ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ ਤਾਂ ਜੋ ਬੇਮੌਸਮੀ ਬਰਸਾਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।
20 ਅਪ੍ਰੈਲ, 2026 – ਚੰਡੀਗੜ੍ਹ: ਬੇਮੌਸਮੇ ਮੀਂਹ ਕਰਕੇ ਖ਼ਰਾਬ ਹੋਈ ਕਣਕ ਲਈ ਕਿਸਾਨਾਂ ਨੂੰ ਰਾਹਤ ਦੇਣ ਲਈ ਭਾਰਤ ਸਰਕਾਰ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਣਕ ਖਰੀਦ ਦੇ ਮਿਆਰਾਂ ਵਿੱਚ ਬਹੁਤ ਵੱਡੀ ਢਿੱਲ ਦੇ ਦਿੱਤੀ ਹੈ ਤਾਂ ਜੋ ਕਿਸਾਨ ਆਪਣੀ ਕਣਕ ਘੱਟ ਰੇਟ ਉੱਤੇ ਵੇਚਣ ਲਈ ਮਜਬੂਰ ਨਾ ਹੋਣ ਅਤੇ ਸਰਕਾਰ ਵੀ ਖਰੀਦ ਸਕੇ। ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵਾਰ ਬੇਮੌਸਮੇ ਮੀਂਹ ਕਰਕੇ ਕਣਕ ਦੀ ਫ਼ਸਲ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਕਰਕੇ ਕਣਕ ਦੀ ਗੁਣਵੱਤਾ ਘਟ ਗਈ ਹੈ।
‘ਕਿਸਾਨਾਂ ਲਈ ਰਾਹਤ‘
ਕਣਕ ਕਣਕ ਦੀ ਗੁਣਵੱਤਾ ਘਟਣ ਕਰਕੇ ਕਿਸਾਨਾਂ ਨੂੰ ਆਮ ਤੌਰ ਉੱਤੇ ਕਣਕ ਵੇਚਣ ਵਿੱਚ ਮੁਸ਼ਕਿਲ ਆ ਰਹੀ ਸੀ ਅਤੇ ਉਨ੍ਹਾਂ ਨੂੰ ਉਪਜ ਘੱਟ ਰੇਟ ਉੱਤੇ ਵੇਚਣੀ ਪੈ ਰਹੀ ਸੀ। ਇਸ ਤਕਲੀਫ਼ ਨੂੰ ਘਟਾਉਣ ਲਈ ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ RMS 2026-27 ਵਿੱਚ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਣਕ ਖਰੀਦ ਲਈ ਖ਼ਾਸ ਢਿੱਲ ਦਿੱਤੀ ਜਾਵੇਗੀ। ਇਹ ਢਿੱਲ 17 ਅਪ੍ਰੈਲ 2026 ਤੋਂ ਲਾਗੂ ਹੋ ਗਈ ਹੈ।
‘ਢਿੱਲ ਦੀ ਬੇਨਤੀ ਮਨਜ਼ੂਰ‘
ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਮੰਤਰੀ ਪ੍ਰਹਲਾਦ ਜੋਸ਼ੀ ਵੱਲੋਂ ਇੱਕ ਹੁਕਮ ਦੀ ਕਾਪੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ। ਜਿਸ ਨੂੰ ਮੋਸਟ ਅਰਜੈਂਟ ਮੰਨਿਆ ਗਿਆ ਹੈ। ਇਹ ਹੁਕਮ ਪੰਜਾਬ ਸਰਕਾਰ ਦੇ ਵਧੀਕ ਸਕੱਤਰ, ਫੂਡ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਚੰਡੀਗੜ੍ਹ (ਯੂ.