ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਵਿੱਚ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਵਾਲੇ ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ।
08 ਅਗਸਤ, 2026 – ਚੰਡੀਗੜ੍ਹ: NFHS-6 (2023–24) ਦੇ ਨਵੇਂ ਅੰਕੜਿਆਂ ਨੇ ਸਿਹਤ ਮਾਹਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਰਿਪੋਰਟ ਮੁਤਾਬਕ, ਪੰਜਾਬ ਵਿੱਚ ਛੇ ਮਹੀਨੇ ਤੋਂ ਘੱਟ ਉਮਰ ਦੇ ਸਿਰਫ਼ 51 ਫ਼ੀਸਦੀ ਬੱਚਿਆਂ ਨੂੰ ਹੀ ਪੂਰੀ ਤਰ੍ਹਾਂ ਮਾਂ ਦਾ ਦੁੱਧ ਮਿਲ ਰਿਹਾ ਹੈ, ਜਦਕਿ ਬਾਕੀ ਅੱਧੇ ਬੱਚੇ ਇਸ ਤੋਂ ਵਾਂਝੇ ਹਨ। ਡਬਲਯੂ.ਐਚ.ਓ. (WHO) ਦੀਆਂ ਹਦਾਇਤਾਂ ਦੇ ਬਾਵਜੂਦ ਇਹ ਦਰ ਘਟਣਾ ਇੱਕ ਗੰਭੀਰ ਵਿਸ਼ਾ ਹੈ।
ਸਵਾਲ ਇਹ ਉੱਠਦਾ ਹੈ ਕਿ ਆਪਣੀ ਖੁਸ਼ਹਾਲੀ ਅਤੇ ਸਿਹਤਮੰਦ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਪੰਜਾਬ ਵਿੱਚ ਅਜਿਹੀ ਨੌਬਤ ਕਿਉਂ ਆਈ? ਕੀ ਇਹ ਸਿਰਫ਼ ਅਣਗਹਿਲੀ ਹੈ ਜਾਂ ਇਸ ਦੇ ਪਿੱਛੇ ਕੋਈ ਡੂੰਘਾ ਸਮਾਜਿਕ ਅਤੇ ਡਾਕਟਰੀ ਸੰਕਟ ਲੁਕਿਆ ਹੋਇਆ ਹੈ? ‘ਈਟੀਵੀ ਭਾਰਤ’ ਦੀ ਇਸ ਖ਼ਾਸ ਰਿਪੋਰਟ ਵਿੱਚ ਆਓ ਇਨ੍ਹਾਂ ਸਾਰੇ ਤੱਥਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ…
ਮਾਂ ਦਾ ਦੁੱਧ ਵਰਦਾਨ– ਇਸ ਵਰਦਾਨ ਤੋਂ ਵਾਂਝੇ ਨਵਜੰਮੇ ਬੱਚੇ ?
ਨੈਸ਼ਨਲ ਫੈਮਿਲੀ ਹੈਲਥ ਸਰਵੇ-6 (NFHS-6) 2023-24 ਰਿਪੋਰਟ ਵਿੱਚ ਪੰਜਾਬ ਦੇ ਬ੍ਰੈਸਟਫੀਡਿੰਗ ਨਾਲ ਜੁੜੇ ਅੰਕੜੇ ਸਾਹਮਣੇ ਆਏ ਹਨ। ਇਸ ਰਿਪੋਰਟ ਮੁਤਾਬਿਕ ਸੂਬੇ ਵਿੱਚ ਸਿਰਫ਼ 38.2 ਫੀਸਦੀ ਨਵਜੰਮੇ ਬੱਚਿਆਂ ਨੂੰ ਜਨਮ ਦੇ ਪਹਿਲੇ ਇੱਕ ਘੰਟੇ ਅੰਦਰ ਮਾਂ ਦਾ ਦੁੱਧ ਮਿਲਦਾ ਹੈ, ਜਦਕਿ 6 ਮਹੀਨੇ ਤੋਂ ਘੱਟ ਉਮਰ ਦੇ ਕੇਵਲ 51 ਫੀਸਦੀ ਬੱਚਿਆਂ ਨੂੰ ਹੀ ਸਿਰਫ਼ ਮਾਂ ਦਾ ਦੁੱਧ ਮਿਲ ਰਿਹਾ ਹੈ। ਇਸ ਤੋਂ ਇਲਾਵਾ 92.8 ਫੀਸਦੀ ਬੱਚੇ 6 ਮਹੀਨੇ ਤੋਂ ਘੱਟ ਉਮਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਬ੍ਰੈਸਟਫੀਡ ਹੋ ਰਹੇ ਹਨ, 58.2 ਫੀਸਦੀ ਬੱਚਿਆਂ ਨੂੰ 6–8 ਮਹੀਨੇ ਦੀ ਉਮਰ ਵਿੱਚ ਮਾਂ ਦੇ ਦੁੱਧ ਨਾਲ ਠੋਸ ਜਾਂ ਅਰਧ-ਠੋਸ ਖੁਰਾਕ ਮਿਲ ਰਹੀ ਹੈ, ਪਰ 6–23 ਮਹੀਨੇ ਦੇ ਸਿਰਫ਼ 11.8 ਫੀਸਦੀ ਬੱਚਿਆਂ ਨੂੰ ਹੀ ਉਮਰ ਅਨੁਸਾਰ ਲੋੜੀਂਦੀ ਖੁਰਾਕ ਮਿਲ ਰਹੀ ਹੈ।
ਬਾਕੀ ਸੂਬਿਆਂ ਦੇ ਮੁਕਾਬਲੇ ਕੀ ਹੈ ਪੰਜਾਬ ਦੀ ਸਥਿਤੀ ?
