ਵਿਦੇਸ਼ੀ ਫਲ ਅਤੇ ਬੂਟਿਆਂ ਦੀਆਂ ਕਿਸਮਾਂ ਦੇਸ਼ ‘ਚ ਕਰ ਰਿਹਾ ਸਪਲਾਈ, ਵਿਸ਼ੇਸ਼ ਰਿਪੋਰਟ
ਸ਼ੌਂਕ ਨੂੰ ਕਿੱਤਾ ਬਣਾ ਕੇ ਨੌਜਵਾਨ ਕਿਸਾਨ ਜਸਪ੍ਰੀਤ ਸਿੰਘ ਨੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਹੈ। ਪੱਤਰਕਾਰ ਵਰਿੰਦਰ ਥਿੰਦ ਦੀ ਵਿਸ਼ੇਸ਼ ਰਿਪੋਰਟ
20 ਜੂਨ, 2026 – ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦਾ ਜਸਪ੍ਰੀਤ ਸਿੰਘ ਵਕਾਲਤ ਛੱਡ ਕੇ ਖੇਤੀ ਵੱਲ ਮੁੜਿਆ ਅਤੇ ਅੱਜ ਇੱਕ ਸਫਲ ਕਿਸਾਨ ਬਣ ਚੁੱਕਿਆ ਹੈ। ਦਰਅਸਲ ਜਸਪ੍ਰੀਤ ਸਿੰਘ 2016 ਤੋਂ ਡਰੈਗਨ ਫਰੂਟ ਦੀ ਖੇਤੀ ਕਰ ਰਿਹਾ ਹੈ। ਹੁਣ ਤੱਕ ਉਹ 325 ਕਿਸਮਾਂ ਦੇ ਡਰੈਗਨ ਫਰੂਟ ਅਤੇ 25 ਤੋਂ ਵਧੇਰੇ ਕਿਸਮਾਂ ਹੋਰ ਫਲਦਾਰ ਬੂਟਿਆਂ ਦੀਆਂ ਕ੍ਰੋਸ ਬਰੀਡ ਦੇ ਨਾਲ ਤਿਆਰ ਕਰਕੇ ਪੂਰੇ ਦੇਸ਼ ਵਿੱਚ ਸਪਲਾਈ ਕਰ ਰਿਹਾ ਹੈ।
‘ਚੰਗੀ ਕਮਾਈ ਕਰ ਰਿਹਾ ਨੌਜਵਾਨ ਕਿਸਾਨ‘
ਸਾਲ 2016 ਵਿੱਚ ਐਡਵੋਕੇਟ ਜਸਪ੍ਰੀਤ ਨੇ 400 ਬੂਟਿਆਂ ਦੇ ਨਾਲ ਡਰੈਗਨ ਦੀ ਖੇਤੀ ਸ਼ੁਰੂ ਕੀਤੀ ਸੀ ਪਰ ਇਸ ਕੰਮ ਦੇ ਵਿੱਚ ਉਸ ਨੇ ਇੰਨੀ ਰਿਸਰਚ ਕੀਤੀ ਕਿ ਅੱਜ ਉਹ ਨਾ ਸਿਰਫ ਭਾਰਤ ਵਿੱਚ ਡਰੈਗਨ ਫਰੂਟ ਅਤੇ ਇਸ ਦੇ ਬੂਟੇ ਸਪਲਾਈ ਕਰ ਰਿਹਾ ਹੈ, ਸਗੋਂ ਦੁਬਈ ਤੱਕ ਵੀ ਉਸ ਦੇ ਬਾਗ ਵਿੱਚ ਤਿਆਰ ਹੋਏ ਡਰੈਗਨ ਫਰੂਟ ਐਕਸਪੋਰਟ ਹੋ ਰਹੇ ਹਨ। ਜੱਦੀ 7 ਏਕੜ ਜ਼ਮੀਨ ਦੇ ਨਾਲ ਉਸ ਨੇ 2 ਏਕੜ ਜ਼ਮੀਨ ਹੋਰ ਠੇਕੇ ਉੱਤੇ ਬਾਗਬਾਨੀ ਲਈ ਹੈ। ਡਰੈਗਨ ਫਰੂਟ ਦੀਆਂ ਦਰਜਨਾਂ ਕਿਸਮਾਂ ਦੇ ਨਾਲ ਉਸ ਨੇ ਬਾਗ ਵਿੱਚ ਕਈ ਤਰ੍ਹਾਂ ਦੀਆਂ ਬੇਰੀਜ਼, ਏਵਾਕਾਡੋ, ਕਿੰਨੂ, ਰਕਾਟ ਅਤੇ ਸਟਰਾਬੇਰੀ ਸਣੇ ਕਈ ਵਿਦੇਸ਼ ਫਲ ਉਗਾਏ ਹਨ, ਜਿਸ ਤੋਂ ਉਹ ਚੰਗੀ ਕਮਾਈ ਕਰ ਰਿਹਾ ਹੈ।
