The Punjab Pulse Bureau
ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿਚ, ਜਦੋਂ ਪੰਜਾਬ ਵਿਚ ਨਫ਼ਰਤ ਅਤੇ ਦਹਿਸ਼ਤ ਦੀ ਖੂਨੀ ਹਨੇਰੀ ਚੱਲ ਰਹੀ ਸੀ, ਉਹਨਾਂ ਕਾਲੇ ਸਮਿਆਂ ਵਿੱਚ ਦੇਸ਼ ਦੀ ਏਕਤਾ-ਅਖੰਡਤਾ ਅਤੇ ਆਪਸੀ ਭਾਈਚਾਰੇ ਦੀ ਬੁਝਦੀ ਮਸ਼ਾਲ ਨੂੰ ਮੁੜ ਰੌਸ਼ਨ ਕਰਨ ਲਈ ਜਿਨ੍ਹਾਂ ਲੋਕਾਂ ਨੂੰ ਆਪਣੇ ਲਹੂ ਦੀ ਆਹੂਤੀ ਪਾਉਣੀ ਪਈ, ਆਰ.ਐਸ.ਐਸ. ਪੰਜਾਬ ਦੇ ਸਵਯੰਸੇਵਕਾਂ ਦਾ ਵੀ ਉਹਨਾਂ ਵਿਚ ਵਿਸ਼ੇਸ਼ ਜ਼ਿਕਰ ਹੁੰਦਾ ਹੈ।
25 ਜੂਨ 1989, ਦਿਨ ਐਤਵਾਰ, ਹਿੰਦੁਸਤਾਨ ’ਚ ਲੱਗਦੀਆਂ ਆਰ.ਐਸ.ਐਸ. ਦੀਆਂ ਹੋਰ ਹਜ਼ਾਰਾਂ ਰੋਜ਼ਾਨਾ ਸਾਖਾਵਾਂ ਦੀ ਤਰ੍ਹਾਂ ਮੋਗੇ ਦੇ ਨਹਿਰੂ ਪਾਰਕ ਵਿੱਚ ਵੀ ਉਸ ਦਿਨ ਨਗਰ ਦੀਆਂ ਸਾਰੀਆਂ ਪ੍ਰਭਾਤ ਤੇ ਸ਼ਾਮ ਦੀਆਂ ਸ਼ਾਖਾਵਾਂ ਦਾ ਇਕੱਤਰੀਕਰਨ ਸੀ। ਖੇਡਾਂ ਅਤੇ ਸਰੀਰਕ ਕਸਰਤ ਦੇ ਨਿਯਮਿਤ ਪ੍ਰੋਗਰਾਮ ਮਗਰੋਂ ਸਾਰੇ ਜਣੇ ਬੌਧਿਕ ਚਰਚਾ ਵਿਚ ਭਾਗ ਲੈਣ ਲਈ ਹਾਲੇ ਅਰਧ-ਮੰਡਲ ’ਚ ਬੈਠੇ ਹੀ ਸਨ ਕਿ ਉਹਨਾਂ ਦੀ ਪਿੱਠ ਵਾਲੇ ਪਾਸਿਉਂ ਦੋ ਹਥਿਆਰਬੰਦ ਅੱਤਵਾਦੀਆਂ ਨੇ ਉਹਨਾਂ ਉਪਰ ਏ.ਕੇ. 47 ਦੀਆਂ ਗੋਲੀਆਂ ਦਾ ਮੀਂਹ ਵਰ੍ਹਾਅ ਦਿੱਤਾ। ਪਾਰਕ ਦੀ ਹਰੀ ਕਚੂਰ ਘਾਹ ਲਹੂ ਦੇ ਛੱਪੜ ਵਿੱਚ ਬਦਲ ਗਈ। ਗੋਲੀਆਂ ਦੀ ਦਨਾ-ਦਨ ਨਾਲ ਦਰੱਖਤਾਂ ’ਤੇ ਬੈਠੇ ਪੰਛੀ ਹੀ ਨਹੀਂ ਉੱਡੇ, ਦੋ ਦਰਜਨ ਅਨਮੋਲ ਜਿੰਦੜੀਆਂ ਦੇ ਪ੍ਰਾਣ ਪੰਖੇਰੂ ਵੀ ਉੱਡ ਗਏ।