NFHS-6 (2023–24) ਦੇ ਅਧਾਰ ‘ਤੇ ਜੇ ਪੰਜਾਬ ਦੀ ਹੋਰ ਸੂਬਿਆਂ ਨਾਲ ਤੁਲਨਾ ਕਰੀਏ ਤਾਂ ਪੰਜਾਬ ਵਿਚ ਬ੍ਰੈਸਟ ਫੀਡਿੰਗ ਦੀ ਦਰ ਕਈ ਸੂਬਿਆਂ ਤੋਂ ਪਿੱਛੇ ਹੈ। ਜਨਮ ਤੋਂ ਇੱਕ ਘੰਟੇ ਅੰਦਰ ਮਾਂ ਦਾ ਦੁੱਧ ਪਿਲਾਉਣ ਦੇ ਮਾਮਲੇ ਵਿੱਚ ਪੰਜਾਬ ਦਾ ਅੰਕੜਾ 38.2% ਹੈ, ਜਦਕਿ ਆਂਧਰਾ ਪ੍ਰਦੇਸ਼ 67.2%, ਕੇਰਲ ਲਗਭਗ 65%, ਉਡੀਸ਼ਾ 60% ਤੋਂ ਵੱਧ ਅਤੇ ਦੇਸ਼ ਦੀ ਔਸਤ 50.1% ਹੈ। ਇਸੇ ਤਰ੍ਹਾਂ ਪਹਿਲੇ 6 ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਦੇ ਮਾਮਲੇ ਵਿੱਚ ਪੰਜਾਬ 51% ‘ਤੇ ਹੈ, ਜਦਕਿ ਦੇਸ਼ ਦੀ ਔਸਤ 55.8% ਹੈ ਅਤੇ ਆਂਧਰਾ ਪ੍ਰਦੇਸ਼ 69.5% ਤੱਕ ਪਹੁੰਚਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਾਂ ਦਾ ਦੁੱਧ ਪਿਲਾਉਣ ਦੀ ਸ਼ੁਰੂਆਤ ਅਤੇ ਪਹਿਲੇ ਛੇ ਮਹੀਨਿਆਂ ਤੱਕ ਸਿਰਫ਼ ਬ੍ਰੈਸਟਫੀਡਿੰਗ ਦੇ ਮਾਮਲੇ ਵਿੱਚ ਪੰਜਾਬ ਕਈ ਸੂਬਿਆਂ ਅਤੇ ਰਾਸ਼ਟਰੀ ਔਸਤ ਤੋਂ ਪਿੱਛੇ ਹੈ।
ਪਹਿਲਾਂ ਕਿਸ ਤਰ੍ਹਾਂ ਦੀ ਸਥਿਤੀ ਸੀ ?
ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS) ਦੇ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਬ੍ਰੈਸਟਫੀਡਿੰਗ ਦੀ ਸਥਿਤੀ ਵਿੱਚ ਸਮੇਂ ਦੇ ਨਾਲ ਉਤਾਰ-ਚੜ੍ਹਾਅ ਆਇਆ ਹੈ। NFHS-4 (2015–16) ਵਿੱਚ ਜਨਮ ਤੋਂ ਪਹਿਲੇ ਇੱਕ ਘੰਟੇ ਅੰਦਰ ਮਾਂ ਦਾ ਦੁੱਧ ਪਿਲਾਉਣ ਦੀ ਦਰ 30.7 ਫੀਸਦੀ ਸੀ, ਜੋ NFHS-5 (2019–21) ਵਿੱਚ ਵਧ ਕੇ 53.1 ਫੀਸਦੀ ਹੋ ਗਈ। ਹਾਲਾਂਕਿ, ਤਾਜ਼ਾ NFHS-6 (2023–24) ਵਿੱਚ ਇਹ ਦਰ ਘਟ ਕੇ 38.2 ਫੀਸਦੀ ਰਹਿ ਗਈ। ਇਸੇ ਤਰ੍ਹਾਂ ਪਹਿਲੇ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ (Exclusive Breastfeeding) ਪੀਣ ਵਾਲੇ ਬੱਚਿਆਂ ਦੀ ਦਰ NFHS-4 ਵਿੱਚ 53 ਫੀਸਦੀ, NFHS-5 ਵਿੱਚ 55.5 ਫੀਸਦੀ ਅਤੇ NFHS-6 ਵਿੱਚ ਘਟ ਕੇ 51 ਫੀਸਦੀ ਦਰਜ ਕੀਤੀ ਗਈ ਹੈ।
ਮਾਂ ਦੇ ਦੁੱਧ ਲਈ WHO ਦੀਆਂ ਸਿਫਾਰਸ਼ਾਂ
ਵਿਸ਼ਵ ਸਿਹਤ ਸੰਗਠਨ (WHO) ਅਤੇ ਯੂਨੀਸੇਫ਼ (UNICEF) ਮੁਤਾਬਕ ਬ੍ਰੈਸਟਫੀਡਿੰਗ ਬੱਚੇ ਦੇ ਜੀਵਨ ਦੀ ਸ਼ੁਰੂਆਤ ਲਈ ਸਭ ਤੋਂ ਮਹੱਤਵਪੂਰਨ ਪੋਸ਼ਣ ਹੈ। WHO ਸਿਫ਼ਾਰਸ਼ ਕਰਦਾ ਹੈ ਕਿ ਜਨਮ ਤੋਂ ਤੁਰੰਤ ਬਾਅਦ ਮਾਂ ਅਤੇ ਬੱਚੇ ਨੂੰ ਸਕਿਨ-ਟੂ-ਸਕਿਨ ਸੰਪਰਕ ਵਿੱਚ ਰੱਖਿਆ ਜਾਵੇ ਅਤੇ ਪਹਿਲੇ ਇੱਕ ਘੰਟੇ ਅੰਦਰ ਬ੍ਰੈਸਟਫੀਡਿੰਗ ਸ਼ੁਰੂ ਕਰਵਾਈ ਜਾਵੇ, ਕਿਉਂਕਿ ਇਸ ਸਮੇਂ ਨਿਕਲਣ ਵਾਲਾ ਪਹਿਲਾ ਗਾੜ੍ਹਾ ਪੀਲਾ ਦੁੱਧ ਬੱਚੇ ਲਈ ਪਹਿਲੇ ਟੀਕੇ ਵਾਂਗ ਕੰਮ ਕਰਦਾ ਹੈ ਅਤੇ ਇਨਫੈਕਸ਼ਨਾਂ ਤੋਂ ਬਚਾਅ ਵਿੱਚ ਮਦਦ ਕਰਦਾ ਹੈ। WHO ਇਹ ਵੀ ਕਹਿੰਦਾ ਹੈ ਕਿ ਪਹਿਲੇ ਛੇ ਮਹੀਨਿਆਂ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਬੱਚੇ ਨੂੰ ਪਾਣੀ, ਸ਼ਹਿਦ, ਘੁੱਟੀ, ਫਾਰਮੂਲਾ ਦੁੱਧ ਜਾਂ ਹੋਰ ਕੋਈ ਖੁਰਾਕ ਨਹੀਂ ਦੇਣੀ ਚਾਹੀਦੀ, ਜਦੋਂ ਤੱਕ ਡਾਕਟਰੀ ਲੋੜ ਨਾ ਹੋਵੇ।
WHO ਮੁਤਾਬਕ, “ਛੇ ਮਹੀਨੇ ਦੀ ਉਮਰ ਤੋਂ ਬਾਅਦ ਬੱਚੇ ਨੂੰ ਉਮਰ ਮੁਤਾਬਕ ਸੁਰੱਖਿਅਤ ਅਤੇ ਪੌਸ਼ਟਿਕ ਪੂਰਕ ਖੁਰਾਕ ਸ਼ੁਰੂ ਕੀਤੀ ਜਾਵੇ, ਪਰ ਇਸ ਦੇ ਨਾਲ–ਨਾਲ ਮਾਂ ਦਾ ਦੁੱਧ ਦੋ ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਜਾਰੀ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। WHO ਮੁਤਾਬਕ ਬੱਚੇ ਨੂੰ ਉਸ ਦੀ ਮੰਗ ਮੁਤਾਬਕ ਦਿਨ ਅਤੇ ਰਾਤ ਕਿਸੇ ਵੀ ਸਮੇਂ ਦੁੱਧ ਪਿਲਾਇਆ ਜਾਣਾ ਚਾਹੀਦਾ ਹੈ ਅਤੇ ਬੇਲੋੜੀ ਬੋਤਲਾਂ, ਟੀਟਾਂ ਜਾਂ ਪੈਸੀਫਾਇਰ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ, ਤਾਂ ਜੋ ਬ੍ਰੈਸਟਫੀਡਿੰਗ ਸਫ਼ਲ ਰਹੇ ਅਤੇ ਬੱਚੇ ਨੂੰ ਵੱਧ ਤੋਂ ਵੱਧ ਸਿਹਤ ਲਾਭ ਮਿਲ ਸਕਣ।”
ਕਿਉਂ ਘਟ ਰਿਹਾ ਹੈ ਬ੍ਰੈਸਟ ਫੀਡਿੰਗ ਦਾ ਰੁਝਾਨ ?
