ਡਾ. ਅਰਵਿੰਦਰ ਸਿੰਘ
ਜੇਕਰ ਭਾਵਨਾਤਮਿਕ, ਬੌਧਿਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਤੌਰ ਉਪਰ ਜਰਾ ਕੁ ਗਹੁ ਨਾਲ ਵਿਚਾਰ ਕੀਤਾ ਜਾਵੇ ਤਾਂ ਅਸੀਂ ਇਹ ਸਹਿਜੇ ਹੀ ਕਹਿ ਸਕਦੇ ਹਾਂ ਕਿ ਵਰਤਮਾਨ ਸਮੇਂ ਵਿੱਚ ਸਿੱਖ ਕੌਮ ਨੂੰ ਅਨੇਕਾਂ ਗੰਭੀਰ ਤੇ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹੁਣ ਚਿੰਤਨ ਦਾ ਵਿਸ਼ਾ ਇਹ ਹੈ ਕਿ ਆਖਰ ਇਹ ਚਣੌਤੀਆਂ ਕਿਸ ਦੇ ਵਲੋਂ ਅਤੇ ਕਿਹਨਾਂ ਕਾਰਨਾਂ ਕਰਕੇ ਖੜੀਆਂ ਕੀਤੀਆਂ ਜਾ ਰਹੀਆਂ ਹਨ, ਇਹਨਾਂ ਚਣੌਤੀਆਂ ਨੂੰ ਤਲਵਾਰ ਅਤੇ ਢਾਲ ਬਣਾ ਕੇ ਇਸਤੇਮਾਲ ਕੌਣ ਕਰ ਰਿਹਾ, ਕੀ ਇਹ ਚਣੌਤੀਆਂ ਸਾਡੇ ‘ਆਪਣਿਆਂ’ ਦੇ ਵਲੋਂ ਆਪਣੇ ਸੌੜੇ ਸਿਆਸੀ ਹਿਤਾਂ ਨੂੰ ਸੁਰੱਖਿਅਤ ਰੱਖਣ ਲਈ ਖੜੀਆਂ ਕੀਤੀਆਂ ਜਾ ਰਹੀਆਂ ਹਨ ਜਾਂ ਫਿਰ ਇਹ ਪੰਥ ਦੋਖੀਆਂ ਦੀਆਂ ਸ਼ਰਾਰਤਾਂ ਦਾ ਨਤੀਜਾ ਹੈ । ਇਹਨਾਂ ਸਾਰੇ ਪ੍ਰਸ਼ਨਾਂ ਦਾ ਕੋਈ ਇਕ ਅਤੇ ਨਿਰਪੱਖ ਉੱਤਰ ਦੇਣਾ ਸੰਭਵ ਨਹੀਂ ਹੈ ਅਤੇ ਇਹ ਵੀ ਸਮਾਂ ਹੀ ਤੈਅ ਕਰੇਗਾ ਕਿ ਸਿੱਖ ਪੰਥ ਨੂੰ ਜਿਸ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ ਇਸ ਦੇ ਕਿਹੋ ਜਿਹੇ ਦੀਰਘਕਾਲੀ ਸਿੱਟੇ ਨਿਕਲਣਗੇ । ਲੇਕਿਨ ਇਕ ਗੱਲ ਬਹੁਤ ਸਪਸ਼ਟ ਰੂਪ ਵਿਚ ਕਹੀ ਜਾ ਸਕਦੀ ਹੈ ਕਿ ਜਿਸ ਤਰਾਂ ਸਾਡੀਆਂ ਪੰਥਕ ਸੰਸਥਾਵਾਂ ਦੀਆਂ ਜੜ੍ਹਾਂ ਨੂੰ ਖੋਖਲਾ ਕੀਤਾ ਜਾ ਰਿਹਾ ਹੈ, ਜਿਸ ਤਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ਵ ਵਿਆਪੀ ਸਿਖਿਆਵਾਂ, ਸਿੱਖ ਫ਼ਲਸਫੇ, ਗੁਰੂ ਸਾਹਿਬਾਨ ਦੀਆਂ ਬਾਣੀਆਂ, ਸਿੱਖ ਜੀਵਨ ਸ਼ੈਲੀ ਦੇ ਮੂਲ ਆਦਰਸ਼ਾਂ ਤੇ ਗੁਰਮਤਿ ਸਿਧਾਂਤਾਂ, ਗੁਰੂ ਸਾਹਿਬਾਨ ਦੀ ਇਲਾਹੀ ਬਾਣੀ ਤੇ ਫਲਸਫੇ ਨੂੰ ਆਏ ਦਿਨ ਵਾਦ-ਵਿਵਾਦਾਂ ਦਾ ਹਿੱਸਾ ਬਣਾਇਆ ਜਾ ਰਿਹਾ ਹੈ, ਜਿਸ ਤਰਾਂ ਪੰਥਕ ਸੰਸਥਾਵਾਂ ਵਿੱਚ ਨਿੱਤ-ਨਵੀਆਂ ਧਾਂਦਲੀਆਂ ਸਾਹਮਣੇ ਆ ਰਹੀਆਂ ਅਤੇ ਜਿਸ ਪ੍ਰਕਾਰ ਪੰਥ ਨੂੰ ਕੋਈ ਸਾਕਾਰਾਤਮਿਕ ਦਿਸ਼ਾ ਦੇਣ ਦੇ ਯਤਨ ਕਰਨ ਵਾਲੇ ਪੰਥ ਦਰਦੀਆਂ ਤੇ ਪੰਥਕ ਸੋਚ ਰੱਖਣ ਵਾਲਿਆਂ ਨੂੰ ਹੁਣ ਹਾਸ਼ੀਏ ਤੋਂ ਵੀ ਬਾਹਰ ਧਕੇਲਣ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ, ਇਹਨਾਂ ਸਭ ਦੇ ਚਲਦਿਆਂ ਦਿਲ ਦੀਆਂ ਗਹਿਰਾਈਆਂ ਵਿਚੋਂ ਪੰਥ ਦੇ ਭਲੇ ਤੇ ਪੰਥ ਚੜਦੀ ਕਲਾ ਦੀ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਸਥਾਨਕ ਪੱਧਰ ਤੋ ਲੈਕੇ ਅੰਤਰਰਾਸ਼ਟਰੀ ਪੱਧਰ ਅਤੇ ਵਿਅਕਤੀਗਤ ਪੱਧਰ ਤੋਂ ਲੈਕੇ ਸਮੂਹਿਕ ਰੂਪ ਵਿਚ ਸਿੱਖ ਕੌਮ ਦੀ ਵਿਲੱਖਣਤਾ ਨੂੰ ਪੁਨਰ ਸੁਰਜੀਤ ਕੀਤਾ ਜਾ ਸਕੇ ।
ਅਜੋਕੇ ਸੰਦਰਭ ਵਿਚ ਬਾਰ-ਬਾਰ ਇਕ ਸਵਾਲ ਇਹ ਸਤਾਉਂਦਾ ਹੈ ਕਿ ਆਖਰ ਪੰਥ ਦੀ ਅਜੋਕੀ ਸਥਿਤੀ ਦੇ ਮਦੇਨਜ਼ਰ ਕੌਣ ਨਫ਼ੇ ਵਿੱਚ ਅਤੇ ਕੌਣ ਨੁਕਸਾਨ ਵਿਚ ਹੈ ? ਇਸ ਪ੍ਰਸ਼ਨ ਦਾ ਉੱਤਰ ਦੇਣ ਲਈ ਸਾਨੂੰ ਸਿੱਖ ਇਤਿਹਾਸ ਦੀਆਂ ਕੁਝ ਪਰਤਾਂ ਨੂੰ ਫਰੋਲਣ ਦੀ ਜਰੂਰਤ ਹੈ । ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਬਰ, ਜੁਲਮ ਤੇ ਅਨਿਆਂ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਸੁਤੰਤਰਤਾ, ਸਮਾਨਤਾ, ਨਿਆਂ, ਸਾਂਝੀਵਾਲਤਾ, ਮਨੁੱਖੀ ਏਕਤਾ ਅਤੇ ਸ਼ਾਂਤਮਈ ਸਹਿਹੋਂਦ ਦੇ ਸਿਧਾਂਤਾਂ ਉਪਰ ਅਧਾਰਤ ਇਕ ਆਦਰਸ਼ ਸਮਾਜ ਦਾ ਸੰਕਲਪ ਪੇਸ਼ ਕੀਤਾ ਜਿਸ ਵਿਚ ਨਾਕਾਰਾਤਮਿਕ, ਸੌੜੀ ਸੋਚ, ਸੰਪਰਦਾਇਕ, ਜਾਤੀ, ਫਿਰਕੂ, ਨਸਲੀ, ਵਰਗੀਕ੍ਰਿਤ, ਭਾਸ਼ਾਈ ਤੇ ਇਲਾਕਾਈ ਸਰੋਕਾਰਾਂ ਅਤੇ ਬਦਲਾਖੋਰੀ ਤੇ ਮਾਨਸਿਕ ਤੰਗਦਿਲੀ ਲਈ ਕੋਈ ਸਥਾਨ ਨਹੀਂ ਹੈ । ਸਿੱਖ ਗੁਰੂ ਸਾਹਿਬਾਨ ਨੇ ਜਾਤ, ਫਿਰਕੇ, ਮਜ਼ਹਬ ਆਦਿ ਦੇ ਸੰਕਰੀਨ ਦਾਇਰਿਆਂ ਤੋਂ ਉਪਰ ਉੱਠਕੇ ਅਜੀਮੋਸ਼ਾਨ ਕੁਰਬਾਨੀਆਂ ਦੇਕੇ ਮਾਨਵ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ । ਇਤਿਹਾਸ ਗਵਾਹ ਹੈ ਕਿ ਕਿ ਜੁਲਮ ਦਾ ਸ਼ਿਕਾਰ ਲੋਕਾਂ, ਜਿੰਦਾ ਜ਼ਮੀਰ ਵਾਲੇ ਲੋਕਾਂ ਅਤੇ ਹੱਕ-ਸੱਚ ਲਈ ਮਰ ਮਿਟਣ ਦਾ ਜ਼ਜ਼ਬਾ ਰੱਖਣ ਵਾਲੇ ਲੋਕਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਇਲਾਹੀ ਸੰਦੇਸ਼ ਨੂੰ ਕੇਵਲ ਸੁਣਿਆ, ਸਮਝਿਆ ਤੇ ਅਪਣਾਇਆ ਹੀ ਨਹੀਂ ਸਗੋਂ ਉਹਨਾਂ ਨੇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਉਪਰ ਚਲਦੇ ਹੋਏ ਗੁਰੂ ਸਾਹਿਬਾਨ ਦੇ ਆਦਰਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਵੀ ਤਹਿ ਦਿਲੋਂ ਸੁਹਿਰਦ ਕੋਸ਼ਿਸ਼ਾਂ ਕਰਨ ਦੇ ਨਾਲ ਨਾਲ ਬੇਇੰਤਾਹ ਤੇ ਬੇਮਿਸਾਲ ਕੁਰਬਾਨੀਆਂ ਵੀ ਦਿਤੀਆਂ ਹਨ ।
