫ਼ੀ ਨਹੀਂ ਹੈ। ਸਰਹੱਦ ਪਾਰ ਅੱਤਵਾਦੀ ਢਾਂਚੇ ਵਿੱਚ ਕਮੀ ਆਉਣੀ, ਡਰੋਨ ਘੁਸਪੈਠ ਦਾ ਖ਼ਤਰਾ ਘਟਣਾ ਅਤੇ ਸਰਹੱਦ ’ਤੇ ਹਾਲਾਤ ਆਮ ਹੋਣੇ ਜ਼ਰੂਰੀ ਹਨ। ਜਦੋਂ ਇਨ੍ਹਾਂ ਮਾਮਲਿਆਂ ਵਿੱਚ ਸਪਸ਼ਟ ਸੁਧਾਰ ਦਿਖਾਈ ਦੇਵੇਗਾ, ਉਸ ਤੋਂ ਬਾਅਦ ਹੀ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਾਂਘਾ ਮੁੜ ਖੋਲ੍ਹਣ ਬਾਰੇ ਫੈਸਲਾ ਕੀਤਾ ਜਾ ਸਕਦਾ ਹੈ। – ਕਰਨਲ ਵਿਪਿਨ ਪਾਠਕ, ਭਾਰਤੀ ਫੌਜ ਦੇ ਸਾਬਕਾ ਅਧਿਕਾਰੀ
ਕੇਂਦਰ ਦੇ ਇਸ ਫ਼ੈਸਲੇ ਦਾ ਧਾਰਮਿਕ ਅਤੇ ਆਰਥਿਕ ਪ੍ਰਭਾਵ?
ਸਿੱਖ ਚਿੰਤਕ ਅਤੇ ਸੋਸ਼ਲ ਐਕਟੀਵਿਸਟ ਡਾ. ਖੁਸ਼ਹਾਲ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਕਰਤਾਰਪੁਰ ਸਾਹਿਬ ਦਾ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਅੰਤਿਮ ਪੜਾਅ ਨਾਲ ਹੈ, ਜਿੱਥੇ ਉਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਦਾਅਵਿਆਂ ਵਿਚਕਾਰ ਆਪਣੀ ਚਾਦਰ ਦੇ ਕੇ ਸਭਿਅਤਾਵਾਂ ਅਤੇ ਵੱਖ–ਵੱਖ ਭਾਈਚਾਰਿਆਂ ਨੂੰ ਜੋੜਨ ਵਾਲਾ ਇੱਕ ਸਰਬ–ਸਾਂਝਾ ਪੁਲ ਬਣਾਇਆ ਸੀ। ਅੱਜ ਸਾਡੇ ਦੇਸ਼ ਵਿੱਚ, ਜਿੱਥੇ 33% ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ, ਕੋਈ ਵੀ ਦੇਸ਼ ਕਿਸੇ ਵੀ ਕਿਸਮ ਦੀ ਜੰਗ ਬਰਦਾਸ਼ਤ ਨਹੀਂ ਕਰ ਸਕਦਾ।”
ਡਾ. ਖੁਸ਼ਹਾਲ ਸਿੰਘ ਕਹਿੰਦੇ ਹਨ ਕਿ, ਪੰਜਾਬ ਵਰਗੇ ਸੂਬੇ ਕੋਲ ਕੋਈ ਸਮੁੰਦਰੀ ਬੰਦਰਗਾਹ ਨਹੀਂ ਹੈ। ਸਾਡੇ ਕੋਲ ਸਦੀਆਂ ਪੁਰਾਣਾ ‘ਸਿਲਕ ਰੂਟ’ ਅਤੇ ਸਰਹੱਦੀ ਵਪਾਰ ਦਾ ਰਸਤਾ ਹੀ ਮੁੱਖ ਸਾਧਨ ਸੀ। ਅੱਜ ਦੇ ਸਮੇਂ ਵਿੱਚ ਅੰਤਰਰਾਸ਼ਟਰੀ ਦਬਾਅ ਅਤੇ ਆਪਸੀ ਤਣਾਅ ਦੇ ਬਾਵਜੂਦ ਸਿਵਲ ਸੁਸਾਇਟੀ ਅਤੇ ਆਮ ਲੋਕਾਂ ਲਈ ਇਸ ਲਾਂਘੇ ਦਾ ਖੁੱਲ੍ਹਣਾ ਬਹੁਤ ਜ਼ਰੂਰੀ ਹੈ। ਜਦੋਂ ਸਿੱਖ ਸੰਗਤ ਰੋਜ਼ਾਨਾ ਅਰਦਾਸ ਵਿੱਚ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਮੰਗ ਕਰਦੀ ਹੈ, ਤਾਂ ਅਜਿਹੇ ਸਮੇਂ ਸਰਕਾਰ ਵੱਲੋਂ ਹੋਰ ਸਖ਼ਤੀਆਂ ਜਾਂ ਬੰਦਿਸ਼ਾਂ ਦੇ ਸੰਕੇਤ ਆਉਣਾ ਅਤਿ ਮੰਦਭਾਗਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਨੇ ਪਾਕਿਸਤਾਨ ਨਾਲ ਵਪਾਰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ, ਬਲਕਿ ਇਹ ਵਪਾਰ ਹੁਣ ਗੁਜਰਾਤ ਦੇ ਰਸਤੇ ਚੱਲ ਰਿਹਾ ਹੈ। ਇੱਕ ਖਾਸ ਲਾਬੀ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਵਾਹਘਾ, ਫਿਰੋਜ਼ਪੁਰ (ਹੁਸੈਨੀਵਾਲਾ) ਅਤੇ ਸੁਲੇਮਾਨੀ ਵਰਗੇ ਬਾਰਡਰਾਂ ਨੂੰ ਬੰਦ ਰੱਖਿਆ ਗਿਆ ਹੈ। ਜਦੋਂ ਇਹ ਸਰਹੱਦਾਂ ਖੁੱਲ੍ਹੀਆਂ ਸਨ, ਤਾਂ ਮਲੇਰਕੋਟਲਾ ਵਰਗੀਆਂ ਥਾਵਾਂ ‘ਤੇ ਬਣਨ ਵਾਲੇ ਖੇਤੀਬਾੜੀ ਔਜ਼ਾਰਾਂ ਅਤੇ ਛੋਟੀ ਇੰਡਸਟਰੀ ਰਾਹੀਂ ਕਰੋੜਾਂ ਰੁਪਏ ਦਾ ਕਾਰੋਬਾਰ ਹੁੰਦਾ ਸੀ, ਜਿਸ ਨਾਲ ਇੱਥੋਂ ਦੇ ਵਪਾਰੀਆਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਬਹੁਤ ਆਰਥਿਕ ਰਾਹਤ ਅਤੇ ਰੁਜ਼ਗਾਰ ਮਿਲਦਾ ਸੀ। ਇਹ ਬਾਰਡਰ ਖੁੱਲ੍ਹਣ ਨਾਲ ਸਿਰਫ਼ ਪੰਜਾਬ ਹੀ ਨਹੀਂ, ਬਲਕਿ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਰਗੇ ਉੱਤਰੀ ਰਾਜਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਅਜਿਹੇ ਆਰਥਿਕ ਲਾਭ ਵਾਲੇ ਰਸਤਿਆਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਰੋਕਣਾ ਅਤੇ ਅਜਿਹੀ ਬਿਆਨਬਾਜ਼ੀ ਕਰਨਾ ਪੰਜਾਬ ਦੇ ਲੋਕਾਂ ਨੂੰ ਆਰਥਿਕ ਧੱਕਾ ਦੇਣ ਦੇ ਬਰਾਬਰ ਹੈ, ਜਿਸ ਨਾਲ ਉਨ੍ਹਾਂ ਅੰਦਰ ਬੇਗਾਨਗੀ ਦਾ ਅਹਿਸਾਸ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। – ਡਾ. ਖੁਸ਼ਹਾਲ ਸਿੰਘ, ਸਿੱਖ ਚਿੰਤਕ ਅਤੇ ਸੋਸ਼ਲ ਐਕਟੀਵਿਸਟ
ਲਾਂਘਾ ਬੰਦ ਕਰਨ ਪਿੱਛੇ ਕੋਈ ਰਾਜਨੀਤਿਕ ਅਧਾਰ?