ਲੈਕਟੇਸ਼ਨ ਕੰਸਲਟੈਂਟ ਡਾ. ਅਰਵਿਨ ਕੌਰ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਭਾਵੇਂ ਛਾਤੀ ਦਾ ਦੁੱਧ ਚੁੰਘਾਉਣ ਨੂੰ ਉਤਸ਼ਾਹਿਤ ਕਰਨ ਲਈ ਹਫ਼ਤੇ ਮਨਾਏ ਜਾਂਦੇ ਹਨ, ਪਰ ਫਿਰ ਵੀ ਨੈਸ਼ਨਲ ਹੈਲਥ ਮਿਸ਼ਨ ਦੀ ਰਿਪੋਰਟ ਦੇ ਅੰਕੜੇ ਚਿੰਤਾਜਨਕ ਹਨ। ਉਨ੍ਹਾਂ ਮੁਤਾਬਕ ਛਾਤੀ ਦਾ ਦੁੱਧ ਚੁੰਘਾਉਣ ਦੀ ਘੱਟ ਦਰ ਪਿੱਛੇ ਕਈ ਕਾਰਨ ਹਨ।
“ਸਭ ਤੋਂ ਵੱਡਾ ਕਾਰਨ ਜਾਗਰੂਕਤਾ ਦੀ ਘਾਟ ਹੈ। ਇਸ ਤੋਂ ਇਲਾਵਾ ਸਿਜੇਰੀਅਨ ਡਿਲੀਵਰੀ ਦੇ ਵੱਧ ਰਹੇ ਕੇਸਾਂ ਕਾਰਨ ਕਈ ਮਾਵਾਂ ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਦੁੱਧ ਚੁੰਘਾਉਣ ਲਈ ਸਰੀਰਕ ਤੌਰ ‘ਤੇ ਤਿਆਰ ਨਹੀਂ ਹੁੰਦੀਆਂ। ਕਈ ਮਾਵਾਂ ਇਹ ਵੀ ਸਮਝਦੀਆਂ ਹਨ ਕਿ ਉਨ੍ਹਾਂ ਨੂੰ ਦੁੱਧ ਨਹੀਂ ਆ ਰਿਹਾ, ਜਦਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਮਨੋਵਿਗਿਆਨਕ ਕਾਰਨਾਂ ਨਾਲ ਜੁੜਿਆ ਹੁੰਦਾ ਹੈ। ਇਸ ਦੇ ਨਾਲ ਹੀ, ਜਨਮ ਤੋਂ ਪਹਿਲੇ ਘੰਟੇ (Golden Hour) ਵਿੱਚ ਬੱਚੇ ਨੂੰ ਮਾਂ ਦੀ ਛਾਤੀ ਨਾਲ ਨਾ ਲਗਾਉਣ ਕਾਰਨ ਦੁੱਧ ਬਣਨ ਦੀ ਕੁਦਰਤੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਜੇ ਮਾਂ ਛੇਤੀ ਹੀ ਦੁੱਧ ਚੁੰਘਾਉਣਾ ਬੰਦ ਕਰ ਦਿੰਦੀ ਹੈ ਤਾਂ ਸਮੇਂ ਦੇ ਨਾਲ ਦੁੱਧ ਦਾ ਆਉਣਾ ਵੀ ਘੱਟ ਹੋ ਸਕਦਾ ਹੈ।”–ਡਾ. ਅਰਵਿਨ ਕੌਰ, ਲੈਕਟੇਸ਼ਨ ਕੰਸਲਟੈਂਟ
ਦੁੱਧ ਪਿਆਉਣ ਦੀ ਦਰ ਵਿੱਚ ਕਿਵੇਂ ਕੀਤਾ ਜਾਵੇ ਸੁਧਾਰ ?
ਡਾ. ਅਰਵਿਨ ਕੌਰ ਨੇ ਦੱਸਿਆ ਕਿ “ਅੰਕੜਿਆਂ ਵਿੱਚ ਸੁਧਾਰ ਲਿਆਉਣ ਲਈ ਸਭ ਤੋਂ ਪਹਿਲਾਂ ਹਰ ਮੈਟਰਨਿਟੀ ਹਸਪਤਾਲ ਵਿੱਚ ਗਰਭਵਤੀ ਔਰਤਾਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਖਾਸ ਕਰਕੇ ਉਨ੍ਹਾਂ ਨੂੰ ਜਨਮ ਤੋਂ 1 ਘੰਟੇ (Golden Hour) ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਜਾਵੇ। ਕਿਉਂਕਿ ਇਸ ਸਮੇਂ ਦੌਰਾਨ ਦੁੱਧ ਚੁੰਘਾਉਣ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਵੱਡਾ ਲਾਭ ਹੁੰਦਾ ਹੈ। ਇਸ ਦੇ ਨਾਲ ਹੀ ਓਟੀ (Operation Theatre) ਅਤੇ ਐਲਡੀਆਰ (Labour Delivery Recovery) ਵਿੱਚ ਤਾਇਨਾਤ ਨਰਸਿੰਗ ਸਟਾਫ਼ ਨੂੰ ਵੀ Golden Hour ਵਿੱਚ ਦੁੱਧ ਚੁੰਘਾਉਣ ਬਾਰੇ ਨਿਯਮਿਤ ਸਿਖਲਾਈ ਦਿੱਤੀ ਜਾਵੇ ਤਾਂ ਜੋ ਉਹ ਹਰ ਡਿਲੀਵਰੀ ਤੋਂ ਬਾਅਦ ਇਸ ਨੂੰ ਯਕੀਨੀ ਬਣਾ ਸਕਣ।”
ਸੁਝਾਅ
“ਹਰ ਮਹੀਨੇ ਘੱਟੋ-ਘੱਟ ਇੱਕ ਟ੍ਰੇਨਿੰਗ ਸੈਸ਼ਨ ਜ਼ਰੂਰ ਕਰਵਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੀਡੀਆਟ੍ਰੀਸ਼ੀਅਨ ਅਤੇ ਗਾਇਨੋਕੋਲੋਜਿਸਟ ਵੀ ਇਹ ਯਕੀਨੀ ਬਣਾਉਣ ਕਿ ਹਰ ਨਵਜੰਮੇ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਮਿਲੇ। ਸਿਜੇਰੀਅਨ ਡਿਲੀਵਰੀ ਦੇ ਮਾਮਲਿਆਂ ਵਿੱਚ ਨਰਸਿੰਗ ਸਟਾਫ਼ ਅਤੇ ਪਰਿਵਾਰਕ ਮੈਂਬਰਾਂ ਨੂੰ ਮਾਂ ਦੀ ਪੂਰੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਜਲਦੀ ਤੋਂ ਜਲਦੀ ਬੱਚੇ ਨੂੰ ਦੁੱਧ ਚੁੰਘਾ ਸਕੇ। ਇਸ ਦੇ ਨਾਲ ਹੀ ਮਾਂ ਨੂੰ ਲਗਾਤਾਰ ਹੌਸਲਾ ਦਿੱਤਾ ਜਾਵੇ ਕਿ ਉਹ ਵਾਰ-ਵਾਰ ਬੱਚੇ ਨੂੰ ਦੁੱਧ ਚੁੰਘਾਏ ਜਾਂ ਲੋੜ ਪੈਣ ‘ਤੇ ਬ੍ਰੈਸਟ ਪੰਪ ਦੀ ਵਰਤੋਂ ਕਰੇ। ਅਜਿਹਾ ਕਰਨ ਨਾਲ ਦੁੱਧ ਦਾ ਆਉਣਾ ਵਧਦਾ ਹੈ ਅਤੇ ਜੇ ਕਿਸੇ ਕਾਰਨ ਕਰਕੇ ਦੁੱਧ ਘੱਟ ਹੋ ਗਿਆ ਹੋਵੇ ਤਾਂ ਉਹ ਮੁੜ ਆਮ ਹੋ ਸਕਦਾ ਹੈ।” –ਡਾ. ਅਰਵਿਨ ਕੌਰ, ਲੈਕਟੇਸ਼ਨ ਕੰਸਲਟੈਂਟ
ਬੱਚੇ ਲਈ ਮਾਂ ਦਾ ਦੁੱਧ ਕਿਉਂ ਜ਼ਰੂਰੀ ਹੈ ?
