
ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ। ਰਾਵੀ ਦਰਿਆ ਦੇ ਕੰਢੇ ਇਸ ਅਸਥਾਨ ‘ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਜਿਸ ਅਸਥਾਨ ਪੁਰ ਸਿੱਖਾਂ ਅਤੇ ਹਿੰਦੂਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਦੇਹ ਦਾ ਸਸਕਾਰ ਕੀਤਾ ਸੀ।
ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ, ਜੋ ਸਤਿਗੁਰਾਂ ਨੇ ਸੰਮਤ 1561 ਵਿਚ ਵਸਾਇਆ ਸੀ, ਜੋਤੀ ਜੋਤਿ ਸਮਾਏ ਸਨ। ਇਸ ਪਵਿੱਤਰ ਅਸਥਾਨ ਤੇ ਦੇਸ਼ਾਂਤਰਾਂ ਵਿਚ ਧਰਮ ਦਾ ਉਪਦੇਸ਼ ਦੇਣ ਉਪਰੰਤ ਸਤਿਗੁਰੂ ਜੀ ਨੇ ਸੰਮਤ 1579 ਵਿਚ ਰਹਾਇਸ਼ ਕੀਤੀ ਸੀ। ਭਾਈ ਗੁਰਦਾਸ ਜੀ ਲਿਖਦੇ ਹਨ :
“ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ।।
ਪਹਿਰ ਸੰਸਾਰੀ ਕਪੜੇ, ਮੰਜੀ ਬੈਠ ਕੀਆ ਅਵਤਾਰਾ।।
ਇਸ ਨਗਰ ਦੇ ਵਸਾਉਣ ਵਿਚ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮੱਲ) ਦਾ ਉੱਦਮ ਹੋਇਆ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾ ਕੇ ਧਰਮਸ਼ਾਲ ਬਣਵਾਈ। ਬਾਬਾ ਲਹਿਣਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਕਰਤਾਰਪੁਰ ਸਾਹਿਬ ਵਿਖੇ ਅਕਤੂਬਰ-ਨਵੰਬਰ ਸੰਨ 1532 ਵਿਚ ਹੋਇਆ। ਰੂਹ ਨੂੰ ਅਜਿਹੀ ਖਿੱਚ ਪਈ ਕਿ ਉਹ ਗੁਰ ਚਰਨ-ਕਮਲਾਂ ਦੇ ਭੌਰੇ ਹੋ ਗਏ। ਪਰਿਵਾਰਕ ਜ਼ਿੰਮੇਵਾਰੀਆਂ ਤੋਂ ਜਦੋਂ ਵੀ ਮੌਕਾ ਮਿਲਦਾ, ਖਡੂਰ ਸਾਹਿਬ ਤੋਂ ਕਰਤਾਰਪੁਰ ਪਹੁੰਚ ਜਾਂਦੇ। ਗੁਰੂ ਨਾਨਕ ਦੇਵ ਜੀ ਵੀ ਮਾਝੇ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਬਾਬਾ ਲਹਿਣਾ ਜੀ ਪਾਸ ਖਡੂਰ ਸਾਹਿਬ ਠਹਿਰਦੇ ਸਨ। ਸਮੇਂ ਨਾਲ ਭਾਈ ਲਹਿਣਾ ਜੀ ਦਾ ਕਰਤਾਰਪੁਰ ਵਿਖੇ ਠਹਿਰਨ ਦਾ ਵਕਤ ਵਧਦਾ ਗਿਆ। ਕਰਤਾਰਪੁਰ ਰਹਿੰਦਿਆਂ ਅੰਮ੍ਰਿਤ ਵੇਲੇ ਸੰਗਤਾਂ ਉੱਠਦੀਆਂ ਤੇ ਗੁਰੂ ਨਾਨਕ ਦੇਵ ਜੀ ਦੇ ਰਚੇ ਸ਼ਬਦ ਪੜ੍ਹਦੀਆਂ। ਸ਼ਾਮ ਵੇਲੇ ਸੋਦਰ ਤੇ ਆਰਤੀ ਦਾ ਪਾਠ ਹੁੰਦਾ ਸੀ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 38ਵੀਂ ਪਾਉੜੀ ਵਿਚ ਦਰਜ ਹੈ :
ਸੋਦਰ ਆਰਤੀ ਗਾਵੀਐ,
