ED Raid GMADA: ਦਫ਼ਤਰ ਦੀਆਂ ਲਾਈਟਾਂ ਨੂੰ ਰਾਤ ਨੂੰ ਵੀ ਬੰਦ ਕਰਨ ਦੀ ਆਗਿਆ ਵੀ ਨਹੀਂ
24 ਸਤੰਬਰ, 2026 – ਚੰਡੀਗੜ੍ਹ : ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ ਡੀ ਦੀ ਛਾਪੇਮਾਰੀ ਦੌਰਾਨ ਤਿੰਨ ਦਿਨਾਂ ਤੋਂ ਛਾਇਆ ਸੰਨਾਟਾ ਵਕਤ ਦੀ ਚਾਲ ਨੂੰ ਮੋੜਾ ਦੇਣ ਲੱਗਿਆ ਹੈ। ਕਿੰਨਾ ਅਜੀਬ ਜਾਪਦਾ ਹੈ ਕਿ ਜਿਨ੍ਹਾਂ ਦਫ਼ਤਰਾਂ ਵਿੱਚ ਕਦੇ ਅਧਿਕਾਰੀਆਂ ਦੇ ਰੋਅਬ ਅਤੇ ਦਬਦਬੇ ਦੀ ਗੂੰਜ ਸੀ, ਤਿੰਨ ਦਿਨਾਂ ਤੋਂ ਉਹਨਾਂ ਦਫ਼ਤਰਾਂ ’ਚ ਹੀ ਇਹ ਅਧਿਕਾਰੀ ਈ ਡੀ ਨੇ ਨਜ਼ਰਬੰਦ ਕੀਤੇ ਹੋਏ ਹਨ ।
ਗਮਾਡਾ ਦਫ਼ਤਰ ਈ ਡੀ ਦੇ ਕੈਂਪ ਆਫਿਸ ’ਚ ਤਬਦੀਲ ਹੋਇਆ ਨਜ਼ਰ ਆ ਰਿਹਾ ਹੈ । ਦੋ ਆਈ ਏ ਐਸ ਅਤੇ ਤਿੰਨ ਪੀ ਸੀ ਐਸ ਅਧਿਕਾਰੀਆਂ ਨੂੰ ਤਿੰਨ ਦਿਨਾਂ ਤੋਂ ਖੌਫ ਦੀ ਧੁੱਪ ਸੇਕਣੀ ਪੈ ਰਹੀ ਹੈ। ਸੂਤਰਾਂ ਅਨੁਸਾਰ ਗਮਾਡਾ ਦਫ਼ਤਰ ਦਾ ਸਾਰਾ ਡਾਟਾ ਹੁਣ ਈ ਡੀ ਕੋਲ ਹਾਰਡ ਡਿਸਕਾਂ ’ਚ ਹੈ।
ਗਮਾਡਾ ’ਚ ਇੱਕ ਅਣਦਿੱਸਦੇ ਖ਼ੌਫ਼ ਅਤੇ ਇੰਤਜ਼ਾਰ ਦੀ ਖ਼ਾਮੋਸ਼ੀ ਪਸਰੀ ਹੋਈ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਨੇ ਗਮਾਡਾ ਦਫ਼ਤਰ ਨੂੰ ਇੱਕ ਤਰੀਕੇ ਨਾਲ ਐਂਟੇਰੋਗੇਸ਼ਨ ਸੈਂਟਰ ’ਚ ਤਬਦੀਲ ਕਰ ਦਿੱਤਾ ਹੈ ।
ਦਫ਼ਤਰੀ ਫ਼ਰਸ਼ ’ਤੇ ਵਿਛੇ ਗੱਦਿਆਂ ’ਤੇ ਦੋ ਆਈ.ਏ.ਐੱਸ ਅਤੇ ਤਿੰਨ ਪੀ.ਸੀ.ਐੱਸ. ਅਫ਼ਸਰਾਂ ਨੂੰ ਰਾਤ ਦੀ ਨੀਂਦ ਵੀ ਈ ਡੀ ਦੀਆਂ ਨਿਗਾਹਾਂ ਹੇਠ ਬਿਤਾਉਣੀ ਪਈ। ਜਾਣਕਾਰੀ ਅਨੁਸਾਰ ਗਮਾਡਾ ਅਧਿਕਾਰੀਆਂ ਦੇ ਦੋਵੇਂ ਪਾਸੇ ਈ.