ED is harassing small Hindu traders in Punjab: ‘ਆਪ‘ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਐਕਸ ਪੋਸਟ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਤੰਜ ਕੱਸੇ ਜਾ ਰਹੇ ਹਨ।
11 ਜੂਨ, 2026 – ਲੁਧਿਆਣਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਈ ਗਈ ਸੋਸ਼ਲ ਮੀਡੀਆ ਪੋਸਟ ‘ਤੇ ਸਿਆਸੀ ਬਵਾਲ ਹੋ ਗਿਆ ਹੈ। ਬੀਤੇ ਕੱਲ੍ਹ (9 ਜੂਨ 2026) ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਐਕਸ ਖਾਤੇ ‘ਤੇ ਲਿਖਿਆ ਸੀ ਕਿ ‘ਪੰਜਾਬ ਚ ਹਿੰਦੂ ਵਪਾਰੀਆਂ ਉੱਤੇ ਈ ਡੀ ਰੇਡ ਕਰ ਰਹੀ ਹੈ ਜਿਨ੍ਹਾਂ ਨੂੰ ਈ ਡੀ ਤੰਗ ਪਰੇਸ਼ਾਨ ਕਰ ਰਹੀ ਹੈ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪੂਰਾ ਪੰਜਾਬ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ‘। ਇਸ ਪੋਸਟ ਨੂੰ ਲੈਕੇ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ, ਵਿਰੋਧੀ ਪਾਰਟੀਆਂ ਵੱਲੋਂ ਇਸ ‘ਤੇ ਸਵਾਲ ਖੜ੍ਹੇ ਕੀਤੇ ਗਏ। ਉਨ੍ਹਾਂ ਕੇਜਰੀਵਾਲ ਉੱਤੇ ਪੰਜਾਬ ਨੂੰ ਵੰਡਣ ਦੇ ਇਲਜ਼ਾਮ ਲਾਏ ਹਨ, ਇੱਥੋਂ ਤੱਕ ਕਿ ਭਾਜਪਾ ਦੇ ਸੀਨੀਅਰ ਲੀਡਰ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਿਖਿਆ ਹੈ ਕਿ ‘ਕੇਜਰੀਵਾਲ ਜੀ ਭਗਵੰਤ ਮਾਨ ਜੀ ਜਿਹੜੀ ਅੱਗ ਤੁਸੀਂ ਬੁਝਾ ਨਹੀਂ ਸਕਦੇ ਉਹ ਨਾ ਲਾਓ‘।
ਸੁਨੀਲ ਜਾਖੜ ਨੇ ਕਿਹਾ ਕਿ ‘ਕੇਜਰੀਵਾਲ ਜੀ / ਭਗਵੰਤ ਮਾਨ ਜੀ , ਜਿਹੜੀ ਅੱਗ ਤੁਸੀਂ ਬੁਝਾ ਨਹੀਂ ਸਕਦੇ, ਉਹ ਲਾਓ ਨਾ ਪੰਜਾਬ ਨੂੰ ਧਰਮਾਂ ਦੇ ਨਾਂ ‘ਤੇ ਵੰਡਣ ਦੀ ਇਹ ਗੰਦੀ ਰਾਜਨੀਤੀ ਤੋਂ ਬਾਜ ਆਓ। ਪੰਜਾਬ ਗੁਰੂ ਸਾਹਿਬਾਨ ਵੱਲੋਂ ਦਿੱਤੇ “ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ” ਦੇ ਰੱਬੀ ਸਿਧਾਂਤ ‘ਤੇ ਚਲਦਾ ਹੈ।‘
ਕਾਂਗਰਸ ਦਾ ਅਰਵਿੰਦ ਕੇਜਰੀਵਾਲ ਉੱਤੇ ਵਾਰ
