ਜਾਣੋ ਕਿਹੜੇ ਜ਼ਿਲ੍ਹੇ ਦੇ ਲੋਕਾਂ ਨੂੰ ਜ਼ਿਆਦਾ ਖ਼ਤਰਾ?
ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧੀ। ਪੱਤਰਕਾਰ ਅਮਨਦੀਪ ਗੋਸਲ ਦੀ ਵਿਸ਼ੇਸ਼ ਰਿਪੋਰਟ
15 ਜੂਨ, 2026 – ਬਠਿੰਡਾ: ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਪਿਛਲੇ 9 ਸਾਲਾਂ ਦੇ ਕੈਂਸਰ ਮਰੀਜ਼ਾਂ ਦੇ ਅੰਕੜਿਆਂ ਤੋਂ ਹੋਇਆ ਹੈ। ਹਰ ਸਾਲ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੈਂਸਰ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਪਹਿਲਾਂ ਕੈਂਸਰ ਦੇ ਮਰੀਜ਼ਾਂ ਨੂੰ ਸਸਤਾ ਅਤੇ ਵਧੀਆ ਇਲਾਜ ਕਰਵਾਉਣ ਲਈ ਹੋਰ ਸੂਬਿਆਂ ਵਿੱਚ ਜਾਣਾ ਪੈਂਦਾ ਸੀ। ਦੱਸ ਦੇਈਏ ਕਿ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਰਾਤ ਦੀ ਰੇਲਗੱਡੀ ਨੂੰ ਕੈਂਸਰ ਟ੍ਰੇਨ ਵੀ ਕਿਹਾ ਜਾਂਦਾ ਸੀ, ਕਿਉਂਕਿ ਇਸ ਵਿੱਚ ਵੱਡੀ ਗਿਣਤੀ ‘ਚ ਕੈਂਸਰ ਦੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਫ਼ਰ ਕਰਦੇ ਹੁੰਦੇ ਸੀ। ਪਰ, ਹੁਣ ਪੰਜਾਬ ਦੇ ਲਗਭਗ ਹਰ ਸੂਬੇ ਵਿੱਚ ਕਈ ਵੱਡੇ ਹਸਪਤਾਲ ਮੌਜ਼ੂਦ ਹਨ, ਜਿੱਥੇ ਮਾਹਿਰ ਡਾਕਟਰਾਂ ਵੱਲੋਂ ਕੈਂਸਰ ਦਾ ਇਲਾਜ ਕੀਤਾ ਜਾ ਰਿਹਾ ਹੈ।
ਐਕਟੀਵਿਸਟ ਸੰਜੀਵ ਗੋਇਲ ਨੇ 14 ਮਈ 2026 ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੂੰ ਆਰ.ਟੀ.ਆਈ ਅਰਜ਼ੀ ਦੇ ਕੇ ਪੰਜਾਬ ਵਿੱਚ ਕੈਂਸਰ ਮਰੀਜ਼ਾਂ ਦੀ ਗਿਣਤੀ, ਉਨ੍ਹਾਂ ‘ਤੇ ਖ਼ਰਚ ਕੀਤੇ ਫੰਡ ਅਤੇ ਜ਼ਿਲ੍ਹਾ-ਵਾਰ ਵੇਰਵੇ ਦੀ ਮੰਗ ਕੀਤੀ। ਇਸ ਦੇ ਜਵਾਬ ਵਿੱਚ 2 ਜੂਨ 2026 ਨੂੰ ਉਨ੍ਹਾਂ ਨੇ ਜਾਣਕਾਰੀ ਮੁਹੱਈਆ ਕੀਤੀ। ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 23,711 ਕੈਂਸਰ ਮਰੀਜ਼ ਰਜਿਸਟਰਡ ਹਨ।
ਸਭ ਤੋਂ ਵੱਧ ਕੈਂਸਰ ਮਰੀਜ਼ਾਂ ਵਾਲੇ ਜ਼ਿਲ੍ਹੇ ਕਿਹੜੇ ਹਨ?
