“ਸਰਦਾਰੋ ਕੁਝ ਤਾਂ ਮੱਥੇ ਨੂੰ ਹੱਥ ਮਾਰੋ…”
ਕਾਕਰੋਚ ਜਨਤਾ ਪਾਰਟੀ ਦੇ ਅੰਮ੍ਰਿਤਸਰ ਇਕੱਠ ‘ਤੇ SGPC ਮੈਂਬਰ ਗਰੇਵਾਲ ਦੀ ਪ੍ਰਤਿਕਿਰਿਆ, ਕਿਹਾ– “ਕੋਈ ਵੀ ਆ ਕੇ ਪੰਜਾਬੀਆਂ ਨੂੰ ਹੱਕ ਕੇ ਲੈ ਜਾਂਦਾ“।
15 ਜੂਨ, 2026 – ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੰਜਾਬ ਅਤੇ ਸਿੱਖ ਨੌਜਵਾਨਾਂ ਦੀ ਸੋਚ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ, ਅੱਜ ਸਮੇਂ ਦੀ ਲੋੜ ਹੈ ਕਿ ਪੰਜਾਬੀ ਖ਼ਾਸ ਕਰਕੇ ਸਿੱਖ ਨੌਜਵਾਨ ਆਪਣੇ ਇਤਿਹਾਸ, ਵਿਰਸੇ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਸੇਧ ਨੂੰ ਯਾਦ ਕਰਨ।
ਹਾਲ ਹੀ ਵਿੱਚ ਇੱਕ ਬਜ਼ੁਰਗ ਨਾਲ ਹੋਈ ਗੱਲਬਾਤ ਨੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇੱਕ ਬਜ਼ੁਰਗ ਨੇ ਉਨ੍ਹਾਂ ਨੂੰ ਕਿਹਾ, “ਸਰਦਾਰੋ, ਕੁਝ ਤਾਂ ਮੱਥੇ ਨੂੰ ਹੱਥ ਮਾਰੋ।” ਇਹ ਗੱਲ ਸੁਣਨ ਵਿੱਚ ਭਾਵੇਂ ਸਧਾਰਨ ਲੱਗਦੀ ਹੈ, ਪਰ ਇਸ ਦੇ ਅਰਥ ਬਹੁਤ ਡੂੰਘੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਅੱਜ ਪੰਜਾਬ ਵਿੱਚ ਜੋ ਵੀ ਨਵਾਂ ਵਿਅਕਤੀ ਜਾਂ ਸੰਗਠਨ ਆਉਂਦਾ ਹੈ, ਲੋਕ ਬਿਨਾਂ ਉਸ ਦੇ ਪਿਛੋਕੜ ਅਤੇ ਵਿਚਾਰਧਾਰਾ ਨੂੰ ਸਮਝੇ ਉਸ ਦੇ ਪਿੱਛੇ ਲੱਗ ਜਾਂਦੇ ਹਨ।
– ਗੁਰਚਰਨ ਸਿੰਘ ਗਰੇਵਾਲ, SGPC ਮੈਂਬਰ
ਨੌਜਵਾਨਾਂ ਨੂੰ ਸਿੱਖ ਇਤਿਹਾਸ ਯਾਦ ਕਰਨ ਲਈ ਕਿਹਾ…
SGPC ਗੁਰਚਰਨ ਸਿੰਘ ਗਰੇਵਾਲ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਹੋਏ ਕਾਕਰੋਚ ਜਨਤਾ ਪਾਰਟੀ ਦੇ ਇਕੱਠ ਦਾ ਜ਼ਿਕਰ ਕਰਦਿਆਂ ਕਿਹਾ ਕਿ, “ਕੁਝ ਨੌਜਵਾਨਾਂ ਵੱਲੋਂ ਉਸ ਪਾਰਟੀ ਦੇ ਆਗੂ ਦੇ ਹੱਕ ਵਿੱਚ ਜੈਕਾਰੇ ਲਗਾਉਣੇ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ, ਪੰਜਾਬ ਦੀ ਧਰਤੀ ਹਮੇਸ਼ਾ ਅਗਵਾਈ ਕਰਨ ਵਾਲੀ ਰਹੀ ਹੈ ਅਤੇ ਇੱਥੇ ਦੇ ਲੋਕਾਂ ਨੇ ਜ਼ੁਲਮ ਦੇ ਖ਼ਿਲਾਫ਼ ਡਟ ਕੇ ਲੜਾਈਆਂ ਲੜੀਆਂ ਹਨ, ਪਰ ਅੱਜ ਲੋਕ ਆਪਣੇ ਇਤਿਹਾਸ ਨੂੰ ਭੁੱਲਦੇ ਨਜ਼ਰ ਆ ਰਹੇ ਹਨ। ਗਰੇਵਾਲ ਨੇ ਸਿੱਖ ਇਤਿਹਾਸ ਦੀਆਂ ਮਿਸਾਲਾਂ ਦਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ, ਮੱਸਾ ਰੰਗੜ, ਨਾਦਰ ਸ਼ਾਹ ਅਤੇ ਅੰਗਰੇਜ਼ੀ ਹਕੂਮਤ ਦੇ ਦੌਰ ਦੀਆਂ ਘਟਨਾਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਜ਼ੁਲਮ ਦਾ ਮੁਕਾਬਲਾ ਕੀਤਾ ਅਤੇ ਦੁਨੀਆ ਨੂੰ ਅਗਵਾਈ ਦਿੱਤੀ ਹੈ।”