ਨਿਹੱਥਿਆਂ ਅਤੇ ਬੈਠਿਆਂ ਹੋਇਆਂ ਦੀ ਪਿੱਠ ਉਪਰ ਵਾਰ ਕਰਕੇ ਕਾਇਰ ਅੱਤਵਾਦੀ ਪਾਰਕ ਦੇ ਪਿਛਲੇ ਦਰਵਾਜ਼ੇ ਤੋਂਂ ਹੀ ਬਾਹਰ ਨੰ ਦੌੜੇ ਤਾਂ ਸਾਹਮਣੀ ਬਸਤੀ ’ਚੋਂ ਔਰਤਾਂ ਨੇ ‘ਫੜੋ-ਫੜੋ’ ਦਾ ਰੌਲਾ ਪਾ ਕੇ ਉਹਨਾਂ ਨੰ ਲਲਕਾਰਿਆ। ਏ.ਕੇ.47 ਦੇ ਅਸੁਰੀ ਮੰਹ ਉਹਨਾਂ ਵੱਲ ਮੁੜ ਗਏ। ਗੋਲੀਆਂ ਨੇ ਉਹਨਾਂ ਨੰ ਲਲਕਾਰਨ ਵਾਲੇ ਜੋੜੇ ਦੀ ਅਵਾਜ਼ ਹਮੇਸ਼ਾ ਲਈ ਬੰਦ ਕਰ ਦਿੱਤੀ। ‘ਫੜੋ ਫੜੋ’ ਦੀ ਥਾਂ ਹੁਣ ‘ਬਚਾਓ ਬਚਾਓ’ ਦਾ ਰੌਲਾ ਪੈਣ ਲੱਗਾ। ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ’ਚ ਫੈਲ ਗਈ। ਲੋਕ ਆਪਣੇ ਸਗੇ-ਸਨੇਹੀਆਂ ਨੂੰ ਬਚਾਉਣ ਲਈ ਪਾਰਕ ਵੱਲ ਦੌੜੇ। ਗੰਭੀਰ ਹਾਲਤ ਵਿੱਚ ਜ਼ਖ਼ਮੀ ਅਤੇ ਆਖਰੀ ਸਾਹ ਲੈ ਰਹੇ 70 ਸਾਲਾਂ ਦੇ ਬਜ਼ੁਰਗ ਸ਼ਿਵ ਦਿਆਲ ਨੂੰ ਕੁਝ ਲੋਕ ਚੁੱਕ ਕੇ ਬਾਹਰ ਲਿਜਾ ਰਹੇ ਸਨ। ਉਹ ਆਖ ਰਹੇ ਸਨ, ‘‘ਮੈਨੰ ਬੁੜ੍ਹੇ ਨੰ ਛੱਡੋ, ਕਿਸੇ ਨੌਜਵਾਨ ਨੰ ਬਚਾਓ।’
ਜ਼ਖਮੀਆਂ ਅਤੇ ਲਾਸ਼ਾਂ ਦੀ ਢੋਆ-ਢੁਆਈ ਦਾ ਕੰਮ ਅਜੇ ਚੱਲ ਹੀ ਰਿਹਾ ਸੀ ਕਿ ਪਾਰਕ ਦੇ ਮੇਨ ਗੇਟ ’ਤੇ ਬੰਬ ਫਟਿਆ, ਰਾਹਤ ਕਾਰਜ ਵਿੱਚ ਲੱਗੀ ਜਨਤਾ ਤਾ ਮਨੋਬਲ ਫਿਰ ਟੁੱਟਿਆ, ਕਈ ਜ਼ਿੰਦਾ ਜਿਸਮਾਂ ਦੇ ਇਸ ਵਿਸਫੋਟ ਨੇ ਚੀਥੜੇ ਕਰ ਦਿੱਤੇ। ਇਹਨਾਂ ਵਿੱਚ ਪੰਜਾਬ ਪੁਲਿਸ ਦੇ ਦੋ ਜਵਾਨ ਜਗਤਾਰ ਸਿੰਘ ਅਤੇ ਕੁਲਵੰਤ ਸਿੰਘ ਵੀ ਸ਼ਾਮਲ ਸਨ-ਆਪਣੀ ਡਿਊਟੀ ਨਿਭਾਉਦਿਆਂ ਇਹਨਾਂ ਵੀ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ।
ਮੋਗੇ ਦੇ ਸ਼ਮਸ਼ਾਨ ਘਾਟ ਨੇ ਉਹ ਦਿਨ ਵੀ ਦੇਖਿਆ ਜਦੋਂ ਉਥੇ ਦੋ ਦਰਜਨ ਲਾਸ਼ਾਂ ਦਾ ਇੱਕੋ ਵੇਲੇ ਦਾਹ ਸੰਸਕਾਰ ਹੋ ਰਿਹਾ ਸੀ। ਹਜ਼ਾਰਾਂ ਦੀ ਭੀੜ ਸੀ। ਰੋਹ ਭੜਕਿਆ ਹੋਇਆ ਸੀ, ਕੁਝ ਵੀ ਸੰਭਵ ਸੀ। ਪੁਲਿਸ, ਪ੍ਰਸ਼ਾਸਨ ਅਤੇ ਕਈ ਮੌਕਾਪ੍ਰਸਤ ਸਿਆਸਤਦਾਨਾਂ ਵੱਲੋਂ ਉਕਸਾਉਣ ਦੀ ਕੋਸ਼ਿਸ਼ ਵੀ ਹੋਈ, ‘‘ਹੁਣ ਲਾਈਐ ਸ਼ੇਰ ਦੀ ਪੂਛ ਨੂੰ ਹੱਥ।’’ ਪਰ ਉਹ ਭੁੱਲ ਗਏ ਕਿ ਇਹ ਦਿੱਲੀ ਦੰਗਿਆਂ ਵਾਲੀ ਬੇਕਾਬੂ, ਅਰਾਜਕ ਅਤੇ ਸਰਕਾਰੀ ਸ਼ਹਿ ’ਤੇ ਮੱਛਰੀ ਹੋਈ ਭੀੜ ਨਹੀਂ ਸੀ, ਬਲਕਿ ਇਹ ਤਾਂ ਸਵੈ-ਅਨੁਸ਼ਾਸਨ ਦੀ ਭੱਠੀ ਵਿਚ ਤਪੇ ਸੰਘ ਦੇ ਸਵਯੰਸੇਵਕਾਂ ਦਾ ਇਕੱਠ ਸੀ, ਉਹ ਸੰਘ ਜੋ ਸਥਿਤੀ ਦੇ ਵੱਸ ’ਚ ਹੋਣ ਵਾਲਾ ਨਹੀਂ ਬਲਕਿ ‘ਤੇਰਾ ਕੀਆ ਮੀਠਾ ਲਾਗੇ’ ਕਹਿ ਕੇ ਸਥਿਤੀ ਨੰੂ ਆਪਣੇ ਵੱਸ ’ਚ ਕਰਨ ਵਾਲਾ ਸੰਗਠਨ I
ਸਪਸ਼ਟ ਹੈ ਕਿ ਆਰ.ਐਸ.ਐਸ. ਦੀ ਸ਼ਾਖਾ ਉਪਰ ਹਮਲਾ ਕਰਨਾ ਸਿਰਫ ਸੰਘ ਨੂੰ ਨੁਕਸਾਨ ਪਹੁੰਚਾਉਣਾ ਜਾਂ ਚੁਫੇਰੇ ਦਹਿਸ਼ਤ ਫੈਲਾਉਣਾ ਹੀ ਨਹੀਂ ਸੀ, ਅਸਲ ਮਕਸਦ ਸੀ ਹਿੰਦੂ-ਸਿੱਖ ਏਕਤਾ ਨੂੰ ਤਾਰ-ਤਾਰ ਕਰਕੇ ਸਾਡੇ ਸਮਾਜਕ ਭਾਈਚਾਰੇ ਨੂੰ ਤਹਿਸ-ਨਹਿਸ ਕਰਨਾ। ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਉਹਨਾਂ ਦੇ ਹੀ ਦੋ ਅੱਗਰੱਖਿਅਕਾਂ ਵੱਲੋਂ ਹੱਤਿਆ ਕਰਨ ਉਪਰੰਤ ਪ੍ਰਤੀਕਿ੍ਰਆ ਵਜੋਂ ਦਿੱਲੀ ਹੀ ਨਹੀਂ, ਪੂਰੇ ਦੇਸ਼ ਵਿੱਚ ਹੋਏ ਨਿਰਦੋਸ਼, ਮਾਸੂਮ ਸਿੱਖਾਂ ਦੇ ਕਤਲੇਆਮ ਵਾਂਗ ਸ਼ਾਇਦ ਸੰਘ ਵਾਲੇ ਵੀ ਭਾਵੁਕ ਹੋ ਕੇ ਪੂਰੇ ਦੇਸ਼ ਵਿੱਚ ਦੰਗਾ ਫਸਾਦ ਸ਼ੁਰੂ ਕਰ ਦੇਣ। ਦੇਸ਼ ਦੇ ਦੁਸ਼ਮਣਾਂ ਦੀ ਚੜ੍ਹ ਮੱਚੀ ਹੋਈ ਸੀ, ਉਹ ਜਿਵੇਂ ਚਾਹੁੰਦੇ ਸਨ, ਹੋਈ ਜਾਂਦਾ ਸੀ।
ਮੋਗਾ ਗੋਲੀਕਾਂਡ ਵੀ ਉਹਨਾਂ ਇੱਕ ਤੀਰ ਨਾਲ ਕਈ ਨਿਸ਼ਾਨੇ ’ਕੱਠੇ ਹੀ ਮਾਰਨ ਲਈ ਕੀਤਾ ਸੀ, ਪਰ ਸੰਘ ਦੀ ਰਾਸ਼ਟਰਵਾਦੀ ਸੋਚ ਨੇ ਇਹਨਾਂ ਦੇ ਅਸਲ ਉਦੇਸ਼ ਨੂੰ ਅਸਫਲ ਕਰ ਦਿੱਤਾ। ਸੰਘ ਸਥਾਨ ਉਪਰ ਹਿੰਦੂ-ਸਿੱਖਾਂ ਦਾ ਸਾਂਝਾ ਲਹੂ ਡੁੱਲ੍ਹਿਆ ਸੀ, ਇਸ ਹੱਤਿਆ ਕਾਂਡ ਮਗਰੋਂ ਇਹ ਸਾਂਝ ਸਗੋਂ ਹੋਰ ਮਜ਼ਬੂਤ ਹੋਈ। ਹੋਰ ਬਹੁਤ ਕੁਝ ਉਹਨਾਂ ਆਪਣੀ ਮਰਜ਼ੀ ਮੁਤਾਬਿਕ ਕੀਤਾ, ਪਰ ਸੰਘ ਨੂੰ ਸਮਝਣ-ਸਮਝਾਉਣ ਵਿੱਚ ਅੱਤਵਾਦੀ ਦੇ ਵੱਖਵਾਦੀ ਮਾਨਸਿਕਤਾ ਵਾਲੇ ਲੋਕ ਮਾਰ ਖਾ ਗਏ। ਸੁਣੀਆਂ-ਸੁਣਾਈਆਂ ‘ਦੰਦ ਕਥਾਵਾਂ’ ਤੋਂ ਉਹ ਵੀ ਇਹ ਸਮਝਣ ਦੀ ਗ਼ਲਤੀ ਕਰ ਬੈਠੇ ਕਿ ਸੰਘ ਸਿਰਫ ਹਿੰਦੂਆਂ ਦਾ ਹੀ ਸੰਗਠਨ ਹੈ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸੰਘ ਸਿਰਫ ਖਾਸ ਤਰ੍ਹਾਂ ਪੂਜਾ-ਪਾਠ ਵਾਲੇ ਨੂੰ ਹੀ ਹਿੰਦੂ ਨਹੀਂ ਕਹਿੰਦਾ – ਸੰਘ ਦੀ ਹਿੰਦੂ ਬਾਰੇ ਪ੍ਰੀਭਾਸ਼ਾ ਅਲੱਗ ਹੈ -।
