ਮੀਂਹ ਤੋਂ ਬਾਅਦ ਲੁਧਿਆਣਾ ਦੇ ਪੌਸ਼ ਇਲਾਕੇ ਗੁਰਦੇਵ ਨਗਰ ਵਿੱਚ ਸੜਕ ਧਸਣ ਕਾਰਨ ਵੱਡਾ ਪਾੜ ਪੈ ਗਿਆ।
31 ਜੁਲਾਈ, 2026 – ਲੁਧਿਆਣਾ/ਫਿਰੋਜ਼ਪੁਰ: ਲੁਧਿਆਣਾ ਵਿੱਚ 2 ਘੰਟੇ ਪਏ ਮੀਂਹ ਨੇ ਪ੍ਰਸ਼ਾਸਨ ਨੇ ਦਾਵਿਆ ਦੀ ਪੋਲ ਖੋਲ੍ਹ ਦਿੱਤੀ ਹੈ। 2 ਘੰਟੇ ਦੇ ਮੀਂਹ ਨਾਲ ਸ਼ਹਿਰ ਦੀਆਂ ਸੜਕਾਂ ਤੇ ਜਲ ਥਲ ਹੋ ਗਈ ਅਤੇ ਪੂਰੇ ਸ਼ਹਿਰ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ। ਮੀਂਹ ਤੋਂ ਬਾਅਦ ਲੁਧਿਆਣਾ ਦੇ ਪੌਸ਼ ਇਲਾਕੇ ਗੁਰਦੇਵ ਨਗਰ ਵਿੱਚ ਸੜਕ ਧਸਣ ਕਾਰਨ ਵੱਡਾ ਪਾੜ ਪੈ ਗਿਆ, ਇਸ ਦੌਰਾਨ ਇੱਕ ਗੱਡੀ ਇਸ ਦੀ ਲਪੇਟ ਵਿੱਚ ਆ ਗਈ ਅਤੇ ਸੜਕ ਦੇ ਅੰਦਰ ਧਸ ਗਈ। ਜਿਸ ਤੋਂ ਬਾਅਦ ਮੌਕੇ ਉੱਤੇ ਕਰੇਨ ਨੂੰ ਬੁਲਾਇਆ ਗਿਆ ਅਤੇ ਉਸ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਇਲਾਕੇ ਕੌਂਸਲਰ ਅਤੇ ਲੋਕ ਇਕੱਠੇ ਹੋ ਗਏ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ।
ਡਰਾਇਵਰ ਨੇ ਗੱਡੀ ‘ਚੋਂ ਛਾਲ ਮਾਰ ਕੇ ਬਚਾਈ ਜਾਨ
ਡਰਾਇਵਰ ਨੇ ਗੱਡੀ ਵਿੱਚੋਂ ਬਾਹਰ ਨਿਕਲ ਆਪਣੀ ਜਾਨ ਬਚਾਈ ਹੈ। ਗੱਡੀ ਦੇ ਮਾਲਕ ਨੇ ਦੱਸਿਆ ਕਿ “ਸੜਕ ਹੇਠੋਂ ਬਿਲਕੁਲ ਖਾਲੀ ਸੀ ਇਸ ਕਰਕੇ ਇਸ ਥਾਂ ‘ਤੇ ਗੱਡੀ ਸੜਕ ਦੇ ਅੰਦਰ ਹੀ ਧਸਦੀ ਗਈ। ਜਿਸ ਵੇਲੇ ਇਹ ਹਾਦਸਾ ਹੋਇਆ, ਮੇਰਾ ਡਰਾਇਵਰ ਗੱਡੀ ਚਲਾ ਰਿਹਾ ਸੀ, ਅਸੀਂ ਬੜੀ ਮੁਸ਼ਕਿਲ ਨਾਲ ਗੱਡੀ ਵਿਚੋਂ ਜਿਵੇਂ ਹੀ ਨਿਕਲੇ ਅਤੇ ਰੱਬ ਦਾ ਸ਼ੁਕਰ ਹੈ ਕਿ ਸਾਡੀ ਜਾਨ ਬਚ ਗਈ।”
“ਨਗਰ ਨਿਗਮ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ“