ਸਿਆਸੀ ਵਿਸ਼ਲੇਸ਼ਕ ਗੰਗਵੀਰ ਰਾਠੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, “ਇਹ ਲਾਂਘਾ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਪੂਰੇ ਦੱਖਣੀ ਏਸ਼ੀਆ ਲਈ ਇੱਕ ‘ਪੀਸ ਕੋਰੀਡੋਰ‘ (ਅਮਨ ਦਾ ਰਸਤਾ) ਹੈ, ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਅਤੇ ਚੰਗੇ ਸਬੰਧਾਂ ਦੀ ਸ਼ੁਰੂਆਤ ਕਰਨ ਲਈ ਸਭ ਤੋਂ ਵਧੀਆ ਥਾਂ ਹੈ।”
ਕੇਂਦਰ ਸਰਕਾਰ ਵੱਲੋਂ ਸੁਰੱਖਿਆ ਦਾ ਜੋ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ, ਉਸ ਦੇ ਪਿੱਛੇ ਉਨ੍ਹਾਂ ਦੀ ਛੋਟੀ ਸਿਆਸਤ ਕੰਮ ਕਰ ਰਹੀ ਹੈ। ਜੇਕਰ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਲਈ ਵੀਜ਼ਾ ਦਿੱਤਾ ਜਾ ਸਕਦਾ ਹੈ, ਤਾਂ ਕਰਤਾਰਪੁਰ ਸਾਹਿਬ ਲਾਂਘੇ ਵਿੱਚ ਅਜਿਹੀ ਕਿਹੜੀ ਸੁਰੱਖਿਆ ਦੀ ਰੁਕਾਵਟ ਹੈ ? ਇਹ ਕੋਈ ਜੰਮੂ-ਕਸ਼ਮੀਰ ਵਰਗੀ ਤਣਾਅਪੂਰਨ ਜਾਂ ਸੰਵੇਦਨਸ਼ੀਲ ਸਰਹੱਦ ਨਹੀਂ ਹੈ, ਸਗੋਂ ਇਹ ਇੱਕ ਆਮ ਲੋਕਾਂ ਦੀ ਹੱਦ ਹੈ। ਇਸ ਲਈ ਸੁਰੱਖਿਆ ਦੇ ਨਾਮ ‘ਤੇ ਖੜ੍ਹੇ ਕੀਤੇ ਜਾ ਰਹੇ ਖ਼ਦਸ਼ੇ ਗ਼ੈਰ-ਵਾਜਬ ਹਨ। ਰਾਸ਼ਟਰੀ ਸੁਰੱਖਿਆ ਨਾਲ ਜੁੜੇ ਜਿਹੜੇ ਅਧਿਕਾਰੀ ਪਹਿਲਾਂ ਪੰਜਾਬ ਪੁਲਿਸ ਦੇ ਮੁਖੀ ਸਨ, ਉਨ੍ਹਾਂ ਨੇ ਵੀ ਪਹਿਲਾਂ ਅਜਿਹਾ ਵਿਵਾਦਤ ਬਿਆਨ ਦਿੱਤਾ ਸੀ ਕਿ ਉੱਥੋਂ ਇੱਕ ਦਿਨ ਵਿੱਚ ਅੱਤਵਾਦੀ ਟ੍ਰੇਨਿੰਗ ਲੈ ਕੇ ਆ ਜਾਣਗੇ। ਇਹ ਸਭ ਉਸੇ ਨਫ਼ਰਤੀ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ। ਅਸਲ ਵਿੱਚ ਕੇਂਦਰ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹਣਾ ਹੀ ਨਹੀਂ ਚਾਹੁੰਦੀ, ਪਹਿਲਾਂ ਵੀ ਸਿੱਖਾਂ ਦੇ ਦਬਾਅ ਕਰਕੇ ਹੀ ਇਹ ਲਾਂਘਾ ਖੋਲ੍ਹਿਆ ਗਿਆ ਸੀ। – ਗੰਗਵੀਰ ਰਾਠੌਰ, ਸਿਆਸੀ ਵਿਸ਼ਲੇਸ਼ਕ
“ਲਾਂਘੇ ਨੇ ਵੰਡ ਦੌਰਾਨ ਵਿਛੜੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਾਇਆ“
ਗੰਗਵੀਰ ਕਹਿੰਦੇ ਹਨ ਕਿ, ਮਨੁੱਖਤਾਵਾਦੀ ਨਜ਼ਰੀਏ ਤੋਂ ਵੇਖਿਆ ਜਾਵੇ, ਤਾਂ ਇਹ ਲਾਂਘਾ 1947 ਦੀ ਵੰਡ ਦੌਰਾਨ ਵਿਛੜੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਆਪਸ ਵਿੱਚ ਮਿਲਾਉਣ ਦਾ ਇੱਕ ਵੱਡਾ ਜ਼ਰੀਆ ਬਣਿਆ ਸੀ। ਅਜਿਹੇ ਰਸਤੇ ਨੂੰ ਸੁਰੱਖਿਆ ਦੇ ਚਸ਼ਮੇ ਤੋਂ ਦੇਖਣਾ, ਆਮ ਲੋਕਾਂ ‘ਤੇ ਅੱਤਵਾਦੀ ਹੋਣ ਦਾ ਠੱਪਾ ਲਾਉਣਾ ਜਾਂ ਉਨ੍ਹਾਂ ਦੀਆਂ ਭਾਵਨਾਵਾਂ ‘ਤੇ ਸ਼ੱਕ ਕਰਨਾ ਅਤਿ ਮੰਦਭਾਗਾ ਹੈ। ਇਸ ਲਾਂਘੇ ਨੂੰ ਖੋਲ੍ਹਣ ਲਈ ਪਿਛਲੇ 10-12 ਸਾਲਾਂ ਤੋਂ ਰਾਜਮੋਹਨ ਗਾਂਧੀ ਸਣੇ ਭਾਰਤ ਅਤੇ ਪਾਕਿਸਤਾਨ ਦੇ ਕਈ ਬੁੱਧੀਜੀਵੀਆਂ ਨਾਲ ਮਿਲ ਕੇ ਯਤਨ ਕੀਤੇ ਗਏ ਸਨ। ਇਹ ਲਾਂਘਾ ਜਰਮਨੀ ਦੀ ਦੀਵਾਰ ਡਿੱਗਣ ਵਰਗਾ ਜਾਂ ਯੂਰਪ ਵਿੱਚ ਵਿਸ਼ਵ ਯੁੱਧਾਂ ਤੋਂ ਬਾਅਦ ਖੁੱਲ੍ਹੀਆਂ ਸਰਹੱਦਾਂ ਵਰਗਾ ਇੱਕ ਇਤਿਹਾਸਕ ਕਦਮ ਹੈ। – ਗੰਗਵੀਰ ਰਾਠੌਰ, ਸਿਆਸੀ ਵਿਸ਼ਲੇਸ਼ਕ
“ਨਫ਼ਰਤ ਦਾ ਪ੍ਰਚਾਰ ਬੰਦ ਹੋਣਾ ਚਾਹੀਦਾ“
ਸਿਆਸੀ ਵਿਸ਼ਲੇਸ਼ਕ ਗੰਗਵੀਰ ਰਾਠੌਰ ਮੁਤਾਬਕ, ਜੇਕਰ ਅਸੀਂ ਭਾਰਤ–ਪਾਕਿਸਤਾਨ ਦਾ ਵਧੀਆ ਭਵਿੱਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਤਰੱਕੀ ਚਾਹੁੰਦੇ ਹਾਂ, ਤਾਂ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਵਿਚਕਾਰ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਨਫ਼ਰਤ ਦਾ ਪ੍ਰਚਾਰ ਬੰਦ ਹੋਣਾ ਚਾਹੀਦਾ ਹੈ। ਜਦੋਂ ਤੋਂ ਲਾਂਘਾ ਖੁੱਲ੍ਹਿਆ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਸੁਰੱਖਿਆ ਨੂੰ ਲੈ ਕੇ ਕੋਈ ਵੀ ਸ਼ੱਕੀ ਜਾਂ ਸੰਵੇਦਨਸ਼ੀਲ ਮਾਮਲਾ ਸਾਹਮਣੇ ਨਹੀਂ ਆਇਆ, ਕਿਉਂਕਿ ਉੱਥੇ ਸੁਰੱਖਿਆ ਦੇ ਪੂਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਂਦੀ ਹੈ। ਦੱਖਣੀ ਏਸ਼ੀਆ ਵਿੱਚ ਭਾਰਤ ਸਭ ਤੋਂ ਵੱਡਾ ਮੁਲਕ ਹੈ, ਇਸ ਲਈ ਇੱਕ ‘ਵੱਡਾ ਭਰਾ’ ਹੋਣ ਦੇ ਨਾਤੇ ਖਿੱਤੇ ਵਿੱਚ ਅਮਨ-ਸ਼ਾਂਤੀ ਬਣਾਏ ਰੱਖਣ ਦੀ ਵੱਡੀ ਜ਼ਿੰਮੇਵਾਰੀ ਵੀ ਭਾਰਤ ਸਰਕਾਰ ਦੀ ਹੀ ਬਣਦੀ ਹੈ। ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ ਮਾਨਵਤਾ ਦੇ ਨਾਤੇ ਇਸ ਲਾਂਘੇ ਨੂੰ ਤੁਰੰਤ ਖੋਲ੍ਹ ਦੇਣਾ ਚਾਹੀਦਾ ਹੈ।
ETV BHARAT