ਅੰਮ੍ਰਿਤ ਵੇਲੇ ਜਾਪ ਉਚਾਰਾ।।
ਅੰਮ੍ਰਿਤ ਵੇਲੇ ਪਾਠ ਕਰਨ ਲਈ ਕੋਈ ਨਿਸ਼ਚਿਤ ਬਾਣੀ ਨਹੀਂ ਸੀ। ਮਿਹਰਬਾਨ ਵਾਲੀ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਮਨ ਵਿਚ ਖ਼ਿਆਲ ਆਇਆ ਕਿ ਇਕ ਬਾਣੀ ਇਸ ਤਰ੍ਹਾਂਂ ਦੀ ਹੋਣੀ ਚਾਹੀਦੀ ਹੈ ਜੋ ਵਿਸ਼ੇਸ਼ ਅੰਮ੍ਰਿਤ ਵੇਲੇ ਸੰਗਤਾਂ ਪੜ੍ਹਨ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਬਚਨ ਕੀਤਾ ਕਿ ਉਨ੍ਹਾਂ ਦੀ ਰਚਨਾ ਵਿੱਚੋਂ ਇਕ ਜਪੁ ਸੰਗ੍ਰਹਿ ਕਰਨਾ ਹੈ ਜੋ ਆਪਣੇ ਆਪ ਵਿਚ ਇਕ ਸੰਪੂਰਣ ਰਚਨਾ ਹੋਵੇ। ਗੁਰੂ ਸਾਹਿਬ ਨੇ ਆਪਣੀ ਰਚੀ ਬਾਣੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤੇ ਆਗਿਆ ਕੀਤੀ ਕਿ ਇਨ੍ਹਾਂ ਵਿੱਚੋਂ ਅਕਾਲ ਪੁਰਖ ਦੀ ਉਸਤਤ ਦੀਆਂ ਪਉੜੀਆਂ ਨੂੰ ਵੱਖ ਕਰਨ। ਇਸ ਸੰਗ੍ਰਹਿ ਦਾ ਮੁੱਢ ਗੁਰੂ ਸਾਹਿਬ ਨੇ ਇਨ੍ਹਾਂ
ਸ਼ਬਦਾਂ ਨਾਲ ਕੀਤਾ :
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।
ਭਾਈ ਲਹਿਣਾ ਜੀ ਨੇ ਪਾਉੜੀਆਂ ਦੀ ਚੋਣ ਆਰੰਭ ਦਿੱਤੀ। ਭਾਈ ਲਹਿਣਾ ਜੀ ਹਰ ਰੋਜ਼ ਅੰਮ੍ਰਿਤ ਵੇਲੇ ਪਾਉੜੀਆਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਉਂਦੇ। ਗੁਰੂ ਸਾਹਿਬ ਭਾਈ ਲਹਿਣਾ ਜੀ ਦੀ ਚੋਣ ਨੂੰ ਬਹੁਤ ਧਿਆਨ ਨਾਲ ਵੇਖਦੇ। ਇਸ ਤਰ੍ਹਾਂ ਫਿਰ ਇਕ ਦਿਨ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸਾਰੀ ਰਚਨਾ ਵਿੱਚੋਂ 38 ਪਾਉੜੀਆਂ ਚੁਣ ਕੇ ਅੰਮ੍ਰਿਤ ਵੇਲੇ ਬਾਬਾ ਜੀ ਨੂੰ ਸੁਣਾਈਆਂ। ਇਹ 38 ਪਾਉੜੀਆਂ ਦੀ ਚੋਣ ਬਾਬਾ ਜੀ ਨੇ ਪ੍ਰਵਾਨ ਕਰ ਲਈ। ਇਸ ਤਰ੍ਹਾਂ ਜਪੁਜੀ ਸਾਹਿਬ ਜਿਸ ਵਿਚ ਅਠੱਤੀ ਪਾਉੜੀਆਂ ਅਤੇ ਸਲੋਕ ਹਨ, ਦੀ ਮੌਜੂਦਾ ਤਰਤੀਬ ਹੋਂਦ ਵਿਚ ਆਈ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪੜ੍ਹਦੇ ਹੋਏ ਬਾਣੀ ਨੂੰ ਪੂਰਨ ਰੂਪ ਵਿਚ ਧਾਰਨ ਕਰ ਲਿਆ। ਉਨ੍ਹਾਂ ਦਾ ਅੰਤਰੀਵ ਬਾਣੀ ਸਰੂਪ ਹੋ ਗਿਆ। ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਆਪਣੇ ਗਲ਼ ਲਾਇਆ ਤੇ ਆਖਿਆ, ”ਤੇਰੇ ਮੇਰੇ ਵਿਚ ਕੋਈ ਵਿੱਥ ਨਹੀਂ ਰਹੀ।” ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦਾ ਨਵਾਂ ਨਾਂ ਧਰ ਦਿੱਤਾ- ਅੰਗਦ। ਜੀਵਨ ਤਬਦੀਲ ਕਰ ਦਿੱਤਾ, ਨਾਂ ਵੀ ਤਬਦੀਲ ਕਰ ਦਿੱਤਾ।