ਮੌਕੇ ਉੱਤੇ ਪਹੁੰਚੇ ਇਲਾਕੇ ਦੇ ਕੌਂਸਲਰ ਗੁਰਪ੍ਰੀਤ ਸਿੰਘ ਬੱਬਲ ਨੇ ਕਿਹਾ “ਸੜਕਾਂ ਪੁੱਟ ਕੇ ਉਸ ਵਿੱਚ ਕੇਬਲ ਪਾਈ ਜਾ ਰਹੀ ਹੈ। ਉਹ ਸੜਕਾਂ ਤਾਂ ਪੁੱਟ ਦਿੰਦੇ ਹਨ ਪਰ ਬਾਅਦ ਵਿੱਚ ਉਹਨਾਂ ਨੂੰ ਠੀਕ ਢੰਗ ਦੇ ਨਾਲ ਭਰਦੇ ਨਹੀਂ ਹਨ ਅਤੇ ਉਸ ਤੋਂ ਬਾਅਦ ਮਹਿਕਮਾ ਆ ਕੇ ਉਸੇ ਥਾਂ ਤੇ ਪੈਚ ਲਾ ਕੇ ਲੁੱਕ ਭਰ ਦਿੰਦਾ ਹੈ। ਪਰ ਜਦੋਂ ਬਰਸਾਤ ਆਉਂਦੀ ਹੈ ਤਾਂ ਫਿਰ ਇਸ ਤਰ੍ਹਾਂ ਦੇ ਹਾਦਸੇ ਵੇਖਣ ਨੂੰ ਮਿਲਦੇ ਹਨ। ਇਸ ਹਾਦਸੇ ਤੋਂ ਬਾਅਦ ਤੁਰੰਤ ਨਗਰ ਨਿਗਮ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ।”
“ਸੜਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ“
ਮੌਕੇ ਤੇ ਪਹੁੰਚੇ ਲੁਧਿਆਣਾ ਨਗਰ ਨਿਗਮ ਜ਼ੋਨ ਡੀ ਦੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇੱਥੇ ਕੋਈ ਗੱਡੀ ਸੜਕ ਦੇ ਵਿੱਚ ਧੱਸ ਗਈ ਹੈ, ਜਿਸ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਹਾਂ ਅਤੇ ਇੱਥੇ ਆ ਕੇ ਦੇਖਿਆ ਹੈ। ਇਸ ਦੇ 2 ਕਾਰਨ ਲੱਗ ਰਹੇ ਨੇ ਜਾਂ ਤਾਂ ਜਿੰਨਾਂ ਨੇ ਤਾਰਾਂ ਪੁੱਟ ਕੇ ਪਾਈਆਂ ਹਨ ਉਹਨਾਂ ਵੱਲੋਂ ਇਸ ਥਾਂ ਨੂੰ ਚੰਗੀ ਤਰ੍ਹਾਂ ਭਰਿਆ ਨਹੀਂ ਗਿਆ ਜਾਂ ਫਿਰ ਘਰਾਂ ਦੇ ਸੀਵਰੇਜ ਜਦੋਂ ਬਰਸਾਤ ਬਹੁਤ ਜਿਆਦਾ ਤੇਜ਼ ਹੁੰਦੀ ਹੈ ਤਾਂ ਪਾਣੀ ਦਾ ਫਲੋ ਵਧਣ ਕਾਰਨ ਸੜਕਾਂ ਟੁੱਟ ਜਾਂਦੀਆਂ ਹਨ ਅਤੇ ਉਸ ਵਿੱਚੋਂ ਪਾਣੀ ਫਿਰ ਬਾਹਰ ਸੜਕ ਵੱਲ ਨੂੰ ਵਗਣ ਲੱਗ ਪੈਂਦਾ ਹੈ। ਇਸੇ ਕਰਕੇ ਪਾਣੀ ਦੇ ਫਲੋ ਕਰਕੇ ਹੋ ਸਕਦਾ ਹੈ ਕਿ ਸੜਕ ਦੇ ਹੇਠਾਂ ਤੋਂ ਮਿੱਟੀ ਧੱਸ ਗਈ ਹੋਵੇ ਅਤੇ ਇੱਥੇ ਇਹ ਹਾਦਸਾ ਹੋ ਗਿਆ ਹੈ। ਕਰੇਨ ਨੂੰ ਬੁਲਾ ਕੇ ਗੱਡੀ ਕਢਵਾਈ ਜਾ ਰਹੀ ਹੈ ਤੇ ਇਸ ਦੀ ਮੁਰੰਮਤ ਵੀ ਕਰਵਾਈ ਜਾ ਰਹੀ ਹੈ।
ਰਵਨੀਤ ਬਿੱਟੂ ਨੇ ਚੁੱਕੇ ਸਵਾਲ
ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਕਸ ਉੱਤੇ ਲਿਖਿਆ “ਅਖੌਤੀ ‘ਸਮਾਰਟ ਸਿਟੀ‘ ਲੁਧਿਆਣਾ ਦੀ ਕੌੜੀ ਹਕੀਕਤ। ਭਾਰੀ ਮੀਂਹ ਦੇ ਇੱਕ ਹੀ ਛਿੱਟੇ ਨੇ ਰਾਜ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੇ ਖੋਖਲੇ ਦਾਅਵਿਆਂ ਅਤੇ ਨਾਕਾਮੀਆਂ ਨੂੰ ਬੇਨਕਾਬ ਕਰ ਦਿੱਤਾ ਹੈ। ਸੜਕਾਂ ਸੱਚਮੁੱਚ ਹੀ ਧੱਸ ਗਈਆਂ ਹਨ, ਗਲੀਆਂ ਬੁਰੀ ਤਰ੍ਹਾਂ ਪਾਣੀ ਨਾਲ ਭਰ ਗਈਆਂ ਹਨ, ਅਤੇ ਜਨਤਕ ਸੁਰੱਖਿਆ ਪੂਰੀ ਤਰ੍ਹਾਂ ਨਾਲ ਖਤਰੇ ਵਿੱਚ ਪੈ ਗਈ ਹੈ। ਕੀ ਇਹ ਉਹ ‘ਸਮਾਰਟ ਸਿਟੀ‘ ਬੁਨਿਆਦੀ ਢਾਂਚਾ ਹੈ ਜਿਸਦਾ ਸਾਡੇ ਨਾਗਰਿਕਾਂ ਨਾਲ ਵਾਅਦਾ ਕੀਤਾ ਗਿਆ ਸੀ? ਲੁਧਿਆਣਾ ਦੇ ਲੋਕ ਇਸ ਢਹਿ ਰਹੇ ਬੁਨਿਆਦੀ ਢਾਂਚੇ ਅਤੇ ਪ੍ਰਸ਼ਾਸਨਿਕ ਉਦਾਸੀਨਤਾ ਤੋਂ ਬਿਹਤਰ ਦੇ ਹੱਕਦਾਰ ਹਨ। ਜਵਾਬਦੇਹੀ ਤੁਰੰਤ ਤੈਅ ਕੀਤੀ ਜਾਣੀ ਚਾਹੀਦੀ ਹੈ। ਭਲੀ ਕਰੇ ਕਰਤਾਰ, ਸਭ ਦੀ ਖੈਰ ਹੋਵੇ। ਸਾਰਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਾਰਥਨਾ।”
“ਦੇਖ ਲਓ ‘ਸਮਾਰਟ ਸਿਟੀ’ ਦਾ ਹਾਲ। ਭਗਵੰਤ ਮਾਨ ਸਰਕਾਰ ਦੇ ਅਖੌਤੀ ‘ਬਦਲਾਅ’ ਦਾ ਸੱਚ ਅੱਜ ਲੁਧਿਆਣਾ ਦੀਆਂ ਸੜਕਾਂ ‘ਤੇ ਤੈਰ ਰਿਹਾ ਹੈ। ਪੰਜਾਬ ਦੀ ਸਨਅਤੀ ਰਾਜਧਾਨੀ ਪਾਣੀ ਵਿੱਚ ਡੁੱਬੀ ਹੋਈ ਹੈ ਅਤੇ ਆਪ ਸਰਕਾਰ ਸਿਰਫ਼ ਇਸ਼ਤਿਹਾਰਾਂ ਵਿੱਚ ਵਿਕਾਸ ਕਰ ਰਹੀ ਹੈ। ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਮੁੱਖ ਮੰਤਰੀ ਜੀ ਝੂਠੇ ਸੁਪਨੇ ਵੇਚਣ ਵਿੱਚ ਮਸਤ ਹਨ। ਕੀ ਇਹੀ ਹੈ ਤੁਹਾਡਾ ‘ਰੰਗਲਾ ਪੰਜਾਬ’?”– ਰਵਨੀਤ ਬਿੱਟੂ
ਅਕਾਲੀ ਆਗੂ ਬਿਕਰਮ ਮਜੀਠੀਆ ਨੇ ਐਕਸ ਉੱਤੇ ਲਿਖਿਆ “ਗੁਰੂ ਦੋਖੀ ਦੀ ਮੈਨੇਜਮੈਂਟ ਵਾਲੀ ‘ਸਮਾਰਟ ਸਿਟੀ‘ ਲੁਧਿਆਣਾ ਦਾ ਹਾਲ, ਗੁਰੂ ਦੋਖੀ ਭਗਵੰਤ ਮਾਨ ਸਰਕਾਰ ਦੇ ਦਿੱਲੀ ਮਾਡਲ ਦਾ ਸੱਚ ਅੱਜ ਲੁਧਿਆਣਾ ਦੀਆਂ ਸੜਕਾਂ ‘ਤੇ ਤੈਰ ਰਿਹਾ ਹੈ। ਪੰਜਾਬ ਦੀ ਸਨਅਤੀ ਰਾਜਧਾਨੀ ਪਾਣੀ ‘ਚ ਡੁੱਬੀ ਹੋਈ ਹੈ। ਸੜਕਾਂ ਦਰਿਆ ਬਣ ਚੁੱਕੀਆਂ, ਨਾਲੀਆਂ ਜਾਮ, ਕੂੜੇ ਦੇ ਢੇਰ, ਕੋਈ ਪ੍ਰਬੰਧ ਨਹੀਂ। ਆਪ ਉਰਫ ਰੰਗੀਲੀ ਸਰਕਾਰ ਸਿਰਫ਼ ਇਸ਼ਤਿਹਾਰਾਂ ‘ਚ ਵਿਕਾਸ ਦਿਖਾ ਰਹੀ ਹੈ। ਲੇਕਿਨ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਨੇ ਅਤੇ ਗੁਰੂ ਦੋਖੀ ਪੰਥ ਦੋਖੀ ਝੂਠੇ ਸੁਪਨੇ ਵੇਚਣ ‘ਚ ਮਸਤ ਆ। ਕੀ ਇਹੀ ਹੈ ਤੁਹਾਡਾ ‘ਰੰਗਲਾ ਪੰਜਾਬ‘ ਜਿਸਨੂੰ ਗੁਰੂ ਦੋਖੀ ਕੰਗਲਾ ਬਣਾਉਣ ‘ਚ ਕੋਈ ਕਸਰ ਨਹੀਂ ਛੱਡ ਰਿਹਾ?”
ਫਿਰੋਜ਼ਪੁਰ ਵਿੱਚ ਸੜਕ ‘ਤੇ ਝੋਨਾ ਲਗਾ ਕੇ ਪ੍ਰਦਰਸ਼ਨ
ਫਿਰੋਜ਼ਪੁਰ ਸ਼ਹਿਰ ਦੀ ਕੱਚਾ ਜੀਰਾ ਰੋਡ ‘ਤੇ ਲੰਬੇ ਸਮੇਂ ਤੋਂ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਯੂਥ ਕਾਂਗਰਸ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵਿਲੱਖਣ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸੜਕ ਦੇ ਵਿਚਕਾਰ ਹੀ ਝੋਨਾ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ।
ਲੋਕ ਭਾਰੀ ਮੁਸ਼ਕਿਲਾਂ ਦਾ ਕਰ ਰਹੇ ਸਾਹਮਣਾ
ਇਸ ਮੌਕੇ ਯੂਥ ਕਾਂਗਰਸ ਆਗੂਆਂ ਨੇ ਕਿਹਾ ਕਿ “ਕੱਚਾ ਜੀਰਾ ਰੋਡ ‘ਤੇ ਕਈ ਮਹੀਨਿਆਂ ਤੋਂ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਨੇ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੀਤਾ ਹੈ। ਇਸ ਰਸਤੇ ਤੋਂ ਹਰ ਰੋਜ਼ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਲੰਘਦੇ ਹਨ ਅਤੇ ਗੰਦੇ ਪਾਣੀ ਕਾਰਨ ਕਈ ਬੱਚੇ ਫਿਸਲ ਕੇ ਡਿੱਗ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਸੱਟਾਂ ਵੀ ਲੱਗਦੀਆਂ ਹਨ। ਇਸ ਤੋਂ ਇਲਾਵਾ ਦੋਪਹੀਆ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਵੀ ਰੋਜ਼ਾਨਾ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਪ੍ਰਸ਼ਾਸਨ ਨੇ ਜਲਦੀ ਇਸ ਸੜਕ ਦੀ ਮੁਰੰਮਤ ਕਰਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਮੱਸਿਆ ਦਾ ਤੁਰੰਤ ਅਤੇ ਸਥਾਈ ਹੱਲ ਕੀਤਾ ਜਾਵੇ, ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ।”
ETV BHARAT