ਰਵਾਇਤੀ ਖੇਤੀ ਛੱਡ ਕੀਤੀ ਔਸ਼ਧੀ ਖੁੰਬ ਕੋਰਡੀਸੈਪਸ ਮਿਲੀਟੇਰਿਸ ਦੀ ਕਾਸ਼ਤ
ਕਿਸਾਨ ਰਸ਼ਪਾਲ ਔਸ਼ਧੀ ਖੁੰਬ ਕੋਰਡੀਸੈਪਸ ਮਿਲੀਟੇਰਿਸ ਦੀ ਖੇਤੀ ਕਰਕੇ ਵੱਖਰਾ ਨਾਮ ਕਮਾ ਰਿਹਾ ਹੈ।
18 ਜੂਨ, 2026 – ਬਰਨਾਲਾ: ਖੇਤੀਬਾੜੀ ਵਿੱਚ ਕੁਝ ਵੱਖਰਾ ਅਤੇ ਮੁਨਾਫ਼ੇ ਵਾਲਾ ਕਰਨ ਦੀ ਚਾਹਤ ਰੱਖਣ ਵਾਲੇ ਨੌਜਵਾਨਾਂ ਲਈ ਜ਼ਿਲ੍ਹਾ ਬਰਨਾਲਾ ਦੇ ਪਿੰਡ ਬੱਲੋਕੇ ਦਾ ਰਸ਼ਪਾਲ ਸਿੰਘ ਇੱਕ ਮਿਸਾਲ ਬਣ ਕੇ ਉੱਭਰਿਆ ਹੈ। ਰਸ਼ਪਾਲ ਸਿੰਘ ਨੇ ਰਵਾਇਤੀ ਖੇਤੀ ਤੋਂ ਹਟ ਕੇ ਬੇਹੱਦ ਕੀਮਤੀ ਮੰਨੀ ਜਾਣ ਵਾਲੀ ਔਸ਼ਧੀ ਖੁੰਬ ਕੋਰਡੀਸੈਪਸ ਮਿਲੀਟੇਰਿਸ ਦੀ ਸਫ਼ਲ ਖੇਤੀ ਕਰਕੇ ਇਲਾਕੇ ਵਿੱਚ ਆਪਣਾ ਇੱਕ ਵੱਖਰਾ ਨਾਮ ਬਣਾਇਆ ਹੈ। ਉਹ ਬਿਨਾਂ ਕਿਸੇ ਬਾਹਰੀ ਲੇਬਰ ਦੇ, ਮਹਿਜ਼ ਦੋ ਛੋਟੇ ਕਮਰਿਆਂ ਵਿੱਚ ਇਹ ਖੇਤੀ ਕਰਕੇ ਸਾਲਾਨਾ ਲੱਖਾਂ ਰੁਪਏ ਦਾ ਮੁਨਾਫ਼ਾ ਕਮਾ ਰਿਹਾ ਹੈ। ਕਿਸਾਨ ਰਛਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਪੱਧਰ ‘ਤੇ ਵੀ ਉਹਨਾਂ ਨੂੰ ਕਈ ਇਨਾਮ ਮਿਲ ਚੁੱਕੇ ਹਨ ਅਤੇ ਸਾਲ 2019 ਦੇ ਵਿੱਚ ਬਰਨਾਲਾ ਡੀਸੀ ਵੱਲੋਂ ਇਨਾਮ ਵਜੋਂ 60000 ਹਜ਼ਾਰ ਰੁਪਏ ਦਿੱਤੇ ਗਏ ਸਨ।
ਕਿਸਾਨ ਭਰਾਵਾਂ ਨੂੰ ਸਲਾਹ: ਵੱਡੇ ਨਿਵੇਸ਼ ਦੀ ਬਜਾਏ ਛੋਟੇ ਪੱਧਰ ਤੋਂ ਕਰੋ ਸ਼ੁਰੂਆਤ
ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ “ਇਸ ਖੇਤੀ ਦੀ ਸ਼ੁਰੂਆਤ ਸਾਲ 2018 ਵਿੱਚ ਕੀਤੀ ਸੀ। ਉਸ ਸਮੇਂ ਭਾਰਤ ਵਿੱਚ ਇਸ ਦੀ ਟ੍ਰੇਨਿੰਗ ਦੀ ਕੋਈ ਸਹੂਲਤ ਨਹੀਂ ਸੀ ਅਤੇ ਥਾਈਲੈਂਡ ਜਾਂ ਚੀਨ ਵਰਗੇ ਦੇਸ਼ਾਂ ਵਿੱਚ ਟ੍ਰੇਨਿੰਗ ਲੈਣ ਦਾ ਖਰਚਾ ਹੀ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਸੀ। ਇਸ ਤੋਂ ਇਲਾਵਾ ਵਿਦੇਸ਼ੀ ਮਾਹਿਰਾਂ ਦੇ ਹਿਸਾਬ ਨਾਲ ਪ੍ਰੋਜੈਕਟ ਸ਼ੁਰੂ ਕਰਨ ਲਈ ਘੱਟੋ-ਘੱਟ 50 ਲੱਖ ਰੁਪਏ ਦੀ ਲੋੜ ਸੀ। ਇੰਨਾ ਵੱਡਾ ਜੋਖ਼ਮ ਲੈਣ ਦੀ ਬਜਾਏ ਰਸ਼ਪਾਲ ਨੇ ਖੁਦ ਇੰਟਰਨੈੱਟ ‘ਤੇ ਵਿਦੇਸ਼ੀ ਵਿਗਿਆਨੀਆਂ ਦੇ ਰਿਸਰਚ ਪੇਪਰ ਅਤੇ ਸਕਾਲਰ ਆਰਟੀਕਲ ਪੜ੍ਹੇ ਅਤੇ ਖੁਦ ਪ੍ਰੈਕਟੀਕਲ ਤਜਰਬੇ (ਐਕਸਪੈਰੀਮੈਂਟ) ਕਰਕੇ ਇਸ ਨੂੰ ਉਗਾਉਣਾ ਸਿੱਖਿਆ।”