ਆਪਣਾ ਜੋਤੀ ਜੋਤਿ ਸਮਾਉਣ ਦਾ ਸਮਾਂ ਨੇੜੇ ਜਾਣ ਕੇ 2 ਅੱਸੂ ਸੰਮਤ 1596, ਮੁਤਾਬਿਕ 2 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੀ ਨੇ ਸਭ ਪਰਿਵਾਰ ਨੂੰ ਇਕੱਠਾ ਕੀਤਾ। ਪਿੰਡ ਦੇ ਸਭ ਲੋਕਾਂ ਨੂੰ ਸੱਦਿਆ ਤੇ ਸਾਰਿਆਂ ਦੇ ਸਾਹਮਣੇ ਭਾਈ ਲਹਿਣਾ ਜੀ ਅੱਗੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ। ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਕੇ ਆਪਣੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ। ਉਹ ਪੋਥੀ, ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਅਤੇ ਬਾਬਾ ਫ਼ਰੀਦ ਜੀ, ਭਗਤ ਨਾਮਦੇਵ, ਭਗਤ ਕਬੀਰ, ਰਵਿਦਾਸ ਜੀ ਸਮੇਤ ਸਾਰੇ ਭਗਤਾਂ ਦੀ ਬਾਣੀ ਲਿਖ ਕੇ ਰੱਖੀ ਹੋਈ ਸੀ, ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ। ਵਲਾਇਤ ਵਾਲੀ ਜਨਮ ਸਾਖੀ ਵਿਚ ਲਿਖਿਆ ਹੈ, “ਤਿਤੁ ਮਹਲਿ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ।”
ਭਾਈ ਕਰਮ ਸਿੰਘ ਰਚਿਤ ‘ਗੁਰੂ ਪੁਰਬ ਨਿਰਣਯ’ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਸਰੀਰਕ ਤੌਰ ਤੇ ਉਮਰ ਸੱਤਰ ਸਾਲ, ਪੰਜ ਮਹੀਨੇ, ਤਿੰਨ ਦਿਨ ਸੀ। ਵਲਾਇਤ ਵਾਲੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ‘ਚ ਦਰਜ ਹੈ ਕਿ ਆਪ ਜੀ 23 ਅੱਸੂ ਸੰਮਤ 1596, ਮੁਤਾਬਕ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤਿ ਸਮਾਏ। ਵਲਾਇਤ ਵਾਲੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ‘ਚ ਅੰਕਿਤ ਹੈ ਕਿ ਜਦੋਂ ਗੁਰੂ ਜੀ ਜੋਤੀ ਜੋਤਿ ਸਮਾਏ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝਗੜਾ ਹੋ ਗਿਆ। ਹਿੰਦੂ ਕਹਿਣ ਕਿ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਗੁਰੂ ਹਨ, ਉਨ੍ਹਾਂ ਦੀ ਦੇਹ ਦਾ ਸਸਕਾਰ ਕਰਨਾ ਹੈ। ਮੁਸਲਮਾਨ ਦਾਅਵਾ ਕਰਨ ਕਿ ਗੁਰੂ ਨਾਨਕ ਦੇਵ ਜੀ ਮੁਸਲਮਾਨਾਂ ਦੇ ਪੀਰ ਹਨ ਤੇ ਉਨ੍ਹਾਂ ਦੀ ਦੇਹ ਨੂੰ ਦਫ਼ਨਾਉਣਾ ਹੈ। ਪ੍ਰੰਤੂ ਮਿਹਰਬਾਨ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਹਿੰਦੂਆਂ ਤੇ ਮੁਸਲਮਾਨਾਂ ਦੇ ਝਗੜੇ ਵਾਲਾ ਬਿਰਤਾਂਤ ਦਰਜ ਨਹੀਂ ਹੈ।
ਵਲਾਇਤ ਵਾਲੀ ਜਨਮ ਸਾਖੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਲਿਖੀ ਗਈ। ਇਸੇ ਸਮੇਂ ‘ਦਬਿਸਤਾਨ-ਇ-ਮਜ਼ਾਹਬ’ ਪੁਸਤਕ ਲਿਖੀ ਗਈ, ਜਿਸ ਵਿਚ ਇੰਨ-ਬਿੰਨ ਹਿੰਦੂ-ਮੁਸਲਮਾਨਾਂ ਦੇ ਝਗੜੇ ਵਾਲੀ ਗੱਲ ਕਬੀਰ ਸਾਹਿਬ ਦੇ ਦਿਹਾਂਤ ਮਗਰੋਂ ਲਿਖੀ ਹੋਈ ਹੈ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਉਨ੍ਹਾਂ ਦਾ ਪਰਿਵਾਰ ਬਾਬਾ ਸ੍ਰੀਚੰਦ, ਬਾਬਾ ਲਖਮੀ ਦਾਸ ਤੇ ਉਨ੍ਹਾਂ ਦੀ ਸੁਪਤਨੀ ਮਾਤਾ ਸੁਲੱਖਣੀ ਜੀ ਕਰਤਾਰਪੁਰ ਸਾਹਿਬ ਹੀ ਮੌਜੂਦ ਸਨ। ਅੰਤਮ ਸਸਕਾਰ ਦਾ ਹੱਕ ਪਰਿਵਾਰ ਦਾ ਹੁੰਦਾ ਹੈ। ਇਤਿਹਾਸਕਾਰ ਕਿਰਪਾਲ ਸਿੰਘ ਰਚਿਤ ਜਨਮ ਸਾਖੀ ਪਰੰਪਰਾ ਵਿਚ ਦਰਜ ਹੈ ਕਿ ਉਨ੍ਹਾਂ (ਪਰਿਵਾਰ) ਦੇ ਹੁੰਦਿਆਂ ਹਿੰਦੂ ਤੇ ਮੁਸਲਮਾਨਾਂ ਦਾ ਝਗੜਾ ਸੰਭਵ ਨਹੀਂ ਜਾਪਦਾ। ਗੁਰੂ ਨਾਨਕ ਦੇਵ ਜੀ ਦੀ ਸਿੱਖਿਆ, ਸਿਧਾਂਤ, ਫਲਸਫ਼ਾ ਅਤੇ ਵਿਚਾਰ, ਜੋ ਉਨ੍ਹਾਂ ਦੀ ਰਚੀ ਬਾਣੀ ਵਿਚ ਹੈ, ਨਿਰੋਲ ਮਾਨਵੀ ਅਤੇ ਕੁਦਰਤ ਅਨੁਸਾਰੀ ਹਨ। ਇਸ ਉੱਤਮ ਮਾਰਗ ਦੀ ਅਨੁਯਾਈ ਸਮੁੱਚੀ ਮਾਨਵਤਾ ਨੇ ਜ਼ਾਤ-ਪਾਤ, ਇਲਾਕੇ ਅਤੇ ਧਾਰਮਿਕ ਵਖਰੇਵਿਆਂ ਨੂੰ ਲਾਂਭੇ ਰੱਖ ਕੇ ਗੁਰੂ ਨਾਨਕ ਦੇਵ ਜੀ ਦਾ ਸ਼ਰਧਾ ਭਾਵਨਾ ਸਹਿਤ ਸਤਿਕਾਰ ਸਨਮਾਨ ਨੂੰ ਆਪਣੇ ਹਿਰਦਿਆਂ ‘ਚ ਪੱਕਾ ਵਸਾ ਲਿਆ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਤਾਂ ਹਿੰਦੂ ਮੁਸਲਮਾਨਾਂ ਸਮੇਤ ਸਾਰੇ ਧਰਮਾਂ ਦੇ ਲੋਕ ਵਿਜੋਗੀ ਮਾਨਸਿਕ ਅਵਸਥਾ ਵਿਚ ਸਨ।
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਲਿਖਦੇ ਹਨ ਕਿ ਅੰਤਮ ਸੰਸਕਾਰ ਕਰਨ ਲਈ ਸਿੱਖ, ਹਿੰਦੂ ਅਤੇ ਮੁਸਲਮਾਨਾਂ ਦਾ ਪਰਸਪਰ ਬਹੁਤ ਵਿਵਾਦ ਹੋਇਆ ਕਿਉਂਕਿ ਇਹ ਸਭ ਜਗਤ ਗੁਰੂ ਨੂੰ ਕੇਵਲ ਆਪਣਾ ਗੁਰੂ ਪੀਰ ਮੰਨਦੇ ਸਨ।।ਅੰਤ ਨੂੰ ਗੁਰੂ ਸਾਹਿਬ ਦਾ ਵਸਤਰ ਲੈ ਕੇ ਮੁਸਲਮਾਨਾਂ ਨੇ ਕਬਰ ਬਣਾਈ ਅਤੇ ਸਿੱਖਾਂ ਹਿੰਦੂਆਂ ਨੇ ਸਸਕਾਰ ਕੀਤਾ। ਗੁਰੂ ਅਰਜਨ ਦੇਵ ਜੀ ਰਾਗ ਗਾਉੜੀ ‘ਚ ਫ਼ੁਰਮਾਉਂਦੇ ਹਨ :
