ਚੰਡੀਗੜ੍ਹ ਵਿੱਚ 53 ਥਾਵਾਂ ’ਤੇ ਹੋਵੇਗਾ ਰਾਮਲੀਲਾ ਦਾ ਮੰਚਨ। ਸਮੇਂ ਦੇ ਨਾਲ ਬਦਲੀ ਪੇਸ਼ਕਾਰੀ ਤੋਂ ਲੈ ਕੇ ਕਲਾਕਾਰਾਂ ਦੀ ਭੂਮਿਕਾ ਤੱਕ।
13 ਅਕਤੂਬਰ, 2026 – ਚੰਡੀਗੜ੍ਹ: ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਸ਼ਹਿਰ ਵਿੱਚ ਰਾਮਲੀਲਾ ਦੇ ਮੰਚਨ ਦੀ ਵੀ ਸ਼ੁਰੂਆਤ ਹੋ ਗਈ ਹੈ। ਚੰਡੀਗੜ੍ਹ ਵਿੱਚ ਕੁੱਲ 53 ਥਾਵਾਂ ’ਤੇ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਥਾਵਾਂ ’ਤੇ ਬੀਤੇ ਦਿਨ ਤੋਂ ਹੀ ਰਾਮਲੀਲਾ ਸ਼ੁਰੂ ਹੋ ਚੁੱਕੀ ਹੈ, ਜਦਕਿ ਕਈ ਥਾਵਾਂ ’ਤੇ ਅੱਜ ਤੋਂ ਮੰਚਨ ਹੋਵੇਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਲਾਕਾਰ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਮੰਚ ’ਤੇ ਪੇਸ਼ ਕਰਨਗੇ। ਹਾਲਾਂਕਿ, ਸਮੇਂ ਦੇ ਨਾਲ ਰਾਮਲੀਲਾ ਨੂੰ ਪੇਸ਼ ਕਰਨ ਦੇ ਅੰਦਾਜ਼ ਵਿੱਚ ਕਾਫ਼ੀ ਬਦਲਾਅ ਆਇਆ ਹੈ।
ਪਹਿਲਾਂ ਜਿੱਥੇ ਚੌਪਈਆਂ ਅਤੇ ਰਵਾਇਤੀ ਸੰਵਾਦਾਂ ਰਾਹੀਂ ਕਥਾ ਸੁਣਾਈ ਜਾਂਦੀ ਸੀ, ਉੱਥੇ ਹੁਣ ਥੀਏਟਰ ਦੀ ਤਕਨੀਕ, ਰੌਸ਼ਨੀ, ਪਹਿਰਾਵੇ ਅਤੇ ਨਵੇਂ ਦ੍ਰਿਸ਼ਾਂ ’ਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ। ਕਲਾਕਾਰ ਵੀ ਆਪਣੇ ਕਿਰਦਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪੂਰੀ ਮਿਹਨਤ ਕਰਦੇ ਹਨ ਅਤੇ ਕਈ ਵਾਰ ਪਟਕਥਾ ਤਿਆਰ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਹਨ। ਰਾਮਲੀਲਾ ਵਿੱਚ ਆਏ ਇਨ੍ਹਾਂ ਬਦਲਾਵਾਂ ਨੂੰ ਲੈ ਕੇ ਚੰਡੀਗੜ੍ਹ ਖ਼ਬਰਨਾਮਾ ਨੇ ਸੈਕਟਰ-30 ਸਥਿਤ ਬਦਰੀਸ਼ ਰਾਮਲੀਲਾ ਕਲਾ ਨਿਕੇਤਨ ਗੜ੍ਹਵਾਲ ਅਤੇ ਸੈਕਟਰ-27 ਸਥਿਤ ਸ੍ਰੀ ਰਾਮਲੀਲਾ ਕਮੇਟੀ ਦੇ ਕਲਾਕਾਰਾਂ ਨਾਲ ਖ਼ਾਸ ਗੱਲਬਾਤ ਕੀਤੀ।