ਸਮੇਂ ਦੇ ਗੁਜ਼ਰਨ ਦੇ ਨਾਲ ਨਾਲ ਦੇਖਣ ਨੂੰ ਮਿਲ ਰਿਹਾ ਹੈ ਕਿ ਸਿੱਖ ਕੌਮ ਧੁਰ ਅੰਦਰੋਂ ਅੰਦਰੂਨੀ ਧੜੇਬੰਦੀਆਂ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੀ ਹੈ । ਗੁਰੂ ਸਾਹਿਬਾਨ ਵਲੋਂ ਜਿਹਨਾਂ ਕੁਰੀਤੀਆਂ ਦਾ ਜ਼ੋਰਦਾਰ ਖੰਡਨ ਕੀਤਾ ਗਿਆ ਹੈ, ਉਹਨਾਂ ਹੀ ਕੁਰੀਤੀਆਂ ਦੀ ਦਲਦਲ ਵਿੱਚ ਧਸ ਰਹੀ ਹੈ । ਜਿਹੜੀਆਂ ਸ਼ਰੋਮਣੀ ਸਿੱਖ ਸੰਸਥਾਵਾਂ ਦੀ ਸਥਾਪਨਾ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਕੀਤੀ ਸੀ, ਉਹਨਾਂ ਹੀ ਸੰਸਥਾਵਾਂ ਦੀ ਮਾਣ-ਮਰਿਆਦਾ ਨੂੰ ਨਿੱਤ ਭੰਗ ਕੀਤਾ ਜਾ ਰਿਹਾ ਹੈ । ਜਿਹੜੇ ਗੌਰਵਮਈ ਸਿੱਖ ਵਿਰਸੇ ਉਪਰ ਅਸੀਂ ਮਾਣ ਕਰਦੇ ਆ ਰਹੇ ਹਾਂ, ਉਸੇ ਗੌਰਵਸ਼ਾਲੀ ਇਤਿਹਾਸ ਨੂੰ ਭੁਲਾ ਕੇ ਉਹਨਾਂ ਆਦਰਸ਼ ਸਿੱਖ ਕਦਰਾਂ ਕੀਮਤਾਂ ਦੀ ਅਵਹੇਲਨਾ ਅਤੇ ਉਹਨਾਂ ਨਾਲ ਖਿਲੜਾੜ ਕੀਤਾ ਜਾ ਰਿਹਾ ਹੈ । ਜਿਹੜੇ ਸਿੱਖ ਸੰਕਲਪਾਂ ਲਈ ਸਿੱਖ ਗੁਰੂ ਸਾਹਿਬਾਨ ਨੇ ਲਾਸਾਨੀ ਕੁਰਬਾਨੀਆਂ ਦਿਤੀਆਂ ਸਨ, ਉਹਨਾਂ ਸੰਕਲਪਾਂ ਨੂੰ ਹੀ ਭੁਲ-ਭੁਲਾ ਕੇ ਸਿੱਖ ਕੌਮ ਜਾਤਾਂ, ਬਰਦਾਰੀਆਂ, ਸ਼੍ਰੇਣੀਆਂ, ਫਿਰਕਿਆਂ, ਧੜਿਆਂ, ਖਿੱਤਿਆਂ, ਕਿੱਤਿਆਂ, ਆਦਿ ਦੇ ਆਧਾਰ ਤੇ ਸੰਕਰੀਨ ਸੋਚ ਦੀ ਧਾਰਨੀ ਬਣਦੀ ਜਾ ਰਹੀ ਹੈ । ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਵਿਸਾਰ ਕੇ ਕੁਝ ਲੋਕ ਗੁਰੂ ਨਾਲੋਂ ਟੁੱਟ ਕੇ ਸਿੱਖ ਕੌਮ ਦੇ ਗੁੰਝਲਦਾਰ ਮਸਲਿਆਂ ਨੂੰ ਸ਼ਾਂਤ ਚਿੱਤ ਹੋਕੇ ਸੰਗਤੀ ਰੂਪ ਵਿਚ ਬੈਠ ਕੇ ਗੁਰੂ ਮਰਿਆਦਾ ਤੇ ਆਮ ਸਹਿਮਤੀ ਦੇ ਆਧਾਰ ਹਲ ਕਰਨ ਦੀ ਬਜਾਏ ਸ਼ਰਮੋਣੀ ਪੰਥਕ ਸੰਸਥਾਵਾਂ ਦਾ ਰਾਜਨੀਤੀਕਰਨ ਕਰਨ ਉਪਰੰਤ ਆਪਣੇ ਅਤੇ ਕੁਝ ਕੁ ਪ੍ਰਭਾਵਸ਼ਾਲੀ ਸਿਆਸੀ ਘਰਣਿਆਂ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸਥਿਤੀ ਨੂੰ ਮਜਬੂਤ ਕਰਨ ਦੇ ਮਨੋਰਥ ਨਾਲ ਅਸਹਿਣਸ਼ੀਲਤਾ, ਆਪਹੁਦਰੇਪੁਣ ਅਤੇ ਦੂਰਅੰਦੇਸ਼ੀ ਦੀ ਘਾਟ ਦਾ ਪ੍ਰਗਟਾਵਾ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਕ ਨਿਰੰਕਾਰ ਤੇ ਇਕ ਦੀ ਅਰਧਾਨਾ ਦੇ ਸੰਕਲਪ ਨੂੰ ਅਸੀਂ ਭੁਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਨਤਮਸਤਕ ਹੋਣ ਤੇ ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਸੰਦੇਸ਼ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣ ਦੀ ਬਜਾਏ ਅਸੀਂ ਦੇਹ ਰੂਪ ਵਿਚ ਥਾਂ ਥਾਂ ਭੇਖੀ ਲੋਕਾਂ ਦੇ ਢੌਂਗ ਅਗੇ ਬੇਬਸ ਤੇ ਲਾਚਾਰ ਖੜੇ ਦਿਖ ਰਹੇ ਹਾਂ । ਲਗਭਗ ਪਿਛਲੇ ਪੰਜਾਹ-ਸੱਠ ਸਾਲਾਂ ਵਿੱਚ ਸਾਡੇ ਪਿੰਡਾ, ਕਸਬਿਆਂ ਤੇ ਸ਼ਹਿਰਾਂ ਵਿਚ ਖੂੰਭਾਂ ਦੀ ਤਰਾਂ ਫੈਲੇ ਡੇਰਿਆਂ ਤੇ ਉਹਨਾਂ ਦੀਆਂ ਇਕ-ਦੂਜੇ ਨਾਲੋਂ ਵੀ ਅਤੇ ਗੁਰਮਤਿ ਸਿਧਾਂਤਾਂ ਤੋਂ ਵੀਂ ਬਿਲਕੁਲ ਅਲੱਗ ਮਰਿਆਦਾਵਾਂ ਤੋਂ ਉਤਪੰਨ ਹੋਣ ਵਾਲੇ ਝਗੜਿਆਂ ਵਿਚ ਸਿੱਖ ਪੰਥ ਸਮੇਂ ਦੇ ਗੁਜ਼ਰਨ ਦੇ ਨਾਲ ਨਾਲ ਡੂੰਘੇ ਵਾਦ-ਵਿਵਾਦਾਂ ਵਿਚ ਉਲਝਿਆ ਹੋਇਆ ਦਿਖ ਰਿਹਾ ਹੈ ।