ਡਾ. ਸੌਰਭ ਕਪੂਰ ਕੰਸਲਟੈਂਟ – ਨਿਓਨੈਟੋਲੋਜੀ ਅਤੇ ਪੀਡੀਆਟ੍ਰਿਕਸ (ਬੱਚਿਆਂ ਦੇ ਮਾਹਿਰ) ਨੇ ਮਾਂ ਦੇ ਦੁੱਧ ਨੂੰ ‘ਤਰਲ ਸੋਨਾ’ (Liquid Gold) ਦਾ ਨਾਂ ਦਿੱਤਾ ਇਸ ਦੇ ਅਣਗਿਣਤ ਫਾਇਦਿਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ “ਮਾਂ ਦਾ ਦੁੱਧ ਨਾ ਸਿਰਫ਼ ਬੱਚੇ ਲਈ, ਬਲਕਿ ਮਾਂ ਲਈ ਵੀ ਬਹੁਤ ਫਾਇਦੇਮੰਦ ਹੈ। ਮਾਂ ਦਾ ਦੁੱਧ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਭ ਤੋਂ ਵਧੀਆ ਖੁਰਾਕ ਹੈ।”
- ਮਾਂ ਦਾ ਦੁੱਧ ਬੱਚੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ। ਜਨਮ ਤੋਂ ਬਾਅਦ ਪਹਿਲੇ ਕੁਝ ਘੰਟਿਆਂ ਵਿੱਚ ਆਉਣ ਵਾਲਾ ਦੁੱਧ (Colostrum) ਖਾਸ ਤੌਰ ‘ਤੇ ਐਂਟੀਬਾਡੀਜ਼ (Antibodies) ਨਾਲ ਭਰਪੂਰ ਹੁੰਦਾ ਹੈ, ਜੋ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਮਾਂ ਦੀ ਉਮਰ ਭਰ ਦੀ ਇਮਿਊਨਿਟੀ ਹੁੰਦੀ ਹੈ ਜੋ ਬੱਚੇ ਨੂੰ ਟਰਾਂਸਫਰ ਹੁੰਦੀ ਹੈ।
- ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਵਿੱਚ ਲਾਈਫਸਟਾਈਲ ਬਿਮਾਰੀਆਂ ਜਿਵੇਂ ਕਿ ਡਾਇਬਟੀਜ਼, ਹਾਈਪਰਟੈਨਸ਼ਨ, ਕਿਡਨੀ ਦੀਆਂ ਸਮੱਸਿਆਵਾਂ, ਸਾਹ ਦੀਆਂ ਸਮੱਸਿਆਵਾਂ, ਅਸਥਮਾ, ਨਮੂਨੀਆ, ਪੇਟ ਦੀਆਂ ਇਨਫੈਕਸ਼ਨਾਂ, ਡਾਇਰੀਆ ਆਦਿ ਦਾ ਖਤਰਾ ਬਹੁਤ ਘੱਟ ਹੁੰਦਾ ਹੈ।
- ਮਾਂ ਦਾ ਦੁੱਧ ਬੱਚੇ ਦੇ ਦਿਮਾਗ ਦੇ ਵਿਕਾਸ ਵਿੱਚ ਮਦਦ ਕਰਦਾ ਹੈ ਅਤੇ ਉਹਨਾਂ ਦਾ ਆਈਕਿਊ ਲੈਵਲ ਬਿਹਤਰ ਹੁੰਦਾ ਹੈ। ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਦਾ ਵਜ਼ਨ ਸਹੀ ਰਹਿੰਦਾ ਹੈ।
ਡਾ. ਸੌਰਭ ਕਪੂਰ ਨੇ ਦੱਸਿਆ ਕਿ “ਅਕਸਰ ਲੋਕ ਸੋਚਦੇ ਹਨ ਕਿ ਬੋਤਲ ਦਾ ਦੁੱਧ ਪੀਣ ਵਾਲੇ ਬੱਚੇ ਜ਼ਿਆਦਾ ਸਿਹਤਮੰਦ (‘ਗੋਲੂ–ਮੋਲੂ‘) ਹੁੰਦੇ ਹਨ, ਪਰ ਇਹ ਸਹੀ ਨਹੀਂ ਹੈ। ਬੱਚੇ ਦਾ ਮਜ਼ਬੂਤ (Internally Strong) ਹੋਣਾ ਜ਼ਿਆਦਾ ਜ਼ਰੂਰੀ ਹੈ।”
ਮਾਂ ਲਈ ਫਾਇਦੇ
