24 ਅਪ੍ਰੈਲ ਨੂੰ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੰਜਾਬ ਵਿੱਚ ਮੁੜ ਬਲੈਕਆਊਟ ਹੋਣ ਜਾ ਰਿਹਾ ਹੈ।
23 ਅਪ੍ਰੈਲ, 2026 – ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਭਲਕੇ 24 ਅਪ੍ਰੈਲ 2026 ਨੂੰ ਰਾਤ 8:00 ਵਜੇ (20:00 ਵਜੇ) ਪੂਰੇ ਸੂਬੇ ਵਿੱਚ ਇੱਕ ਵਿਸ਼ੇਸ਼ ‘ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ’ ਮੌਕ ਐਕਸਰਸਾਈਜ਼ (ਨਕਲੀ ਅਭਿਆਸ) ਕਰਵਾਈ ਜਾ ਰਹੀ ਹੈ। ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਹੰਗਾਮੀ ਹਾਲਤ ਜਾਂ ਹਵਾਈ ਹਮਲੇ ਵਰਗੀ ਸਥਿਤੀ ਦੌਰਾਨ ਸਿਵਲ ਡਿਫੈਂਸ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ।
‘ਚੁਣੇ ਗਏ ਖੇਤਰਾਂ ਵਿੱਚ ਮੁਕੰਮਲ ‘ਬਲੈਕਆਊਟ‘ ਲਾਗੂ‘
ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ, ‘ਇਸ ਮੌਕ ਡ੍ਰਿਲ ਦੀ ਸ਼ੁਰੂਆਤ ‘ਏਅਰ ਰੇਡ ਵਾਰਨਿੰਗ‘ (ਹਵਾਈ ਹਮਲੇ ਦੀ ਚਿਤਾਵਨੀ) ਦੇ ਸਾਇਰਨ ਨਾਲ ਹੋਵੇਗੀ। ਇਹ ਸਾਇਰਨ 02 ਮਿੰਟਾਂ ਲਈ ਉੱਚੀ–ਨੀਵੀਂ ਅਵਾਜ਼ (High-Low pitch) ‘ਤੇ ਵਜਾਇਆ ਜਾਵੇਗਾ। ਸਾਇਰਨ ਵੱਜਦੇ ਹੀ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਚੁਣੇ ਗਏ ਖੇਤਰਾਂ ਵਿੱਚ ਮੁਕੰਮਲ ‘ਬਲੈਕਆਊਟ‘ ਲਾਗੂ ਕੀਤਾ ਜਾਵੇਗਾ।‘
‘ਜਨਤਾ ਨੂੰ ਪ੍ਰਸ਼ਾਸਨ ਵੱਲੋਂ ਸਾਥ ਦੇਣ ਦੀ ਅਪੀਲ‘
ਕਮਾਂਡਰ ਗੁਰਲਵਦੀਪ ਸਿੰਘ ਗਰੇਵਾਲ ਮੁਤਾਬਿਕ, ‘ਆਮ ਜਨਤਾ ਲਈ ਹਦਾਇਤਾਂ ਹਨ ਕਿ ਬਲੈਕਆਊਟ ਦੌਰਾਨ ਪਛਾਣੇ ਗਏ ਖੇਤਰਾਂ ਦੇ ਲੋਕ ਆਪਣੀਆਂ ਗੈਰ–ਜ਼ਰੂਰੀ ਲਾਈਟਾਂ ਬੰਦ ਰੱਖਣ। ਹਾਲਾਂਕਿ ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਅਭਿਆਸ ਖ਼ਤਮ ਹੋਣ ‘ਤੇ ‘ਆਲ ਕਲੀਅਰ‘ ਦਾ ਸੰਕੇਤ ਦਿੱਤਾ ਜਾਵੇਗਾ, ਜੋ ਕਿ 02 ਮਿੰਟਾਂ ਲਈ ਲਗਾਤਾਰ ਉੱਚੀ ਅਵਾਜ਼ ‘ਤੇ ਵੱਜਣ ਵਾਲਾ ਸਾਇਰਨ ਹੋਵੇਗਾ।‘
ਇਸ ਮੌਕ ਐਕਸਰਸਾਈਜ਼ ਦੌਰਾਨ ਕੇਵਲ ਬਲੈਕਆਊਟ ਹੀ ਨਹੀਂ, ਸਗੋਂ ਕਈ ਰਾਹਤ ਕਾਰਜਾਂ ਦਾ ਵੀ ਨਕਲੀ ਅਭਿਆਸ ਕੀਤਾ ਜਾਵੇਗਾ। ਇਸ ਵਿੱਚ ਮੁੱਖ ਤੌਰ ‘ਤੇ ਸਿਵਲ ਡਿਫੈਂਸ ਵਿਭਾਗ ਵੱਲੋਂ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਹ ਇੱਕ ਨਿਯਮਤ ਅਭਿਆਸ (Routine Drill) ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਦਹਿਸ਼ਤ ਵਿੱਚ ਆਉਣ ਦੀ ਲੋੜ ਨਹੀਂ ਹੈ।-ਗੁਰਲਵਦੀਪ ਸਿੰਘ ਗਰੇਵਾਲ,ਜ਼ਿਲ੍ਹਾ ਕਮਾਂਡਰ
