ਪੂਨੀਆ, ਢਿੱਲੋਂ ਅਤੇ ਸੈਣੀ ਦੀ ‘ਤ੍ਰਿਮੂਰਤੀ’ ਨਾਲ ‘ਮਿਸ਼ਨ 2027’ ਦੀ ਤਿਆਰੀ !
ਸਤੀਸ਼ ਪੂਨੀਆ ਦਾ ‘ਹਰਿਆਣਾ ਮਾਡਲ’, ਕੇਵਲ ਢਿੱਲੋਂ ‘ਜੱਟ ਸਿੱਖ’ ਚਿਹਰਾ ਅਤੇ ਨਾਇਬ ਸੈਣੀ ਦੀ ‘ਪੱਗ’ ਵਾਲੀ ਸਾਂਝ ਕਿੰਨੀ ਕਾਰਗਰ?
20 ਅਗਸਤ, 2026 – ਚੰਡੀਗੜ੍ਹ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿੱਚ ਸੱਤਾ ਹਾਸਲ ਕਰਨ ਲਈ ਆਪਣੀ ਸਭ ਤੋਂ ਵੱਡੀ ਸਿਆਸੀ ‘ਸੋਸ਼ਲ ਇੰਜੀਨੀਅਰਿੰਗ’ ਸ਼ੁਰੂ ਕਰ ਦਿੱਤੀ ਹੈ। ਪਾਰਟੀ ਵੱਲੋਂ ਰਾਜ ਸਭਾ ਮੈਂਬਰ ਡਾ. ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਨਵਾਂ ਸੂਬਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹੁਣ ਪੰਜਾਬ ਵਿੱਚ ਭਾਜਪਾ ਦੀ ਕਮਾਨ ਤਿੰਨ ਮੁੱਖ ਧੁਰਿਆਂ—ਨਵੇਂ ਇੰਚਾਰਜ ਡਾ. ਸਤੀਸ਼ ਪੂਨੀਆ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦੁਆਲੇ ਘੁੰਮੇਗੀ।
- ਡਾ. ਸਤੀਸ਼ ਪੂਨੀਆ: ਹਰਿਆਣਾ ਜਿੱਤ ਦਾ ਫਾਰਮੂਲਾ ਅਤੇ ‘ਜਾਟ‘ ਪਿਛੋਕੜ
- ਚੋਣ ਰਣਨੀਤੀ ਦਾ ਤਜਰਬਾ: ਡਾ. ਸਤੀਸ਼ ਪੂਨੀਆ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਇੰਚਾਰਜ ਵਜੋਂ ਸ਼ਾਨਦਾਰ ਭੂਮਿਕਾ ਨਿਭਾਈ ਸੀ, ਜਿੱਥੇ ਪਾਰਟੀ ਨੇ ਵਿਰੋਧੀ ਲਹਿਰ ਦੇ ਬਾਵਜੂਦ ਸਰਕਾਰ ਬਣਾਈ। ਉਹ ਇਸੇ ਸਫਲ ਚੋਣ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ।
- ਪੰਜਾਬ ਦੀ ਸਿਆਸਤ ‘ਤੇ ਬਿਆਨ: ਆਪਣੀ ਨਿਯੁਕਤੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਪੂਨੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ‘ਤੇ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ, “ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਅਤੇ ਭਾਜਪਾ ਹੀ ਸੂਬੇ ਨੂੰ ਇੱਕ ਮਜ਼ਬੂਤ ਅਤੇ ਸਥਿਰ ਵਿਕਲਪ ਦੇ ਸਕਦੀ ਹੈ।”
