ਮਿਲ ਰਿਹਾ ਵੱਡਾ ਸਮਰਥਨ
ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਸਫਾਈ ਸੇਵਕ ਪੰਜਾਬ ਯੂਨੀਅਨ ਵੱਲੋਂ ਪੰਜਾਬ ਬੰਦ ਦੀ ਕਾਲ ‘ਤੇ ਵੱਖ–ਵੱਖ ਸ਼ਹਿਰਾਂ ਵਿੱਚ ਬਜ਼ਾਰ ਬੰਦ ਰੱਖੇ ਗਏ ਹਨ।
31 ਜੁਲਾਈ, 2026 – ਫਿਰੋਜ਼ਪੁਰ/ ਬਰਨਾਲਾ/ ਬਠਿੰਡਾ/ ਮਾਨਸਾ/ ਗੁਰਦਾਸਪੁਰ/ ਅੰਮ੍ਰਿਤਸਰ/ਮੋਗਾ: ਬੀਤੇ ਦਿਨੀਂ ਬਰਨਾਲਾ ਵਿਖੇ ਸਫਾਈ ਸੇਵਕਾਂ ‘ਤੇ ਕੀਤੇ ਗਏ ਲਾਠੀਚਾਰਜ ਦਾ ਵਿਰੋਧ ਪੂਰੇ ਪੰਜਬਾ ਭਰ ਵਿੱਚ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਯੂਨੀਅਨ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਦਾ ਅਸਰ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਸ਼ਹਿਰ ਦੇ ਬਜ਼ਾਰ ਪੂਰੀ ਤਰ੍ਹਾਂ ਬੰਦ ਹਨ ਅਤੇ ਉੱਥੇ ਹੀ ਸਕੂਲਾਂ ਵਿੱਚ ਵੀ ਪ੍ਰਬੰਧਕਾਂ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਵੀ ਚੌਕਸੀ ਵਰਤਦੇ ਹੋਏ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਪੁਲਿਸ ਟੀਮਆੰ ਤਾਇਨਾਤ ਕੀਤੀਆਂ ਗਈਆਂ ਹਨ। ਸਫਾਈ ਸੇਵਕ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।
ਮੋਗਾ ‘ਚ ਬੰਦ ਦਾ ਅਸਰ
ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ ਵੱਲੋਂ ਦਿੱਤੀ ਗਈ ‘ਮੋਗਾ ਬੰਦ’ ਦੀ ਕਾਲ ਨੂੰ ਅੱਜ ਸ਼ਹਿਰ ਵਾਸੀਆਂ ਵੱਲੋਂ ਬੇਮਿਸਾਲ ਹੁੰਗਾਰਾ ਮਿਲਿਆ। ਮੋਗਾ ਦੇ ਮੁੱਖ ਬਾਜ਼ਾਰਾਂ ਤੋਂ ਲੈ ਕੇ ਛੋਟੇ-ਵੱਡੇ ਵਪਾਰਕ ਅਦਾਰਿਆਂ ਤੱਕ ਲਗਭਗ ਹਰ ਪਾਸੇ ਦੁਕਾਨਾਂ ਦੇ ਸ਼ਟਰ ਬੰਦ ਨਜ਼ਰ ਆਏ। ਦੁਕਾਨਦਾਰਾਂ, ਵਪਾਰੀਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦਿੰਦਿਆਂ ਸਵੈ-ਇੱਛਾ ਨਾਲ ਆਪਣੇ ਕਾਰੋਬਾਰ ਬੰਦ ਰੱਖੇ। ਸ਼ਹਿਰ ਵਿੱਚ ਆਵਾਜਾਈ ਵੀ ਆਮ ਦਿਨਾਂ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲੀ ਅਤੇ ਹਰ ਪਾਸੇ ਸਫ਼ਾਈ ਸੇਵਕਾਂ ਦੇ ਹੱਕ ਵਿੱਚ ਨਾਅਰੇ ਗੂੰਜਦੇ ਰਹੇ।
ਪ੍ਰਦਰਸ਼ਨ ਦੌਰਾਨ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਫ਼ਾਈ ਸੇਵਕਾਂ ਅਤੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ‘ਕਈ ਸਾਲਾਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਰੁਜ਼ਗਾਰ ਦੀ ਸੁਰੱਖਿਆ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਾਰ–ਵਾਰ ਭਰੋਸੇ ਤਾਂ ਦਿੰਦੀ ਰਹੀ ਹੈ, ਪਰ ਅੱਜ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਹਰ ਰੋਜ਼ ਲੋਕਾਂ ਦੀ ਸਿਹਤ ਅਤੇ ਸ਼ਹਿਰ ਦੀ ਸਫ਼ਾਈ ਲਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੰਮ ਕਰਦੇ ਹਨ, ਪਰ ਬਦਲੇ ਵਿੱਚ ਉਨ੍ਹਾਂ ਨੂੰ ਨੌਕਰੀ ਦੀ ਕੋਈ ਪੱਕੀ ਗਾਰੰਟੀ ਨਹੀਂ ਮਿਲਦੀ।‘
ਮਾਨਸਾ ‘ਚ ਬੰਦ
ਮਾਨਸਾ ਸ਼ਹਿਰ ਵਾਸੀਆਂ ਵੱਲੋਂ ਪੂਰਨ ਸਮਰਥਨ ਕੀਤਾ ਗਿਆ। ਮਾਨਸਾ ਸ਼ਹਿਰ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਅਤੇ ਸ਼ਹਿਰ ਵਾਸੀਆਂ ਨੇ ਸਮੂਲੀਅਤ ਕਰਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਜਿਸ ਤਹਿਤ ਮਾਨਸਾ ਵਾਸੀਆਂ ਵੱਲੋਂ ਸਫਾਈ ਕਰਮਚਾਰੀਆਂ ਦੇ ਬੰਦ ਦੇ ਐਲਾਨ ਨੂੰ ਪੂਰਨ ਸਮਰਥਨ ਦਿੱਤਾ ਗਿਆ ਹੈ। ਦੁਕਾਨਦਾਰਾਂ ,ਵਪਾਰੀਆਂ ਵੱਲੋਂ ਆਪਣੇ ਕਾਰੋਬਾਰ ਬੰਦ ਕਰਕੇ ਸਫਾਈ ਕਰਮਚਾਰੀਆਂ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਸਫਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ‘ਪਿਛਲੇ ਲੰਬੇ ਸਮੇਂ ਤੋਂ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਤਨਖਾਹਾਂ ਦੇ ਵਿੱਚ ਵਾਧਾ ਕਰਨਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਪੁਰਾਣੀ ਪੈਨਸ਼ਨ ਬਹਾਲ ਕਰਨੀ ਅਤੇ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ, ਪਰ ਬਰਨਾਲਾ ਦੇ ਵਿੱਚ ਪੁਲਿਸ ਵੱਲੋਂ ਸਫਾਈ ਕਰਮਚਾਰੀਆਂ ਉੱਤੇ ਅੰਨਾ ਤਸ਼ੱਦਦ ਕੀਤਾ ਗਿਆ। ਜਿਸ ਦੌਰਾਨ ਸਫਾਈ ਕਰਮਚਾਰੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ, ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਉੱਤੇ ਲਾਠੀ ਚਾਰਜ ਕਰਨ ਦੇ ਮਾਮਲੇ ਵਿੱਚ ਡੀਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਪਰ ਸਫਾਈ ਕਰਮਚਾਰੀਆਂ ਦੀ ਮੰਗ ਹੈ ਕਿ ਡੀਐਸਪੀ ਨੂੰ ਡਿਸਮਿਸ ਕੀਤਾ ਜਾਵੇ।‘
ਬਠਿੰਡਾ ਵਿੱਚ ਪੂਤਲਾ ਫੂਕ ਪ੍ਰਦਰਸ਼ਨ
