‘ਚੰਨੀ ਜ਼ਿੰਦਾਬਾਦ‘ ਦੇ ਲੱਗੇ ਨਾਅਰੇ, ਭੂਪੇਸ਼ ਬਘੇਲ ਨੂੰ ਪੰਜਾਬ ‘ਚੋਂ ਭਜਾਉਣ ਦੀ ਮੰਗ!
ਕਾਂਗਰਸ ਪਾਰਟੀ ਵੱਲੋਂ “ਹਰ ਬੂਥ ਕਾਂਗਰਸ ਮਜ਼ਬੂਤ” ਦੇ ਤਹਿਤ ਅੱਜ ਬਰਨਾਲਾ ਵਿੱਚ ਮੀਟਿੰਗ ਦੌਰਾਨ ਹੋਇਆ ਹੰਗਾਮਾ।
03 ਅੱਗਸਤ, 2026 – ਬਰਨਾਲਾ: 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ “ਹਰ ਬੂਥ ਕਾਂਗਰਸ ਮਜ਼ਬੂਤ” ਦੇ ਤਹਿਤ ਅੱਜ ਬਰਨਾਲਾ ਵਿੱਚ ਮੀਟਿੰਗ ਕੀਤੀ ਜਾ ਰਹੀ ਸੀ। ਇਸ ਮੀਟਿੰਗ ਵਿੱਚ ਪੰਜਾਬ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸੀਨੀਅਰ ਲੀਡਰ ਰਜ਼ੀਆ ਸੁਲਤਾਨਾ ਇਸ ਮੀਟਿੰਗ ਵਿੱਚ ਹਾਜ਼ਰ ਰਹੇ। ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸ ਪਾਰਟੀ ਵਰਕਰਾਂ ਵੱਲੋਂ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਰਕਰਾਂ ਵੱਲੋਂ “ਚੰਨੀ ਜ਼ਿੰਦਾਬਾਦ“ ਦੇ ਨਾਅਰੇ ਲਗਾਏ ਗਏ। ਜਿਸ ਤੋਂ ਬਾਅਦ ਮੀਟਿੰਗ ਵਿੱਚ ਹੰਗਾਮਾ ਹੋਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਬਿਠਾ ਕੇ ਮੀਟਿੰਗ ਮੁੜ ਸ਼ੁਰੂ ਕੀਤੀ ਗਈ।
ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਆਰੇ ਲਗਾਏ ਗਏ
ਕਾਂਗਰਸ ਦੇ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਚਰਨਜੀਤ ਚੰਨੀ ਦੇ ਹੱਕ ਵਿੱਚ ਨਾਅਰਾ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਪੰਜਾਬ ਵਿੱਚ ਬਚਾਉਣਾ ਹੈ ਅਤੇ ਸਰਕਾਰ ਬਣਾਉਣੀ ਹੈ ਤਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਅਤੇ ਪ੍ਰਧਾਨ ਐਲਾਨਿਆ ਜਾਵੇ। ਕਿਹਾ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਪੰਜਾਬ ਵਿੱਚ ਭਜਾਇਆ ਜਾਵੇ।
ਇਸ ਮੌਕੇ ਅਮਰ ਸਿੰਘ ਨੇ ਕਿਹਾ ਕਿ ਉਹ ਇੱਕ ਕੱਟੜ ਕਾਂਗਰਸੀ ਹਨ। ਕਿਹਾ ਕਿ ਜੇਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਕਾਂਗਰਸ ਇਕੱਠੀ ਹੋ ਜਾਵੇਗੀ ਅਤੇ ਕਾਂਗਰਸ ਪਾਰਟੀ ਦਾ ਸੀ.ਐੱਮ. ਜ਼ਰੂਰ ਬਣੇਗਾ। ਉਨ੍ਹਾਂ ਕਿਹਾ ਕਿ 2022 ਵਿੱਚ ਕਾਂਗਰਸ ਪਾਰਟੀ ਦੇ ਖਾਤੇ ਵਿੱਚ 18 ਸੀਟਾਂ ਆਈਆਂ ਸਨ, ਜੇਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ 100 ਸੀਟਾਂ ਆਉਣ ਦੀ ਉਮੀਦ ਹੈ।
ਚੰਨੀ ਦੇ ਪੱਖ ਵਿੱਚ ਬੋਲੇ ਕਾਂਗਰਸ ਵਰਕਰ
ਇਸ ਮੌਕੇ ਕਾਂਗਰਸ ਦੇ ਪ੍ਰੋਗਰਾਮ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੱਖ ਵਿੱਚ ਆਵਾਜ਼ ਉਠਾਉਣ ਵਾਲੇ ਕਾਂਗਰਸ ਵਰਕਰ ਭੋਲਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਵੀ ਚਰਨਜੀਤ ਚੰਨੀ ਦੇ ਪੱਖ ਵਿੱਚ ਨਾਅਰੇ ਲਗਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਨੂੰ ਬਚਾਉਣਾ ਹੈ ਅਤੇ ਸਰਕਾਰ ਬਣਾਉਣੀ ਹੈ ਤਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਅਤੇ ਪ੍ਰਧਾਨ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਪੰਜਾਬ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ।
ਉੱਥੇ ਹੀ ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਅਤੇ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਪਾਰਟੀ ਦੇ ਹੀ ਸਾਬਕਾ ਮੁੱਖ ਮੰਤਰੀ ਜਾਂ ਸੀਨੀਅਰ ਲੀਡਰਾਂ ਜਿਵੇਂ ਪ੍ਰਤਾਪ ਸਿੰਘ ਬਾਜਵਾ ਜਾਂ ਸ਼ਮਸ਼ੇਰ ਸਿੰਘ ਦੁੱਲੋ ਦੇ ਹੱਕ ਵਿੱਚ ਨਾਅਰੇ ਲੱਗ ਵੀ ਜਾਂਦੇ ਹਨ, ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ। ਆਗੂਆਂ ਨੇ ਇਲਜ਼ਾਮ ਲਾਇਆ ਕਿ ਮੀਡੀਆ ਦਾ ਇੱਕ ਹਿੱਸਾ ਅਤੇ ਮੌਜੂਦਾ ‘ਆਪ’ ਸਰਕਾਰ ਇਸ ਮੁੱਦੇ ਨੂੰ ਐਵੇਂ ਤੂਲ ਦੇ ਰਹੇ ਹਨ। ਜਿਵੇਂ ਕਾਂਗਰਸ ਦੀ ਮੀਟਿੰਗ ਵਿੱਚ ਕੋਈ ਦੇਸ਼-ਵਿਰੋਧੀ ਨਾਅਰਾ ਲੱਗ ਗਿਆ ਹੋਵੇ।
“ਕੋਈ ਵੀ ਚੈਨਲ ਇਹ ਨਹੀਂ ਦਿਖਾ ਰਿਹਾ ਕਿ ਮੀਟਿੰਗ ਦੌਰਾਨ ਪ੍ਰਧਾਨ ਰਾਜਾ ਵੜਿੰਗ ਅਤੇ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਭਾਸ਼ਣ ਬਹੁਤ ਹੀ ਸ਼ਾਂਤਮਈ ਮਾਹੌਲ ਵਿੱਚ ਸੁਣੇ ਗਏ ਅਤੇ ਵਰਕਰਾਂ ਨੇ ਤਾਲੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।” –ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਪ੍ਰਧਾਨ
ਆਗੂਆਂ ਨੇ ਖ਼ਦਸ਼ਾ ਜ਼ਾਹਰ ਕੀਤਾ
ਨਾਅਰੇਬਾਜ਼ੀ ਕਰਨ ਵਾਲੇ ਵਿਅਕਤੀ ਬਾਰੇ ਗੱਲ ਕਰਦਿਆਂ ਪਾਰਟੀ ਆਗੂਆਂ ਨੇ ਦੱਸਿਆ ਕਿ ਨਾਅਰਾ ਲਗਾਉਣ ਵਾਲਾ ਵਿਅਕਤੀ ਬਾਹਰਲਾ ਵੀ ਹੋ ਸਕਦਾ ਹੈ। ਜਦੋਂ ਸਥਾਨਕ ਆਗੂਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਆਗੂਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਇਹ ਭਗਵੰਤ ਮਾਨ ਸਰਕਾਰ ਵੱਲੋਂ ਭੇਜਿਆ ਕੋਈ ਬੰਦਾ ਵੀ ਹੋ ਸਕਦਾ ਹੈ, ਜੋ ਮੀਟਿੰਗ ਵਿੱਚ ਰੌਲਾ ਪਵਾ ਕੇ ਕਾਂਗਰਸ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਕਾਂਗਰਸੀ ਲੀਡਰਾਂ ਨੇ ਮੀਡੀਆ ਦੀ ਭੂਮਿਕਾ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ੁਤਰਾਨਾ ਤੋਂ 33 ਹਜ਼ਾਰ ਵੋਟਾਂ ਲੈਣ ਵਾਲੀ ਮਹਿਲਾ ਬੀਬੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਵਰਗੀਆਂ ਹਾਂ-ਪੱਖੀ ਖ਼ਬਰਾਂ ਨੂੰ ਅਣਗੌਲਿਆ ਕੀਤਾ ਜਾ ਰਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਿਨ-ਬ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਇੱਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਨਿੱਤਰੇਗੀ।
ETV BHARAT