“ਸ਼ਰੀਰ ਦੀ ਜ਼ਿਆਦਾ ਪ੍ਰਵਾਹ ਕਰਨ ਵਾਲੀਆਂ ਮਾਵਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਛਾਤੀ ਦਾ ਦੁੱਧ ਚੁੰਘਾਉਣ ਨਾਲ ਮਾਂ ਨੂੰ ਗਰਭ ਅਵਸਥਾ ਦੌਰਾਨ ਵਧੇ ਹੋਏ ਵਜ਼ਨ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਜਿੰਨੀ ਜਲਦੀ ਉਹ ਦੁੱਧ ਚੁੰਘਾਉਣਾ ਸ਼ੁਰੂ ਕਰੇਗੀ, ਓਨੀ ਜਲਦੀ ਉਸ ਦਾ ਵਜ਼ਨ ਘਟੇਗਾ। ਦੁੱਧ ਚੁੰਘਾਉਣ ਦੌਰਾਨ ਮਾਂ ਅਤੇ ਬੱਚੇ ਵਿਚਕਾਰ ਇੱਕ ਖਾਸ ਲਗਾਅ ਪੈਦਾ ਹੁੰਦਾ ਹੈ।” – ਡਾ.ਸੌਰਭ ਕਪੂਰ,ਬੱਚਿਆਂ ਦੇ ਮਾਹਿਰ
ਨੌਕਰੀਪੇਸ਼ਾ ਮਾਵਾਂ ਲਈ ਸਲਾਹ
ਅੱਜ-ਕੱਲ੍ਹ ਬਹੁਤ ਸਾਰੀਆਂ ਔਰਤਾਂ ਕੰਮ ਕਰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਨਹੀਂ ਚੁੰਘਾ ਸਕਦੀਆਂ। ਇਸ ਬਾਰੇ ਗੱਲ ਕਰਦਿਆਂ ਡਾ. ਕਪੂਰ ਨੇ ਕਿਹਾ “ਨੌਕਰੀਪੇਸ਼ਾ ਮਾਵਾਂ ਲਈ ਵੀ ਬੱਚੇ ਨੂੰ ਛਾਤੀ ਦਾ ਦੁੱਧ ਪਿਲਾਉਣਾ ਬਹੁਤ ਸੌਖਾ ਹੈ। ਉਹ ਦੁੱਧ ਨੂੰ ਪੰਪ (Express) ਕਰਕੇ ਫਰਿੱਜ ਵਿੱਚ ਸਟੋਰ ਕਰ ਸਕਦੀਆਂ ਹਨ। ਕਮਰੇ ਦੇ ਤਾਪਮਾਨ ‘ਤੇ ਐਕਸਪ੍ਰੈੱਸ ਕੀਤਾ ਦੁੱਧ 6 ਘੰਟੇ ਤੱਕ ਖਰਾਬ ਨਹੀਂ ਹੁੰਦਾ। ਫਰਿੱਜ (Refrigerator) ਵਿੱਚ ਇਹ 24 ਘੰਟੇ ਤੱਕ ਸੁਰੱਖਿਅਤ ਰਹਿੰਦਾ ਹੈ। ਜਦੋਂ ਮਾਂ ਕੰਮ ‘ਤੇ ਜਾਂਦੀ ਹੈ, ਤਾਂ ਬੱਚੇ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਉਸ ਦੁੱਧ ਨੂੰ ਗਰਮ ਪਾਣੀ ਵਿੱਚ ਰੱਖ ਕੇ (ਸਿੱਧਾ ਅੱਗ ‘ਤੇ ਨਹੀਂ) ਗਰਮ ਕਰ ਸਕਦਾ ਹੈ ਅਤੇ ਬੱਚੇ ਨੂੰ ਪਿਲਾ ਸਕਦਾ ਹੈ।” ਡਾ. ਕਪੂਰ ਮੁਤਾਬਿਕ ਬੱਚੇ ਨੂੰ ਬੋਤਲ ਨਾਲ ਦੁੱਧ ਨਹੀਂ ਪਿਲਾਉਣਾ ਚਾਹੀਦਾ। ਇਸਦੀ ਬਜਾਏ ਕੱਪ, ਚਮਚ ਜਾਂ ‘ਨਿਫਟੀ ਕੱਪ’ (Nifty Cup) ਦੀ ਵਰਤੋਂ ਕਰਨੀ ਚਾਹੀਦੀ ਹੈ।
ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ
ਡਾ. ਕਪੂਰ ਨੇ ਸਪੱਸ਼ਟ ਕੀਤਾ ਕਿ “ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ਼ ਅਤੇ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ (Exclusive Breastfeeding)।” ਉਨ੍ਹਾਂ ਨੇ ਕਿਹਾ ਕਿ ਛੇ ਮਹੀਨੇ ਤੱਕ ਬੱਚੇ ਨੂੰ ਕੋਈ ਵੀ ਹੋਰ ਚੀਜ਼ ਜਿਵੇਂ ਕਿ ਜਨਮ ਘੁੱਟੀ, ਸ਼ਹਿਦ, ਪਾਣੀ, ਜਾਂ ਗ੍ਰਾਈਪ ਵਾਟਰ (Gripe Water) ਆਦਿ ਨਹੀਂ ਦੇਣਾ ਚਾਹੀਦਾ। ਛੇ ਮਹੀਨੇ ਤੋਂ ਬਾਅਦ ਬੱਚੇ ਨੂੰ ਠੋਸ ਖੁਰਾਕ (Solid Food) ਦੇਣੀ ਸ਼ੁਰੂ ਕਰਨੀ ਚਾਹੀਦੀ ਹੈ, ਪਰ ਨਾਲ-ਨਾਲ ਮਾਂ ਦਾ ਦੁੱਧ ਵੀ ਜਾਰੀ ਰੱਖਣਾ ਚਾਹੀਦਾ ਹੈ। ਮਾਂ ਦਾ ਦੁੱਧ 2 ਸਾਲ ਦੀ ਉਮਰ ਤੱਕ ਵੀ ਬੱਚੇ ਨੂੰ ਦਿੱਤਾ ਜਾ ਸਕਦਾ ਹੈ।
ਬੱਚੇ ਨੂੰ ਦੁੱਧ ਪਿਲਾਉਣ ਦਾ ਤਰੀਕਾ
ਪੰਜਾਬ ਦੇ ਜੱਚਾ ਬੱਚਾ ਸਿਹਤ ਖੇਤਰ ਵਿਚ ਲੰਬਾ ਸਮਾਂ ਕੰਮ ਕਰ ਚੁੱਕੇ ਸੇਵਾ ਮੁਕਤ ਸਟਾਫ ਨਰਸ ਜਗਦੀਸ਼ ਕੌਰ ਨੇ ਈਟੀਵੀ ਭਾਰਤ ਨਾਲ ਨਾਲ ਗੱਲਬਾਤ ਕਰਦਿਆਂ ਦੱਸਿਆ ਮਾਂ ਦਾ ਦੁੱਧ ਬੱਚੇ ਲਈ ਹਰ ਹਾਲ ਵਿਚ ਜ਼ਰੂਰੀ ਹੈ ਇਹ ਮਾਂ ਅਤੇ ਬੱਚਾ ਦੋਵਾਂ ਲਈ ਮਹੱਤਵਪੂਰਨ ਹੈ।
- ਜਨਮ ਤੋਂ ਇੱਕ ਘੰਟੇ ਦੇ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰਨਾ ਚਾਹੀਦਾ ਹੈ।
- ਮਾਂ ਨੂੰ ਬੈਠ ਕੇ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ।
- ਜਨਮ ਤੋਂ ਤੁਰੰਤ ਬਾਅਦ ਦੁੱਧ ਪਿਲਾਉਣਾ ਬੱਚੇਦਾਨੀ ਨੂੰ ਜਲਦੀ ਆਪਣੀ ਆਮ ਹਾਲਤ ਵਿੱਚ ਲਿਆਉਣ ਵਿੱਚ ਮਦਦ ਕਰਦਾ ਹੈ ਅਤੇ ਜਨਮ ਤੋਂ ਬਾਅਦ ਹੋਣ ਵਾਲੇ ਖੂਨ ਵਗਣ ਨੂੰ ਘਟਾਉਂਦਾ ਹੈ।
- ਛੇਤੀ ਦੁੱਧ ਪਿਲਾਉਣ ਨਾਲ ਦੁੱਧ ਦਾ ਵਹਾਅ ਵਧੀਆ ਹੁੰਦਾ ਹੈ ਅਤੇ ਦੁੱਧ ਬਣਨ ਦੀ ਪ੍ਰਕਿਰਿਆ ਨੂੰ ਉਤਸ਼ਾਹ ਮਿਲਦਾ ਹੈ।
- ਹਮੇਸ਼ਾ ਸ਼ਾਂਤ ਅਤੇ ਤਣਾਅ-ਰਹਿਤ ਮਾਹੌਲ ਵਿੱਚ ਬੱਚੇ ਨੂੰ ਦੁੱਧ ਪਿਲਾਓ।
- ਬੱਚੇ ਨੂੰ ਦਿਨ ਵਿੱਚ ਘੱਟੋ-ਘੱਟ 6–8 ਵਾਰ ਅਤੇ ਰਾਤ ਨੂੰ 2–3 ਵਾਰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ।
- ਛੇ ਮਹੀਨੇ ਦੀ ਉਮਰ ਤੱਕ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਪਾਣੀ ਜਾਂ ਕੋਈ ਹੋਰ ਤਰਲ ਪਦਾਰਥ ਨਹੀਂ ਦੇਣਾ ਚਾਹੀਦਾ।
- ਛੇ ਮਹੀਨੇ ਪੂਰੇ ਹੋਣ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਪੂਰਕ (ਠੋਸ) ਆਹਾਰ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ।
ETV BHARAT