ਟੀ.) ਦੇ ਸਕੱਤਰ, ਫੂਡ ਐਂਡ ਸਪਲਾਈਜ਼ ਨੂੰ ਜਾਰੀ ਕੀਤਾ ਗਿਆ ਹੈ। ਜਿਸ ਦੇ ਰਾਹੀਂ ਹਾੜ੍ਹੀ ਮਾਰਕੀਟਿੰਗ ਸੀਜ਼ਨ 2026-27 ਵਿੱਚ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਣਕ ਖਰੀਦ ਲਈ ਯੂਨੀਫਾਰਮ ਸਪੈਸੀਫਿਕੇਸ਼ਨਾਂ ਵਿੱਚ ਢਿੱਲ ਦੀ ਬੇਨਤੀ ਮਨਜ਼ੂਰ ਕਰ ਲਈ ਗਈ ਹੈ।
ਕਣਕ ਖ਼ਰੀਦ ਵਿੱਚ ਦਿੱਤੀ ਛੂਟ
- ਲੱਸਟਰ ਲੌਸ (ਬਦਰੰਗ ਦਾਣਾ) ਵਾਲੀ ਕਣਕ- ਆਮ ਤੌਰ ਤੇ ਇਸ ਦੀ ਲਿਮਿਟ ਘੱਟ ਹੁੰਦੀ ਹੈ ਪਰ ਇਸ ਵਾਰ 70% ਤੱਕ ਬਦਰੰਗ ਦਾਣੇ ਵਾਲੀ ਕਣਕ ਵੀ ਖਰੀਦੀ ਜਾਵੇਗੀ (ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ)।
- ਸੁੰਗੜਿਆ ਅਤੇ ਟੁੱਟਿਆ ਦਾਣਾ (Shrivelled & Broken grains)- ਆਮ ਲਿਮਿਟ 6% ਹੈ ਪਰ ਇਸ ਵਾਰ 15% ਤੱਕ ਢਿੱਲ ਦਿੱਤੀ ਗਈ ਹੈ।
- ਡੈਮੇਜਡ ਅਤੇ ਸਲਾਈਟਲੀ ਡੈਮੇਜਡ ਕਣਕ – ਖ਼ਰਾਬਾ ਦੋਵਾਂ ਨੂੰ ਮਿਲਾ ਕੇ 6% ਤੋਂ ਵੱਧ ਨਹੀਂ ਹੋਣਾ ਚਾਹੀਦਾ।
ਹੋਰ ਮਹੱਤਵਪੂਰਨ ਸ਼ਰਤਾਂ
ਇਸ ਢਿੱਲ ਵਾਲੀ ਕਣਕ ਨੂੰ ਵੱਖ ਤੋਂ ਸਟੈਕ ਕੀਤਾ ਜਾਵੇਗਾ ਅਤੇ ਖਾਤੇ ਵਿੱਚ ਵੀ ਵੱਖ ਰੱਖਿਆ ਜਾਵੇਗਾ।
ਇਸ ਕਣਕ ਨੂੰ ਭੰਡਾਰਨ (Storage) ਦੌਰਾਨ ਜੇਕਰ ਕੋਈ ਖ਼ਰਾਬੀ ਆਉਂਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਯੂ.ਟੀ. ਦੀ ਹੋਵੇਗੀ।
ਇਹ ਢਿੱਲ ਵਾਲੀ ਕਣਕ ਪਹਿਲ ਦੇ ਆਧਾਰ ਤੇ ਵੇਚੀ/ਲਿਕਵੀਡੇਟ ਕੀਤੀ ਜਾਵੇਗੀ।
ਇਸ ਢਿੱਲ ਕਾਰਨ ਜੋ ਵੀ ਵਿੱਤੀ ਜਾਂ ਆਪਰੇਸ਼ਨਲ ਨੁਕਸਾਨ ਹੋਵੇਗਾ, ਉਸ ਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੀ ਹੀ ਹੋਵੇਗੀ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਾਂਝੀ ਕੀਤੀ ਵੀਡੀਓ