ਸਾਡੇ ਕੁਝ ਲੋਕ ਅਜੇ ਵੀ ਜਗੀਰਦਾਰੀ ਸਮਾਜ ਦੀਆਂ ਅਣਮਨੁੱਖੀ ਅਤੇ ਆਸਮਾਨਤਾ ਉਪਰ ਅਧਾਰਤ ਕਦਰਾਂ ਕੀਮਤਾਂ ਨੂੰ ਬੜਾਵਾ ਦਿੰਦੇ ਹੋਏ ਸ਼ਕਤੀ, ਸੱਤਾ ਤੇ ਪ੍ਰਭਾਵ ਹਾਸਿਲ ਕਰਨ ਖਾਤਰ ਧਰਮ ਤੇ ਜਾਤ ਨੂੰ ਇਕ ਸਾਧਨ ਦੀ ਤਰਾਂ ਇਸਤੇਮਾਲ ਕਰਕੇ ਆਪਣੀ ਚੌਧਰ ਕਾਇਮ ਰੱਖਣ ਦੀ ਕੋਸ਼ਿਸ਼ ਵਿਚ ਸਿੱਖ ਕੌਮ ਦੇ ਹਿਤਾਂ ਦੀ ਬੁਰੀ ਤਰ੍ਹਾਂ ਅਣਦੇਖੀ ਕਰਕੇ ਸਿੱਖ ਨੌਜਵਾਨ ਪੀੜ੍ਹੀ ਲਈ ਮੁਸ਼ਕਿਲਾਂ ਪੈਦਾ ਕਰ ਰਹੇ ਹਨ । ਅਜੋਕੀ ਸਿੱਖ ਨੌਜਵਾਨ ਪੀੜ੍ਹੀ ਇਸ ਕਰਕੇ ਦਵੰਦ ਵਿੱਚ ਫਸ ਕੇ, ਅਖੌਤੀ ਕੌਮੀ ਲੀਡਰਾਂ ਦੀ ਸੋਚ ਤੇ ਅਗਵਾਈ ਤੋਂ ਨਿਰਾਸ਼ ਹੋਕੇ ਉਸ ਪੰਜਾਬ ਨੂੰ ਹੀ ਛੱਡ ਕੇ ਚੱਲੇ ਜਾਣ ਲਈ ਮਜਬੂਰ ਦਿਖ ਰਹੀ ਹੈ ਜਿਥੇ ਉਹਨਾਂ ਨੂੰ ਆਪਣਾ ਭਵਿੱਖ ਹਰ ਪਖੋਂ ਧੁੰਦਲਾ ਦਿਖਾਈ ਦੇ ਰਿਹਾ ਹੈ । ਉਹ ਪੰਜਾਬ ਜੋ ਕੇਵਲ ਗੁਰੂਆਂ ਦੇ ਨਾਮ ਦੇ ਆਸਰੇ ਵੱਡੇ ਤੋਂ ਵੱਡੇ ਸੰਕਟਾਂ ਦਾ ਸਾਹਮਣਾ ਕਰਦਾ ਆ ਰਿਹਾ ਸੀ ਅੱਜ ਉਹ ਹੀ ਪੰਜਾਬ ਗੁਰੂਆਂ ਦੀ ਬਖਸ਼ੀ ਬਾਣੀ ਤੇ ਬਾਣੇ ਦੀ ਦਾਤ ਨਾਲੋਂ ਤੌੜ ਕੇ ਇਕ ਅਜਿਹੇ ਚੌਰਾਹੇ ਉਪਰ ਲਿਆ ਕੇ ਖੜਾ ਕਰ ਦਿਤਾ ਗਿਆ ਹੈ, ਜਿਥੋਂ ਦੀ ਆਬੋ-ਹਵਾ, ਸਮਾਜਿਕ, ਧਾਰਮਿਕ ਤੇ ਸਮਾਜਿਕ-ਸਭਿਆਚਾਰਕ ਤੇ ਆਰਥਿਕ ਤਾਣਾਬਾਣਾ ਹੀ ਵਿਗੜਿਆ ਹੋਇਆ ਜਾਪਦਾ ਹੈ ।
ਜਦੋਂ ਤੱਕ ਅਸੀਂ ਕਿਸੇ ਸਿੱਖ ਨੂੰ ਖੱਤਰੀ ਸਿੱਖ, ਜੱਟ ਸਿੱਖ, ਦਲਿਤ ਸਿੱਖ, ਸ਼ਹਿਰੀ ਸਿੱਖ, ਪਿੰਡ ਵਿਚ ਰਹਿਣ ਵਾਲਾ ਸਿੱਖ, ਪੰਜਾਬੀ ਸਿੱਖ, ਗੈਰ ਪੰਜਾਬੀ ਸਿੱਖ, ਸਿੱਖ ਵਪਾਰੀ, ਸਿੱਖ ਕਿਸਾਨ, ਸਿੱਖ ਕਿਰਤੀ ਤੇ ਮਜ਼ਦੂਰ ਆਦਿ ਸ਼੍ਰੇਣੀਆਂ ਵਿੱਚ ਇਕ ਧਿਰ ਨੂੰ ਦੂਸਰਿਆਂ ਨਾਲੋਂ ਬੇਹਤਰ ਸਿੱਧ ਕਰਦੇ ਹੋਏ ਜਾਤਾਂ, ਕਿੱਤਿਆਂ ਤੇ ਇਲਾਕਾਈ ਆਧਾਰਾਂ ਉਪਰ ਵੰਡਦੇ ਰਹਾਂਗੇ ਤਦ ਤਕ ਅਸੀਂ ਗੁਰੂ ਦੇ ਸੱਚੇ ਸੁੱਚੇ ਸਿੱਖ ਅਖਵਾਉਣ ਦੇ ਕਾਬਿਲ ਨਹੀਂ ਬਣ ਸਕਾਂਗਾ । ਇਸ ਸਾਰੇ ਵਰਤਾਰੇ ਦਾ ਖਾਮਿਆਜ਼ਾ ਸਾਰੀ ਕੌਮ ਨੂੰ ਉਸ ਸਮੇਂ ਭੁਗਤਣਾ ਪੈਂਦਾ ਹੈ ਜਦੋਂ ਆਪਸੀ ਰੰਜ਼ਿਸ਼ਾ, ਪਾੜਿਆਂ ਤੇ ਵੰਡੀਆਂ ਕਰਕੇ ਇਕ ਸਿੱਖ ਦੂਜੇ ਸਿੱਖ ਤੋਂ ਦੂਰੀ ਬਣਾ ਕੇ ਆਪਣੇ ਨਿੱਜੀ ਸਵਾਰਥਾਂ ਨੂੰ ਬੜਾਵਾ ਦੇਣ ਖਾਤਰ ਸਮੁੱਚੀ ਸਿੱਖ ਕੌਮ ਦੇ ਹਿਤਾਂ ਦੀ ਅਣਦੇਖੀ ਕਰਦਾ ਹੈ । ਗੁਰੂ ਨਾਨਕ ਦੀ ਸਿੱਖੀ ਇਹ ਨਹੀਂ ਸਿਖਾਉਂਦੀ ਕਿ ਜ਼ਮੀਨਦਾਰ ਸਿੱਖ ਕਿਸੇ ਕਾਮੇ ਦੀ ਕਮਜ਼ੌਰ ਸਮਾਜਿਕ-ਆਰਥਿਕ ਸਥਿਤੀ ਦਾ ਲਾਭ ਉਠਾਏ ਜਾਂ ਉਸ ਨੂੰ ਆਰਥਿਕ ਤੇ ਜਾਤ ਦੇ ਆਧਾਰ ਉਪਰ ਆਪਣੇ ਤੋਂ ਨੀਵਾਂ ਸਮਝੇ । ਗੁਰੂ ਨਾਨਕ ਦਾ ਆਦਰਸ਼ ਸਿੱਖ ਹਮੇਸ਼ਾ ਭਾਈ ਲਾਲੋ ਦੇ ਨਾਲ ਖੜਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਤੋਂ ਸਿੱਖਿਆ ਹਾਸਿਲ ਕਰਨ ਵਾਲੇ ਭਾਈ ਕਨੱਈਆ ਜੀ ਵਾਂਗ ਮੇਰ-ਤੇਰ ਦਾ ਫਰਕ ਭੁਲਾ ਕੇ ਹਰੇਕ ਨੂੰ ਗਲ ਲਗਾ ਕੇ ਉਸ ਦੀ ਸੇਵਾ ਕਰਦਾ ਹੈ । ਗੁਰੂ ਨਾਨਕ ਦਾ ਸਿੱਖ ਸੰਤ ਵੀ ਹੈ ਅਤੇ ਧਰਮ ਦੀ ਰੱਖਿਆ ਕਰਨ ਵਾਲਾ ਸਿਪਾਹੀ ਵੀ ਹੈ । ਉਹ ਨਿਤਾਣਿਆਂ ਤੇ ਨਿਮਾਣਿਆਂ ਨੂੰ ਗਲ ਨਾਲ ਲਾਉਣ ਦਾ ਤੇ ਜਾਬਰ ਨੂੰ ਜਾਬਰ ਕਹਿਣ ਦਾ ਹੌਸਲਾ ਵੀ ਰਖਦਾ ਹੈ । ਪਰ ਅਫਸੋਸ ਕਿ ਕੁਝ ਲੋਕ ਗੁਰੂ ਦੇ ਅਗੇ ਅਰਜੋਈ ਕਰਕੇ ਅਗੇ ਵੱਧਣ ਦੀ ਥਾਂ ਗੁਰੂ ਘਰਾਂ ਤੇ ਸਿੱਖ ਸੰਸਥਾਵਾਂ ਨੂੰ ਆਪਣੇ ਨਿੱਜੀ ਮੁਫ਼ਾਦਾਂ ਨੂੰ ਬੜਾਵਾ ਦੇਣ ਲਈ ਪੰਥ ਦੇ ਹਿਤਾਂ ਨਾਲ ