20 ਜੁਲਾਈ, 2026 – ਚੰਡੀਗੜ੍ਹ : ਪੰਜਾਬ ਦੀ ਸਟੇਟ ਹੈਲਥ ਏਜੰਸੀ (SHA) ਦੇ ਅੰਕੜਿਆਂ ਮੁਤਾਬਕ, ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਦਿਲ ਦੀਆਂ ਬਿਮਾਰੀਆਂ ਦੇ ਇਲਾਜ (ਕਾਰਡੀਅਕ ਪ੍ਰੋਸੀਜਰ) ਵਿੱਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਰਹੀ। ਇਸ ਯੋਜਨਾ ਤਹਿਤ ਕੁੱਲ 135 ਮਰੀਜ਼ਾਂ ਦਾ ਇਲਾਜ ਹੋਇਆ, ਜਿਨ੍ਹਾਂ ਵਿੱਚੋਂ 73 ਮਰੀਜ਼ 17-35 ਸਾਲ ਦੀ ਉਮਰ ਦੇ ਸਨ ਅਤੇ ਉਨ੍ਹਾਂ ਨੂੰ ਕੈਸ਼ਲੈੱਸ (ਮੁਫ਼ਤ) ਇਲਾਜ ਮਿਲਿਆ।
15 ਜੁਲਾਈ, 2026 ਤੱਕ, ਇਸ ਯੋਜਨਾ ਨੇ 135 ਮਰੀਜ਼ਾਂ ਲਈ 2.71 ਕਰੋੜ ਰੁਪਏ ਦੇ ਦਿਲ ਦੇ ਇਲਾਜ/ਸਰਜਰੀਆਂ (ਕਾਰਡੀਅਕ ਪ੍ਰੋਸੀਜਰ) ਵਿੱਚ ਮਦਦ ਕੀਤੀ ਹੈ। ਇਨ੍ਹਾਂ ਵਿੱਚ ਜਨਮਜਾਤ ਦਿਲ ਦੇ ਨੁਕਸ (congenital heart defects), ਵਾਲਵ ਦੀਆਂ ਸਮੱਸਿਆਵਾਂ ਅਤੇ ਦਿਲ ਨਾਲ ਜੁੜੀਆਂ ਹੋਰ ਗੰਭੀਰ ਬਿਮਾਰੀਆਂ ਦੀਆਂ ਸਰਜਰੀਆਂ ਸ਼ਾਮਲ ਸਨ।
ਸਿਹਤ ਮਾਹਰਾਂ ਅਨੁਸਾਰ, ਪੂਰੇ ਭਾਰਤ ਵਿੱਚ ਨੌਜਵਾਨਾਂ ਅੰਦਰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਮੁਤਾਬਕ, ਪਿਛਲੇ 30 ਸਾਲਾਂ ਵਿੱਚ ਦਿਲ ਦੀਆਂ ਬਿਮਾਰੀਆਂ (ਕਾਰਡੀਓਵੈਸਕੁਲਰ ਡਿਜ਼ੀਜ਼) ਭਾਰਤ ਵਿੱਚ ਬਿਮਾਰੀਆਂ ਅਤੇ ਮੌਤਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਬਣ ਕੇ ਸਾਹਮਣੇ ਆਈਆਂ ਹਨ।
ਪੰਜਾਬ ਦੇ ‘ਐੱਸ ਟੀ -ਸੈਗਮੈਂਟ ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ’ (STEMI) ਪ੍ਰਾਜੈਕਟ ਦੀ ਅਗਵਾਈ ਕਰ ਰਹੇ ਅਤੇ ਦਿਲ ਦੇ ਰੋਗਾਂ ਦੇ ਮਾਹਰ ਡਾ. ਬਿਸ਼ਵ ਮੋਹਨ ਨੇ ਦੱਸਿਆ, “ਛੋਟੀ ਉਮਰ ਵਿੱਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਤੇਜ਼ੀ ਨਾਲ ਵਧ ਰਿਹਾ ਸ਼ਹਿਰੀਕਰਨ, ਸੁਸਤ ਜੀਵਨ ਸ਼ੈਲੀ, ਤੰਬਾਕੂ, ਸਿਗਰਟਨੋਸ਼ੀ, ਵੇਪਿੰਗ, ਹੁੱਲਾ (ਹੁੱਕਾ), ਨਸ਼ੇ, ਤਣਾਅ, ਸੋਸ਼ਲ ਮੀਡੀਆ ਦੀ ਅਸੰਤੁਲਿਤ ਦੌੜ, ਪ੍ਰੋਸੈਸਡ ਤੇ ਮਿਲਾਵਟੀ ਭੋਜਨ, ਕਸਰਤ ਦੀ ਘਾਟ ਅਤੇ ਨੀਂਦ ਦਾ ਵਿਗੜਿਆ ਚੱਕਰ ਨੌਜਵਾਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਵਧਣ ਦੇ ਮੁੱਖ ਕਾਰਨ ਹਨ।”
ਡਾ. ਮੋਹਨ ਨੇ ਨੌਜਵਾਨਾਂ ਵਿੱਚ ਦਿਲ ਦੇ ਖ਼ਤਰਿਆਂ ਨੂੰ ਘਟਾਉਣ ਲਈ ਚੰਗੀ ਨੀਂਦ, ਫਲਾਂ ਅਤੇ ਸਬਜ਼ੀਆਂ ਨਾਲ ਭਰਪੂਰ ਸੰਤੁਲਿਤ ਖ਼ੁਰਾਕ, ਨਿਯਮਤ ਸਰੀਰਕ ਗਤੀਵਿਧੀ, ਨਸ਼ੀਲੇ ਪਦਾਰਥਾਂ ਤੋਂ ਪਰਹੇਜ਼, ਭਾਈਚਾਰਕ ਸਾਂਝ, ਪਾਰਕਾਂ ਅਤੇ ਸਾਈਕਲਿੰਗ ਟਰੈਕਾਂ ਤੱਕ ਪਹੁੰਚ, ਸਮਾਜਿਕ ਰੁਝੇਵੇਂ, ਯੋਗਾ ਅਤੇ ਸਸਤੇ ਸਿਹਤਮੰਦ ਭੋਜਨ ਦੇ ਵਿਕਲਪਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਪਰਿਵਾਰਾਂ ਨੂੰ ਹਸਪਤਾਲ ਦੇ ਖ਼ਰਚਿਆਂ ਦੇ ਬੋਝ ਤੋਂ ਬਿਨਾਂ ਦਿਲ ਦੇ ਜ਼ਰੂਰੀ ਇਲਾਜ ਤੱਕ ਪਹੁੰਚ ਕਰਨ ਵਿੱਚ ਮਦਦ ਕੀਤੀ ਹੈ।”
ਉਨ੍ਹਾਂ ਕਿਹਾ ਕਿ ਦਿਲ ਦੀ ਬਿਮਾਰੀ ਇੱਕ ਵੱਡੀ ਜਨਤਕ ਸਿਹਤ ਚੁਣੌਤੀ ਬਣੀ ਹੋਈ ਹੈ, ਪਰ ਜਾਗਰੂਕਤਾ, ਸਮੇਂ ਸਿਰ ਜਾਂਚ ਅਤੇ ਤੁਰੰਤ ਡਾਕਟਰੀ ਮਦਦ ਨਾਲ ਬਹੁਤ ਸਾਰੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।
ਮੰਤਰੀ ਨੇ ਕਿਹਾ, “ਕਿਸੇ ਵੀ ਪਰਿਵਾਰ ਨੂੰ ਆਰਥਿਕ ਤੰਗੀ ਕਾਰਨ ਦਿਲ ਦੇ ਜਾਨ ਬਚਾਊ ਇਲਾਜ ਵਿੱਚ ਦੇਰੀ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਸਮੇਂ ਸਿਰ ਜਾਂਚ ਅਤੇ ਸਹੀ ਸਮੇਂ ‘ਤੇ ਕੀਤਾ ਗਿਆ ਇਲਾਜ ਜਾਨਾਂ ਬਚਾਉਂਦਾ ਹੈ ਅਤੇ ਸਾਡੀ ਵਚਨਬੱਧਤਾ ਪੰਜਾਬ ਦੇ ਹਰ ਯੋਗ ਪਰਿਵਾਰ ਤੱਕ ਅਜਿਹੀ ਦੇਖਭਾਲ ਪਹੁੰਚਾਉਣਾ ਹੈ।”
ਕੰਸਲਟੈਂਟ ਕਾਰਡੀਓਲੋਜਿਸਟ ਡਾ. ਕਰਨਦੀਪ ਸਿੰਘ ਸਿਆਲ ਨੇ ਕਿਹਾ, “ਦਿਲ ਦੀ ਬਿਮਾਰੀ ਸ਼ਾਇਦ ਹੀ ਕਦੇ ਬਿਨਾਂ ਕਿਸੇ ਚਿਤਾਵਨੀ ਦੇ ਆਉਂਦੀ ਹੈ। ਅਕਸਰ, ਇਹ ਛਾਤੀ ਵਿੱਚ ਲਗਾਤਾਰ ਦਰਦ, ਸਾਹ ਫੁੱਲਣ, ਅਸਾਧਾਰਨ ਥਕਾਵਟ ਜਾਂ ਬਾਹਾਂ, ਜਬਾੜੇ ਜਾਂ ਪਿੱਠ ਤੱਕ ਫੈਲਣ ਵਾਲੇ ਦਰਦ ਰਾਹੀਂ ਚੁੱਪਚਾਪ ਸੰਕੇਤ ਦਿੰਦੀ ਹੈ। ਫਿਰ ਵੀ ਇਨ੍ਹਾਂ ਲੱਛਣਾਂ ਨੂੰ ਅਕਸਰ ਉਦੋਂ ਤੱਕ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਦੋਂ ਤੱਕ ਇਹ ਐਮਰਜੈਂਸੀ ਵਿੱਚ ਨਾ ਬਦਲ ਜਾਣ। ਚਿਤਾਵਨੀ ਦੇ ਸੰਕੇਤਾਂ ਨੂੰ ਪਹਿਲਾਂ ਪਛਾਣਨਾ ਅਤੇ ਤੁਰੰਤ ਡਾਕਟਰੀ ਮਦਦ ਲੈਣਾ ਬਚਣ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ ਅਤੇ ਦਿਲ ਨੂੰ ਹੋਣ ਵਾਲੇ ਸਥਾਈ ਨੁਕਸਾਨ ਨੂੰ ਘਟਾ ਸਕਦਾ ਹੈ।”
ਪੰਜਾਬੀ ਟ੍ਰਿਬਯੂਨ