ਇਸੇ ਸਬੰਧੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਪਣੇ X ਅਕਾਉਂਟ ‘ਤੇ ਵੀਡੀਓ ਜਾਰੀ ਦੱਸਿਆ ਕਿ ਪੰਜਾਬ ਵਿੱਚ ਜੋ ਮੀਂਹ ਹਨੇਰੀ ਤੂਫਾਨਾਂ ਨਾਲ ਕਿਸਾਨਾਂ ਨੂੰ ਤਕਲੀਫ ਆਈ ਹੈ। ਉਸੇ ਸਬੰਧੀ ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਮੰਤਰੀ ਪ੍ਰਹਲਾਦ ਜੋਸ਼ੀ ਵੱਲੋਂ ਇੱਕ ਹੁਕਮ ਦੀ ਕਾਪੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ। ਪਰ ਇਸ ਦੇ ਲਈ ਸਿਆਸਤ ਨਹੀਂ ਕਰਨੀ ਚਾਹੀਦੀ। ਪੰਜਾਬ ਦੇ ਲੋਕਾਂ ਦੇ ਮਨ ਵਿੱਚ ਖਾਸ ਕਰਕੇ ਵਹਿਮ ਪਾ ਦਿੱਤਾ ਜਾਂਦਾ। ਮੈਂ ਵਾਰ-ਵਾਰ ਕਿਹਾ ਸੀ ਕੀ ਖਰੀਦ ਨਾ ਬੰਦ ਕਰੋ, ਕਿਉਂਕਿ ਚਿੱਠੀ ਪਹੁੰਚਾਉਣੀ ਸਾਡੀ ਜ਼ਿੰਮੇਦਾਰੀ ਹੈ।
“ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿੰਨੀਆਂ ਵੀ ਖਰੀਦ ਏਜੰਸੀਆਂ ਨੇ ਖਰੀਦ ਪੂਰੀ ਕਰੋ, ਪੈਸਾ ਤੁਹਾਡੇ ਕੋਲ ਹੈ, ਛੂਟ ਤੁਹਾਨੂੰ ਮਿਲ ਗਈ, ਬਾਰਦਾਨਾ ਤੁਹਾਡੇ ਕੋਲ ਹੈ, ਹੁਣ ਤੁਸੀਂ ਕਿਸੇ ਚੀਜ਼ ਦੀ ਕਮੀ ਨਾ ਛੱਡਿਓ। ਇਹ ਜ਼ਿੰਮੇਦਾਰੀ ਹੁਣ ਪੰਜਾਬ ਸਰਕਾਰ ਦੀ ਹੈ ਕਿਉਂਕਿ ਇਨ੍ਹਾਂ ਨੇ ਫਿਰ ਕੋਈ ਨਾ ਕੋਈ ਬਹਾਨਾ ਲਗਾ ਕੇ ਕਿਸਾਨ ਯੂਨੀਅਨ ਨੂੰ ਖੱਜਲ–ਖੁਆਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਪਰ ਅਸੀਂ ਨਿਗ੍ਹਾ ਬਣਾਈ ਹੋਈ ਹੈ, ਖ਼ਾਸ ਕਰਕੇ ਕਣਕ ਦੀ ਖਰੀਦ ਦੇ ਮਾਮਲੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕਿਸੇ ਪਾਸੇ ਕੋਈ ਢਿੱਲ ਦਿਖਾਈ ਦਿੱਤੀ ਤਾਂ ਮੈਂ ਉੱਥੋਂ ਦੇ ਡੀਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਸਾਰੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ। ਜੇਕਰ ਕਿਸੇ ਮੰਡੀ ਵਿੱਚ ਕੋਈ ਖਰਾਬੀ ਫੜੀ ਗਈ ਤਾਂ ਜ਼ਿੰਮੇਦਾਰੀ ਤੁਹਾਡੀ ਹੋਵੇਗੀ।”- ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ
ETV BHARAT