ਕੈਂਸਰ ਦੇ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਅੰਮ੍ਰਿਤਸਰ, ਲੁਧਿਆਣਾ, ਸੰਗਰੂਰ, ਗੁਰਦਾਸਪੁਰ ਅਤੇ ਜਲੰਧਰ ਵਿੱਚ ਪਾਈ ਜਾ ਰਹੀ ਹੈ। ਜੇਕਰ ਸਾਲ ਦੇ ਹਿਸਾਬ ਨਾਲ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਾਰੇ ਗੱਲ ਕਰੀਏ, ਤਾਂ 2018 ਵਿੱਚ 1736, 2019 ਵਿੱਚ 7899, 2020 ਵਿੱਚ 3283, 2021 ਵਿੱਚ 3181, 2022 ਵਿੱਚ 2580, 2023 ਵਿੱਚ 2073, 2024 ਵਿੱਚ 1626, 2025 ਵਿੱਚ 1141 ਅਤੇ 2026 ਵਿੱਚ 192 ਹੈ। ਇਸ ਤਰ੍ਹਾਂ ਕੁੱਲ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 23,711 ਹੋ ਜਾਂਦੀ ਹੈ।
ਕੈਂਸਰ ਦੇ ਮਰੀਜ਼ਾਂ ਲਈ ਮਨਜ਼ੂਰ ਰਕਮ
ਦੱਸ ਦੇਈਏ ਕਿ ਕੈਂਸਰ ਦੇ ਮਰੀਜ਼ਾਂ ਲਈ ਸਾਲ 2018 ਵਿੱਚ 24,04,02,068, 2019 ਵਿੱਚ 1,07,30,21,190, 2020 ਵਿੱਚ 41,52,08,020, 2021 ਵਿੱਚ 40,39,96,943, 2022 ਵਿੱਚ 32,87,59,340, 2023 ਵਿੱਚ 24,94,42,443, 2024 ਵਿੱਚ 19,11,90,852, 2025 ਵਿੱਚ 14,06,78,200 ਅਤੇ 2026 ਵਿੱਚ 1,05,03,000 ਤੱਕ ਦੀ ਰਕਮ ਮਨਜ਼ੂਰ ਕੀਤੀ ਗਈ ਸੀ। ਇਸ ਤਰ੍ਹਾਂ ਕੁੱਲ ਮਨਜ਼ੂਰ ਰਕਮ 3,05,32,02,056 (305 ਕਰੋੜ ਰੁਪਏ ਤੋਂ ਵੱਧ) ਹੋ ਜਾਂਦੀ ਹੈ। ਸਾਲ 2019 ਵਿੱਚ ਕੈਂਸਰ ਮਰੀਜ਼ਾਂ ਲਈ ਸਭ ਤੋਂ ਵੱਧ 107.30 ਕਰੋੜ ਦੀ ਰਕਮ ਮਨਜ਼ੂਰ ਕੀਤੀ ਗਈ ਸੀ ਜਦਕਿ ਉਸੇ ਸਾਲ ਸਭ ਤੋਂ ਵੱਧ 7899 ਮਰੀਜ਼ ਵੀ ਰਜਿਸਟਰ ਹੋਏ ਸਨ।
ਕੈਂਸਰ ਕਈ ਤਰ੍ਹਾਂ ਦਾ ਹੁੰਦਾ ਹੈ ਅਤੇ ਕੈਂਸਰ ਦਾ ਮੁੱਖ ਕਾਰਨ ਗਲਤ ਜੀਵਨ ਸ਼ੈਲੀ, ਕਸਰਤ ਦੀ ਘਾਟ, ਫਾਸਟ ਫੂਡ ਦਾ ਵੱਧ ਸੇਵਨ, ਮੋਟਾਪਾ, ਪ੍ਰਦੂਸ਼ਿਤ ਹਵਾ ਅਤੇ ਪਾਣੀ, ਸ਼ਰਾਬ ਦੀ ਵੱਧ ਵਰਤੋਂ ਸਣੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਇਸ ਬਿਮਾਰੀ ਕਾਰਨ ਪੰਜਾਬ ਵਿੱਚ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਹਜ਼ਾਰਾਂ ਮਰੀਜ਼ ਇਲਾਜ ਅਧੀਨ ਹਨ। ਨਕਲੀ ਅਤੇ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਵੀ ਕੈਂਸਰ ਦੇ ਵਧਦੇ ਮਾਮਲਿਆਂ ਦਾ ਇੱਕ ਵੱਡਾ ਕਾਰਨ ਬਣ ਰਹੀਆਂ ਹਨ। ਲਗਾਤਾਰ ਫਾਸਟ ਫੂਡ ਅਤੇ ਜੰਕ ਫੂਡ ਖਾਣ ਨਾਲ ਵੀ ਕੈਂਸਰ ਦਾ ਖ਼ਤਰਾ ਕਾਫ਼ੀ ਵੱਧ ਰਿਹਾ ਹੈ। –ਡਾਕਟਰ ਮਨਜੀਤ ਜੌੜਾ, ਕੈਂਸਰ ਸਪੈਸ਼ਲਿਸਟ
ਕੈਂਸਰ ਦੇ ਕਾਰਨ ਕੀ ਹਨ?
- ਸਿਗਰਟ, ਬੀੜੀ, ਗੁਟਕਾ ਅਤੇ ਚੈਨੀ–ਖੈਨੀ ਦਾ ਸੇਵਨ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ।
- ਜ਼ਿਆਦਾ ਸ਼ਰਾਬ ਪੀਣ ਨਾਲ ਜਿਗਰ, ਅੰਤੜੀਆਂ ਅਤੇ ਛਾਤੀ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
- ਪ੍ਰੋਸੈਸਡ ਮੀਟ, ਤਲੇ ਹੋਏ ਭੋਜਨ ਅਤੇ ਜੰਕ ਫੂਡ ਕੈਂਸਰ ਦੇ ਖ਼ਤਰੇ ਨੂੰ ਵਧਾਉਂਦੇ ਹਨ।
- ਕਸਰਤ ਨਾ ਕਰਨ ਅਤੇ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਮੋਟਾਪਾ ਵਧਦਾ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ।
- ਸੂਰਜ ਦੀਆਂ ਅਲਟਰਾ ਵਾਇਲਟ ਕਿਰਣਾਂ ਅਤੇ ਐਸਬੈਸਟਸ ਵਰਗੇ ਰਸਾਇਣ ਕੈਂਸਰ ਦਾ ਕਾਰਨ ਬਣ ਸਕਦੇ ਹਨ।
- ਲਗਭਗ 5 ਤੋਂ 10 ਫੀਸਦੀ ਕੈਂਸਰ ਦੇ ਕੇਸ ਵਿਰਾਸਤੀ ਹੁੰਦੇ ਹਨ।
ਕੈਂਸਰ ਦਾ ਇਲਾਜ
ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਸੇਵਾ ਸਕੀਮ 10 ਲੱਖ ਵਾਲੀ ਅਧੀਨ ਵੀ ਇਲਾਜ ਹੋ ਰਿਹਾ ਅਤੇ ਉਸ ਤੋਂ ਪਹਿਲਾ ਆਯੂਸ਼ਮਾਨ ਸਕੀਮ ਸੀ, ਜਿਹੜੀ ਪ੍ਰਧਾਨਮੰਤਰੀ ਸਕੀਮ 5 ਲੱਖ ਅਧੀਨ ਵੀ ਲੰਬੇ ਸਮੇਂ ਤੋਂ ਇਲਾਜ ਕੀਤਾ ਜਾ ਰਿਹਾ ਹੈ। ਜੇਕਰ ਪ੍ਰਾਈਵੇਟ ਸੈਟਅੱਪ ਬਾਰੇ ਗੱਲ ਕਰੀਏ, ਤਾਂ ਇਹ ਸਾਡਾ ਪਹਿਲਾ ਸੈਂਟਰ ਹੈ, ਜਿਸ ਵਿੱਚ ਰੇਡੀਓ ਥੈਰੇਪੀ ਵੀ ਆਯੂਸ਼ਮਾਨ ਸਕੀਮ ਤਹਿਤ ਵਰਲਡ ਕਲਾਸ ਮਸ਼ੀਨ ਦੇ ਨਾਲ ਫ੍ਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਕੀਮੋਥੈਰੇਪੀ ਵੀ ਕੈਂਸਰ ਦੇ ਅਧੀਨ ਫ੍ਰੀ ਕੀਤੀ ਜਾ ਰਹੀ ਹੈ।-ਡਾਕਟਰ ਮਨਜੀਤ ਜੌੜਾ, ਕੈਂਸਰ ਸਪੈਸ਼ਲਿਸਟ
ਔਰਤਾਂ ਅਤੇ ਮਰਦਾਂ ਵਿੱਚ ਸਭ ਤੋਂ ਵੱਧ ਕਿਹੜੇ ਕੈਂਸਰ ਪਾਏ ਜਾ ਰਹੇ?
ਦੱਸ ਦੇਈਏ ਕਿ ਔਰਤਾਂ ਅਤੇ ਮਰਦਾਂ ਵਿੱਚ ਹੋਣ ਵਾਲੇ ਕੈਂਸਰਾਂ ਦੀਆਂ ਕਿਸਮਾਂ ਅਲੱਗ-ਅਲੱਗ ਹੁੰਦੀਆਂ ਹਨ। ਔਰਤਾਂ ਵਿੱਚ ਬੱਚੇਦਾਨੀ ਦਾ ਕੈਂਸਰ, ਛਾਤੀ ਦਾ ਕੈਂਸਰ ਅਤੇ ਅੰਡਕੋਸ਼ ਦਾ ਕੈਂਸਰ ਜ਼ਿਆਦਾ ਪਾਏ ਜਾਂਦੇ ਹਨ, ਜਦਕਿ ਮਰਦਾਂ ਵਿੱਚ ਸਿਰ ਅਤੇ ਗਰਦਨ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਪ੍ਰੋਸਟੇਟ ਕੈਂਸਰ, ਖਾਣੇ ਵਾਲੀ ਨਲੀ ਅਤੇ ਅੰਤੜੀਆਂ ਦਾ ਕੈਂਸਰ ਪਾਏ ਜਾ ਰਹੇ ਹਨ।
ETV BHARAT