ਅੱਜ ਦੇ ਇਸ ਪੰਜਾਬ ਬੰਦ ਦੇ ਸੱਦੇ ਨੂੰ ਹਰ ਇੱਕ ਜਥੇਬੰਦੀ ਵੱਲੋਂ ਅਤੇ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸਿੱਖਿਆ ਅਦਾਰਿਆਂ ਨੂੰ ਛੱਡ ਕੇ ਲਗਭਗ ਬਜ਼ਾਰ ਬੰਦ ਰਹੇ, ਇਸ ਮੌਕੇ ਵਾਲਮੀਕ ਭਾਈਚਾਰੇ ਵੱਲੋਂ ਨਗਰ ਨਿਗਮ ਬਠਿੰਡਾ ਤੋਂ ਰੋਸ ਮਾਰਚ ਸ਼ੁਰੂ ਕਰਕੇ ਲਾਠੀਚਾਰਜ ਕਰਨ ਵਾਲੇ ਡੀਐਸਪੀ ਸਤਵੀਰ ਸਿੰਘ ਅਤੇ ਐਸਐਚ ਓ ਲਖਬੀਰ ਸਿੰਘ ਦਾ ਪੁਤਲਾ ਫੂਕਿਆ ਗਿਆ। ਬਠਿੰਡਾ ਦੇ ਮੁੱਖ ਬਜ਼ਾਰ ਵਿੱਚ ਪ੍ਰਦਰਸ਼ਨ ਕਰਕੇ ਫਾਇਰ ਬ੍ਰਿਗੇਡ ਚੌਂਕ ਵਿੱਚ ਪਹੁੰਚੇ, ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬਠਿੰਡਾ ਸ਼ਹਿਰ ਵਿੱਚ ਇਸ ਭਰਵੇਂ ਹੁੰਗਾਰੇ ਨੂੰ ਜਿੱਥੇ ਵੱਡਾ ਸਮਰਥਨ ਮਿਲਿਆ, ਉਥੇ ਹੀ ਬੰਦ ਦੇ ਸੱਦੇ ‘ਤੇ ਸਮਰਥਨ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਵਿਦਿਆਰਥੀ ਯੂਨੀਅਨ ਦੀ ਪਰਮਿੰਦਰ ਕੌਰ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ‘ਅਸੀਂ ਸਾਰੇ ਹੀ ਸਫਾਈ ਸੇਵਕਾਂ ਨਾਲ ਖੜ੍ਹੇ ਹਾਂ ਅਤੇ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਇਹਨਾਂ ਕਰਮਚਾਰੀਆਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨ ਕੇ ਸ਼ਹਿਰ ਵਿੱਚ ਲੱਗੇ ਜਗ੍ਹਾ–ਜਗ੍ਹਾ ਕੂੜੇ ਦੇ ਢੇਰ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ।‘
ਅੰਮ੍ਰਿਤਸਰ ਸ਼ਹਿਰ ਵਿੱਚ ਪਸਰਿਆ ਸਨਾਟਾ
ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕੀ ਸਮਾਜ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਡਾ. ਬੀ.ਆਰ. ਅੰਬੇਡਕਰ ਭਲਾਈ ਮੰਚ ਅਤੇ ਹੋਰ ਵਾਲਮੀਕੀ ਜਥੇਬੰਦੀਆਂ ਦੀ ਅਗਵਾਈ ਹੇਠ ਸ਼ਹਿਰ ਦੇ ਪ੍ਰਮੁੱਖ ਬਜ਼ਾਰ ਮੁਕੰਮਲ ਤੌਰ ‘ਤੇ ਬੰਦ ਰਹੇ। ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇ ਇਸ ਬੰਦ ਨੂੰ ਵਪਾਰੀਆਂ ਦਾ ਵੀ ਭਰਪੂਰ ਸਮਰਥਨ ਮਿਲਿਆ। ਪੁਤਲੀਘਰ ਚੌਂਕ ਸਮੇਤ ਸ਼ਹਿਰ ਦੇ ਕਈ ਮੁੱਖ ਬਜ਼ਾਰਾਂ ਵਿੱਚ ਦੁਕਾਨਾਂ ਬੰਦ ਰਹੀਆਂ, ਜਦਕਿ ਹਸਪਤਾਲ, ਮੈਡੀਕਲ ਸਟੋਰ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਬੰਦ ਤੋਂ ਬਾਹਰ ਰੱਖਿਆ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬੀ.ਆਰ. ਅੰਬੇਡਕਰ ਭਲਾਈ ਮੰਚ ਦੇ ਚੇਅਰਮੈਨ ਓਮ ਪ੍ਰਕਾਸ਼ ਅਨਾਰੀਆ ਅਤੇ ਉਨ੍ਹਾਂ ਦੇ ਸਾਥੀ ਰਿੰਕੂ ਪ੍ਰਧਾਨ ਨੇ ਕਿਹਾ ਕਿ ‘ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ‘ਤੇ ਕੀਤਾ ਗਿਆ ਲਾਠੀਚਾਰਜ ਬਹੁਤ ਹੀ ਨਿੰਦਣਯੋਗ ਅਤੇ ਅਣਮਨੁੱਖੀ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਹਰ ਰੋਜ਼ ਸਵੇਰੇ ਕਰੀਬ ਪੰਜ ਵਜੇ ਉੱਠ ਕੇ ਪੂਰੇ ਸ਼ਹਿਰ ਦੀ ਸਫਾਈ ਕਰਦੇ ਹਨ ਅਤੇ ਲੋਕਾਂ ਦੇ ਜਾਗਣ ਤੋਂ ਪਹਿਲਾਂ ਹੀ ਕੂੜਾ–ਕਰਕਟ ਚੁੱਕ ਕੇ ਸ਼ਹਿਰ ਨੂੰ ਸਾਫ਼–ਸੁਥਰਾ ਬਣਾਉਂਦੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਸਨ, ਉਸ ਸਮੇਂ ਵੀ ਸਫਾਈ ਕਰਮਚਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਸ਼ਹਿਰ ਦੀ ਸਫਾਈ ਕੀਤੀ। ਅਜਿਹੇ ਕਰਮਚਾਰੀਆਂ ‘ਤੇ ਲਾਠੀਚਾਰਜ ਕਰਨਾ ਉਨ੍ਹਾਂ ਦੀ ਸੇਵਾ ਅਤੇ ਸਮਰਪਣ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਵਾਲਮੀਕੀ ਸਮਾਜ ਅਤੇ ਸਮੂਹ ਜਥੇਬੰਦੀਆਂ ਸਫਾਈ ਕਰਮਚਾਰੀਆਂ ਦੇ ਸਨਮਾਨ ਅਤੇ ਇਨਸਾਫ਼ ਲਈ ਇਹ ਲੜਾਈ ਅੱਗੇ ਵੀ ਜਾਰੀ ਰੱਖਣਗੀਆਂ।‘
‘ਬਰਨਾਲਾ ‘ਚ ਵਿਰੋਧ, ਸਰਕਾਰ ਨੂੰ ਲੋਕ ਸਿਖਾਉਣਗੇ ਸਬਕ‘
ਨਗਰ ਨਿਗਮ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ‘ਪੰਜਾਬ ਸਰਕਾਰ ਨੇ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਗਰੀਬ ਮਜ਼ਦੂਰਾਂ ‘ਤੇ ਲਾਠੀਆਂ ਬਰਸਾ ਕੇ ਸ਼ਰਮਨਾਕ ਕਾਰਾ ਕੀਤਾ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹਨ। ਤਨਖਾਹਾਂ ਵਿੱਚ ਮਾਮੂਲੀ ਵਾਧਾ ਕਰਕੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਜਥੇਬੰਦੀ ਦੀ ਮੰਗ ਹੈ ਕਿ ਠੇਕੇਦਾਰੀ ਪ੍ਰਥਾ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਕੰਟਰੈਕਟ ‘ਤੇ ਲਿਆਂਦਾ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਕੇ ਘੱਟੋ–ਘੱਟ 18,000 ਰੁਪਏ ਤਨਖਾਹ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਚੋਣਾਂ ਵਿੱਚ ਮਾਸਟਰ ਦੇ ਪੁੱਤ ਹੋਣ ਦਾ ਅਹਿਸਾਸ ਜਨਤਾ ਕਰਵਾ ਦੇਵੇਗੀ।‘
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਬੰਦ ਦਾ ਸਮਰਥਨ ਕਰਦਿਆਂ ਕਿਹਾ ਕਿ ‘ਸਾਡੇ ਸ਼ਹਿਰ ਨੂੰ ਸਾਫ਼ ਰੱਖਣ ਵਾਲੇ ਸਫਾਈ ਸੇਵਕਾਂ ਦੇ ਸਿਰ ਪਾੜਨੇ ਅਤੇ ਲੱਤਾਂ–ਬਾਹਾਂ ਤੋੜਨੀਆਂ ਬੇਹੱਦ ਨਿੰਦਣਯੋਗ ਹੈ। ਇਹ ਲੋਕ ਡੀ.ਸੀ. ਰੇਟ ਤੋਂ ਵੀ ਘੱਟ ਤਨਖਾਹ ‘ਤੇ ਗੁਜ਼ਾਰਾ ਕਰ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ ਹੈ। ਦੀਵਾਨਾ ਨੇ ਮੰਗ ਕੀਤੀ ਕਿ ਐਸ.ਸੀ. ਕਮਿਸ਼ਨ ਦੀ ਰਿਪੋਰਟ ਦੇ ਆਧਾਰ ‘ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।‘
ETV BHARAT