RBI ਰਾਹੀਂ ਹੋਵੇਗੀ ਨਿਲਾਮੀ
ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਚੱਲ ਰਹੀ ਪੰਜਾਬ ਸਰਕਾਰ ਨੇ ਮੁੜ ਚੁੱਕਿਆਂ ਕਰਜ਼ਾ। 14 ਜੁਲਾਈ ਨੂੰ ਨਿਲਾਮੀ ਹੋਣ ਜਾ ਰਹੀ।
13 ਜੁਲਾਈ, 2026 – ਚੰਡੀਗੜ੍ਹ: ਪਹਿਲਾਂ ਹੀ ਭਾਰੀ ਕਰਜ਼ੇ ਦੇ ਬੋਝ ਹੇਠ ਚੱਲ ਰਹੀ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ 1,000 ਕਰੋੜ ਰੁਪਏ ਦਾ ਕਰਜ਼ਾ ਲੈਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ, 14 ਜੁਲਾਈ 2026 ਨੂੰ ਭਾਰਤੀ ਰਿਜ਼ਰਵ ਬੈਂਕ (RBI) ਰਾਹੀਂ 1,000 ਕਰੋੜ ਰੁਪਏ ਦੇ ਸਟੇਟ ਡਿਵੈਲਪਮੈਂਟ ਲੋਨ (SDL) ਦੀ ਨਿਲਾਮੀ ਕਰਵਾਈ ਜਾਵੇਗੀ।
ਵਿਕਾਸ ਕਾਰਜਾਂ ਲਈ ਲਿਆ ਜਾ ਰਿਹਾ ਹੈ ਕਰਜ਼ਾ
ਵਿੱਤ ਵਿਭਾਗ ਮੁਤਾਬਕ ਇਹ ਰਕਮ ਸੂਬੇ ਦੇ ਵਿਕਾਸ ਕਾਰਜਾਂ, ਪੂੰਜੀਗਤ ਪ੍ਰਾਜੈਕਟਾਂ ਅਤੇ ਹੋਰ ਸਰਕਾਰੀ ਯੋਜਨਾਵਾਂ ਲਈ ਵਰਤੀ ਜਾਵੇਗੀ। ਇਸ ਕਰਜ਼ੇ ਲਈ ਕੇਂਦਰ ਸਰਕਾਰ ਤੋਂ ਵੀ ਲੋੜੀਂਦੀ ਮਨਜ਼ੂਰੀ ਹਾਸਲ ਕੀਤੀ ਗਈ ਹੈ।
14 ਜੁਲਾਈ ਨੂੰ ਹੋਵੇਗੀ ਨਿਲਾਮੀ
ਨੋਟੀਫਿਕੇਸ਼ਨ ਮੁਤਾਬਕ, ਇਸ ਕਰਜ਼ੇ ਦੀ ਨਿਲਾਮੀ 14 ਜੁਲਾਈ ਨੂੰ RBI ਦੇ ਈ-ਕੁਬੇਰ (e-Kuber) ਪਲੇਟਫਾਰਮ ਰਾਹੀਂ ਹੋਵੇਗੀ। ਮੁਕਾਬਲੇ ਵਾਲੀਆਂ ਬੋਲੀਆਂ ਸਵੇਰੇ 10:30 ਤੋਂ 11:30 ਵਜੇ ਤੱਕ ਅਤੇ ਗੈਰ-ਮੁਕਾਬਲੇ ਵਾਲੀਆਂ ਬੋਲੀਆਂ 10:30 ਤੋਂ 11:00 ਵਜੇ ਤੱਕ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ। ਸਫਲ ਬੋਲੀਦਾਤਿਆਂ ਨੂੰ 15 ਜੁਲਾਈ ਤੱਕ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ।
7 ਸਾਲ ਬਾਅਦ ਕਰਜ਼ਾ ਵਾਪਸ ਕਰੇਗੀ ਸਰਕਾਰ
ਇਹ ਕਰਜ਼ਾ 7 ਸਾਲ ਲਈ ਲਿਆ ਜਾ ਰਿਹਾ ਹੈ। ਇਸ ‘ਤੇ 7.55 ਫ਼ੀਸਦੀ ਸਾਲਾਨਾ ਵਿਆਜ ਦੇਣਾ ਹੋਵੇਗਾ। ਸਰਕਾਰ ਇਹ ਕਰਜ਼ਾ 17 ਜੂਨ 2033 ਨੂੰ ਵਾਪਸ ਕਰੇਗੀ, ਜਦਕਿ ਵਿਆਜ ਦੀ ਅਦਾਇਗੀ ਹਰ ਸਾਲ 17 ਜੂਨ ਅਤੇ 17 ਦਸੰਬਰ ਨੂੰ ਕੀਤੀ ਜਾਵੇਗੀ।
ਇਹ ਨਵਾਂ ਨਹੀਂ, ਪਹਿਲਾਂ ਵਾਲੇ ਬਾਂਡ ਦਾ ਰੀ–ਇਸ਼ੂ
ਇਹ 17 ਜੂਨ 2026 ਨੂੰ ਜਾਰੀ ਕੀਤੇ ਗਏ 7.55 ਫ਼ੀਸਦੀ ਪੰਜਾਬ SGS-2033 ਬਾਂਡ ਦਾ ਰੀ-ਇਸ਼ੂ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਪਹਿਲਾਂ ਜਾਰੀ ਕੀਤੇ ਗਏ ਉਸੇ ਬਾਂਡ ਰਾਹੀਂ ਹੋਰ ਰਕਮ ਇਕੱਠੀ ਕਰ ਰਹੀ ਹੈ।
ਰੀ–ਇਸ਼ੂ ਕੀ ਹੁੰਦਾ ਹੈ?
ਇਹ 17 ਜੂਨ, 2026 ਨੂੰ ਜਾਰੀ ਕੀਤੇ ਗਏ 7.55% Punjab SGS-2033 ਬਾਂਡ ਦਾ ਰੀ-ਇਸ਼ੂ ਹੈ। ਇਸ ਪ੍ਰਕਿਰਿਆ ਰਾਹੀਂ ਸਰਕਾਰ ਪਹਿਲਾਂ ਤੋਂ ਜਾਰੀ ਸੁਰੱਖਿਆ (Security) ਵਿੱਚ ਹੋਰ ਰਕਮ ਇਕੱਠੀ ਕਰਦੀ ਹੈ, ਜਿਸ ਨਾਲ ਸਰਕਾਰ ਦੀ ਉਧਾਰੀ ਦਾ ਪ੍ਰਬੰਧਨ ਆਸਾਨ ਹੁੰਦਾ ਹੈ ਅਤੇ ਬਾਜ਼ਾਰ ਵਿੱਚ ਇਸ ਬਾਂਡ ਦੀ ਪਾਰਦਰਸ਼ਤਾ ਵੀ ਵਧਦੀ ਹੈ।
ਵਿਰੋਧੀ ਧਿਰਾਂ ਲਗਾਤਾਰ ਚੁੱਕ ਰਹੀਆਂ ਸਵਾਲ
ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਕਰਜ਼ਾ ਲਏ ਜਾਣ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੀਆਂ ਹਨ। ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਸੂਬੇ ਦਾ ਕਰਜ਼ਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਦਾ ਬੋਝ ਆਉਣ ਵਾਲੀਆਂ ਪੀੜ੍ਹੀਆਂ ‘ਤੇ ਪਵੇਗਾ। ਦੂਜੇ ਪਾਸੇ, ਸਰਕਾਰ ਦਾ ਕਹਿਣਾ ਹੈ ਕਿ ਇਹ ਕਰਜ਼ਾ ਵਿਕਾਸ ਕਾਰਜਾਂ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਲਈ ਲਿਆ ਜਾ ਰਿਹਾ ਹੈ।
ETV BHARAT