ਹਲਾਤ ਦੱਸਦਾ ਭਾਵੁਕ ਹੋ ਗਿਆ ਬਜ਼ੁਰਗ ਕਿਸਾਨ…
ਪੰਜਾਬ ਵਿੱਚ ਨਰਮੇ ਦੀ ਫਸਲ ਉੱਤੇ ਚਿੱਟੇ ਮੱਛਰ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਿਸਾਨ ਚਿੰਤਾ ਵਿੱਚ ਹਨ।
13 ਜੁਲਾਈ, 2026 – ਬਠਿੰਡਾ : ਇੱਕ ਪਾਸੇ ਪੰਜਾਬ ਸਰਕਾਰ ਨਰਮੇ ਹੇਠ ਰਕਬਾ ਵਧਾਉਣ ਲਈ ਦਿਨ ਰਾਤ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਪਰ ਦੂਸਰੇ ਪਾਸੇ ਨਰਮਾ ਪੱਟੀ ਇੱਕ ਵਾਰ ਫੇਰ ਚਿੱਟੇ ਮੱਛਰ ਦੇ ਹਮਲੇ ਕਾਰਨ ਬਰਬਾਦ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵਾਰ ਮਾਨਸੂਨ ਵਿੱਚ ਆਈ ਦੇਰੀ ਕਾਰਨ ਨਰਮੇ ਦੀ ਫਸਲ ’ਤੇ ਚਿੱਟੇ ਮੱਛਰ ਦਾ ਹਮਲਾ ਅਗੇਤਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਵਿੱਚ ਜਿੱਥੇ ਚਿੰਤਾ ਵੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਫਸਲ ਦਾ ਝਾੜ ਘਟਣ ਦੇ ਅਸਾਰ ਪੈਦਾ ਹੋ ਗਏ ਹਨ।
ਨਰਮੇ ‘ਤੇ ਚਿੱਟੇ ਮੱਛਰ ਦਾ ਹਮਲਾ
ਬਠਿੰਡਾ ਦੇ ਪਿੰਡ ਜੋਧਪੁਰ ਰਮਾਣਾ ਵਿਖੇ ਵੱਡੀ ਗਿਣਤੀ ਵਿੱਚ ਨਰਮੇ ਦੀ ਫਸਲ ’ਤੇ ਚਿੱਟੇ ਮੱਛਰ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਇਸ ਹਮਲੇ ਨੂੰ ਲੈ ਕੇ ਜਿੱਥੇ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਸਰਵੇ ਕੀਤੇ ਜਾ ਰਹੇ ਹਨ ਉੱਥੇ ਹੀ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ।
ਚਿੰਤਾ ‘ਚ ਕਿਸਾਨ
ਪਿੰਡ ਜੋਧਪੁਰ ਦੇ ਕਿਸਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ “ਉਨਾਂ ਵੱਲੋਂ 10 ਏਕੜ ਜ਼ਮੀਨ ਠੇਕੇ ਉੱਤੇ ਲੈ ਕੇ ਨਰਮੇ ਦੀ ਫਸਲ ਦੀ ਬੀਜੀ ਸੀ। ਇਸ ਵਾਰ ਮੀਂਹ ਨਾ ਪੈਣ ਕਾਰਨ ਨਰਮੇ ਦੀ ਫਸਲ ਉੱਤੇ ਚਿੱਟੇ ਮੱਛਰ ਦੇ ਨਾਲ–ਨਾਲ ਜੂਆਂ ਆਦਿ ਵੇਖਣ ਨੂੰ ਮਿਲ ਰਹੀਆਂ ਹਨ ਜਿਸ ਕਾਰਨ ਨਰਮੇ ਦੀ ਫਸਲ ਦੇ ਪੱਤੇ ਮੁੜਨੇ ਸ਼ੁਰੂ ਹੋ ਗਏ ਹਨ। ਜੇ ਇਹ ਹਲਾਤ ਰਹੇ ਤਾਂ ਕਿਸਾਨਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਵੇਗਾ ਕਿਉਂਕਿ ਪਹਿਲਾਂ ਬਿਜਾਈ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦਾ ਲਗਭਗ 10 ਹਜ਼ਾਰ ਪ੍ਰਤੀ ਏਕੜ ਖਰਚਾ ਹੋ ਚੁੱਕਿਆ ਹੈ ਅਤੇ 2000 ਰੁਪਏ ਪ੍ਰਤੀ ਕੁਇੰਟਲ ਚੁਗਾਈ ਕਿਸਾਨ ਨੂੰ ਦੇਣੀ ਪੈਂਦੀ ਹੈ।”
“ਜੇਕਰ ਚਿੱਟੇ ਮੱਛਰ ਦਾ ਹਮਲਾ ਇਸ ਤਰ੍ਹਾਂ ਜਾਰੀ ਰਿਹਾ ਤਾਂ ਨਰਮੇ ਦਾ ਝਾੜ ਘਟੇਗਾ ਅਤੇ ਇਸ ਵਾਰ ਨਰਮੇ ਦੀ ਫਸਲ ਕਿਸਾਨਾਂ ਲਈ ਘਾਟੇ ਦਾ ਸੌਦਾ ਬਣੇਗੀ। ਪਹਿਲਾਂ ਹੀ ਕਿਸਾਨ ਠੇਕੇ ਉੱਤੇ ਲੈ ਕੇ ਜ਼ਮੀਨਾਂ ਖੇਤੀ ਕਰ ਰਹੇ ਹਨ ਪਰ ਜੋ ਹਲਾਤ ਬਣਦੇ ਜਾ ਰਹੇ ਹਨ ਉਹ ਆਪਣੀ ਅਗਲੀ ਪੀੜੀ ਨੂੰ ਖੇਤੀ ਦੇ ਧੰਦੇ ਤੋਂ ਦੂਰ ਕਰ ਰਹੇ ਹਨ ਕਿਉਂਕਿ ਇਹ ਹੁਣ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਭਾਵੇਂ ਸਰਕਾਰ ਵੱਲੋਂ ਨਰਮੇ ਹੇਠ ਰਕਬਾ ਵਧਾਉਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਕਿਸਾਨਾਂ ਨੂੰ ਸਬਸਿਡੀ ਉੱਤੇ ਬੀਜ ਵੀ ਉਪਲਬਧ ਕਰਵਾਏ ਗਏ ਸਨ ਪਰ ਹੁਣ ਹਲਾਤ ਇਹ ਹਨ ਕਿ ਨਰਮੇ ਦੀ ਫਸਲ ਉੱਤੇ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦਾ ਹਮਲਾ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਵੱਲੋਂ ਲਗਾਤਾਰ ਨਰਮੇ ਦੀ ਫਸਲ ਤੋਂ ਦੂਰੀ ਬਣਾਈ ਜਾ ਰਹੀ ਹੈ।”–ਪ੍ਰੀਤਮ ਸਿੰਘ,ਕਿਸਾਨ
‘ਭਰੇ ਮਨ ਨਾਲ ਵਾਹੁਣੀ ਪਈ ਫਸਲ‘
ਪਿੰਡ ਜੋਧਪੁਰ ਦੇ ਹੀ ਕਿਸਾਨ ਸੁਖਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਨੇ ਦੱਸਿਆ ਕਿ “ਸਾਡੀ ਦੀ ਚਿੱਟੇ ਮੱਛਰ ਦੇ ਹਮਲੇ ਨੇ ਸਾਰੀ ਨਰਮੇ ਦੀ ਫਸਲ ਖਰਾਬ ਕਰ ਦਿੱਤੀ, ਕਈ ਸਪਰੇਆਂ ਵੀ ਕੀਤੀਆਂ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਲਈ ਪਰ ਕੋਈ ਸਲਾਹ ਨੇ ਕੰਮ ਨਹੀਂ ਕੀਤਾ ਜਿਸ ਕਰਕੇ ਸਾਨੂੰ ਨੂੰ ਅੱਜ ਆਪਣੀ ਫਸਲ ਭਰੇ ਮਨ ਨਾਲ ਵਾਹੁਣੀ ਪੈ ਰਹੀ ਹੈ। ਪਹਿਲਾਂ ਵੀ ਗੁਲਾਬੀ ਸੁੰਡੀ ਨਾਲ ਨਰਮਾ ਖਰਾਬ ਹੋ ਗਿਆ ਸੀ ਅਤੇ ਫਿਰ ਕਣਕ ਦਾ ਝਾੜ ਘੱਟ ਨਿਕਲਿਆ ਜਿਸ ਕਰਕੇ ਹੁਣ ਹੋਰ ਫਸਲ ਲਗਾਉਣ ਲਈ ਨਾ ਹੀ ਪੈਸੇ ਹਨ ਤੇ ਨਾ ਹੀ ਹੌਸਲਾ।”