ਇਸ ਮਾਮਲੇ ਨੂੰ ਲੈਕੇ ਕਾਂਗਰਸ ਦੇ ਆਗੂ ਸਿਮਰਨਜੀਤ ਸਿੰਘ ਬੈਂਸ ਨੇ ਵੀ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਕਿਹਾ ਕਿ ‘ਹਿੰਦੂ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਪੰਜਾਬ ਵਿੱਚ ਹੈ ਅਤੇ ਇਸ ਸਾਂਝ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇ ਬਿਆਨ ਸੋਸ਼ਲ ਮੀਡੀਆ ‘ਤੇ ਦੇਣਾ ਹਿੰਦੂ ਕਾਰੋਬਾਰੀ, ਖਾਸ ਕਰਕੇ ਲਿਖਣਾ ਇਹ ਬੜੀ ਹੀ ਮੰਦਭਾਗੀ ਗੱਲ ਹੈ। ਸਾਡੇ ਪੰਜਾਬ ਵਿੱਚ ਇਸ ਤਰ੍ਹਾਂ ਦੀ ਭਾਸ਼ਾ ਲਿਖਣਾ ਬੇੱਹਦ ਮੰਦਭਾਗਾ ਹੈ, ਪੰਜਾਬ ਵਿੱਚ ਜੋ ਅੱਜ ਕਾਨੂੰਨ ਵਿਵਸਥਾ ਹੈ ਉਹ ਕਿਸੇ ਤੋਂ ਲੁਕੀ ਨਹੀਂ ਹੈ। ਉਸ ਬਾਰੇ ਸਾਰੇ ਜਾਣਦੇ ਹਨ ਕਿਸ ਤਰ੍ਹਾਂ ਹਲਾਤ ਖਰਾਬ ਹੋ ਚੁੱਕੇ ਹਨ। ਉਸ ਬਾਰੇ ਤਾਂ ਕੋਈ ਉਹ ਗੱਲ ਨਹੀਂ ਕਰਦੇ।‘
ਦੂਜੇ ਪਾਸੇ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਬਲੀਏਵਾਲ ਨੇ ਵੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੇ ਗਏ ਇਸ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਸਵਾਲ ਕਰਦਿਆਂ ਕਿਹਾ ਕਿ ‘ਈਡੀ ਦਾ ਡਰ ਕਿਉਂ ਹੈ? ਖਾਸ ਕਰਕੇ ਤੁਸੀਂ ਹਿੰਦੂ ਵਪਾਰੀ ‘ਤੇ ਲਿਖਿਆ ਹੈ ਕਿ ਹੁਣ ਸਾਰੇ ਆਪਣੀ ਫੈਕਟਰੀਆਂ ‘ਤੇ ਲਿਖ ਦੇਣ ਕਿ ਹਿੰਦੂ ਕੌਣ ਹੈ, ਸਿੱਖ ਕੌਣ ਹੈ ਅਤੇ ਮੁਸਲਮਾਨ ਕੌਣ ਹੈ। ਆਮ ਆਦਮੀ ਪਾਰਟੀ ਦੇ ਖੁਦ ਦੇ ਆਗੂ ਭਾਵੇਂ ਉਹ ਰਮਨ ਅਰੋੜਾ ਹੋਵੇ ਭਾਵੇਂ ਉਹ ਅਮਿਤ ਹੋਵੇ ਉਹ ਵੀ ਤਾਂ ਹਿੰਦੂ ਆਗੂ ਹੀ ਸਨ ਤਾਂ ਉਨ੍ਹਾਂ ‘ਤੇ ਕਿਉਂ ਵਿਜੀਲੈਂਸ ਦੀਆਂ ਛਾਪੇਮਾਰੀਆਂ ਕਰਵਾਈਆਂ ਉਨ੍ਹਾਂ ‘ਤੇ ਹਿੰਦੂ ਹੋਣ ਕਰਕੇ ਛਾਪੇਮਾਰੀਆਂ ਕਰਵਾਈਆਂ ਸਨ ਜਾਂ ਫਿਰ ਭ੍ਰਿਸ਼ਟਾਚਾਕੀ ਹੋਣ ਕਰਕੇ, ਜਿਨ੍ਹਾਂ ਨਾਲ ਬਾਅਦ ਦੇ ਵਿੱਚ ਹੱਥ ਵੀ ਮਿਲਾ ਲਿਆ ਸੀ, ਕਿਸ ਗੱਲ ਦਾ ਜਵਾਬ ਕੇਜਰੀਵਾਲ ਨੂੰ ਦੇਣਾ ਚਾਹੀਦਾ ਹੈ‘।
ETV BHARAT