ਕਿਸਾਨ ਦੀ ਇੱਕ ਗਲਤੀ ਕਾਰਨ ਕਈ ਲੋਕ ਘਰ ਤੋਂ ਬੇਘਰ ਹੋ ਗਏ।
04 ਮਈ, 2026 – ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਨਵਾਂ ਬਾਰੇ ਕੇ ਦੇ ਨੇੜੇ ਬਣੀਆਂ ਝੁੱਗੀਆਂ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਗ ਨਾਲ ਚਾਰ ਤੋਂ ਪੰਜ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਤੇ ਉਨ੍ਹਾਂ ‘ਚ ਰੱਖਿਆ ਹੋਇਆ ਕੀਮਤੀ ਸਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ। ਹਾਲਾਂਕਿ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਬਜ਼ੁਰਗ ਜੋ ਝੁੱਗੀ ‘ਚ ਬੈਠ ਕੇ ਖਾਣਾ ਖਾ ਰਿਹਾ ਸੀ, ਜਿਸ ਨੂੰ ਲੋਕਾਂ ਨੇ ਬੜੀ ਮਿਹਨਤ ਨਾਲ ਸਮਾਂ ਰਹਿੰਦੇ ਬਾਹਰ ਕੱਢ ਲਿਆ।
ਨਾੜ ਨੂੰ ਲਗਾਈ ਅੱਗ ਦਾ ਭਾਂਬੜ
ਜਾਣਕਾਰੀ ਮੁਤਾਬਕ “ਝੁੱਗੀਆਂ ਦੇ ਨੇੜੇ ਖੇਤਾਂ ਵਿੱਚ ਕਿਸਾਨ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਸੀ। ਹਵਾ ਤੇਜ਼ ਹੋਣ ਕਾਰਨ ਨਾੜ ਦੀ ਅੱਗ ਖੇਤਾਂ ਦੇ ਕੋਲ ਬਣੀਆਂ ਝੁੱਗੀਆਂ ਵਿੱਚ ਪਹੁੰਚ ਗਈ, ਜਿਨ੍ਹਾਂ ਨੇ ਝੁੱਗੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇੱਕਦਮ ਅੱਗ ਲੱਗਣ ਨਾਲ ਉਥੇ ਭਾਜੜ ਮੱਚ ਗਈ ਅਤੇ ਲੋਕ ਆਪਣੀ ਜਾਨ ਬਚਾਣ ਲਈ ਬਾਹਰ ਭੱਜਣ ਲੱਗੇ। ਉੱਥੇ ਹੀ ਜਦੋਂ ਅੱਗ ਲੱਗੀ ਤਾਂ ਇੱਕ ਬਜ਼ੁਰਗ ਅੰਦਰ ਰੋਟੀ ਖਾ ਰਿਹਾ ਸੀ, ਜੋ ਅੰਦਰ ਹੀ ਫਸ ਗਿਆ। ਜਿਸ ਨੂੰ ਬੜੀ ਮੁਸ਼ਕਿਲ ਨਾਲ ਲੋਕਾਂ ਨੇ ਬਾਹਰ ਕੱਢਿਆ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਝੁਗੀਆਂ ਵਿੱਚ ਲੱਗੀ ਅੱਗ ਨੂੰ ਬੁਝਾਇਆ ਗਿਆ।”
ਕਈ ਝੁੱਗੀਆਂ ਸੜ ਕੇ ਸੁਆਹ
ਕਰੀਬ 30 ਤੋਂ 40 ਹੋਰ ਝੁੱਗੀਆਂ ਵੀ ਨੇ ਪਰ ਗਨੀਮਤ ਰਹੀ ਕਿ ਅੱਗ ਉੱਥੇ ਤੱਕ ਨਹੀਂ ਪਹੁੰਚ ਸਕੀ। ਉਸ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਗਿਆ। ਇਸ ਅੱਗ ਵਿੱਚ ਲੋਕਾਂ ਦਾ ਕਾਫ਼ੀ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਝੁੱਗੀਆਂ ‘ਚ ਰਹਿੰਦੇ ਲੋਕਾਂ ਨੇ ਕਿਹਾ ਕਿ ਕਿਸਾਨ ਵੱਲੋਂ ਨਾੜ ਨੂੰ ਅੱਗ ਲਗਾਈ ਹੋਣ ਕਾਰਨ ਇਹ ਅੱਗ ਲੱਗੀ ਹੈ, ਜਿਸ ਨੇ ਸਾਡਾ ਕਾਫ਼ੀ ਨੁਕਸਾਨ ਕੀਤਾ ਹੈ।
ਪਨੀਰੀ ਬੀਜਣ ਲਈ ਲਗਾਈ ਸੀ ਅੱਗ
ਕਿਸਾਨ ਨੇ ਮੰਨਿਆ ਕੀ ਉਸ ਨੇ ਆਪਣੇ ਖੇਤਾਂ ਵਿੱਚ ਅੱਗ ਲਗਾਈ ਸੀ ਪਰ ਹਵਾ ਤੇਜ਼ ਹੋਣ ਕਾਰਨ ਅੱਗ ਝੁੱਗੀਆਂ ਵੱਲ ਪਹੁੰਚ ਗਈ। ਜਿਸ ਕਾਰਨ ਇਹ ਹਾਦਸਾ ਹੋਇਆ ਹੈ ਉਸ ਨੇ ਕੋਈ ਜਾਣਬੁਝ ਕੇ ਝੁੱਗੀਆਂ ਨੂੰ ਅੱਗ ਨਹੀਂ ਲਗਾਈ। ਹਾਲਾਂਕਿ ਜਦੋਂ ਉਸ ਨੂੰ ਇਸ ਨੁਕਸਾਨ ਦੀ ਭਰਪਾਈ ਕਰਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।
ETV BHARAT