- ਹਰਿਆਣਾ ਵਰਗੇ ‘ਅੰਡਰਕਰੰਟ‘ ਦਾ ਦਾਅਵਾ: ਹਰਿਆਣਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਪੂਨੀਆ ਨੇ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਵਿੱਚ ਭਾਜਪਾ ਦੇ ਹੱਕ ਵਿੱਚ ਇੱਕ ਖਾਮੋਸ਼ ਲਹਿਰ ਸੀ, ਉਹੀ ਮਾਹੌਲ ਹੁਣ ਪੰਜਾਬ ਵਿੱਚ ਵੀ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਕੇਡਰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਹੋ ਰਿਹਾ ਹੈ ਅਤੇ 2027 ਵਿੱਚ ਭਾਜਪਾ ਇਤਿਹਾਸ ਰਚੇਗੀ।
- ਪੇਂਡੂ ਤੇ ਕਿਸਾਨੀ ਪਿਛੋਕੜ: ਪੂਨੀਆ ਖ਼ੁਦ ਰਾਜਸਥਾਨ ਦੇ ਇੱਕ ਜੱਟ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਪੰਜਾਬ ਵਿੱਚ ਭਾਜਪਾ ਨੂੰ ਪੇਂਡੂ ਖੇਤਰਾਂ ਵਿੱਚ ਕਿਸਾਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਨੀਆ ਦੀ ਕਿਸਾਨੀ ਮਾਨਸਿਕਤਾ ਦੀ ਸਮਝ ਪੇਂਡੂ ਖੇਤਰਾਂ ਵਿੱਚ ਟੁੱਟੇ ਸੰਵਾਦ ਨੂੰ ਮੁੜ ਸ਼ੁਰੂ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।
Jaipur, Rajasthan: On being appointed as the BJP Punjab in-charge, MP Satish Poonia, says, “Look, when there is training in our party, it covers all aspects—both organisationally and politically. The party itself is a big institution where there is a lot to learn. I learned a lot… pic.twitter.com/lEGq0ga2s1
— IANS (@ians_india) August 18, 2026
- ਕੇਵਲ ਸਿੰਘ ਢਿੱਲੋਂ: ਪਹਿਲਾ ‘ਜੱਟ ਸਿੱਖ‘ ਚਿਹਰਾ ਅਤੇ ਉਦਯੋਗਿਕ ਪਹੁੰਚ
- ਇਤਿਹਾਸਕ ਦਾਅ: ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾ ਕੇ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ‘ਜੱਟ ਸਿੱਖ’ ਆਗੂ ਨੂੰ ਪਾਰਟੀ ਦੀ ਸਰਵਉੱਚ ਕਮਾਨ ਸੌਂਪੀ ਹੈ। ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਵੱਡੇ ਉਦਯੋਗਪਤੀ ਹੋਣ ਦੇ ਨਾਤੇ ਉਹ ਪੰਜਾਬ ਦੇ ਮਾਲਵਾ ਖੇਤਰ ਅਤੇ ਕਾਰੋਬਾਰੀ ਵਰਗ ਵਿੱਚ ਚੰਗਾ ਰਸੂਖ ਰੱਖਦੇ ਹਨ।
- ਪੂਨੀਆ–ਢਿੱਲੋਂ ਦੀ ‘ਜੁਗਲਬੰਦੀ‘: ਇੱਕ ਪਾਸੇ ਸੂਬਾ ਇੰਚਾਰਜ ਸਤੀਸ਼ ਪੂਨੀਆ ਜਾਟ ਹਨ ਅਤੇ ਦੂਜੇ ਪਾਸੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਜੱਟ ਸਿੱਖ ਹਨ। ਇਹ ਦੋਹਰਾ ‘ਜਾਟ ਫੈਕਟਰ’ ਪੰਜਾਬ ਦੀ ਰਵਾਇਤੀ ਜੱਟ-ਪ੍ਰਧਾਨ ਸਿਆਸਤ ਵਿੱਚ ਸੰਨ੍ਹ ਲਾਉਣ ਅਤੇ ਕਿਸਾਨੀ ਰੋਸ ਨੂੰ ਠੰਢਾ ਕਰਨ ਲਈ ਭਾਜਪਾ ਦਾ ਇੱਕ ਸੋਚਿਆ-ਸਮਝਿਆ ਕਦਮ ਹੋ ਸਕਦਾ ਹੈ।
- ਆਰਥਿਕ ਅਤੇ ਵਿਕਾਸ ਦਾ ਏਜੰਡਾ: ਢਿੱਲੋਂ ਨੇ ਅਹੁਦਾ ਸੰਭਾਲਦਿਆਂ ਹੀ ਪੰਜਾਬ ਵਿੱਚ ਉਦਯੋਗਾਂ ਦੀ ਪੁਨਰ-ਸੁਰਜੀਤੀ ਅਤੇ ਐਮ.ਐਸ.ਪੀ. ਦੀ ਗਰੰਟੀ ਵਰਗੇ ਮੁੱਦਿਆਂ ‘ਤੇ ਕੇਂਦਰ ਨਾਲ ਤਾਲਮੇਲ ਵਧਾਉਣ ਦੀ ਗੱਲ ਕਹੀ ਹੈ, ਜੋ ਸ਼ਹਿਰੀ ਅਤੇ ਪੇਂਡੂ ਵੋਟਰਾਂ ਨੂੰ ਜੋੜਨ ਦਾ ਕੰਮ ਕਰ ਸਕਦੀ ਹੈ।
- ਨਾਇਬ ਸਿੰਘ ਸੈਣੀ: ਓ.ਬੀ.ਸੀ. ਲਾਮਬੰਦੀ ਅਤੇ ‘ਪੱਗ‘ ਰਾਹੀਂ ਸੱਭਿਆਚਾਰਕ ਸਾਂਝ
- ਪੰਜਾਬ ਵਿੱਚ ਸਰਗਰਮੀ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਭਾਜਪਾ ਦੇ ਪ੍ਰਚਾਰ ਲਈ ਬਹੁਤ ਸਰਗਰਮ ਹਨ। ਭਾਜਪਾ ਉਨ੍ਹਾਂ ਨੂੰ ਪੰਜਾਬ ਵਿੱਚ ਇਹ ਦਿਖਾਉਣ ਲਈ ਪੇਂਡੂ ਰੈਲੀਆਂ ਵਿੱਚ ਉਤਾਰ ਰਹੀ ਹੈ ਕਿ ਕਿਵੇਂ ਇੱਕ ਗੁਆਂਢੀ ਰਾਜ ਨੇ ਤਰੱਕੀ ਕੀਤੀ ਹੈ।
- ਸਮਾਜਿਕ ਸਮੀਕਰਨ (OBC ਵੋਟ ਬੈਂਕ): ਪੰਜਾਬ ਵਿੱਚ ਸੈਣੀ/ਭਗਤ/ਓ.ਬੀ.ਸੀ. ਭਾਈਚਾਰੇ ਦੀ ਵੱਡੀ ਗਿਣਤੀ ਹੈ, ਖ਼ਾਸ ਕਰਕੇ ਦੋਆਬਾ ਅਤੇ ਮਾਝਾ ਖੇਤਰ ਵਿੱਚ। ਨਾਇਬ ਸੈਣੀ ਇੱਕ ਪ੍ਰਮੁੱਖ ਓ.ਬੀ.ਸੀ. ਚਿਹਰਾ ਹਨ, ਜਿਨ੍ਹਾਂ ਰਾਹੀਂ ਭਾਜਪਾ ਗੈਰ-ਜੱਟ, ਪਿਛੜੇ ਵਰਗ ਅਤੇ ਦਲਿਤ ਵੋਟਾਂ ਨੂੰ ਲਾਮਬੰਦ ਕਰ ਰਹੀ ਹੈ।
- ‘ਪੱਗ‘ ਬੰਨ੍ਹਣਾ ਅਤੇ ਪੰਜਾਬੀ ਪਿਛੋਕੜ: ਨਾਇਬ ਸੈਣੀ ਦੇ ਮਾਤਾ ਇੱਕ ਗ਼ੈਰ-ਜੱਟ ਸਿੱਖ ਪਰਿਵਾਰ ਤੋਂ ਹਨ ਅਤੇ ਉਹ ਖ਼ੁਦ ਪੰਜਾਬੀ ਬੋਲਦੇ ਹਨ। ਪੰਜਾਬ ਦੌਰਿਆਂ ਦੌਰਾਨ ਉਨ੍ਹਾਂ ਵੱਲੋਂ ‘ਕੇਸਰੀ ਪੱਗ’ ਬੰਨ੍ਹਣੀ ਸਿੱਖਾਂ ਨਾਲ ਇੱਕ ਭਾਵਨਾਤਮਕ ਅਤੇ ਸੱਭਿਆਚਾਰਕ ਸਾਂਝ ਬਣਾਉਣ ਦੀ ਕੋਸ਼ਿਸ਼ ਹੈ। ਹਾਲਾਂਕਿ ਪੰਜਾਬ ਦੇ ਸਿੱਖ ਵੋਟਰ ਸਿਰਫ਼ ਪਹਿਰਾਵੇ ਦੀ ਬਜਾਏ ਕੇਂਦਰ ਦੇ ਫੈਸਲਿਆਂ ਜਿਵੇਂ ਕਿਸਾਨੀ ਮੰਗਾਂ, ਬੰਦੀ ਸਿੰਘਾਂ ਦੀ ਰਿਹਾਈ ਆਦਿ ਨੂੰ ਵੇਖਦੇ ਹਨ, ਫਿਰ ਵੀ ਸੈਣੀ ਦਾ ਇਹ ਰੂਪ ਪਾਰਟੀ ਪ੍ਰਤੀ ਕੱਟੜਤਾ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ।
- ਸੀਨੀਅਰ ਪੱਤਰਕਾਰਾਂ ਦਾ ਨਜ਼ਰੀਆ
ਪੰਜਾਬ ਦੇ ਸਿਆਸੀ ਮਾਮਲਿਆਂ ਨੂੰ ਨੇੜਿਓਂ ਦੇਖਣ ਵਾਲੇ ਸੀਨੀਅਰ ਪੱਤਰਕਾਰਾਂ ਮੁਤਾਬਕ, ਭਾਜਪਾ ਦੀ ਇਹ ਨਵੀਂ ਰਣਨੀਤੀ ਕਾਗਜ਼ਾਂ ‘ਤੇ ਬਹੁਤ ਮਜ਼ਬੂਤ ਅਤੇ ਸੰਤੁਲਿਤ ਨਜ਼ਰ ਆਉਂਦੀ ਹੈ, ਪਰ ਜ਼ਮੀਨੀ ਪੱਧਰ ‘ਤੇ ਇਸ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ:
ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਕਹਿੰਦੇ ਹਨ ਕਿ, “ਸਤੀਸ਼ ਪੂਨੀਆ ਦੀ ਮੁੱਖ ਕੋਸ਼ਿਸ਼ ਜੱਟਾਂ ਅਤੇ ਸਿੱਖਾਂ ਨੂੰ ਪਾਰਟੀ ਦੇ ਨਾਲ ਜੋੜਨ ਦੀ ਰਹੇਗੀ। ਕਿਉਂਕਿ ਉਹ ਖ਼ੁਦ ਪੇਂਡੂ ਪਿਛੋਕੜ ਰੱਖਦੇ ਹਨ ਅਤੇ ਉਨ੍ਹਾਂ ਦੀ ਰਣਨੀਤੀ ਪੰਜਾਬ ਦੇ ਪੇਂਡੂ ਲੋਕਾਂ ਨੂੰ ਆਪਣੀਆਂ ਨੀਤੀਆਂ ਵੱਲ ਖਿੱਚਣ ਦੀ ਰਹੇਗੀ। ਨਾਇਬ ਸੈਣੀ ਵੀ ਜਿੰਨੀ ਵਾਰ ਪੰਜਾਬ ਆਉਂਦੇ ਹਨ ਤਾਂ ਪੱਗ ਬੰਨ੍ਹਦੇ ਹਨ, ਇਸ ਵਿੱਚ ਕੁਝ ਗ਼ਲਤ ਨਹੀਂ ਹੈ ਕਿਉਂਕ ਉਨ੍ਹਾਂ ਦੇ ਮਾਤਾ ਜੀ ਵੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ। ਪਰ ਪੰਜਾਬ ਦੀਆਂ ਰੈਲੀਆਂ ਵਿੱਚ ਲਗਾਤਾਰ ਸ਼ਮੂਲੀਅਤ ਕਰਕੇ ਨਾਇਬ ਸੈਣੀ ਵੀ ਹੁਣ ਚੰਗੀ ਪੱਗ ਬੰਨ੍ਹਣ ਦੇ ਨਾਲ–ਨਾਲ ਪੰਜਾਬੀ ਭਾਸ਼ਾ ਉੱਤੇ ਵੀ ਪਕੜ ਵਧਾ ਰਹੇ ਹਨ, ਜਿਸ ਦਾ ਸਿੱਧਾ ਮਕਸਦ ਪੰਜਾਬ ਦੇ ਵੋਟਰਾਂ ਨੂੰ ਆਪਣੇ ਵਰਗਾ ਮਹਿਸੂਸ ਕਰਵਾਉਣਾ ਹੀ ਹੈ।”
ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਕਹਿੰਦੇ ਹਨ ਕਿ, “2027 ਚੋਣਾਂ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਵਿੱਚ ਸਿਰਫ਼ 2 ਸੀਟਾਂ ਨਾਲ ਪੰਜਾਬ ਵਿੱਚ ਬੀਜੇਪੀ ਇਸ ਵੇਲੇ ਬਹੁਤ ਕਮਜ਼ੋਰ ਹੈ। ਪੂਨੀਆ ਨੂੰ ਹਰਿਆਣਾ ਵਿੱਚ 2024 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਲਈ ਜਾਣਿਆ ਜਾਂਦਾ ਹੈ। ਅੰਦਰੂਨੀ ਝਗੜੇ ਵੀ ਬਹੁਤ ਹਨ, ਪੰਜਾਬ ਬੀਜੇਪੀ ਵਿੱਚ ਪੁਰਾਣੇ ਗਾਰਡ ਅਤੇ ਨਵੇਂ ਐਂਟਰੈਂਟਸ, ਜਿਵੇਂ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਾਲੀ ਟੀਮ ਵਿਚਾਲੇ ਤਣਾਅ ਚੱਲ ਰਿਹਾ ਹੈ। ਸਮਾਜਿਕ ਇੰਜੀਨੀਅਰਿੰਗ ਅਤੇ ਆਉਟਰੀਚ ਤਹਿਤ ਵੀ ਬੀਜੇਪੀ ਕੰਮ ਕਰ ਰਹੀ ਹੈ। ਕਿਉਂਕਿ ਪੂਨਿਆ ਜਾਟ ਨੇਤਾ ਹਨ, ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮਿਲ ਕੇ ਓਬੀਸੀ ਆਉਟਰੀਚ ਵੀ ਕੀਤੀ ਜਾ ਰਹੀ ਹੈ । ਇਹ ਰਣਨੀਤੀ ਹਰਿਆਣਾ ਵਾਲੀ ਮਾਡਲ ਨੂੰ ਪੰਜਾਬ ਵਿੱਚ ਦੁਹਰਾਉਣ ਦੀ ਕੋਸ਼ਿਸ਼ ਹੈ। ਹਾਲਾਂਕਿ ਕਿਸਾਨਾਂ ਦੀ ਨਰਾਜ਼ਗੀ ਅਤੇ ਰਵਾਇਤੀ ਪਾਰਟੀਆਂ ਨਾਲ ਮੁਕਾਬਲੇ ਵਰਗੀਆਂ ਚੁਣੌਤੀਆਂ ਵੀ ਹਨ ਪਰ ਫਿਰ ਵੀ ਇਹ ਨਿਯੁਕਤੀ ਬੀਜੇਪੀ ਦੀ ਪੰਜਾਬ ਵਿੱਚ ਗੰਭੀਰ ਹੋਣ ਦੀ ਨਿਸ਼ਾਨੀ ਹੈ।”
ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਵੱਖਰੀ ਰਾਏ ਰੱਖਦੇ ਹੋਏ ਕਹਿੰਦੇ ਹਨ ਕਿ, “ਇੰਚਾਰਜ ਦਾ ਬਹੁਤਾ ਰੋਲ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਸਮਝਣ ਅਤੇ ਸੁਲਝਾਉਣ ਤੱਕ ਹੀ ਸੀਮਤ ਹੁੰਦਾ ਹੈ, ਜੋ ਹਾਈ ਕਮਾਂਡ ਅਤੇ ਸੂਬਾ ਲੀਡਰਸ਼ਿਪ ਵਿੱਚ ਇੱਕ ਪੁਲ਼ ਦਾ ਕੰਮ ਕਰਦਾ ਹੈ। ਆਮ ਲੋਕਾਂ ਨੂੰ ਪਾਰਟੀ ਦੇ ਇੰਚਾਰਜ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਉਨ੍ਹਾਂ ਦਾ ਰਾਬਤਾ ਸਿੱਧੇ ਲੋਕਾਂ ਨਾਲ ਬਹੁਤਾ ਨਹੀਂ ਹੁੰਦਾ। ਕਿਸੇ ਲੀਡਰ ਖ਼ਾਸਕਰ ਸੂਬਾ ਇੰਚਾਰਜ ਦੀ ਤਾਕਤ ਉਸ ਦੀ ਪਾਰਟੀ ਅੰਦਰ ਪਕੜ, ਪਿਛੋਕੜ ਅਤੇ ਤਾਲਮੇਲ ਉੱਤੇ ਨਿਰਭਰ ਕਰਦੀ ਹੈ।”
- ਭਾਜਪਾ ਦਾ ਨਜ਼ਰੀਆ
ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਕਹਿੰਦੇ ਹਨ ਕਿ, “ਸਤੀਸ਼ ਪੂਨੀਆ 1982 ਵਿੱਚ ਏਬੀਵੀਪੀ ਤੋਂ ਲੈਕੇ ਮੁੱਖ ਧਾਰਾ ਦੀ ਸਿਆਸਤ ਵਿੱਚ ਸਰਗਰਮ ਰਹੇ ਹਨ। ਰਾਜਸਥਾਨ ਦੇ ਸੂਬਾ ਪ੍ਰਧਾਨ ਅਤੇ ਹਰਿਆਣਾ ਦੇ ਇੰਚਾਰਜ ਵਜੋਂ ਕਾਮਯਾਬੀ ਹਾਸਲ ਕਰਕੇ ਆਏ ਹਨ। ਹਰਿਆਣਾ ਵਿੱਚ ਜਦੋਂ ਸਰਕਾਰ ਬਣਨ ਦੀ ਗੱਲ ਤੱਕ ਨਹੀਂ ਸੀ ਹੋ ਰਹੀ ਤਾਂ ਉਨ੍ਹਾਂ ਦੀ ਅਗਵਾਈ ਵਿੱਚ ਪੂਰਨ ਬਹੁਮਤ ਦੀ ਸਰਕਾਰ ਬਣੀ। ਉਹ ਖ਼ੁਦ ਜਾਟ ਅਤੇ ਕਿਸਾਨੀ ਪਿਛੋਕੜ ਨਾਲ ਸਬੰਧ ਰੱਖਦੇ ਹਨ ਅਤੇ ਪਾਰਟੀ ਵਰਕਰਾਂ ਦੇ ਨਾਲ ਗਰਾਊਂਡ ਜ਼ੀਰੋ ਤੋਂ ਕੰਮ ਕਰਦੇ ਹਾਏ ਹਨ। ਖ਼ਾਸਕਰ ਰਾਜਸਥਾਨ ਅਤੇ ਹਰਿਆਣਾ ਦੇ ਨਾਲ ਲਗਦੇ ਪੰਜਾਬ ਦੇ 30-35 ਹਲਕਿਆਂ ਵਿੱਚ ਉਨ੍ਹਾਂ ਦਾ ਰਸੂਖ਼ ਪਾਰਟੀ ਲਈ ਬਹੁਤ ਕਾਰਗਰ ਸਾਬਤ ਹੋਵੇਗਾ।”
ETV BHARAT