“ਮਹਿਜ਼ 1 ਲੱਖ ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕੀਤਾ ਸੀ ਕੰਮ”
ਵੱਡੇ ਨਿਵੇਸ਼ ਦੇ ਦਾਅਵਿਆਂ ਨੂੰ ਨਕਾਰਦਿਆਂ ਰਸ਼ਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਛੋਟੇ ਕਮਰੇ ਵਿੱਚ ਏ.ਸੀ. (AC) ਅਤੇ ਨਮੀ (Moisture) ਕੰਟਰੋਲ ਕਰਨ ਦਾ ਸਿਸਟਮ ਲਗਾ ਕੇ ਮਹਿਜ਼ 1 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਸ਼ੁਰੂ ਕੀਤਾ ਸੀ। ਸ਼ੁਰੂਆਤੀ 7-8 ਮਹੀਨੇ ਕੰਟੈਮੀਨੇਸ਼ਨ (ਫ਼ੰਗਸ/ਖਰਾਬੀ) ਕਾਰਨ 50 ਫੀਸਦੀ ਤੱਕ ਡੱਬੇ ਖਰਾਬ ਹੋ ਜਾਂਦੇ ਸਨ, ਪਰ ਹੌਲੀ-ਹੌਲੀ ਤਜਰਬਾ ਵਧਣ ਨਾਲ ਸਫ਼ਲਤਾ ਮਿਲਦੀ ਗਈ। ਇਹ ਪੂਰਾ ਕੰਮ ਟਿਸ਼ੂ ਕਲਚਰ ਤਕਨੀਕ ਰਾਹੀਂ ‘ਲੈਮੀਨਾਰ ਏਅਰ ਫਲੋਅ’ (Laminar Air Flow) ਕੈਬਿਨੇਟ ਦੇ ਅੰਦਰ ਬੇਹੱਦ ਸਾਫ਼-ਸੁਥਰੇ ਮਾਹੌਲ ਵਿੱਚ ਹੁੰਦਾ ਹੈ, ਜਿਸ ਲਈ 20 ਤੋਂ 22 ਡਿਗਰੀ ਤਾਪਮਾਨ ਅਤੇ 75 ਤੋਂ 80 ਫੀਸਦੀ ਨਮੀ ਦੀ ਲੋੜ ਹੁੰਦੀ ਹੈ। ਆਪਣੀ ਮਿਹਨਤ ਦੇ ਦਮ ‘ਤੇ ਰਸ਼ਪਾਲ ਨੇ ਇਸ ਕੰਮ ਨੂੰ ਮੁਨਾਫ਼ੇ ਵਾਲਾ ਸੌਦਾ ਬਣਾ ਲਿਆ ਹੈ।
“ਔਸ਼ਧੀ ਖੁੰਬ ਕੋਰਡੀਸੈਪਸ ਮਿਲੀਟੇਰਿਸ ਦੀ ਸ਼ੁਰੂਆਤ ਮੈਂ 2018 ਵਿੱਚ ਕੀਤੀ ਸੀ, ਉਸ ਸਮੇਂ ਭਾਰਤ ਵਿੱਚ ਇਸਦੀ ਕੋਈ ਟ੍ਰੇਨਿੰਗ ਨਹੀਂ ਹੁੰਦੀ ਸੀ, ਜੋ ਥਾਇਲੈਂਡ ਚਾਇਨਾ ਅਤੇ ਕੋਰੀਆਂ ਵਿੱਚ ਹੀ ਹੁੰਦੀ ਸੀ। ਉਥੋਂ ਟਰੇਨਿੰਗ ਲੈਣ ਦਾ ਢਾਈ ਤੋਂ 3 ਲੱਖ ਰੁਪਏ ਦਾ ਖਰਚਾ ਆਉਣਾ ਸੀ। ਜੇਕਰ ਉਨ੍ਹਾਂ ਦੇ ਹਿਸਾਬ ਨਾਲ ਇਸ ਦੀ ਖੇਤੀ ਕਰਦਾ ਤਾਂ ਇਸ ਪ੍ਰੋਜੈਕਟ ਦੇ ਖਰਚੇ ਦੀ ਸ਼ੁਰੂਆਤ 50 ਲੱਖ ਰੁਪਏ ਆਉਣੀ ਸੀ ਜੋ ਬਹੁਤ ਹੀ ਰਿਸਕੀ ਸੀ। ਫਿਰ ਖੁਦ ਹੀ ਮੈਂ ਇਸ ਦੇ ਸਰਚ ਪੇਪਰ ਪੜ੍ਹ ਕੇ 1 ਲੱਖ ਰੁਪਏ ਨਾਲ ਇਸਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ ਵਿੱਚ ਕਾਫੀ ਮੁਸ਼ਕਿਲਾਂ ਆਈਆਂ ਪਰ ਜਿਵੇਂ-ਜਿਵੇਂ ਮੈਂ ਇਸਦਾ ਪ੍ਰਯੋਗ ਕਰਦਾ ਗਿਆ ਤਾਂ ਬਾਅਦ ਵਿੱਚ ਮੈਂ ਇਹ ਕੰਮ ਕਰਨ ਵਿੱਚ ਕਾਮਯਾਬ ਹੋ ਗਿਆ।” –ਰਸ਼ਪਾਲ ਸਿੰਘ, ਕਿਸਾਨ
“ਸਾਲ 2025 ਦੌਰਾਨ 7 ਲੱਖ ਰੁਪਏ ਦੀ ਕੀਤੀ ਕਮਾਈ“
ਰਸ਼ਪਾਲ ਸਿੰਘ ਨੇ ਦੱਸਿਆ ਕਿ “ਸਾਲ 2025 ਦੌਰਾਨ ਉਨ੍ਹਾਂ ਨੇ ਕਰੀਬ ਸਾਢੇ ਸੱਤ ਕਿੱਲੋ ਸੁੱਕੀ ਕੀੜਾ ਜੜੀ ਵੇਚ ਕੇ 7 ਲੱਖ ਰੁਪਏ ਦੀ ਕਮਾਈ ਕੀਤੀ ਹੈ। ਰਸ਼ਪਾਲ ਮੁਤਾਬਿਕ ਜੇਕਰ ਇਹ ਉਤਪਾਦ ਬਲਕ (ਥੋਕ) ਵਿੱਚ ਕੰਪਨੀਆਂ ਨੂੰ ਵੇਚਿਆ ਜਾਵੇ ਤਾਂ ਰੇਟ ਬਹੁਤ ਘੱਟ ਮਿਲਦਾ ਹੈ। ਇਸ ਲਈ ਉਹ ਕਿਸੇ ਕੰਪਨੀ ਨੂੰ ਮਾਲ ਵੇਚਣ ਦੀ ਬਜਾਏ ਸਿੱਧਾ ਗਾਹਕਾਂ ਨੂੰ ਵੇਚਦੇ ਹਨ। ਵਧੀਆ ਕੁਆਲਿਟੀ ਸਦਕਾ ਅੱਜ ਦੇਸ਼–ਵਿਦੇਸ਼ ਵਿੱਚ ਉਨ੍ਹਾਂ ਦੇ ਪੱਕੇ ਗਾਹਕ ਬਣ ਚੁੱਕੇ ਹਨ। ਯੂ.ਕੇ., ਅਮਰੀਕਾ, ਕੈਨੇਡਾ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਅਤੇ ਭਾਰਤ ਦੇ ਵੱਖ–ਵੱਖ ਰਾਜਾਂ ਤੋਂ ਖਿਡਾਰੀ (Players) ਅਤੇ ਮਰੀਜ਼ (Patients) ਉਨ੍ਹਾਂ ਕੋਲੋਂ ਸਿੱਧੀ ਖਰੀਦਦਾਰੀ ਕਰਦੇ ਹਨ।”
ਖੇਤੀਬਾੜੀ ਵਿਭਾਗ ਅਤੇ ‘ਆਤਮਾ‘ (ATMA) ਸਕੀਮ ਵੱਲੋਂ ਹੋ ਚੁੱਕੇ ਸਨਮਾਨਿਤ
ਰਸ਼ਪਾਲ ਸਿੰਘ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ (KVK), ਖੇਤੀਬਾੜੀ ਵਿਭਾਗ ਅਤੇ ‘ਆਤਮਾ’ (ATMA) ਸਕੀਮ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਲ 2019 ਵਿੱਚ ਉਨ੍ਹਾਂ ਨੂੰ ਤਤਕਾਲੀ ਡੀ.ਸੀ. ਸਾਹਿਬ ਵੱਲੋਂ 60 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਵੀ ਨਿਵਾਜਿਆ ਗਿਆ ਸੀ। ਸਰਕਾਰੀ ਅਧਿਕਾਰੀ ਅਕਸਰ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਰਹਿੰਦੇ ਹਨ।
ਕਿਸਾਨਾਂ ਅਤੇ ਨੌਜਵਾਨਾਂ ਨੂੰ ਸਲਾਹ
ਰਸ਼ਪਾਲ ਸਿੰਘ ਨੇ ਹੋਰਨਾਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਹ ਕੰਮ ਬਹੁਤ ਬਾਰੀਕੀ ਅਤੇ ਮਿਹਨਤ ਵਾਲਾ ਹੈ। ਇਸ ਲਈ ਕਿਸੇ ਦੇ ਪਿੱਛੇ ਲੱਗ ਕੇ ਸਿੱਧਾ 10 ਜਾਂ 20 ਲੱਖ ਰੁਪਏ ਦਾ ਵੱਡਾ ਨਿਵੇਸ਼ ਨਾ ਕਰੋ। ਚਾਹੇ 1 ਕਿੱਲੋ ਦੀ ਪ੍ਰੋਡਕਸ਼ਨ ਤੋਂ ਸ਼ੁਰੂਆਤ ਕਰੋ, ਪਰ ਛੋਟੇ ਪੱਧਰ ਤੋਂ ਕਰੋ ਤਾਂ ਜੋ ਨੁਕਸਾਨ ਦਾ ਕੋਈ ਖਤਰਾ ਨਾ ਰਹੇ। ਜਦੋਂ ਕੰਮ ਸਮਝ ਆ ਜਾਵੇ, ਤਾਂ ਇਸ ਨੂੰ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ। ਉਹ ਖੁਦ ਇਸ ਕੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿਉਂਕਿ ਇਸ ਵਿੱਚ ਨਾ ਤਾਂ ਬਾਹਰੀ ਲੇਬਰ ਦੀ ਲੋੜ ਹੈ ਅਤੇ ਨਾ ਹੀ ਕੋਈ ਵੱਡਾ ਰਿਸਕ। ਮਹਿਜ਼ ਇੱਕ 10×10 ਦਾ ਕਮਰਾ (ਗਰੋਇੰਗ ਰੂਮ) ਅਤੇ ਇੱਕ 8×8 ਦਾ ਕਮਰਾ (ਲੈਬ) ਹੀ ਇਸ ਖੇਤੀ ਲਈ ਕਾਫ਼ੀ ਹੈ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕੀਤੀ ਸ਼ਲਾਘਾ
ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਜ਼ਿਲ੍ਹੇ ਦੇ ਕਿਸਾਨ ਰਸ਼ਪਾਲ ਸਿੰਘ ਦੀ ਸ਼ਲਾਘਾ ਕੀਤਾ। ਓਹਨਾਂ ਕਿਹਾ ਕਿ “ਇਹ ਅਗਾਂਹਵਧੂ ਕਿਸਾਨ ਬਾਕੀਆਂ ਲਈ ਪ੍ਰੇਰਨਾ ਸਰੋਤ ਹੈ ਜੋ ਕਿ ਵਿਲੱਖਣ ਕਿਸਮ ਦੀ ਖੁੰਬ ਦੀ ਕਾਸ਼ਤ ਕਰ ਰਿਹਾ ਹੈ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਰਸ਼ਪਾਲ ਸਿੰਘ ਸਿੰਘ ਇਸ ਕਿਸਾਨ ਦੀ ਖੁੰਬ ਦੀ ਕਾਸ਼ਤ ਕਰਨ ਵਾਲੇ ਪੰਜਾਬ ਦੇ ਮੋਹਰੀ ਕਿਸਾਨਾਂ ਵਿੱਚ ਹੈ। ਇਹ ਕਿਸਾਨਾਂ ਜਿੱਥੇ ਵਿਗਿਆਨਕ ਖੇਤੀ ਨੂੰ ਹੁਲਾਰਾ ਦੇ ਰਿਹਾ ਹੈ ਓਥੇ ਚੰਗੀ ਆਮਦਨ ਵੀ ਲੈ ਰਿਹਾ ਹੈ ਜੋ ਕਿ ਦੂਜੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ।”
ETV BHARAT