ਕਪੂਰਥਲਾ ਦੇ ਫਗਵਾੜਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ।
12 ਜੂਨ, 2026 – ਫਗਵਾੜਾ/ਕਪੂਰਥਲਾ: ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਵੱਡੇ-ਵੱਡੇ ਦਾਅਵਿਆਂ ਵਿਚਕਾਰ ਫਗਵਾੜਾ ਦੇ ਸੁਭਾਸ਼ ਨਗਰ ਵਾਲਮੀਕੀ ਮੁਹੱਲੇ ਤੋਂ ਸਾਹਮਣੇ ਆਈ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੀ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਇੱਥੇ ਨਸ਼ੇ ਨੇ ਨਾ ਸਿਰਫ਼ ਇੱਕ ਪਰਿਵਾਰ ਦਾ ਚਿਰਾਗ ਬੁਝਾਇਆ ਹੈ, ਸਗੋਂ ਇਹ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ ਕਿ ਆਖ਼ਿਰ ਨਸ਼ੇ ਖ਼ਿਲਾਫ਼ ਚੱਲ ਰਹੀ ਜੰਗ ਜ਼ਮੀਨ ‘ਤੇ ਜਿੱਤ ਰਹੀ ਹੈ ਜਾਂ ਹਾਰ ਰਹੀ ਹੈ।
ਇਲਾਕਾ ਵਾਸੀਆਂ ਦਾ ਫੁੱਟਿਆ ਗੁੱਸਾ
ਮੁਹੱਲੇ ਵਿੱਚ ਮੌਤ ਦੀ ਖ਼ਬਰ ਫੈਲਦੇ ਹੀ ਮਾਹੌਲ ਗਮਗੀਨ ਹੋ ਗਿਆ, ਜਦਕਿ ਇਲਾਕਾ ਵਾਸੀਆਂ ਦਾ ਗੁੱਸਾ ਵੀ ਫੁੱਟ ਪਿਆ। ਲੋਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਕਾਫ਼ੀ ਸਮੇਂ ਤੋਂ ਸ਼ਰੇਆਮ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਅਤੇ ਕਈ ਨੌਜਵਾਨ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਥਾਨਕ ਲੋਕਾਂ ਵੱਲੋਂ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਹਾਲਾਤ ਨਹੀਂ ਬਦਲੇ।
“ਡਰ ਦੇ ਸਾਏ ਹੇਠ ਜੀਣ ਲਈ ਮਜਬੂਰ ਲੋਕ“
ਮੁਹੱਲਾ ਵਾਸੀਆਂ ਨੇ ਇੱਕ ਨੌਜਵਾਨ ‘ਤੇ ਨਸ਼ੇ ਦੇ ਧੰਦੇ ਨਾਲ ਜੁੜੇ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਲੋਕਾਂ ਦਾ ਕਹਿਣਾ ਹੈ ਕਿ “ਉਨ੍ਹਾਂ ਦੇ ਘਰ ਦੇ ਬਾਹਰ ਦਿਨ–ਰਾਤ ਸ਼ੱਕੀ ਨੌਜਵਾਨਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ, ਜਿਸ ਕਾਰਨ ਪੂਰੇ ਇਲਾਕੇ ਦਾ ਮਾਹੌਲ ਖਰਾਬ ਹੋ ਚੁੱਕਾ ਹੈ। ਮੁਹੱਲੇ ਦੀਆਂ ਔਰਤਾਂ ਅਤੇ ਲੜਕੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਅਤੇ ਲੋਕ ਡਰ ਦੇ ਸਾਏ ਹੇਠ ਜੀਣ ਲਈ ਮਜਬੂਰ ਹਨ।”
ਅੰਮ੍ਰਿਤਸਰ ਤੋਂ ਰਿਸ਼ਤੇਦਾਰੀ ਵਿੱਚ ਮਿਲਣ ਆਇਆ ਸੀ ਵਿਸ਼ਾਲ
ਮਾਮਲੇ ਨੂੰ ਹੋਰ ਗੰਭੀਰ ਬਣਾਉਂਦਿਆਂ, ਜਿਸ ਨੌਜਵਾਨ ‘ਤੇ ਦੋਸ਼ ਲੱਗ ਰਹੇ ਹਨ, ਉਸ ਨੇ ਕੈਮਰੇ ਸਾਹਮਣੇ ਇਹ ਮੰਨਿਆ ਕਿ ਉਹ ਖੁਦ ਨਸ਼ੇ ਦਾ ਆਦੀ ਹੈ। ਉਸਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਆਇਆ ਵਿਸ਼ਾਲ ਨਾਮਕ ਨੌਜਵਾਨ ਉਸਦੇ ਕੋਲ ਰਹਿ ਰਿਹਾ ਸੀ ਅਤੇ ਦੋਵਾਂ ਨੇ ਇਕੱਠੇ ਨਸ਼ਾ ਕੀਤਾ ਸੀ। ਉਸ ਦੇ ਮੁਤਾਬਕ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਵਿਸ਼ਾਲ ਦੀ ਮੌਤ ਹੋ ਗਈ।
