ਵਾਇਰਲ ਹੋਣ ਮਗਰੋਂ ਪੁਲਿਸ ਦਾ ਸਖ਼ਤ ਐਕਸ਼ਨ
ਸੁਲਤਾਨਪੁਰ ਲੋਧੀ ਵਿੱਚ ਬੱਸ ਵਿੱਚ ਔਰਤ ਦੀ ਕਥਿਤ ਨਸ਼ਾਖੋਰੀ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ 3 ਵਿਅਕਤੀ ਕਾਬੂ ਕੀਤੇ।
20 ਜੂਨ, 2026 – ਸੁਲਤਾਨਪੁਰ ਲੋਧੀ/ਕਪੂਰਥਲਾ: ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਦਰਮਿਆਨ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਇੱਕ ਵਾਇਰਲ ਵੀਡੀਓ ਨੇ ਪ੍ਰਸ਼ਾਸਨ, ਪੁਲਿਸ ਅਤੇ ਨਸ਼ਾ ਰੋਕੂ ਪ੍ਰਣਾਲੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੱਡੀ ਬਹਿਸ ਛੇੜ ਦਿੱਤੀ ਹੈ। ਜਿਸ ਵਿੱਚ ਪੁਲਿਸ ਵੱਲੋਂ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਬੱਸ ਉਹ ਨਸ਼ਾ ਕਰਨ ਦੇ ਆਦਿ ਸਨ।
ਪੁਲਿਸ ਦਾ ਸਖ਼ਤ ਐਕਸ਼ਨ
ਇਸੇ ਸਬੰਧੀ ਸੁਲਤਾਨਪੁਰ ਲੋਧੀ ਦੇ ਡੀਐਸਪੀ ਧੀਰੇਂਦਰ ਵਰਮਾ ਨੇ ਦੱਸਿਆ ਕਿ “ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਮਹਿਲਾ ਅਤੇ ਕੁਝ ਵਿਅਕਤੀ ਬੱਸ ਦੇ ਅੰਦਰ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਵੀਡੀਓ ਦੀ ਅਧਿਕਾਰਿਤ ਪੁਸ਼ਟੀ ਅਜੇ ਬਾਕੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਹਰਕਤ ਵਿੱਚ ਆਈ ਅਤੇ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਉਨ੍ਹਾਂ ਖ਼ਿਲਾਫ਼ ਧਾਰਾ 27, 61 ਅਤੇ 85 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਕਾਬੂ ਕੀਤੇ ਗਏ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਅਤੇ ਉਸ ਦੀ ਭਾਲ ਲਈ ਯਤਨ ਜਾਰੀ ਹਨ। ਮਹਿਲਾ ਦੀ ਸ਼ਨਾਖਤ ਹੋਣ ਉਪਰੰਤ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।“
ਇਸ ਘਟਨਾ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ
ਭਾਵੇਂ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਪਰ ਇਸ ਘਟਨਾ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਨਤਕ ਆਵਾਜਾਈ ਵਰਗੀਆਂ ਥਾਵਾਂ ‘ਤੇ ਕਥਿਤ ਤੌਰ ‘ਤੇ ਨਸ਼ੇ ਦਾ ਸੇਵਨ ਹੋ ਰਿਹਾ ਸੀ ਤਾਂ ਇਹ ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀ ਲਈ ਚਿੰਤਾ ਦਾ ਵਿਸ਼ਾ ਹੈ। ਖ਼ਾਸ ਗੱਲ ਇਹ ਹੈ ਕਿ ਜਿਸ ਇਲਾਕੇ ਨਾਲ ਇਹ ਮਾਮਲਾ ਜੁੜਿਆ ਦੱਸਿਆ ਜਾ ਰਿਹਾ ਹੈ, ਉੱਥੇ ਪੁਲਿਸ ਦੀ ਮੌਜੂਦਗੀ ਵੀ ਰਹਿੰਦੀ ਹੈ। ਅਜਿਹੇ ਵਿੱਚ ਲੋਕ ਪੁੱਛ ਰਹੇ ਹਨ ਕਿ ਕੀ ਨਸ਼ੇ ਦਾ ਇਹ ਰੁਝਾਨ ਇੰਨਾ ਬੇਖ਼ੌਫ਼ ਹੋ ਚੁੱਕਾ ਹੈ ਕਿ ਜਨਤਕ ਥਾਵਾਂ ਵੀ ਇਸ ਤੋਂ ਅਛੂਤੀਆਂ ਨਹੀਂ ਰਹੀਆਂ?
ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੇ ਪੱਧਰ ‘ਤੇ ਮੁਹਿੰਮ
ਸਥਾਨਕ ਲੋਕਾਂ ਅਤੇ ਸਮਾਜਿਕ ਵਰਗਾਂ ਦਾ ਮੰਨਣਾ ਹੈ ਕਿ ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਸਮੱਸਿਆ ਨਾਲ ਲੰਬੇ ਸਮੇਂ ਤੋਂ ਜੂਝ ਰਿਹਾ ਹੈ। ਹਜ਼ਾਰਾਂ ਪਰਿਵਾਰ ਇਸ ਕਾਰਨ ਪ੍ਰਭਾਵਿਤ ਹੋਏ ਹਨ ਅਤੇ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ। ਪਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਨਾਲ ਲੋਕਾਂ ਦੇ ਮਨ ਵਿੱਚ ਇਹ ਸਵਾਲ ਪੈਦਾ ਹੋਣਾ ਲਾਜ਼ਮੀ ਹੈ ਕਿ ਕੀ ਜ਼ਮੀਨੀ ਪੱਧਰ ‘ਤੇ ਕਾਰਵਾਈ ਉਨ੍ਹਾਂ ਦਾਅਵਿਆਂ ਦੇ ਮੁਤਾਬਕ ਹੋ ਰਹੀ ਹੈ ਜਾਂ ਨਹੀਂ।
“ਜੇਕਰ ਵੀਡੀਓ ਵਾਇਰਲ ਨਾ ਹੁੰਦੀ ਤਾਂ ਸ਼ਾਇਦ ਇਹ ਮਾਮਲਾ ਵੀ ਸਾਹਮਣੇ ਨਾ ਆਉਂਦਾ“
ਵਿਰੋਧੀ ਧਿਰਾਂ ਅਤੇ ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਵੀਡੀਓ ਵਾਇਰਲ ਨਾ ਹੁੰਦੀ ਤਾਂ ਸ਼ਾਇਦ ਇਹ ਮਾਮਲਾ ਵੀ ਸਾਹਮਣੇ ਨਾ ਆਉਂਦਾ। ਇਸ ਕਾਰਨ ਹੁਣ ਸਾਰੀ ਚਰਚਾ ਇਸ ਗੱਲ ‘ਤੇ ਕੇਂਦਰਿਤ ਹੋ ਗਈ ਹੈ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਨਤੀਜੇ ਅਸਲ ਵਿੱਚ ਕਿੰਨੇ ਪ੍ਰਭਾਵਸ਼ਾਲੀ ਹਨ ਅਤੇ ਕੀ ਨਸ਼ਾ ਤਸਕਰਾਂ ਤੇ ਨਸ਼ੇ ਦੇ ਆਦੀ ਲੋਕਾਂ ਵਿੱਚ ਕਾਨੂੰਨ ਦਾ ਡਰ ਬਾਕੀ ਹੈ ਜਾਂ ਨਹੀਂ।
ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ
ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ, ਪਰ ਇਹ ਵਾਇਰਲ ਵੀਡੀਓ ਇੱਕ ਵਾਰ ਫਿਰ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਚਰਚਾ ਦੇ ਕੇਂਦਰ ਵਿੱਚ ਲੈ ਆਈ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਮਹਿਲਾ ਦੀ ਪਛਾਣ ਕਦੋਂ ਹੁੰਦੀ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਜਾਂਚ ਤੋਂ ਬਾਅਦ ਹੋਰ ਕੀ ਤੱਥ ਸਾਹਮਣੇ ਆਉਂਦੇ ਹਨ।
ETV BHARAT