ਬੀਤੇ ਦਿਨ 84 ਦੰਗਾ ਪੀੜਤ ਪਰਿਵਾਰਾਂ ਵੱਲੋਂ ਪੰਜਾਬ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਕਈ ਮੁੱਦੇ ਚੁੱਕੇ ਸਨ।
13 ਜੁਲਾਈ, 2026 – ਲੁਧਿਆਣਾ: ਚੰਡੀਗੜ੍ਹ ‘ਚ ਪਿਛਲੇ ਪੰਜ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ 1984 ਕਤਲੇਆਮ ਪੀੜਤਾਂ ਦੇ ਵਫ਼ਦ ਨੇ ਬੀਤੇ ਕੱਲ੍ਹ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਪੀੜਤਾਂ ਦਾ ਇਲਜ਼ਾਮ ਹੈ ਕਿ ਮੌਜੂਦਾ ਪੰਜਾਬ ਸਰਕਾਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਅਤੇ ਨਾ ਹੀ ਪੁਰਾਣੇ ਸਮੇਂ ਵਿੱਚ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਦੱਸ ਦਈਏ ਕਿ 1984 ਪੀੜਤਾਂ ਵੱਲੋਂ ਲੁਧਿਆਣਾ ‘ਚ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ‘ਤੇ ਨਰਾਜ਼ਗੀ ਜਾਹਿਰ ਕੀਤੀ ਗਈ ਹੈ। ਪੀੜਤਾਂ ਨੇ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ, ਜਿਹੜੇ ਵਾਅਦੇ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਸਨ ਉਹ ਪੂਰੇ ਨਹੀਂ ਕੀਤੇ।
ਸਾਡੀਆਂ ਮੰਗਾਂ ਸਬੰਧੀ ਨਹੀਂ ਲਈ ਸਾਰ
84 ਕਤਲੇਆਮ ਪੀੜਤ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ “ਇਨਸਾਫ਼ ਦੀ ਲੜਾਈ ਲੜਦਿਆਂ 4 ਦਹਾਕੇ ਬੀਤ ਚੁੱਕੇ ਹਨ, ਪਰ ਪੀੜਤਾਂ ਦਾ ਦਰਦ ਅੱਜ ਵੀ ਓਨਾਂ ਹੀ ਹਰਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਪੰਜ ਦਿਨਾਂ ਤੋਂ ਕਤਲੇਆਮ ਦੀ ਪੀੜਤ ਬੀਬੀਆਂ ਚੰਡੀਗੜ੍ਹ ‘ਚ ਅੰਨ–ਜਲ ਤਿਆਗ ਕੇ ਧਰਨੇ ‘ਤੇ ਬੈਠੇ ਸਨ, ਪਰ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਜਾਂ ਲੀਡਰ ਵੱਲੋਂ ਸਾਡੀਆਂ ਮੰਗਾਂ ਸਬੰਧੀ ਕੋਈ ਸਾਰ ਨਹੀਂ ਲਈ ਗਈ। ਇਸ ਦੇ ਚੱਲਦੇ 84 ਕਤਲੇਆਮ ਪੀੜਤਾਂ ਦੇ ਵਫ਼ਦ ਨੇ ਬੀਤੇ ਕੱਲ੍ਹ ਰਾਜਪਾਲ ਕਟਾਰੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ।”
‘ਸਰਕਾਰਾਂ ਬਦਲਦੀਆਂ ਪਰ ਸਾਨੂੰ ਨਿਰਾਸ਼ਾ ਹੀ ਮਿਲਦੀ‘
ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰਾਂ ਬਦਲਦੀਆਂ ਹਨ, ਵਾਅਦੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ‘ਤੇ ਉਨ੍ਹਾਂ ਨੂੰ ਸਿਰਫ਼ ਨਿਰਾਸ਼ਾ ਹੀ ਹੱਥ ਲੱਗਦੀ ਹੈ। ਪੀੜਤਾਂ ਮੁਤਾਬਕ ਉਨ੍ਹਾਂ ਨੂੰ ਨਾ ਤਾਂ ਰੁਜ਼ਗਾਰ ਦੇ ਪੂਰੇ ਸਾਧਨ ਦਿੱਤੇ ਗਏ ਅਤੇ ਨਾ ਹੀ ਪੁਰਾਣੇ ਮੁੜ-ਵਸੇਬੇ ਦੇ ਵਾਅਦੇ ਵਫ਼ਾ ਹੋਏ।
‘ਮੁੱਖ ਮੰਤਰੀ ਮਿਲਣ ਤੋਂ ਵੱਟ ਰਹੇ ਟਾਲਾ‘
ਪੀੜਤ ਗੁਰਦੀਪ ਕੌਰ ਨੇ ਦੱਸਿਆ ਕਿ “ਅਸੀਂ ਕਈ ਵਾਰ ਸਰਕਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਾਂ। ਭਾਵੇਂ ਲੁਧਿਆਣਾ ਦੇ ਵਿੱਚ ਕੋਈ ਸਮਾਗਮ ਹੋਵੇ ਜਾਂ ਫਿਰ ਪੰਜਾਬ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਪਰ ਮੁੱਖ ਮੰਤਰੀ ਸਾਡੇ ਨਾਲ ਮੁਲਾਕਾਤ ਕਰਨ ਤੋਂ ਗੁਰੇਜ ਕਰ ਰਹੇ ਹਨ। ਲੁਧਿਆਣਾ ਦੇ ਵਿੱਚ ਵੀ ਜਦੋਂ ਉਹ ਆਏ ਸਨ ਤਾਂ ਅਸੀਂ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੁਲਾਕਾਤ ਹੀ ਨਹੀਂ ਕੀਤੀ। ਹੁਣ ਚੰਡੀਗੜ੍ਹ ਅਸੀਂ ਪਹੁੰਚੇ ਤਾਂ ਮੁੱਖ ਮੰਤਰੀ ਦੇ ਬਿਮਾਰ ਹੋਣ ਤਾਂ ਸਾਨੂੰ ਹਵਾਲਾ ਦੇ ਦਿੱਤਾ ਗਿਆ।”
‘ਮੁੱਖ ਮੰਤਰੀ ਤੋਂ ਸਾਨੂੰ ਨਹੀਂ ਕੋਈ ਆਸ‘
ਉਹਨਾਂ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਦੇ ਵਿੱਚੋਂ ਸਾਡੇ ਪੀੜਤਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ, ਸਾਡੇ ਲਈ ਘਰ ਅਤੇ ਹੋਰ ਮੁੜ ਵਸੇਬੇ ਦੇ ਲਈ ਜੋ ਪ੍ਰਬੰਧ ਹੋਣੇ ਚਾਹੀਦੇ ਹਨ, ਉਹ ਸਰਕਾਰ ਵੱਲੋਂ ਨਹੀਂ ਕੀਤੇ ਗਏ। ਉਹਨਾਂ ਨੇ ਕਿਹਾ ਕਿ ਇਹ ਸਿੱਖ ਵਿਰੋਧੀ ਸਰਕਾਰ ਹੈ ਇਸੇ ਕਰਕੇ ਸਾਡੀ ਸਾਰ ਨਹੀਂ ਲੈ ਰਹੀ। ਇਸ ਲਈ ਅਸੀਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਆਪਣਾ ਮੰਗ ਪੱਤਰ ਦੇਵਾਂਗੇ ਤੇ ਦੱਸਾਂਗੇ ਕਿ ਕਿਵੇਂ ਭਗਵੰਤ ਮਾਨ ਸਰਕਾਰ ਨੇ ਸਾਨੂੰ ਧੱਕੇ ਖਾਣ ਲਈ ਮਜਬੂਰ ਕੀਤੇ ਤੇ ਸੜਕਾਂ ਉੱਤੇ ਰੋਲਿਆ। ਅਸੀਂ ਵੱਡੇ-ਵੱਡੇ ਪੋਸਟਰ ਬਣਵਾ ਲਏ ਹਨ ਤੇ ਹੁਣ ਲੋਕਾਂ ‘ਚ ਜਾਵਾਂਗੇ ਤੇ ਦੱਸਾਂਗੇ ਕਿ ਕਿਵੇਂ ਭਗਵੰਤ ਮਾਨ ਸਰਕਾਰ ਨੇ ਸਾਨੂੰ ਜਲੀਲ ਕੀਤਾ ਅਤੇ ਪੁਲਿਸ ਤੋਂ ਡਾਂਗਾਂ ਮਰਵਾਈਆਂ।
ETV BHARAT