ਹਰਖ ਅਨੰਤ ਸੋਗ ਨਹੀ ਥੀਆ,
ਸੋ ਘਰੁ ਗੁਰਿ ਨਾਨਕ ਕਉ ਦੀਆ।।
ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ। ਰਾਵੀ ਦਰਿਆ ਦੇ ਕੰਢੇ ਇਸ ਅਸਥਾਨ ‘ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਜਿਸ ਅਸਥਾਨ ਪੁਰ ਸਿੱਖਾਂ ਅਤੇ ਹਿੰਦੂਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਦੇਹ ਦਾ ਸਸਕਾਰ ਕੀਤਾ ਸੀ, ਉਸ ਜਗ੍ਹਾ ਸਮਾਧ ਬਣਾ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰ ਦਿੱਤੀ। ਉਸੇ ਅਸਥਾਨ ਤੋਂ 5-7 ਗਜ਼ ਹਟ ਕੇ ਜਿੱਥੇ ਮੁਸਲਮਾਨ ਸ਼ਰਧਾਲੂਆਂ ਨੇ ਗੁਰੂ ਸਾਹਿਬ ਦੇ ਵਸਤਰਾਂ ਨੂੰ ਦਫ਼ਨਾਇਆ ਸੀ, ਉਸ ਕਬਰ ‘ਤੇ ਸੁੰਦਰ ਮਜ਼ਾਰ ਸੁਸ਼ੋਭਿਤ ਹੈ।
ਇਸ ਪਵਿੱਤਰ ਅਸਥਾਨ ਦੀ ਖ਼ਾਸੀਅਤ ਹੈ ਕਿ ਗੁਰਦੁਆਰਾ ਸਾਹਿਬ ਅਤੇ ਮਜ਼ਾਰ ਸਾਹਿਬ ਇਕੱਠੇ ਹਨ। ਸੰਨ 1919 ਵਿਚ ਰਾਵੀ ਦਰਿਆ ਵਿਚ ਆਏ ਹੜ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰ ਇਤਿਹਾਸਕ ਇਮਾਰਤ ਲਈ ਖ਼ਤਰਾ ਪੈਦਾ ਕਰ ਦਿੱਤਾ। ਸਿੱਖ ਸੰਗਤ ਦੇ ਸਹਿਯੋਗ ਸਦਕਾ ਮਹਾਰਾਜਾ ਪਟਿਆਲਾ ਸਰ ਭੁਪਿੰਦਰ ਸਿੰਘ ਨੇ ਇਕ ਲੱਖ ਪੈਂਤੀ ਹਜ਼ਾਰ ਛੇ ਸੌ ਰੁਪਏ ਖ਼ਰਚ ਕੇ ਮੌਜੂਦਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਤਿਆਰ ਕਰਨ ਦੀ ਸੇਵਾ ਕੀਤੀ ਅਤੇ ਦਰਿਆ ਰਾਵੀ ਤੇ ਕਰਤਾਰਪੁਰ ਸਾਹਿਬ ਵੱਲ ਬੰਨ੍ਹ ਬੰਨਿਆ।
9 ਨਵੰਬਰ 2019 ਵਾਲੇ ਸੁਭਾਗੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਸਦਰ ਇਮਰਾਨ ਖ਼ਾਨ ਨੇ ਗੁਰੂ ਨਾਨਕ ਦੇਵ ਜੀ ਦੇ ਮਾਨਵੀ ਸਾਂਝੀਵਾਲਤਾ ਦੇ ਸੰਦੇਸ਼ ‘ਤੇ ਅਮਲ ਕਰਦਿਆਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਉਦਘਾਟਨ ਕੀਤਾ। ਕੋਵਿਡ-19 ਕਾਰਨ ਬੰਦ ਹੋਏ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੜ ਖੁੱਲ੍ਹਣ ਲਈ ਸੰਗਤਾਂ ਬੜੀ ਤਾਂਘ ਨਾਲ ਉਡੀਕ ਕਰ ਰਹੀਆਂ ਹਨ।
– ਪ੍ਰਿੰ. ਕੁਲਵੰਤ ਸਿੰਘ ਅਣਖੀ
98158-40755
ਪੰਜਾਬੀ ਜਾਗਰਣ