ਡਾ. ਪ੍ਰਿਅੰਕਾ ਪਰਮਾਰ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਦੇ ਰਹਿਣ ਵਾਲੇ ਹਨ ਤੇ ਪੇਸ਼ੇ ਤੋਂ ਅੱਖਾਂ ਦੇ ਮਾਹਿਰ ਡਾਕਟਰ ਹਨ।
31 ਜੁਲਾਈ, 2026 – ਜਲੰਧਰ: ‘ਮਿਸਿਜ਼ ਵਰਲਡ ਪੀਸ 2026’ ਦਾ ਖਿਤਾਬ ਜਿੱਤਣ ਵਾਲੀ ਡਾ. ਪ੍ਰਿਅੰਕਾ ਪਰਮਾਰ, ਫਗਵਾੜਾ ਦੇ ਪਿੰਡ ਦੋਸਾਂਝ ਕਲਾਂ ਸਥਿਤ ਮਾਤਾ ਬਗਲਾਮੁਖੀ ਦਿਵਿਆ ਧਾਮ ਪਹੁੰਚੀ, ਜਿੱਥੇ ਉਨ੍ਹਾਂ ਨੇ ਆਪਣੇ ਗੁਰੂ ਦੀਪਕ ਨਈਅਰ ਜੀ ਤੋਂ ਆਸ਼ੀਰਵਾਦ ਲਿਆ ਅਤੇ ਆਪਣੀ ਇਸ ਇਤਿਹਾਸਕ ਕਾਮਯਾਬੀ ਨੂੰ ਮਾਤਾ ਰਾਣੀ ਦੀ ਕਿਰਪਾ, ਗੁਰੂ ਦੇ ਆਸ਼ੀਰਵਾਦ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਨੂੰ ਸਮਰਪਿਤ ਕੀਤਾ।
ਮਿਸਿਜ਼ ਵਰਲਡ ਪੀਸ 2026 ਦਾ ਜਿੱਤਿਆ ਖਿਤਾਬ
ਮਿਸਿਜ਼ ਵਰਲਡ ਇੰਟਰਨੈਸ਼ਨਲ ਸੀਜ਼ਨ-4 ਦੇ ਗ੍ਰੈਂਡ ਫਿਨਾਲੇ ਵਿੱਚ ਦੁਨੀਆ ਭਰ ਦੀਆਂ ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦੇ ਹੋਏ ‘ਮਿਸਿਜ਼ ਵਰਲਡ ਪੀਸ 2026’ ਦਾ ਖਿਤਾਬ ਜਿੱਤਣ ਵਾਲੀ ਡਾ. ਪ੍ਰਿਅੰਕਾ ਪਰਮਾਰ ਨੇ ਦਰਬਾਰ ਵਿੱਚ ਮੱਥਾ ਟੇਕ ਕੇ ਆਪਣੇ ਗੁਰੂ ਦੀਪਕ ਨਈਅਰ ਤੋਂ ਆਸ਼ੀਰਵਾਦ ਲਿਆ ਅਤੇ ਕਿਹਾ ਕਿ ਇਹ ਉਪਲਬਧੀ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰ, ਗੁਰੂ ਅਤੇ ਉਨ੍ਹਾਂ ‘ਤੇ ਵਿਸ਼ਵਾਸ ਕਰਨ ਵਾਲੇ ਹਰ ਵਿਅਕਤੀ ਦੀ ਹੈ।
ਸੁਫ਼ਨਿਆਂ ਦੀ ਰਾਹ ਵਿੱਚ ਨਹੀਂ ਬਣ ਸਕਦਾ ਕੋਈ ਰੁਕਾਵਟ
ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਡਾ. ਪ੍ਰਿਅੰਕਾ ਨੇ ਕਿਹਾ ਕਿ “ਉਨ੍ਹਾਂ ਦੀ ਮਾਂ ਅਤੇ ਪਰਿਵਾਰ ਦਾ ਸਹਿਯੋਗ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਰਿਹਾ। ਇੱਕ ਸਿੰਗਲ ਮਾਂ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਸੱਤ ਸਾਲਾ ਬੇਟੇ ਦੇ ਪਾਲਣ–ਪੋਸ਼ਣ, ਆਪਣੇ ਡਾਕਟਰੀ ਪੇਸ਼ੇ ਅਤੇ ਆਪਣੇ ਸੁਫ਼ਨਿਆਂ ਵਿਚਕਾਰ ਸ਼ਾਨਦਾਰ ਸੰਤੁਲਨ ਬਣਾਈ ਰੱਖਿਆ। ਰਸਤੇ ਵਿੱਚ ਕਈ ਰੁਕਾਵਟਾਂ ਆਈਆਂ, ਪਰ ਮਜ਼ਬੂਤ ਇਰਾਦੇ ਅਤੇ ਆਤਮ–ਵਿਸ਼ਵਾਸ ਨੇ ਉਨ੍ਹਾਂ ਨੂੰ ਕਦੇ ਹਾਰ ਨਹੀਂ ਮੰਨਣ ਦਿੱਤੀ। ਵਿਆਹ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਕਦੇ ਵੀ ਕਿਸੇ ਮਹਿਲਾ ਦੇ ਸੁਫ਼ਨਿਆਂ ਦੀ ਰਾਹ ਵਿੱਚ ਰੁਕਾਵਟ ਨਹੀਂ ਬਣਨੀਆਂ ਚਾਹੀਦੀਆਂ। ਜੇਕਰ ਹੌਂਸਲਾ, ਮਿਹਨਤ ਅਤੇ ਪਰਿਵਾਰ ਦਾ ਸਾਥ ਹੋਵੇ ਤਾਂ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।”
ਪੇਸ਼ੇ ਤੋਂ ਡਾਕਟਰ ਨੇ ਪ੍ਰਿਅੰਕਾ ਪਰਮਾਰ
ਡਾ. ਪ੍ਰਿਅੰਕਾ ਪਰਮਾਰ ਦੀ ਜ਼ਿੰਦਗੀ ਸੰਘਰਸ਼ ਅਤੇ ਹਿੰਮਤ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਹੈ। ਉਹ ਪੇਸ਼ੇ ਤੋਂ ਇੱਕ ਕਾਮਯਾਬ ਅੱਖਾਂ ਦੇ ਮਾਹਿਰ ਡਾਕਟਰ ਹਨ ਅਤੇ ਨਾਲ ਹੀ ਇੱਕ ਸਿੰਗਲ ਮਾਂ ਵਜੋਂ ਆਪਣੇ ਬੇਟੇ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਨਿੱਜੀ ਜੀਵਨ ਦੀਆਂ ਕਈ ਮੁਸ਼ਕਿਲ ਘੜੀਆਂ, ਪਰਿਵਾਰਕ ਚੁਣੌਤੀਆਂ ਅਤੇ ਦੁੱਖਾਂ ਦੇ ਬਾਵਜੂਦ ਉਨ੍ਹਾਂ ਨੇ ਕਦੇ ਆਪਣੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ। ਉਨ੍ਹਾਂ ਨੇ ਹਰ ਮੁਸ਼ਕਿਲ ਨੂੰ ਆਪਣੀ ਤਾਕਤ ਬਣਾਇਆ ਅਤੇ ਵਿਸ਼ਵ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕੀਤਾ।
ਮਹਿਲਾਵਾਂ ਲਈ ਬਣੇ ਮਾਰਗ–ਦਰਸ਼ਕ
ਮਿਸਿਜ਼ ਵਰਲਡ ਇੰਟਰਨੈਸ਼ਨਲ ਇੱਕ ਅਜਿਹਾ ਮੰਚ ਹੈ ਜੋ ਮਹਿਲਾ ਸਸ਼ਕਤੀਕਰਨ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਦਾ ਹੈ। ਇਸ ਸਾਲ ਦੇ ਮੁਕਾਬਲੇ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਵਿਆਹੁਤਾ ਮਹਿਲਾਵਾਂ ਨੇ ਭਾਗ ਲਿਆ, ਜਿੱਥੇ ਡਾ. ਪ੍ਰਿਅੰਕਾ ਪਰਮਾਰ ਨੇ ਆਪਣੀ ਸ਼ਖ਼ਸੀਅਤ, ਆਤਮ-ਵਿਸ਼ਵਾਸ ਅਤੇ ਸਮਾਜ ਪ੍ਰਤੀ ਆਪਣੀ ਸੋਚ ਨਾਲ ਜੱਜਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਆਪਣੀ ਜਿੱਤ ਨੂੰ ਦੇਸ਼ ਦੀ ਹਰ ਉਸ ਮਹਿਲਾ ਨੂੰ ਸਮਰਪਿਤ ਕੀਤਾ ਜੋ ਜ਼ਿੰਦਗੀ ਦੀਆਂ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਸੁਫ਼ਨਿਆਂ ਨੂੰ ਜਿਉਂਦਾ ਰੱਖਦੀ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਲਗਾਤਾਰ ਸੰਘਰਸ਼ ਕਰਦੀ ਹੈ।
ETV BHARAT