ਟਾਟ ’ਤੇ ਬੈਠ ਕੇ ਰਾਮਲੀਲਾ ਦੇਖਣ ਦਾ ਬਦਲਿਆ ਦੌਰ
ਪਿਛਲੇ 27 ਸਾਲਾਂ ਤੋਂ ਰਾਮਲੀਲਾ ਵਿੱਚ ਲਕਸ਼ਮਣ ਅਤੇ ਕਾਮਦੇਵ ਦੀ ਭੂਮਿਕਾ ਨਿਭਾ ਰਹੇ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪਹਿਲਾਂ ਲੋਕਾਂ ਨੂੰ ਰਾਮਲੀਲਾ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੀ। ਉਸ ਸਮੇਂ ਲੋਕ ਜ਼ਮੀਨ ’ਤੇ ਟਾਟ ਵਿਛਾ ਕੇ ਬੈਠਦੇ ਸਨ ਅਤੇ ਰਾਮਲੀਲਾ ਦੇਖਦੇ ਸਨ, ਪਰ ਹੁਣ ਦਰਸ਼ਕਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਮੇਂ ਦੇ ਨਾਲ ਲੋਕਾਂ ਦੀ ਜੀਵਨਸ਼ੈਲੀ ਅਤੇ ਮਨੋਰੰਜਨ ਦੇ ਸਾਧਨ ਬਦਲੇ ਹਨ, ਜਿਸ ਦਾ ਅਸਰ ਰਾਮਲੀਲਾ ’ਤੇ ਵੀ ਪਿਆ ਹੈ।
ਪਹਿਲਾਂ ਦੇ ਮੁਕਾਬਲੇ ਹੁਣ ਰਾਮਲੀਲਾ ਦੇਖਣ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਮਹਿਸੂਸ ਹੁੰਦੀ ਹੈ। ਸੋਸ਼ਲ ਮੀਡੀਆ ’ਤੇ ਵੀ ਰਾਮਲੀਲਾ ਦਾ ਸਿੱਧਾ ਪ੍ਰਸਾਰਣ ਕੀਤਾ ਜਾਣ ਲੱਗਾ ਹੈ, ਜਿਸ ਕਾਰਨ ਲੋਕ ਘਰ ਬੈਠੇ ਵੀ ਇਸ ਨੂੰ ਦੇਖ ਸਕਦੇ ਹਨ। – ਨਰੇਸ਼ ਕੁਮਾਰ, ਲਕਸ਼ਮਣ ਦਾ ਰੋਲ ਕਰਨ ਵਾਲਾ ਕਲਾਕਾਰ
ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਹੁਣ ਰਾਮਲੀਲਾ ਦੀ ਪੇਸ਼ਕਾਰੀ ਵਿੱਚ ਥੀਏਟਰ ਦੇ ਤਰੀਕੇ ਅਪਣਾਏ ਜਾਂਦੇ ਹਨ, ਤਾਂ ਜੋ ਦ੍ਰਿਸ਼ਾਂ ਅਤੇ ਸੰਵਾਦਾਂ ਨੂੰ ਦਰਸ਼ਕਾਂ ਲਈ ਸਮਝਣਾ ਆਸਾਨ ਹੋਵੇ। ਕਲਾਕਾਰਾਂ ਦੀ ਅਦਾਕਾਰੀ, ਸੰਵਾਦ ਬੋਲਣ ਦੇ ਢੰਗ ਅਤੇ ਮੰਚ ’ਤੇ ਦ੍ਰਿਸ਼ ਦਿਖਾਉਣ ਦੀ ਸ਼ੈਲੀ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ।