‘ਕਰੋੜਾਂ ਦੀ ਜ਼ਮੀਨ ‘ਤੇ ਖੇਤੀ ਦਾ ਫੈਸਲਾ‘
ਜਿਸ ਜ਼ਮੀਨ ਉੱਤੇ ਵਕਾਲਤ ਛੱਡ ਜਸਪ੍ਰੀਤ ਸਿੰਘ ਖੇਤੀ ਕਰ ਰਿਹਾ ਹੈ ਉਸ ਦੀ ਮਾਰਕੀਟ ਵਿੱਚ ਕਰੋੜਾਂ ਰੁਪਏ ਦੀ ਕੀਮਤ ਹੈ। ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ, ‘ਇੱਕ ਏਕੜ ਦੀ ਕੀਮਤ 10 ਤੋਂ 15 ਕਰੋੜ ਰੁਪਏ ਦੇ ਵਿੱਚ ਹੈ। 7 ਕਿੱਲੇ ਜੱਦੀ ਜ਼ਮੀਨ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਬਣਦੀ ਹੈ ਪਰ ਇਸ ਦੇ ਬਾਵਜੂਦ ਉਸ ਨੇ ਇਸ ਜ਼ਮੀਨ ਨੂੰ ਵੇਚਣ ਦੀ ਥਾਂ ਉੱਤੇ ਮਿਹਨਤ ਕਰਨ ਬਾਰੇ ਸੋਚਿਆ ਅਤੇ ਅੱਜ ਇਸ ਜ਼ਮੀਨ ਤੋਂ ਉਹ ਚੰਗੀ ਕਮਾਈ ਕਰ ਰਿਹਾ ਹੈ।‘
‘ਸਸਤਾ ਉਪਲੱਬਧ ਕਰਵਾਇਆ ਜਾ ਰਿਹਾ ਫਰੂਟ‘
ਜਸਪ੍ਰੀਤ ਨੇ ਦੱਸਿਆ ਕਿ ਜਦੋਂ ਉਸ ਨੇ ਸ਼ੁਰੂਆਤ ਕੀਤੀ ਸੀ ਤਾਂ ਕਈ ਮੁਲਕਾਂ ਤੋਂ ਡਰੈਗਨ ਫਰੂਟ ਦੇ ਬੂਟੇ ਮੰਗਵਾਏ ਅਤੇ ਫਿਰ ਆਪਣੇ ਫਾਰਮ ਉੱਤੇ ਖੋਜ ਕਰਕੇ ਅਜਿਹੇ ਬੂਟੇ ਤਿਆਰ ਕੀਤੇ ਜੋ ਪੰਜਾਬ ਦੀ ਖ਼ਾਸ ਕਰਕੇ ਲੁਧਿਆਣਾ ਵਿੱਚ ਪੈ ਰਹੀ ਗਰਮੀ ਨੂੰ ਸਹਾਰ ਸਕੇ। ਉਸ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਕਈ ਡਰੈਗਨ ਫਰੂਟ ਦੀਆਂ ਕਿਸਮਾਂ ਜਿਨ੍ਹਾਂ ਦੀ ਇੰਟਰਨੈਸ਼ਨਲ ਮਾਰਕੀਟਵਿੱਚ 3500 ਰੁਪਏ ਕਿੱਲੋ ਤੱਕ ਕੀਮਤ ਹੈ, ਉਸ ਨੂੰ ਅਸੀਂ ਸਿਰਫ 1200 ਰੁਪਏ ਪ੍ਰਤੀ ਕਿੱਲੋ ਵੇਚਦੇ ਹਾਂ। ਜਸਪ੍ਰੀਤ ਨੇ ਆਖਿਆ ਕਿ ਉਹ ਖੇਤੀ ਦੇ ਨਾਲ ਮਾਰਕੀਟਿੰਗ ਦੇ ਹੁਨਰ ਵੀ ਪੂਰੀ ਤਰ੍ਹਾਂ ਸਿੱਖ ਚੁੱਕੇ ਹੈ। ਖੁਦ ਗਾਹਕ ਉਸ ਕੋਲ ਪਹੁੰਚ ਕਰਦੇ ਨੇ ਕਿਉਂਕਿ ਉਸ ਨੇ ਆਪਣੇ ਫਰੂਟ ਦੀ ਕੁਆਲਿਟੀ ਨੂੰ ਉੱਚ ਪੱਧਰੀ ਬਣਾਇਆ ਹੈ। ਦਿੱਲੀ ਤੱਕ ਉਸ ਦੇ ਗਾਹਕ ਨੇ ਜਿਨ੍ਹਾਂ ਨੂੰ ਉਹ ਵਿਦੇਸ਼ੀ ਫਲ ਸਪਲਾਈ ਕਰਦਾ ਹੈ। ਇੱਥੋਂ ਤੱਕ ਕਿ ਮਹਾਰਾਸ਼ਟਰਾ, ਬੈਂਗਲੂਰੂ, ਦਿੱਲੀ ਅਤੇ ਦੁਬਈ ਤੱਕ ਵੀ ਉਸ ਦੇ ਫਾਰਮ ਵਿੱਚ ਤਿਆਰ ਫਲ ਸਪਲਾਈ ਹੋ ਰਿਹਾ ਹੈ।
‘ਕੰਧਲ ਐਗਰੋ ਫਾਰਮ ਹੋਈ ਮਸ਼ਹੂਰ‘
ਜਸਪ੍ਰੀਤ ਨੇ ਦੱਸਿਆ ਕਿ ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਤੇ ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ਵਿੱਚ ਪ੍ਰੈਕਟਿਸ ਵੀ ਕੀਤੀ ਹੈ। ਹੁਣ ਵੀ ਜੇਕਰ ਕੋਈ ਉਸ ਨੂੰ ਫੋਨ ਕਰਦਾ ਹੈ ਤਾਂ ਉਹ ਉਸ ਨੂੰ ਕਾਨੂੰਨੀ ਸਲਾਹ ਜ਼ਰੂਰ ਦੇ ਦਿੰਦਾ ਹੈ ਪਰ ਇਸ ਖੇਤੀ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ। ਜਿਸ ਕਰਕੇ ਹੁਣ ਪੂਰਾ ਸਮਾਂ ਉਹ ਆਪਣੀ ਖੇਤੀ ਨੂੰ ਦੇ ਰਿਹਾ ਹੈ। ਉਸ ਦੀ ਜ਼ਮੀਨ ਵਿੱਚ ਇੱਕ ਲੱਖ ਤੋਂ ਵਧੇਰੇ ਫਲਦਾਰ ਬੂਟੇ ਲੱਗੇ ਹੋਏ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦੇਸ਼ੀ ਫਲ ਹੈ। ਜਿਸ ਦੀ ਮਾਰਕੀਟ ਦੇ ਵਿੱਚ ਕਾਫੀ ਕੀਮਤ ਹੈ।
‘ਸਭ ਨੂੰ ਵੰਡ ਰਿਹਾ ਮੁਫਤ ਜਾਣਕਾਰੀ‘
ਇਸ ਤੋਂ ਇਲਾਵਾ ਜਸਪ੍ਰੀਤ ਨੇ ਆਪਣਾ ਯੂਟੀਊਬ ਅਤੇ ਕੰਧਲ ਐਗਰੋ ਫਾਰਮ ਦੇ ਨਾਂ ਉੱਤੇ ਚੈਨਲ ਵੀ ਬਣਾਇਆ ਹੈ। ਜਿੱਥੇ ਉਹ ਦੁਨੀਆਂ ਭਰ ਦੇ ਲੋਕਾਂ ਨੂੰ ਮੁਫਤ ਵਿੱਚ ਪੰਜਾਬ ਵਰਗੀ ਗਰਮੀ ਵਿੱਚ ਵਿਦੇਸ਼ੀ ਫਲ ਉਗਾਉਣ ਦੀ ਮੁਫਤ ਸਿਖਲਾਈ ਦਿੰਦਾ ਹੈ। ਵਿਦੇਸ਼ੀ ਫਲਾਂ ਨੂੰ ਉਗਾਉਣ ਸਮੇਂ ਕਿਹੜੀਆਂ ਕਿਹੜੀਆਂ ਔਕੜਾਂ ਆਉਂਦੀਆਂ ਹਨ, ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ, ਜੇਕਰ ਕਿਸੇ ਨੂੰ ਬੂਟੇ ਦੀ ਲੋੜ ਹੈ, ਕਿਹੜਾ ਬੂਟਾ ਕਿੱਥੋਂ ਕਿੰਨੇ ਦਾ ਮਿਲੇਗਾ ਅਤੇ ਉਸ ਦਾ ਕਿਵੇਂ ਧਿਆਨ ਰੱਖਣਾ ਹੈ, ਪੂਰੇ ਪ੍ਰੋਸੈਸ ਬਾਰੇ ਉਹ ਵੀਡੀਓ ਬਣਾ ਕੇ ਯੂਟਿਊਬ ਉੱਤੇ ਪਾਉਂਦਾ ਹੈ। ਜਸਪ੍ਰੀਤ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਖੇਤੀ ਵਿਗਿਆਨੀ ਅਤੇ ਨੌਜਵਾਨ ਕਿਸਾਨ ਉਸ ਦੇ ਇਸ ਫਾਰਮ ਦੇ ਵਿੱਚ ਰਿਸਰਚ ਲਈ ਆਉਂਦੇ ਹਨ।
ਪੰਜਾਬ ਵਿੱਚ ਤਾਪਮਾਨ 45 ਡਿਗਰੀ ਤੱਕ ਪਹੁੰਚ ਜਾਂਦਾ ਹੈ। ਪਰ ਕਈ ਅਜਿਹੇ ਵਿਦੇਸ਼ੀ ਫਲ ਜੋ ਕਿ ਠੰਢੇ ਮੁਲਕਾਂ ਵਿੱਚ ਹੀ ਹੁੰਦੇ ਹਨ, ਉਨ੍ਹਾਂ ਦੀਆਂ ਕਿਸਮਾਂ ਨੂੰ ਕਈ ਕਈ ਸਾਲ ਰਿਸਰਚ ਕਰਕੇ ਆਪਣੇ ਮੌਸਮ ਦੇ ਲਈ ਕਾਰਗਰ ਬਣਾਉਣ ਸਬੰਧੀ ਸਖ਼ਤ ਮਿਹਨਤ ਕੀਤੀ ਹੈ। ਕਈ ਅਜਿਹੀਆਂ ਡਰੈਗਨ ਫਰੂਟ ਦੀਆਂ ਕਿਸਮਾਂ ਹਨ, ਜੋ ਹੁਣ 50 ਡਿਗਰੀ ਦੇ ਵਿੱਚ ਵੀ ਸਾਡੇ ਵੱਲੋਂ ਉਗਾਈਆਂ ਜਾ ਰਹੀਆਂ ਹਨ।- ਜਸਪ੍ਰੀਤ ਸਿੰਘ,ਉੱਦਮੀ ਕਿਸਾਨ
‘ਡਰੈਗਨ ਫਰੂਟ ਬਾਰੇ ਜਾਣੋ ਸਭ‘
ਜਸਪ੍ਰੀਤ ਸਿੰਘ ਨੇ ਕਿਹਾ ਕਿ, ‘ਡਰੈਗਨ ਫਰੂਟ ਜਿੱਥੇ ਸਿਹਤ ਲਈ ਲਾਹੇਵੰਦ ਹੈ ਉੱਥੇ ਹੀ ਇਸ ਦੀ ਮਾਰਕੀਟ ਵਿੱਚ ਵੀ ਕਾਫੀ ਡਿਮਾਂਡ ਰਹਿੰਦੀ। ਬਲੂ ਬੇਰੀ, ਸਟਰਾਬੇਰੀ ਅਤੇ ਹੋਰ ਏਵਾਕੈਡੋ ਵਰਗੇ ਫਲ ਜੋ ਕਿ ਭਾਰਤ ਵਿੱਚ ਉੱਗਣੇ ਮੁਸ਼ਕਿਲ ਸਨ ਉਹ ਵੀ ਅਸੀਂ ਪੰਜਾਬ ਦੇ ਵਿੱਚ ਉਗਾ ਕੇ ਵਿਖਾਏ ਹਨ। ਹਾਲੇ ਵੀ ਰਿਸਰਚ ਜਾਰੀ ਹੈ ਅਤੇ ਮਿਹਨਤ ਕਰਕੇ ਆਪਣਾ ਬ੍ਰਾਂਡ ਤਿਆਰ ਕੀਤਾ ਹੈ। ਯੈਲੋ ਪਲੋਰਾ ਕਿਸਮ ਦੇ ਡਰੈਗਨ ਫਰੂਟ ਸਾਡੇ ਵੱਲੋਂ ਪਿਛਲੀ ਵਾਰ ਵੀ ਦੁਬਈ ਐਕਸਪੋਰਟ ਕੀਤੇ ਗਏ ਸਨ। ਪੰਜਾਬ ਵਿੱਚ ਡਰੈਗਨ ਫਰੂਟ ਦੀ ਖੇਤੀ ਕਰਨ ਦਾ ਸਭ ਤੋਂ ਢੁੱਕਵਾਂ ਸਮਾਂ ਜੂਨ ਤੋਂ ਲੈ ਕੇ ਦਸੰਬਰ ਤੱਕ ਦਾ ਹੈ। ਜੂਨ ਵਿੱਚ ਇਸ ਦੀਆਂ ਕਲਮਾਂ ਲੱਗਦੀਆਂ ਹਨ ਅਤੇ ਦਸੰਬਰ ਤੱਕ ਇਸ ਦੇ ਵਿੱਚ ਫਲ ਤਿਆਰ ਹੋ ਜਾਂਦਾ ਹੈ।‘
‘ਪ੍ਰੋਸੈਸਿੰਗ ਦੀ ਤਿਆਰੀ‘
ਜਸਪ੍ਰੀਤ ਨੇ ਦੱਸਿਆ ਕਿ ਹੁਣ ਉਹ ਪ੍ਰੋਸੈਸਿੰਗ ਖੇਤਰ ਦੇ ਵਿੱਚ ਵੀ ਕੰਮ ਕਰ ਰਿਹਾ ਹੈ। ਖੇਤ ਵਿੱਚ ਤਿਆਰ ਹੋਣ ਵਾਲੀਆਂ ਬੇਰੀਜ਼ ਦੀ ਪ੍ਰੋਸੈਸਿੰਗ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ, ਇੱਕ ਵਿਸ਼ੇਸ਼ ਮਸ਼ੀਨ ਵੀ ਚਾਈਨਾ ਤੋਂ ਮੰਗਵਾਈ ਗਈ ਹੈ, ਜਿਸ ਨਾਲ ਪ੍ਰੋਸੈਸ ਕੀਤੀ ਹੋਈ ਬੈਰੀ ਦੀ ਲਾਈਫ 25 ਸਾਲ ਤੱਕ ਰਹਿੰਦੀ ਹੈ। ਇੱਥੋਂ ਤੱਕ ਕਿ ਉਸ ਵਿੱਚ ਜੋ ਪੋਸ਼ਟਿਕ ਤੱਤ ਹਨ ਉਹ ਵੀ 97 ਫੀਸਦੀ ਤੱਕ ਉਸ ਵਿੱਚ ਹੀ ਰਹਿੰਦੇ ਹਨ। ਭਾਰਤ ਵਿੱਚ ਅਜਿਹੀਆਂ ਮਸ਼ੀਨਾਂ ਮਹਿੰਗੀਆਂ ਹਨ, ਇਸ ਕਰਕੇ ਉਨ੍ਹਾਂ ਨੇ ਚੀਨ ਤੋਂ ਇਹ ਮਸ਼ੀਨ ਮੰਗਵਾਈ ਹੈ। ਹੁਣ ਉਹ ਇਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਐਕਸਪੋਰਟ ਕਰੇਗਾ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਵਿੱਚ ਪ੍ਰੋਸੈਸ ਕੀਤੀ ਹੋਈ ਬੇਰੀਜ਼ ਦੀ ਕਾਫੀ ਡਿਮਾਂਡ ਹੈ। ਉਹ ਚਾਹੁੰਦਾ ਹੈ ਕਿ ਹੋਰ ਪ੍ਰੋਡਕਟ ਵੀ ਉਹ ਆਪਣੇ ਫਾਰਮ ਵਿੱਚ ਬਣਾ ਕੇ ਤਿਆਰ ਕਰੇ ਅਤੇ ਦੁਨੀਆਂ ਭਰ ਵਿੱਚ ਉਸ ਦੀ ਸਪਲਾਈ ਕਰੇ।