“ਕਿਸੇ ਵੀ ਵਿਅਕਤੀ ਜਾਂ ਲਹਿਰ ਦਾ ਪਹਿਲਾਂ ਮਕਸਦ ਸਮਝੋ“
SGPC ਮੈਂਬਰ ਗਰੇਵਾਲ ਨੇ ਕਿਹਾ ਕਿ, ‘ਪੰਜਾਬੀਆਂ ਨੂੰ ਆਪਣੇ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਅਤੇ ਸਿਧਾਂਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੱਤਰਕਾਰ ਦੀ ਦਸਤਾਰ ਨਾਲ ਬੇਅਦਬੀ ਦੀ ਕੋਸ਼ਿਸ਼ ਵਰਗੀਆਂ ਘਟਨਾਵਾਂ ਪੰਜਾਬ ਦੇ ਸੱਭਿਆਚਾਰ ਅਤੇ ਮਰਿਆਦਾ ਲਈ ਚੰਗਾ ਸੰਕੇਤ ਨਹੀਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਅਕਤੀ ਜਾਂ ਲਹਿਰ ਦੇ ਪਿੱਛੇ ਲੱਗਣ ਤੋਂ ਪਹਿਲਾਂ ਉਸ ਦੇ ਮਕਸਦ ਅਤੇ ਪਿਛੋਕੜ ਨੂੰ ਸਮਝਣ।’
ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ, ‘ਜਿਹੜੀਆਂ ਕੌਮਾਂ ਆਪਣਾ ਇਤਿਹਾਸ ਅਤੇ ਵਿਰਸਾ ਭੁੱਲ ਜਾਂਦੀਆਂ ਹਨ, ਉਹ ਸਮੇਂ ਦੇ ਨਾਲ ਇਤਿਹਾਸ ਦੇ ਸਫ਼ਿਆਂ ਤੋਂ ਗਾਇਬ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ, ਖਾਲਸਾ ਅਤੇ ਸਿੱਖੀ ਕਦੇ ਨਹੀਂ ਮਿਟਣਗੇ, ਪਰ ਅੱਜ ਦੀ ਪੀੜ੍ਹੀ ਇਤਿਹਾਸ ਵਿੱਚ ਕਿਹੋ ਜਿਹਾ ਰੋਲ ਨਿਭਾਉਂਦੀ ਹੈ, ਇਹ ਆਉਣ ਵਾਲਾ ਸਮਾਂ ਤੈਅ ਕਰੇਗਾ।‘
ਕਾਕਰੋਚ ਜਨਤਾ ਪਾਰਟੀ ਦਾ ਅੰਮ੍ਰਿਤਸਰ ਵਿੱਚ ਇੱਕਠ
ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਪਾਰਟੀ ਦੇ ਮੁੱਖ ਆਗੂ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਇੱਕ ਇਕੱਠ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ ਅਤੇ ਕੁੜੀਆਂ ਸ਼ਾਮਲ ਹੋਏ। ਨੌਜਵਾਨਾਂ ਵਿੱਚ ਪਾਰਟੀ ਦੇ ਵਿਚਾਰ ਸੁਣਨ ਅਤੇ ਆਗੂਆਂ ਨਾਲ ਮੁਲਾਕਾਤ ਕਰਨ ਲਈ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਪਾਰਟੀ ਦੇ ਮੁੱਖ ਆਗੂ ਅਭਜੀਤ ਦੀਪੀਕੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੀ ਦੇ ਪੁੱਜੇ ਜਿੱਥੇ ਉਹਨਾਂ ਨੇ ਗੁਰੂ ਘਰ ਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਭਿਜੀਤ ਦੀਪਕੇ ਨੇ ਦੇਸ਼ ਵਿੱਚ ਹੋਏ ਨੀਟ ਅਤੇ ਸੀਬੀਐਸਈ ਪ੍ਰੀਖਿਆਵਾਂ ਨਾਲ ਜੁੜੇ ਪੇਪਰ ਲੀਕ ਮਾਮਲਿਆਂ ਨੂੰ ਗੰਭੀਰ ਦੱਸਦੇ ਹੋਏ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ।
ETV BHARAT