ਕੈਨੇਡਾ ਰਹਿੰਦੀ ਪਤਨੀ ਸੱਦੀ ਵਾਪਸ
ਨੌਜਵਾਨ ਕਿਸਾਨ ਖੁਸ਼ਦੀਪ ਸਿੰਘ ਖੇਤੀ ਵਿੱਚ ਸਫ਼ਲਤਾ ਦੀ ਮਿਸਾਲ ਬਣ ਕੇ ਹੁਣ ਹੋਰਾਂ ਨੂੰ ਪ੍ਰੇਰਿਤ ਕਰ ਰਿਹਾ ਹੈ।
23 ਅਪ੍ਰੈਲ, 2026 – ਲੁਧਿਆਣਾ: ਜ਼ਿਲ੍ਹਾ ਦੇ ਹਰਨਾਮਪੁਰਾ ਦੇ ਵਿੱਚ ਰਹਿਣ ਵਾਲੇ ਖੁਸ਼ਦੀਪ ਸਿੰਘ ਬੈਂਸ ਇੱਕ ਨੌਜਵਾਨ ਸਫਲ ਕਿਸਾਨ ਵਜੋਂ ਚਰਚਾ ਵਿੱਚ ਹਨ। ਇਸ ਨੌਜਵਾਨ ਕਿਸਾਨ ਨੇ ਖੇਤੀ ਨੂੰ ਬੁਲੰਦੀਆਂ ਉੱਤੇ ਪਹੁੰਚਾਇਆ ਅਤੇ ਬਾਕੀ ਨੌਜਵਾਨਾਂ ਲਈ ਵੀ ਪ੍ਰੇਰਨਾ ਬਣ ਗਿਆ ਹੈ। ਖੁਸ਼ਦੀਪ ਕੰਟਰੈਕਟ ਫਾਰਮਿੰਗ ਪਿਛਲੇ 10 ਸਾਲ ਤੋਂ ਕਰ ਰਿਹਾ ਹੈ, ਵੱਡੀ ਕੰਪਨੀ ਦੀ ਨੌਕਰੀ ਛੱਡ ਕੇ ਉਸ ਨੇ ਖੇਤੀ ਨੂੰ ਚੁਣਿਆ। ਸਬਜ਼ੀਆਂ ਦੀ ਕਾਸ਼ਤ ਕਰਕੇ ਉਹ ਲੱਖਾਂ ਰੁਪਏ ਕਮਾ ਰਿਹਾ ਹੈ।
‘ਵਿਦੇਸ਼ ਜਾਣ ਦਾ ਸੁਪਨਾ ਛੱਡ ਚੁਣੀ ਖੇਤੀ‘
ਕਿਸਾਨ ਖੁਸ਼ਦੀਪ ਨੇ ਦੱਸਿਆ ਕਿ, ‘ਜੱਦੀ ਭਾਵੇਂ ਇਸ ਕੋਲ ਸਿਰਫ ਤਿੰਨ ਏਕੜ ਜ਼ਮੀਨ ਹੈ ਪਰ ਉਹ ਲਗਭਗ 25 ਏਕੜ ਜ਼ਮੀਨ ਠੇਕੇ ਉੱਤੇ ਲੈਕ ਖੇਤੀ ਕਰ ਰਿਹਾ ਹੈ।ਸਿਰਫ ਕਣਕ ਅਤੇ ਝੋਨੇ ਦੇ ਚੱਕਰ ਵਿੱਚ ਸਮਾਂ ਨਾ ਖਰਾਬ ਕਰਕੇ ਹਰੀਆਂ ਸਬਜ਼ੀਆਂ ਜਿਵੇਂ ਬਰੋਕਲੀ, ਆਲੂ, ਸ਼ਿਮਲਾ ਮਿਰਚ, ਪੌਪ ਕੌਰਨ ਮੱਕੀ, ਲਸਣ ਅਤੇ ਰਿਵਾਇਤੀ ਫਸਲ ਵੀ ਬੀਜ ਰਿਹਾ ਹੈ। ਬੀਏ ਅਤੇ ਐਮਏ ਕਰਨ ਤੋਂ ਬਾਅਦ ਪੰਜਾਬ ਦੇ ਹਰ ਨੌਜਵਾਨ ਵਾਂਗ ਉਸ ਦਾ ਵੀ ਸਪਨਾ ਸੀ ਕਿ ਉਹ ਵਿਦੇਸ਼ ਜਾ ਕੇ ਸੈੱਟ ਹੋਵੇ ਪਰ ਉਸ ਨੇ ਖੇਤੀ ਨੂੰ ਚੁਣਿਆ ਕਿਉਂਕਿ ਸ਼ੁਰੂ ਤੋਂ ਹੀ ਆਪਣੀ ਮਿੱਟੀ ਅਤੇ ਖੇਤੀ ਨਾਲ ਉਸ ਨੂੰ ਪਿਆਰ ਸੀ।‘
ਕਿਵੇਂ ਹੋਈ ਸ਼ੁਰੂਆਤ ?
ਮੌਜੂਦਾ ਸਮੇਂ ਵਿੱਚ ਸਫਲ ਕਿਸਾਨ ਖੁਸ਼ਦੀਪ ਸਿੰਘ ਬੈਂਸ ਪਹਿਲਾਂ ਈਸਟ ਮੈਨ ਕੰਪਨੀ ਦੇ ਵਿੱਚ ਕੰਮ ਕਰ ਚੁੱਕਾ ਹੈ। ਜਿੱਥੇ ਉਸ ਨੇ ਲਗਭਗ ਡੇਢ ਸਾਲ ਕੰਮ ਕੀਤਾ, ਜਿਸ ਤੋਂ ਬਾਅਦ ਉਸ ਨੇ ਫੈਸਲਾ ਲਿਆ ਕਿ ਉਹ ਆਪਣਾ ਹੀ ਕੰਮ ਕਰੇਗਾ। ਇਸ ਤੋਂ ਪਹਿਲਾਂ ਉਸ ਨੇ ਯੂਪੀਐਲ ਪੈਸਟੀਸਾਈਡ ਦੇ ਨਾਲ ਵੀ ਕੰਮ ਕੀਤਾ, ਜਿਸ ਤੋਂ ਬਾਅਦ ਉਸ ਨੇ ਆਪਣੀ ਜ਼ਮੀਨ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ।
ਹੌਲੀ–ਹੌਲੀ ਆਪਣੇ ਖੇਤੀ ਦੇ ਖੇਤਰ ਨੂੰ ਵਧਾਇਆ ਅਤੇ ਸਬਜ਼ੀਆਂ ਦੀਆਂ ਵੱਖ–ਵੱਖ ਕਿਸਮਾਂ ਲਾਉਣੀਆਂ ਸ਼ੁਰੂ ਕੀਤੀਆਂ, ਜਿਸ ਤੋਂ ਬਾਅਦ ਸਾਲ 2016 ਦੇ ਵਿੱਚ ਉਸ ਦਾ ਕੰਟਰੈਕਟ ਪੈਗੋਰੋ ਫੂਡ ਲਿਮਿਟਿਡ ਦੇ ਨਾਲ ਹੋ ਗਿਆ। ਪਿਛਲੇ 10 ਸਾਲ ਤੋਂ ਉਹ ਕੰਟਰੈਕਟ ਫਾਰਮਿੰਗ ਕਰ ਰਿਹਾ ਹੈ। ਕੰਪਨੀ ਦੀ ਲੋੜ ਮੁਤਾਬਕ ਉਹ ਆਲੂ, ਪਿਆਜ਼, ਲਸਣ, ਮਟਰ, ਸ਼ਿਮਲਾ ਮਿਰਚ, ਫੁੱਲ ਗੋਭੀ, ਮੂੰਗੀ, ਬਾਸਮਤੀ ਅਤੇ ਕਣਕ ਦੀ ਕਾਸ਼ਤ ਕਰ ਰਿਹਾ ਹੈ। ਉਸ ਕੋਲ ਆਪਣੀ 3 ਏਕੜ ਜ਼ਮੀਨ ਹੈ, ਜਦੋਂ ਕਿ ਬਾਕੀ ਠੇਕੇ ਉੱਤੇ ਲਈ ਹੋਈ ਹੈ। – ਖੁਸ਼ਦੀਪ ਸਿੰਘ ਬੈਂਸ,ਨੌਜਵਾਨ ਕਿਸਾਨ
‘ਪਰਿਵਾਰ ਕੈਨੇਡਾ ਦਾ ਵਸਨੀਕ‘
ਖੁਸ਼ਦੀਪ ਨੇ ਦੱਸਿਆ ਕਿ, ‘ਉਸ ਦਾ ਭਰਾ ਅਤੇ ਭਰਜਾਈ ਕੈਨੇਡਾ ਵਿੱਚ ਹੀ ਰਹਿੰਦੇ ਹਨ। ਉਸ ਦੀ ਪਤਨੀ ਵੀ ਪੜ੍ਹਾਈ ਦੇ ਲਈ ਕੈਨੇਡਾ ਚਲੀ ਗਈ ਸੀ, ਜਿੱਥੇ ਉਹ ਇੱਕ ਰੈਸਟੋਰੈਂਟ ਦੇ ਵਿੱਚ ਕੁੱਕ ਦੀ ਨੌਕਰੀ ਕਰ ਰਹੀ ਸੀ। ਪਤਨੀ ਦੇ ਕਹਿਣ ਉੱਤੇ ਖੁਸ਼ਦੀਪ ਨੇ ਵੀ ਇੱਕ ਵਾਰ ਕੋਸ਼ਿਸ਼ ਕੈਨੇਡਾ ਜਾਣ ਦੀ ਜਰੂਰ ਕੀਤੀ ਪਰ ਹਾਲਾਤ ਸੁਣ ਕੇ ਫੈਸਲਾ ਲਿਆ ਕਿ ਉਹ ਇੱਥੇ ਰਹਿ ਕੇ ਹੀ ਖੇਤੀ ਕਰੇਗਾ ਅਤੇ ਸਬਜ਼ੀਆਂ ਦੀ ਕਾਸ਼ਤ ਕਰੇਗਾ। ਜਿਸ ਕਰਕੇ ਉਸ ਨੇ ਪਿਛਲੇ 10 ਸਾਲ ਵਿੱਚ ਕੰਮ ਨੂੰ ਇੰਨਾ ਵਧਾਇਆ ਕਿ ਆਪਣੀ ਪਤਨੀ ਨੂੰ ਕੈਨੇਡਾ ਤੋਂ ਵਾਪਸ ਬੁਲਾ ਲਿਆ।‘
‘ਕੈਨੇਡਾ ਤੋਂ ਭਰਾ ਨੂੰ ਵੀ ਵਾਪਿਸ ਲਿਆਉਣ ਦਾ ਸੁਪਨਾ‘
ਖੁਸ਼ਦੀਪ ਚਾਹੁੰਦਾ ਹੈ ਕਿ ਉਸ ਦਾ ਭਰਾ ਵੀ ਵਾਪਿਸ ਆਕੇ ਉਸ ਨਾਲ ਖੇਤੀ ਕਰੇ ਅਤੇ ਉਸ ਦੀ ਸੋਚ ਹੈ ਕਿ ਜੇਕਰ ਵਿਦੇਸ਼ ਜਾ ਕੇ ਮਿਹਨਤ ਕਰਨੀ ਹੈ ਤਾਂ ਪੰਜਾਬ ਰਹਿ ਕੇ ਆਪਣੀ ਜ਼ਮੀਨ ਵਿੱਚ ਕਿਉਂ ਨਾ ਕੀਤੀ ਜਾਵੇ, ਬਸ ਲੋੜ ਮਿਹਨਤ ਕਰਨ ਦੀ ਹੈ। ਉਸ ਦੇ ਪਿਤਾ ਵੀ ਕਨੇਡਾ ਰਹਿ ਕੇ ਆਏ ਹਨ, ਖੁਸ਼ਦੀਪ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਜਿਹੀ ਗੱਲ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ, ਕੰਮ ਬਹੁਤ ਹੈ ਪਰ ਇੱਥੇ ਵੀ ਕੰਮ ਦੀ ਕੋਈ ਕਮੀ ਨਹੀਂ ਹੈ।
‘ਪੀਏਯੂ ਤੋਂ ਖੁਸ਼ਦੀਪ ਸਨਮਾਨਿਤ‘
ਢਾਈ ਏਕੜ ਵਿੱਚ ਖੁਸ਼ਦੀਪ ਨੇ ਇਸ ਵਾਰ ਲਸਣ ਲਗਾਇਆ ਸੀ, ਜਿਸ ਵਿੱਚੋਂ ਕੁਝ ਬੀਜ ਵੀ ਰੱਖਿਆ। ਖੁਸ਼ਦੀਪ ਨੇ ਦੱਸਿਆ ਕਿ ਉਸ ਵੱਲੋਂ ਤਿਆਰ ਕੀਤਾ ਗਿਆ ਬੀਜ ਵੀ ਕਾਫੀ ਕਿਸਾਨਾਂ ਵੱਲੋਂ ਪਸੰਦ ਕਰਕੇ ਖਰੀਦਿਆ ਗਿਆ। ਇਸ ਸਬੰਧੀ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੇ ਦਏ ਕਿਸਾਨ ਮੇਲੇ ਵਿੱਚ ਪ੍ਰਦਰਸ਼ਨੀਆਂ ਵੀ ਲਗਾਈਆਂ ਸਨ। ਚੰਗੇ ਬੀਜ ਅਤੇ ਸਬਜ਼ੀਆਂ ਦੀ ਚੰਗੀ ਕਾਸ਼ਤ ਕਰਕੇ ਉਸ ਨੂੰ ਦੋ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਗਾਂਹ ਵਧੂ ਕਿਸਾਨ ਵਜੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਸਾਲ 2018 ਦੇ ਵਿੱਚ ਅਤੇ ਉਸ ਤੋਂ ਬਾਅਦ ਮਾਰਚ ਮਹੀਨੇ 2026 ਕਿਸਾਨ ਯੂਨੀਅਨ ਦੇ ਮੇਲੇ ਵਿੱਚ ਵੀ ਉਸ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਬਾਕੀਆਂ ਨੂੰ ਵੀ ਪ੍ਰੇਰਨਾ ਦਿੰਦਾ ਹੈ, ਪਿੰਡ ਦੇ ਨੌਜਵਾਨ ਉਸ ਤੋਂ ਸਿੱਖਦੇ ਹਨ ਕਿ ਕਿਵੇਂ ਸਬਜ਼ੀਆਂ ਦੀ ਕਾਸ਼ਤ ਕਰਨੀ ਹੈ।
ਉੱਦਮੀ ਕਿਸਾਨ ਖੁਸ਼ਦੀਪ ਦਾ ਟੀਚਾ
ਖੁਸ਼ਦੀਪ ਸਿੰਘ ਬੈਂਸ ਦਾ ਟੀਚਾ ਹੈ ਕਿ, ‘ਉਹ ਸਾਲ ਅੰਦਰ ਤਿੰਨ ਦੀ ਥਾਂ ਉੱਤੇ ਚਾਰ ਫਸਲਾਂ ਪ੍ਰਤੀ ਏਕੜ ਕੱਢੇ , ਜਿਸ ਸਬੰਧੀ ਉਸ ਨੇ ਚਾਟ ਤਿਆਰ ਕਰਨ ਬਾਰੇ ਸੋਚਿਆ। ਜਿਸ ਮੁਤਾਬਿਕ ਸਭ ਤੋਂ ਪਹਿਲਾਂ ਜੇਕਰ ਗੱਲ ਝੋਨੇ ਦੀ ਕੀਤੀ ਜਾਵੇ ਤਾਂ ਪੀਆਰ 126 ਕਿਸਮ ਜੋ ਕਿ ਲਗਭਗ 90 ਤੋਂ 92 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ। ਉਹ ਲਗਾਉਣਾ ਚਾਹੁੰਦਾ ਹੈ, ਉਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਜਦੋਂ ਅਕਤੂਬਰ ਦੇ ਵਿੱਚ ਇਹ ਫਸਲ ਵੱਢ ਲਈ ਜਾਵੇ ਤਾਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਉਹ ਬਰੋਕਲੀ ਲਗਾ ਸਕਦਾ ਹੈ। ਜਨਵਰੀ ਤੱਕ ਬਰੋਕਲੀ ਤਿਆਰ ਹੋ ਜਾਵੇਗੀ। ਇਸ ਤੋਂ ਬਾਅਦ ਉਸ ਦੀ ਕੋਸ਼ਿਸ਼ ਹੈ ਕਿ ਜਦੋਂ ਜਨਵਰੀ ਤੱਕ ਖੇਤ ਵਿਹਲੇ ਹੋ ਜਾਣ ਤਾਂ ਉਹ ਪਾਲਕ ਆਦਿ ਬੀਜ ਸਕਦਾ ਹੈ, ਜੋ ਕਿ ਮਹੀਨੇ ਡੇਢ ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀ ਹੈ। ਜਿਸ ਤੋਂ ਬਾਅਦ ਉਹ ਮਾਰਚ ਮਹੀਨੇ ਤੱਕ ਮੁੜ ਤੋਂ ਮੱਕੀ ਦੀ ਘੱਟ ਸਮਾਂ ਲੈਣ ਵਾਲੀ ਕਿਸਮ ਜਾਂ ਫਿਰ ਮੂੰਗੀ ਬੀਜ ਕੇ ਇੱਕ ਸਾਲ ਦੇ ਵਿੱਚ ਚਾਰ ਫਸਲਾਂ ਲੈ ਸਕਦਾ ਹੈ। ਜਿਸ ਨਾਲ ਉਸ ਨੂੰ ਕਾਫੀ ਫਾਇਦਾ ਹੋਵੇਗਾ।‘
‘ਸਬਜ਼ੀਆਂ ਵਿੱਚ ਜ਼ਿਆਦਾ ਮੁਨਾਫਾ‘
ਕਿਸਾਨ ਖੁਸ਼ਦੀਪ ਨੇ ਦੱਸਿਆ ਕਿ,’ਹੁਣ ਉਹ ਕੰਟਰੈਕਟ ਫਾਰਮਿੰਗ ਕਰ ਰਿਹਾ ਹੈ, ਕੰਪਨੀ ਦੀ ਸਲਾਹ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਸੁਝਾਅ ਕੀਤੇ ਬੀਜਾਂ ਦੀ ਹੀ ਉਸ ਦੇ ਵੱਲੋਂ ਸਬਜ਼ੀਆਂ ਦੇ ਰੂਪ ਵਿੱਚ ਕਾਸ਼ਤ ਕੀਤੀ ਜਾਂਦੀ। ਹੈ ਜਿਸ ਤੋਂ ਬਾਅਦ ਇੱਥੋਂ ਉਹ ਸਬਜ਼ੀਆਂ ਕੰਪਨੀ ਵਿੱਚ ਭੇਜ ਦਿੰਦਾ ਹੈ। ਇਸ ਕੰਪਨੀ ਦਾ ਅੱਗੇ ਹੋਰ ਕੰਪਨੀਆਂ ਨਾਲ ਕੰਟਰੈਕਟ ਹੈ ਅਤੇ ਉਹ ਸਬਜ਼ੀਆਂ ਨੂੰ ਅੱਗੇ ਸਪਲਾਈ ਕਰਦੀਆਂ ਹਨ। ਸਾਨੂੰ ਪੇਮੈਂਟ ਸਮੇਂ ਸਿਰ ਮਿਲ ਜਾਂਦੀ ਹੈ। ਚੰਗੀ ਕੁਆਲਿਟੀ ਦੀ ਸਬਜ਼ੀਆਂ ਅਤੇ ਬੀਜ ਦਾ ਇਸਤੇਮਾਲ ਕਰਦੇ ਹਾਂ, ਇਸ ਕਰਕੇ ਕੀਮਤ ਵੀ ਬਜ਼ਾਰ ਨਾਲੋਂ ਜ਼ਿਆਦਾ ਮਿਲਦੀ ਹੈ।