ਕਿਤੇ ਖੂਨ ਕਿਤੇ ਪਸੀਨਾ ਬਹਾਇਆ ਅਸੀਂ।
ਇੱਕ ਸੈਰਗਾਹ ਨੂੰ ਤੀਰਥ ਬਣਾਇਆ ਅਸੀਂ।
ਐਡਾ ਵੱਡਾ ਹੱਤਿਆ ਕਾਂਡ ਹੋਣ ਦੇ ਬਾਵਜੂਦ, ਅਗਲੇ ਦਿਨ ਫਿਰ ਉਸੇ ਸੰਘ ਸੰਥਾਨ ’ਤੇ ਸੰਘ ਦੀ ਸ਼ਾਖਾ ਲੱਗੀ, ਕੇਸਰੀ ਝੰਡਾ ਝੂਲਿਆ, ਭਾਰਤ ਮਾਤਾ ਦੀ ਪ੍ਰਾਰਥਨਾ ਹੋਈ ਅਤੇ ਨਾਲ ਹੀ ਵਿਛੜੇ ਸਾਥੀਆਂ ਨੂੰ ਸਰਧਾਂਜਲੀ ਵੀ ਦਿੱਤੀ ਗਈ। ਮੋਗੇ ਜਾਂ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਕਾਰਜਕਰਤਾਵਾਂ ਦੇ ਹੌਂਸਲੇ, ਹੱਲਾਸ਼ੇਰੀ, ਪ੍ਰੇਰਨਾ ਅਤੇ ਸਹਿਯੋਗ ਸਦਕਾ, ਉਸੇ ਸ਼ਹੀਦੀ ਸਥਾਨ ਉਪਰ ਸ਼ਹੀਦ ਸਾਥੀਆਂ ਦੀ ਯਾਦ ਵਿੱਚ ਖੂਬਸੂਰਤ ਸ਼ਹੀਦੀ ਸਮਾਰਕ ਬਣਾਇਆ ਗਿਆ। ਤਰਸ ਦੇ ਆਧਾਰ ’ਤੇ ਸਰਕਾਰੀ ਮੁਆਵਜ਼ੇ ਲੈਣ ਦੀ ਬਜਾਏ ਸ਼ਹੀਦੀ ਪਰਿਵਾਰਾਂ ਨੇ ਆਪਣੀ ਨੇਕ ਕਮਾਈ ’ਚੋਂ ਸਮਾਰਕ ਸੰਮਤੀ ਦੀ ਮੱਦਦ ਕੀਤੀ, ਜਿਸ ਕਾਰਨ ਇੱਕ ਵਿਸ਼ਾਲ ਭਵਨ ਦਾ ਨਿਰਮਾਣ ਸੰਭਵ ਹੋ ਸਕਿਆ।
‘ਨਹਿਰੂ ਪਾਰਕ’ ਤੋਂ ‘ਸ਼ਹੀਦੀ ਪਾਰਕ’ ਬਣੇ ਇਸ ਸਮਾਰਕ ਵਿੱਚ ਹੁਣ ਸਮਾਜ ਸੇਵਾ ਦੇ ਕਈ ਪ੍ਰਕਲਪ ਚੱਲ ਰਹੇ ਹਨ, ਫਰੀ ਡਿਸਪੈਂਸਰੀ, ਨਿਓਰੋਥਰੈਪੀ ਸੈਂਟਰ, ਸੇਵਾ ਭਾਰਤੀ ਦੇ ਸੇਵਾ ਪ੍ਰਾਜੈਕਟ, ਭਾਰਤ ਵਿਕਾਸ ਪ੍ਰੀਸ਼ਦ ਦੇ ਸੇਵਾ ਪ੍ਰਾਜੈਕਟ, ਲਾਇਬਰੇਰੀ ਆਦਿ। ‘ਸ਼ਹੀਦੀ ਪਾਰਕ’ ਇਲਾਕੇ ਦੇ ‘ਸ਼ਰਦਾ ਕੇਂਦਰ’ ਵਜੋਂ ਹੀ ਨਹੀਂ ‘ਸੇਵਾ ਅਤੇ ਸੰਸਾਕਰ ਕੇਂਦਰ’ ਵੱਜੋਂ ਵੀ ਚਰਚਿਤ ਹੈ।
#RSS4Nation
test