ਇੱਕ ਹੋਰ ਕਿਸਾਨ ਨੇ ਨਰਮਾ ਦਿਖਾਉਦੇ ਦੱਸਿਆਂ ਕਿ ਜੇ ਚਿੱਟੇ ਮੱਛਰ ਤੋਂ ਬਚਤ ਹੁੰਦੀ ਹੈ ਤਾਂ ਬਣ ਰਹੇ ਫੁੱਲਾ ਵਿੱਚ ਗੁਲਾਬੀ ਸੁੰਡੀ ਪੈਦਾ ਹੋ ਜਾਦੀ ਹੈ ਜੋ ਕਿ ਫਸਲ ਨਹੀਂ ਲੱਗਣ ਦੇ ਰਹੀ।
ਕੀ ਜਾਣਕਾਰੀ ਦੇ ਰਹੇ ਖੇਤੀਬਾੜੀ ਅਫ਼ਸਰ ?
ਬਠਿੰਡਾ ਜ਼ਿਲ੍ਹੇ ਦੇ ਕੁੱਝ ਨਰਮੇ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ (ਪਿੰਕ ਬੋਲਵਰਮ) ਦਾ ਹਮਲਾ ਦੇਖਣ ਵਿੱਚ ਆਇਆ ਹੈ। ਇਸ ਦੇ ਬਚਾਅ ਲਈ ਨਰਮੇ ਦੇ ਖੇਤਾਂ ਦਾ ਨਿਯਮਿਤ ਨਿਰੀਖਣ ਕਰਨ ਅਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਮੌਜੂਦਗੀ ‘ਤੇ ਵਿਸ਼ੇਸ਼ ਨਜ਼ਰ ਰੱਖਣੀ ਜ਼ਰੂਰੀ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ, ਬਠਿੰਡਾ ਡਾ. ਹਰਪ੍ਰੀਤ ਪਾਲ ਕੌਰ ਨੇ ਸਾਂਝੀ ਕੀਤੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ “ਬੀ.ਟੀ.ਕਾਟਨ ਵਿੱਚ 10 ਪ੍ਰਤੀਸ਼ਤ ਫੁੱਲ-ਡੋਡੀ ਆਉਣ ਤੇ ਅਤੇ ਦੇਸੀ ਕਪਾਹ ਵਿੱਚ 25 ਪ੍ਰਤੀਸ਼ਤ ਫੁੱਲ ਡੋਡੀ ਆਉਣ ’ਤੇ ਹੀ ਗੁਲਾਬੀ ਸੁੰਡੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਸਪਰੇਅ ਕੀਤੀ ਜਾਵੇ।”
ਕਿਸਾਨ ਨੂੰ ਅਪੀਲ
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ “ਕਿਸਾਨ ਆਪਣੇ ਖੇਤਾਂ ਦਾ ਲਗਾਤਾਰ ਮੁਆਇਨਾ ਕਰਦੇ ਰਹਿਣ ਅਤੇ ਕੀੜਿਆਂ ਦੇ ਸ਼ੁਰੂਆਤੀ ਹਮਲੇ ਦੀ ਸਥਿਤੀ ਵਿੱਚ ਤੁਰੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਜਾਂ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਕੇ ਮਾਹਰਾਂ ਦੀ ਸਲਾਹ ਅਨੁਸਾਰ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨ ਤਾਂ ਜੋ ਨਰਮੇ ਦੀ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।”
ETV BHARAT