ਐਮਰਜੈਂਸੀ ਸਥਿਤੀਆਂ ਦੇ ਅਭਿਆਸ ਦਾ ਮੰਤਵ:
ਮੌਕ ਡ੍ਰਿਲ ਵਿੱਚ ਸੁਰੱਖਿਆ ਅਭਿਆਸ ਕੀਤੇ ਜਾਣੇ ਹਨ। ਅਜਿਹੇ ਸਮੇਂ, ਨਾਗਰਿਕਾਂ, ਪ੍ਰਸ਼ਾਸਨ ਅਤੇ ਹੋਰ ਏਜੰਸੀਆਂ ਵਿਚਕਾਰ ਕਿਸ ਤਰ੍ਹਾਂ ਦਾ ਤਾਲਮੇਲ ਹੁੰਦਾ ਹੈ, ਇਸ ਦੀ ਪਰਖ ਕੀਤੀ ਜਾਂਦੀ ਹੈ। ਇਸ ਸਮੇਂ ਦੌਰਾਨ ਐਮਰਜੈਂਸੀ ਸਥਿਤੀਆਂ ਦਾ ਅਭਿਆਸ ਵੀ ਕੀਤਾ ਜਾਣਾ ਹੈ। ਗ੍ਰਹਿ ਮੰਤਰਾਲੇ ਨੇ ਉਨ੍ਹਾਂ ਜ਼ਿਲ੍ਹਿਆਂ ਨੂੰ ਵਿਆਪਕ ਦਿਸ਼ਾ-ਨਿਰਦੇਸ਼ ਦਿੱਤੇ ਹਨ ਜਿੱਥੇ ਇਹ ਅਭਿਆਸ ਕੀਤਾ ਜਾਣਾ ਹੈ। ਉੱਥੋਂ ਦੇ ਪ੍ਰਸ਼ਾਸਨ ਨੂੰ ਇਸ ਬਾਰੇ ਪਹਿਲਾਂ ਹੀ ਸੁਚੇਤ ਕੀਤਾ ਗਿਆ ਹੈ।
ਡ੍ਰਿਲ ਦਾ ਆਮ ਲੋਕਾਂ ਨੂੰ ਫਾਇਦਾ:
ਜੇਕਰ ਹਮਲਿਆਂ ਦੌਰਾਨ ਲੋਕ ਜ਼ਖ਼ਮੀ ਹੋ ਜਾਂਦੇ ਹਨ ਤਾਂ ਅਜਿਹੀਆਂ ਸਥਿਤੀਆਂ ਵਿੱਚ ਹਸਪਤਾਲ ਕਿੰਨਾ ਤਿਆਰ ਹੈ, ਕੋਈ ਉੱਥੇ ਕਿਵੇਂ ਪਹੁੰਚ ਸਕਦਾ ਹੈ, ਕੀ ਬਲੱਡ ਬੈਂਕ ਵਿੱਚ ਲੋੜੀਂਦੇ ਸਾਧਨ ਹਨ, ਕੀ ਹਸਪਤਾਲ ਪੂਰੀ ਤਰ੍ਹਾਂ ਤਿਆਰ ਹੈ, ਇਨ੍ਹਾਂ ਚੀਜ਼ਾਂ ਦੀ ਵੀ ਕਾਰਵਾਈ ਦੌਰਾਨ ਜਾਂਚ ਕੀਤੀ ਜਾਵੇਗੀ। ਮੌਕ ਡ੍ਰਿਲ ਦਾ ਅੰਤ ਵਿੱਚ ਆਮ ਲੋਕਾਂ ਨੂੰ ਹੀ ਫਾਇਦਾ ਹੁੰਦਾ ਹੈ। ਦੁਨੀਆਂ ਦੇ ਕਈ ਦੇਸ਼ਾਂ ਵਿੱਚ ਅਜਿਹੇ ਮੌਕ ਡ੍ਰਿਲ ਕੀਤੇ ਜਾਂਦੇ ਹਨ ਤਾਂ ਜੋ ਨਾਗਰਿਕਾਂ ਨੂੰ ਹਮੇਸ਼ਾ ਸੁਚੇਤ ਰੱਖਿਆ ਜਾ ਸਕੇ ਅਤੇ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਸਮੇਂ ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ, ਸਰਕਾਰ ਅਤੇ ਫੌਜ ਨਾਲ ਕਿਵੇਂ ਸਹਿਯੋਗ ਕਰਨਾ ਹੈ, ਇਸ ਬਾਰੇ ਸਿਖਲਾਈ ਕੰਮ ਆਉਂਦੀ ਹੈ।
‘ਸਾਲ ਵਿੱਚ ਦੋ ਵਾਰ ਹੋਇਆ ਕਰੇਗੀ ਡ੍ਰਿਲ‘
ਦੱਸ ਦਈਏ ਬੀਤੇ ਸਾਲ ਪਹਿਲਗਾਮ ਸੈਲਾਨੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦੌਰਾਨ ਸੁਰੱਖਿਆ ਅਭਿਆਸ ਸਬੰਧੀ ਮੌਕ ਡ੍ਰਿਲਾਂ ਪੂਰੇ ਪੰਜਾਬ ਵਿੱਚ ਆਪ੍ਰੇਸ਼ਨ ਸ਼ੀਲਡ ਤਹਿਤ ਅਮਲ ਵਿੱਚ ਲਿਆਂਦੀਆਂ ਗਈਆਂ ਸਨ। ਹੁਣ ਕਰਵਾਏ ਜਾ ਰਹੇ ਇਸ ਅਭਿਆਸ ਸਬੰਧੀ ਕਮਾਂਡਰ ਗੁਰਲਵਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਉੱਤੇ ਸਾਲ ਵਿੱਚ ਦੋ ਵਾਰ ਇਹ ਡ੍ਰਿਲ ਆਪਣੀਆਂ ਤਿਆਰੀਆਂ ਨੂੰ ਪਰਖਣ ਲਈ ਕਰਵਾਈ ਜਾਵੇਗੀ।
ETV BHARAT