ਪਹਿਰਾਵੇ ਅਤੇ ਰੌਸ਼ਨੀ ਨਾਲ ਕਿਰਦਾਰਾਂ ਨੂੰ ਬਣਾਇਆ ਜਾਂਦਾ ਹੈ ਪ੍ਰਭਾਵਸ਼ਾਲੀ
ਪਿਛਲੇ 16 ਸਾਲਾਂ ਤੋਂ ਰਾਮਲੀਲਾ ਵਿੱਚ ਵੱਖ-ਵੱਖ ਕਿਰਦਾਰ ਨਿਭਾ ਰਹੇ ਤਰੁਣ ਸ਼ਰਮਾ ਇਸ ਵਾਰ ਨਾਰਦ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਰਾਮਲੀਲਾ ਵਿੱਚ ਚੌਪਈਆਂ ਰਾਹੀਂ ਕਥਾ ਨੂੰ ਅੱਗੇ ਵਧਾਇਆ ਜਾਂਦਾ ਸੀ, ਪਰ ਹੁਣ ਮੰਚਨ ਦੀ ਸ਼ੈਲੀ ਵਿੱਚ ਕਾਫ਼ੀ ਬਦਲਾਅ ਆਇਆ ਹੈ।
ਕਲਾਕਾਰਾਂ ਦੇ ਪਹਿਰਾਵੇ ਅਤੇ ਰੌਸ਼ਨੀ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਮੰਚ ’ਤੇ ਦਿਖਾਏ ਜਾਣ ਵਾਲੇ ਦ੍ਰਿਸ਼ ਦੇ ਮੁਤਾਬਕ ਰੌਸ਼ਨੀ ਅਤੇ ਕਲਾਕਾਰਾਂ ਦੀ ਪੇਸ਼ਕਾਰੀ ਤਿਆਰ ਕੀਤੀ ਜਾਂਦੀ ਹੈ। ਹੁਣ ਰਾਮਲੀਲਾ ਦਾ ਮੰਚਨ ਥੀਏਟਰ ਦੀ ਸ਼ੈਲੀ ਵਿੱਚ ਕੀਤਾ ਜਾਂਦਾ ਹੈ। – ਤਰੁਣ ਸ਼ਰਮਾ, ਨਾਰਦ ਦੀ ਰੋਲ ਅਦਾ ਕਰਨ ਵਾਲਾ ਕਲਾਕਾਰ
ਤਰੁਣ ਸ਼ਰਮਾ ਮੁਤਾਬਕ, ਇਸ ਵਿੱਚ ਕਲਾਕਾਰਾਂ ਦੀ ਅਦਾਕਾਰੀ ਦੇ ਨਾਲ-ਨਾਲ ਮੰਚ ਦੀ ਸਜਾਵਟ, ਪਹਿਰਾਵੇ ਅਤੇ ਰੌਸ਼ਨੀ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇਸ ਦਾ ਮਕਸਦ ਕਥਾ ਨੂੰ ਇਸ ਤਰ੍ਹਾਂ ਪੇਸ਼ ਕਰਨਾ ਹੈ ਕਿ ਦਰਸ਼ਕ ਦ੍ਰਿਸ਼ਾਂ ਨਾਲ ਜੁੜ ਸਕਣ ਅਤੇ ਕਹਾਣੀ ਨੂੰ ਆਸਾਨੀ ਨਾਲ ਸਮਝ ਸਕਣ।
35 ਸਾਲਾਂ ਤੋਂ ਰਾਮਲੀਲਾ ਮੰਚ ਨਾਲ ਜੁੜੇ ਕਲਾਕਾਰ ਨੇ ਕੀ ਕਿਹਾ?