ਡੀ. ਦੇ ਨਿਗਰਾਨ ਸੁੱਤੇ ਜਿਵੇਂ ਵਕਤ ਖੁਦ ਉਨ੍ਹਾਂ ਦੀ ਹਰ ਸਾਹ ਦਾ ਹਿਸਾਬ ਲਿਖ ਰਿਹਾ ਹੋਵੇ। ਦੋ ਵੱਖ-ਵੱਖ ਕਮਰਿਆਂ ਵਿੱਚ 12 ਅਧਿਕਾਰੀ ਪਹਿਰਾ ਦੇ ਰਹੇ ਸਨ। ਇੱਕ ਇੱਕ ਅਧਿਕਾਰੀ ਦੇ ਦੋਵੇਂ ਪਾਸੇ ਈ ਡੀ ਦੇ ਅਧਿਕਾਰੀ ਸੌ ਰਹੇ ਹਨ ।
ਦਫ਼ਤਰ ਦੀਆਂ ਲਾਈਟਾਂ ਨੂੰ ਰਾਤ ਨੂੰ ਵੀ ਬੰਦ ਕਰਨ ਦੀ ਆਗਿਆ ਵੀ ਨਹੀਂ ਸੀ ਜਿਸ ਕਰਕੇ ਅਫ਼ਸਰਾਂ ਦੀਆਂ ਅੱਖਾਂ ਵਿੱਚ ਬੇਚੈਨੀ ਦਾ ਚਾਨਣ ਚੁੱਭਦਾ ਰਿਹਾ।
ਈ ਡੀ ਦੇ ਸਵਾਲਾਂ ਦੀ ਬਛਾੜ ਕਾਰਨ ਕੁਝ ਅਧਿਕਾਰੀਆਂ ਦਾ ਦਿਲ ਘਬਰਾ ਗਿਆ ਜਿਸ ਕਰਕੇ ਉਨ੍ਹਾਂ ਨੂੰ ਦਵਾਈਆਂ ਦਾ ਸਹਾਰਾ ਲੈਣਾ ਪਿਆ। ਦੋ ਦਿਨਾਂ ਤੋਂ ਬਿਨਾਂ ਨਹਾਏ, ਸਿਰਫ਼ ਮੂੰਹ-ਹੱਥ ਧੋ ਕੇ ਹੀ ਗਮਾਡਾ ਅਧਿਕਾਰੀ ਵਕਤ ਦਾ ਕੌੜਾ ਘੁੱਟ ਭਰ ਰਹੇ ਹਨ। ਜਿਨ੍ਹਾਂ ਅਧਿਕਾਰੀਆਂ ਦੇ ਹੱਥਾਂ ਵਿੱਚ ਕਦੇ ਵੱਡੀਆਂ ਨੀਤੀਆਂ ਅਤੇ ਫ਼ੈਸਲਿਆਂ ਦੀਆਂ ਫਾਈਲਾਂ ਹੁੰਦੀਆਂ ਸਨ, ਤਿੰਨ ਦਿਨਾਂ ਤੋਂ ਉਨ੍ਹਾਂ ਦੇ ਹੱਥਾਂ ਚੋ ਮੋਬਾਈਲ ਫ਼ੋਨ ਖੋਹੇ ਹੋਏ ਹਨ। ਬਾਹਰੀ ਦੁਨੀਆ ਨਾਲੋਂ ਪੂਰੀ ਤਰ੍ਹਾਂ ਕੱਟੇ ਜਾ ਚੁੱਕੇ ਇਹ ਅਧਿਕਾਰੀ ਆਪਣੇ ਹੀ ਘਰਾਂ ਤੋਂ ਜ਼ਰੂਰੀ ਕੱਪੜੇ ਮੰਗਵਾਉਣ ਲਈ ਕਾਗਜ਼ ਦੇ ਟੁਕੜਿਆਂ ‘ਤੇ ਲਿਖਤੀ ਸਲਿੱਪਾਂ ਭੇਜ ਰਹੇ ਹਨ।
ਈ.ਡੀ. ਦੀ ਕਾਰਵਾਈ ਨੇ ਇਹ ਦਰਸਾ ਦਿੱਤਾ ਹੈ ਕਿ ਜਦੋਂ ਕਾਨੂੰਨ ਦਾ ਹਿਸਾਬ-ਕਿਤਾਬ ਸ਼ੁਰੂ ਹੁੰਦਾ ਹੈ, ਤਾਂ ਕੁਰਸੀਆਂ ਦਾ ਗਰੂਰ ਧਰਤੀ ‘ਤੇ ਵਿਛੇ ਗੱਦਿਆਂ ‘ਤੇ ਸਿਮਟ ਕੇ ਰਹਿ ਜਾਂਦਾ ਹੈ।
ਪੰਜਾਬੀ ਟ੍ਰਿਬਯੂਨ