ਜੇਕਰ ਅਸੀਂ ਰਵਾਇਤੀ ਫਸਲ ਕਣਕ ਅਤੇ ਝੋਨਾ ਬੀਜਦੇ ਹਾਂ ਤਾਂ ਇਸ ਦੇ ਨਾਲ ਸਾਨੂੰ ਲਗਭਗ ਇੱਕ ਲੱਖ ਰੁਪਏ ਪ੍ਰਤੀ ਏਕੜ ਸਾਲ ਦੀ ਆਮਦਨ ਹੁੰਦੀ ਹੈ ਪਰ ਹੁਣ ਇਸ ਵਕਤ ਜ਼ਮੀਨਾਂ ਦੇ ਠੇਕੇ ਬਹੁਤ ਵੱਧ ਚੁੱਕੇ ਨੇ ਉੱਥੇ ਹੀ ਮੌਸਮ ਦੀ ਮਾਰ ਵੀ ਪੈਂਦੀ ਹੈ। ਇਸ ਕਰਕੇ ਜੇਕਰ ਅਸੀਂ ਸਬਜ਼ੀਆਂ ਦੀ ਕਾਸ਼ਤ ਕਰੀਏ ਤਾਂ ਪ੍ਰਤੀ ਏਕੜ ਸਾਲ ਵਿੱਚ ਅਸੀਂ 2 ਤੋਂ 3 ਲੱਖ ਰੁਪਏ ਤੱਕ ਕਮਾ ਸਕਦੇ ਹਾਂ। ਜਿਸ ਵਿੱਚੋਂ ਜੇਕਰ 1.25 ਲੱਖ ਰੁਪਏ ਖਰਚਾ ਵੀ ਲਗਾ ਲਿਆ ਜਾਵੇ ਤਾਂ ਵੀ ਸਾਨੂੰ 1.5 ਤੋਂ 2 ਲੱਖ ਰੁਪਏ ਅਸਾਨੀ ਨਾਲ ਬਚ ਜਾਂਦੇ ਹਨ। –ਖੁਸ਼ਦੀਪ ਸਿੰਘ ਬੈਂਸ,ਨੌਜਵਾਨ ਕਿਸਾਨ
‘ਇਲਾਕੇ ਦੇ ਹੋਰ ਨੌਜਵਾਨ ਵੀ ਪ੍ਰਭਾਵਿਤ‘
ਨੌਜਵਾਨ ਅਤੇ ਸਫਲ ਕਿਸਾਨ ਖੁਸ਼ਦੀਪ ਸਿੰਘ ਬੈਂਸ ਤੋਂ ਇਲਾਕੇ ਦੇ ਹੋਰ ਨੌਜਵਾਨ ਵੀ ਪ੍ਰਭਾਵਿਤ ਹਨ। ਪਿੰਡ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਆਖਿਆ ਕਿ, ‘ਭਾਵੇਂ ਖੁਸ਼ਦੀਪ ਸਿੰਘ ਕੋਲ ਕੈਨੇਡਾ ਜਾਣ ਦਾ ਮੌਕਾ ਸੀ ਪਰ ਉਸ ਨੇ ਪੰਜਾਬ ਵਿੱਚ ਰਹਿ ਕੇ ਖੇਤੀਬਾੜੀ ਨੂੰ ਪਹਿਲ ਦਿੱਤੀ ਅਤੇ ਫਸਲੀ ਚੱਕਰ ਵਿੱਚ ਬਾਹਰ ਨਿਕਲਦਿਆਂ ਸਬਜ਼ੀ ਦੀ ਕਾਸ਼ਤ ਰਾਹੀਂ ਇੱਕ ਸਫਲ ਕਿਸਾਨ ਬਣ ਕੇ ਵੀ ਵਿਖਾਇਆ। ਉਸ ਦੀ ਉਪਲੱਬਧੀ ਤੋਂ ਪੂਰਾ ਇਲਾਕਾ ਕਾਫੀ ਖੁਸ਼ ਹੈ ਅਤੇ ਬਹੁਤ ਸਾਰੇ ਨੌਜਵਾਨ ਖੇਤੀ ਨਾਲ ਜੁੜਨ ਬਾਰੇ ਸੋਚ ਰਹੇ ਹਨ।‘ ਉਸ ਦੇ ਪਿਤਾ ਦੱਸਦੇ ਨੇ ਕਿ ਖੁਸ਼ਦੀਪ ਨੂੰ ਖੇਤੀ ਨਾਲ ਪਿਆਰ ਸੀ ਇਸ ਕਰਕੇ ਉਹ ਖੇਤਾ ਵਿੱਚ ਪਿਆ ਹੋਇਆ ਹੈ ਅਤੇ ਚੰਗੀ ਕਮਾਈ ਕਰਕੇ ਕਾਮਯਾਬ ਕਿਸਾਨ ਬਣਿਆ ਹੈ।
ETV BHARAT