ਰਾਮਲੀਲਾ ਵਿੱਚ ਪਿਛਲੇ 35 ਸਾਲਾਂ ਤੋਂ ਰਾਵਣ ਦਾ ਕਿਰਦਾਰ ਨਿਭਾ ਰਹੇ ਮਹਿੰਦਰ ਸਿੰਘ ਰਾਵਤ ਨੇ ਇਸ ਦੌਰਾਨ ਕਈ ਬਦਲਾਅ ਦੇਖੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਉਹ ਰਾਮਲੀਲਾ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਸਨ। ਇਨ੍ਹਾਂ ਵਿੱਚ ਬਾਂਦਰ, ਮੰਤਰੀ, ਰਾਜਾ, ਜਨਕ, ਮੇਘਨਾਦ ਅਤੇ ਅਕਸ਼ੈ ਕੁਮਾਰ ਵਰਗੇ ਕਿਰਦਾਰ ਸ਼ਾਮਲ ਸਨ। ਸਮੇਂ ਦੇ ਨਾਲ ਹੁਣ ਉਹ ਰਾਵਣ ਦੀ ਭੂਮਿਕਾ ਨਿਭਾ ਰਹੇ ਹਨ।
ਮਹਿੰਦਰ ਸਿੰਘ ਰਾਵਤ ਮੁਤਾਬਕ, “ਪਹਿਲਾਂ ਰਾਮਲੀਲਾ ਦੀ ਪੇਸ਼ਕਾਰੀ ਕਾਫ਼ੀ ਹੱਦ ਤੱਕ ਰਵਾਇਤੀ ਢੰਗ ਨਾਲ ਹੁੰਦੀ ਸੀ, ਪਰ ਹੁਣ ਕਲਾਕਾਰ ਪਟਕਥਾ ਤਿਆਰ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਹਨ। ਲੋੜ ਅਨੁਸਾਰ ਸੰਵਾਦਾਂ ਅਤੇ ਦ੍ਰਿਸ਼ਾਂ ਨੂੰ ਤਿਆਰ ਕੀਤਾ ਜਾਂਦਾ ਹੈ, ਤਾਂ ਜੋ ਮੰਚਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।”
ਹੁਣ ਰਾਮਲੀਲਾ ਸਿਰਫ਼ ਕਿਰਦਾਰ ਨਿਭਾਉਣ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਦੀ ਤਿਆਰੀ ਅਤੇ ਪੇਸ਼ਕਾਰੀ ਦਾ ਤਰੀਕਾ ਵੀ ਬਦਲ ਗਿਆ ਹੈ। – ਮਹਿੰਦਰ ਸਿੰਘ ਰਾਵਤ, ਰਾਵਣ ਦਾ ਰੋਲ ਅਦਾ ਕਰਨ ਵਾਲਾ ਕਲਾਕਾਰ
ਔਰਤਾਂ ਅਤੇ ਬੱਚਿਆਂ ਦੀ ਭਾਗੀਦਾਰੀ ਵਧੀ
ਬੁੱਧੀ ਚੰਦ ਡੋਟਿਆਲ ਦਾ ਕਹਿਣਾ ਹੈ ਕਿ, ਪਹਿਲਾਂ ਰਾਮਲੀਲਾ ਵਿੱਚ ਪੁਰਸ਼ ਕਲਾਕਾਰ ਹੀ ਔਰਤਾਂ ਦੇ ਕਿਰਦਾਰ ਵੀ ਨਿਭਾਉਂਦੇ ਸਨ। ਉਸ ਸਮੇਂ ਔਰਤਾਂ ਦੀ ਭਾਗੀਦਾਰੀ ਸੀਮਤ ਸੀ, ਪਰ ਹੁਣ ਔਰਤਾਂ ਵੀ ਵੱਡੀ ਗਿਣਤੀ ਵਿੱਚ ਰਾਮਲੀਲਾ ਦਾ ਹਿੱਸਾ ਬਣ ਰਹੀਆਂ ਹਨ। ਬੱਚਿਆਂ ਦੀ ਸ਼ਮੂਲੀਅਤ ਵੀ ਵਧੀ ਹੈ ਅਤੇ ਉਹ ਵੱਖ-ਵੱਖ ਕਿਰਦਾਰਾਂ ਰਾਹੀਂ ਮੰਚ ’ਤੇ ਆਪਣੀ ਪ੍ਰਤਿਭਾ ਦਿਖਾਉਂਦੇ ਹਨ।ਉਨ੍ਹਾਂ ਮੁਤਾਬਕ, ਸਮੇਂ ਦੇ ਨਾਲ ਰਾਮਲੀਲਾ ਦੇ ਦ੍ਰਿਸ਼ਾਂ ਅਤੇ ਉਨ੍ਹਾਂ ਨੂੰ ਦਿਖਾਉਣ ਦੇ ਢੰਗ ਵਿੱਚ ਵੀ ਬਦਲਾਅ ਆਇਆ ਹੈ।
ਦਰਸ਼ਕਾਂ ਦੀਆਂ ਸਹੂਲਤਾਂ ’ਤੇ ਵੀ ਧਿਆਨ
ਬੁੱਧੀ ਚੰਦ ਡੋਟਿਆਲ ਨੇ ਕਿਹਾ ਕਿ, “ਹੁਣ ਦਰਸ਼ਕ ਰਾਮਲੀਲਾ ਦੇਖਣ ਆਉਂਦੇ ਹਨ, ਤਾਂ ਉਹ ਬੈਠਣ ਅਤੇ ਹੋਰ ਜ਼ਰੂਰੀ ਸਹੂਲਤਾਂ ਦੀ ਉਮੀਦ ਵੀ ਰੱਖਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਬੰਧਕ ਕਮੇਟੀਆਂ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾਂਦੇ ਹਨ। ਇਸ ਤਰ੍ਹਾਂ ਰਾਮਲੀਲਾ ਵਿੱਚ ਸਿਰਫ਼ ਕਲਾਕਾਰਾਂ ਦੀ ਪੇਸ਼ਕਾਰੀ ਹੀ ਨਹੀਂ, ਸਗੋਂ ਦਰਸ਼ਕਾਂ ਦੀ ਸਹੂਲਤ ਨੂੰ ਵੀ ਮਹੱਤਵ ਦਿੱਤਾ ਜਾਣ ਲੱਗਾ ਹੈ।”
ਰਵਾਇਤ ਉਹੀ, ਪਰ ਪੇਸ਼ਕਾਰੀ ਦਾ ਅੰਦਾਜ਼ ਨਵਾਂ
ਚੰਡੀਗੜ੍ਹ ਵਿੱਚ ਰਾਮਲੀਲਾ ਦੇ ਮੰਚਨ ਨਾਲ ਇੱਕ ਵਾਰ ਫਿਰ ਧਾਰਮਿਕ ਅਤੇ ਸੱਭਿਆਚਾਰਕ ਮਾਹੌਲ ਬਣਨ ਲੱਗਾ ਹੈ। ਕਲਾਕਾਰਾਂ ਦੇ ਤਜਰਬੇ ਦੱਸਦੇ ਹਨ ਕਿ, ਸਾਲਾਂ ਤੋਂ ਚੱਲੀ ਆ ਰਹੀ ਇਸ ਰਵਾਇਤ ਵਿੱਚ ਸਮੇਂ ਦੇ ਨਾਲ ਕਈ ਬਦਲਾਅ ਆਏ ਹਨ। ਮੰਚ, ਪਹਿਰਾਵੇ, ਰੌਸ਼ਨੀ, ਪਟਕਥਾ, ਔਰਤਾਂ ਅਤੇ ਬੱਚਿਆਂ ਦੀ ਭਾਗੀਦਾਰੀ ਤੋਂ ਲੈ ਕੇ ਦਰਸ਼ਕਾਂ ਦੀਆਂ ਸਹੂਲਤਾਂ ਤੱਕ, ਰਾਮਲੀਲਾ ਦਾ ਸਰੂਪ ਪਹਿਲਾਂ ਨਾਲੋਂ ਬਦਲ ਗਿਆ ਹੈ। ਇਨ੍ਹਾਂ ਬਦਲਾਵਾਂ ਦੇ ਬਾਵਜੂਦ ਰਾਮਲੀਲਾ ਦਾ ਮੁੱਖ ਮਕਸਦ ਭਗਵਾਨ ਸ੍ਰੀ ਰਾਮ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਰਾਮਾਇਣ ਦੀ ਕਥਾ ਨੂੰ ਲੋਕਾਂ ਤੱਕ ਪਹੁੰਚਾਉਣਾ ਹੀ ਹੈ।
ETV BHARAT