‘ਜ਼ਮੀਨ ਦਾ ਸਫਲ ਇਸਤੇਮਾਲ‘
ਐਡਵੋਕੇਟ ਜਸਪ੍ਰੀਤ ਜ਼ਿਆਦਾਤਰ ਬੂਟਿਆਂ ਦੇ ਲਈ ਡਰਿਪ ਇਰੀਗੇਸ਼ਨ ਦਾ ਇਸਤੇਮਾਲ ਕਰਦਾ ਹੈ। ਜਿਸ ਕਰਕੇ ਉਸ ਦੇ ਪਾਣੀ ਦੀ ਵੀ ਕਾਫੀ ਬਚਤ ਹੁੰਦੀ ਹੈ ਅਤੇ ਖਰਚੇ ਵੀ ਘੱਟਦੇ ਹਨ। ਅੱਜ ਉਸ ਦੇ ਬਾਗ ਦੇ ਵਿੱਚ ਲੱਖਾਂ ਬੂਟੇ ਹਨ। ਉਹ ਹਮੇਸ਼ਾ ਹੀ ਕੁਝ ਨਵਾਂ ਲਿਆਉਣ ਅਤੇ ਉਗਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਕੋਈ ਅਜਿਹਾ ਮੁਲਕ ਨਹੀਂ ਜਿੱਥੋਂ ਦੇ ਕੋਈ ਫਰੂਟ ਖਾਸ ਕਰਕੇ ਡਰੈਗਨ ਫਰੂਟ ਨੂੰ ਉਸ ਨੇ ਉਗਾਉਣ ਦੀ ਇੱਥੇ (ਪੰਜਾਬ) ਕੋਸ਼ਿਸ਼ ਨਾ ਕੀਤੀ ਹੋਵੇ। ਹਾਲਾਂਕਿ ਉਹ ਕਈ ਵਾਰ ਅਸਫਲ ਵੀ ਹੁੰਦਾ ਹੈ ਪਰ ਕਈ ਵਾਰ ਸਫਲ ਵੀ ਹੁੰਦਾ ਹੈ।
‘ਚੰਗੀ ਕਮਾਈ ਕਰਨ ਦੀ ਕਾਬਲੀਅਤ‘
ਜਸਪ੍ਰੀਤ ਮੁਤਾਬਕ ਸਫਲ ਹੋਣ ਦੀ ਰਾਹ ਵਿੱਚ ਉਹ ਲਗਾਤਾਰ ਤਜਰਬੇ ਕਰਦਾ ਰਹਿੰਦਾ ਹੈ। ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਨਵਾਂ ਤਿਆਰ ਕੀਤਾ ਜਾਵੇ, ਜਿਸ ਨਾਲ ਉਹ ਬਾਕੀਆਂ ਦੇ ਲਈ ਉਦਾਹਰਣ ਬਣ ਸਕੇ। ਜਸਪ੍ਰੀਤ ਨੇ ਦੱਸਿਆ ਕਿ ਸਾਡੇ ਪੁਰਖਿਆਂ ਦੀ ਜ਼ਮੀਨ ਉਸ ਨੂੰ ਵਿਰਾਸਤ ਦੇ ਵਿੱਚ ਮਿਲੀ ਹੈ। ਉਹ ਚਾਹੁੰਦਾ ਤਾਂ ਇਸ ਨੂੰ ਚੰਗੀ ਕੀਮਤ ਦੇ ਵਿੱਚ ਵੇਚ ਸਕਦਾ ਸੀ ਪਰ ਉਸ ਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਆਉਣ ਵਾਲੀਆਂ ਪੀੜੀਆਂ ਦੇ ਲਈ ਰੱਖਿਆ ਜਾਵੇ ਤਾਂ ਜੋ ਨਵੀਂ ਪੀੜੀ ਵੀ ਇਸ ਜ਼ਮੀਨ ਵਿੱਚੋਂ ਸੋਨੇ ਵਰਗੀ ਫਸਲ ਉਗਾ ਸਕੇ।
ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਹੈ। ਜੇਕਰ ਮਿਹਨਤ ਕਰੋ ਤਾਂ ਇੱਥੇ ਕੁੱਝ ਵੀ ਉਗਾਇਆ ਜਾ ਸਕਦਾ ਹੈ। ਅੱਜ ਕੱਲ੍ਹ ਦਾ ਕਿਸਾਨ ਏਆਈ ਯੁੱਗ ਦਾ ਹੈ ਅਤੇ ਉਹ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਕੇ ਖੇਤੀ ਦੇ ਢੰਗ ਅਪਣਾ ਰਿਹਾ ਹੈ ਅਤੇ ਘੱਟ ਜ਼ਮੀਨ ਦੇ ਵਿੱਚੋਂ ਵੀ ਚੰਗੀ ਕਮਾਈ ਕਰਨ ਦੀ ਕਾਬਲੀਅਤ ਰੱਖਦਾ ਹੈ।- ਜਸਪ੍ਰੀਤ ਸਿੰਘ,ਉੱਦਮੀ ਕਿਸਾਨ
‘ਕਿਸਾਨ ਜਸਪ੍ਰੀਤ ਸਿੰਘ ਦੀ ਸ਼ਲਾਘਾ‘
ਲੁਧਿਆਣਾ ਦੇ ਜ਼ਿਲ੍ਹਾ ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਡਾਕਟਰ ਵਿਜੇ ਪ੍ਰਤਾਪ ਸਿੰਘ ਨੇ ਵੀ ਉੱਦਮੀ ਕਿਸਾਨ ਜਸਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ, ‘ਜ਼ਿਲ੍ਹਾ ਲੁਧਿਆਣਾ ਦੇ ਪਿੰਡ ਈਸੇਵਾਲ ਨਾਲ ਸਬੰਧਤ ਐਡਵੋਕੇਟ ਜਸਪ੍ਰੀਤ ਸਿੰਘ ਕਾਫੀ ਲੰਬੇ ਸਮੇਂ ਤੋਂ ਡਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ। ਚੰਗੀ ਕਮਾਈ ਕਰਨ ਦੇ ਨਾਲ ਨਾਲ ਕਿਸਾਨ ਜਸਪ੍ਰੀਤ ਸਿੰਘ ਨੌਜਵਾਨਾਂ ਨੂੰ ਵੀ ਇਸ ਖੇਤੀ ਲਈ ਪ੍ਰੇਰਿਤ ਕਰ ਰਹੇ ਹਨ। ਡਰਿਪ ਇਲੀਗੇਸ਼ਨ ਜੋ ਕਿ ਡਰੈਗਨ ਫਰੂਟ ਦੇ ਬੂਟਿਆਂ ਨੂੰ ਦਿੱਤੀ ਜਾਂਦੀ ਹੈ ਉਸ ਬਾਰੇ ਵੀ ਜਸਪ੍ਰੀਤ ਸਿੰਘ ਵੱਲੋਂ ਲੋਕਾਂ ਨੂੰ ਅਹਿਮ ਜਾਣਕਾਰੀ ਦਿੱਤੀ ਜਾਂਦੀ ਹੈ।‘
ਪੰਜਾਬ ਵਿੱਚ ਡਰੈਗਨ ਫਰੂਟ ਦੀ ਖੇਤੀ‘
ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਡਾਕਟਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਪੰਜਾਬ ਵਿੱਚ ਡਰੈਗਨ ਫਰੂਟ ਦੀ ਖੇਤੀ ਨੂੰ ਕਾਫੀ ਉਤਾਸ਼ਿਹਤ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਵੀ ਪੀਏਯੂ ਦੀਆਂ ਸਿਫਾਰਿਸ਼ ਉੱਤੇ ਦੋ ਡਰੈਗਨ ਫਰੂਟ ਦੀਆਂ ਕਿਸਮਾਂ ਕਿਸਾਨਾਂ ਨੂੰ ਸਿਫਾਰਿਸ਼ ਕੀਤੀਆਂ ਗਈਆਂ ਨੇ। ਜਿਸ ਵਿੱਚ ਪੰਜਾਬ ਨੰਬਰ ਵਨ ਅਤੇ ਨੰਬਰ ਦੋ ਸ਼ਾਮਿਲ ਹੈ।
ਡਰੈਗਨ ਫਰੂਟ ਖ਼ਾਸ ਕਰਕੇ ਵਿਦੇਸ਼ੀ ਫਲ ਦੀ ਖੇਤੀ ਕਾਫੀ ਕਿਸਾਨ ਕਰ ਰਹੇ ਨੇ। ਇਹ ਖੇਤੀ ਬਾਗਬਾਨੀ ਮਹਿਕਮੇ ਦੇ ਇਹ ਅਧੀਨ ਆਉਂਦੀ ਹੈ ਅਤੇ ਸਰਕਾਰ ਵੀ ਇਸ ਉੱਤੇ ਨਵੇਂ ਕਿਸਾਨਾਂ ਦੀ ਕਾਫੀ ਮਦਦ ਕਰਦੀ ਹੈ। ਬਾਗਬਾਨੀ ਦੇ ਵੱਖ-ਵੱਖ ਸਹਾਇਕ ਧੰਦਿਆਂ ਲਈ 40 ਤੋਂ ਲੈ ਕੇ 50 ਫੀਸਦੀ ਤੱਕ ਦੀ ਸਬਸਿਡੀ ਹੈ। ਡੇਢ ਤੋਂ ਦੋ ਸਾਲ ਦੇ ਵਿੱਚ ਹੀ ਡਰੈਗਨ ਫਰੂਟ ਦੇ ਬੂਟੇ ਫਲ ਦੇਣਾ ਸ਼ੁਰੂ ਕਰ ਦਿੰਦੇ ਨੇ ਜਿਸ ਦੀ ਮਾਰਕੀਟ ਦੇ ਵਿੱਚ ਵੀ ਚੰਗੀ ਡਿਮਾਂਡ ਹੈ।-ਡਾਕਟਰ ਵਿਜੇ ਪ੍ਰਤਾਪ ਸਿੰਘ,ਬਾਗਬਾਨੀ ਵਿਭਾਗ ਸਹਾਇਕ ਡਾਇਰੈਕਟਰ,ਲੁਧਿਆਣਾ
‘ਡਰੈਗਨ ਫਰੂਟ ਲਾਉਣ ਲਈ ਸਬਸਿਡੀ‘
ਜ਼ਿਲ੍ਹਾ ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਡਰੈਗਨ ਫਰੂਟ ਲਾਉਣ ਉੱਤੇ ਸਬਸਿਡੀ ਵੀ ਦੇ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਡੇ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਕਈ ਕਿਸਾਨ ਬਾਗਬਾਨੀ ਕਰ ਰਹੇ ਹਨ ਅਤੇ ਉਹ ਡਰੈਗਨ ਫਰੂਟ ਦੀ ਕਾਸ਼ਤ ਵੀ ਕਰ ਰਹੇ ਨੇ। ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ।
ETV BHARAT