“ਅਸੀਂ ਇਸੇ ਮੁਹੱਲੇ ਵਿੱਚ ਰਹਿੰਦੇ ਹਾਂ, ਇਹ ਜੋ ਗੋਰੇ ਨਾਮ ਦਾ ਮੁੰਡਾ ਇਸਦੇ ਘਰ ਮੁੰਡੇ ਆਉਂਦੇ ਨੇ ਇਹ ਸਭ ਨੂੰ ਚਿੱਟਾ ਸਪਲਾਈ ਕਰਦਾ ਇੱਥੇ ਹਰ ਵਕਤ ਮੁੰਡਿਆਂ ਦਾ ਝੁੰਡਾ ਬਣਿਆ ਰਹਿੰਦਾ ਹੈ, ਇਨ੍ਹਾਂ ਕਰਕੇ ਕੁੜੀਆਂ ਵੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੀਆਂ। ਇਸ ਮੁਹੱਲੇ ਅਤੇ ਗਲੀਆਂ ਵਿੱਚ ਹੋਰ ਵੀ ਮੁੰਡੇ ਨੇ ਜੋ ਚਿੱਟਾ ਸਪਲਾਈ ਕਰਦੇ ਨੇ ਉਨ੍ਹਾਂ ਦੇ ਮੈਂ ਨਾਮ ਨਹੀਂ ਦੱਸ ਸਕਦੀ, ਇਨ੍ਹਾਂ ਕਰਕੇ ਸਾਡੇ ਮੁਹੱਲੇ ਦਾ ਮਾਹੌਲ ਬਹੁਤ ਖਰਾਬ ਹੈ, ਮੈਂ ਪ੍ਰਸ਼ਾਸ਼ਨ ਨੂੰ ਅਪੀਲ ਕਰਦੀ ਹਾਂ ਕਿ ਚਿੱਟਾ ਵੇਚਣ ਵਾਲੇ ਇਹੋ ਜਿਹੇ ਲੋਕਾਂ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਮੈਨੂੰ ਇੱਥੇ ਵਿਆਹੀ ਨੂੰ 17 ਸਾਲ ਹੋ ਗਏ ਉਦੋਂ ਤੋਂ ਹੀ ਦੇਖ ਰਹੀ ਹਾਂ, ਇੱਥੇ ਦਿਨ ਰਾਤ ਚਿੱਟਾ ਵਿਕ ਰਿਹਾ।”–ਰਿੰਪੀ ਗਿੱਲ, ਐਡਵੋਕੇਟ
“ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਮੌਤ ਦਾ ਅਸਲ ਕਾਰਨ“
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ “ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋ ਸਕੇਗੀ।”
ਪਰ ਇਸ ਪੂਰੇ ਮਾਮਲੇ ਨੇ ਇੱਕ ਵੱਡਾ ਅਤੇ ਬੇਹੱਦ ਅਹਿਮ ਸਵਾਲ ਖੜ੍ਹਾ ਕਰ ਦਿੱਤਾ ਹੈ। ਜੇਕਰ ਹਰ ਰੋਜ਼ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮਾਂ ਚੱਲ ਰਹੀਆਂ ਹਨ, ਚੈਕਿੰਗਾਂ ਹੋ ਰਹੀਆਂ ਹਨ, ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਫਿਰ ਨਸ਼ਾ ਫਗਵਾੜਾ ਦੀਆਂ ਗਲੀਆਂ ਅਤੇ ਮੁਹੱਲਿਆਂ ਤੱਕ ਪਹੁੰਚ ਕਿਵੇਂ ਰਿਹਾ ਹੈ? ਕੀ ਨਸ਼ੇ ਦੇ ਸੌਦਾਗਰ ਕਾਨੂੰਨ ਦੀ ਪਕੜ ਤੋਂ ਦੂਰ ਹਨ ਜਾਂ ਫਿਰ ਨਸ਼ਿਆਂ ਖ਼ਿਲਾਫ਼ ਚੱਲ ਰਹੀ ਜੰਗ ਸਿਰਫ਼ ਕਾਗਜ਼ਾਂ ਅਤੇ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ?
ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ, ਪਰ ਮੁਹੱਲਾ ਵਾਸੀਆਂ ਦੀ ਮੰਗ ਸਾਫ਼ ਹੈ—ਨਸ਼ੇ ਦੇ ਕਥਿਤ ਕਾਰੋਬਾਰ ਨਾਲ ਜੁੜੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ ਅਤੇ ਇਲਾਕੇ ਨੂੰ ਨਸ਼ੇ ਦੇ ਚੰਗਲ ਤੋਂ ਮੁਕਤ ਕਰਵਾਇਆ ਜਾਵੇ, ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਇਸ ਤਰ੍ਹਾਂ ਨਾ ਬੁਝੇ।
ETV BHARAT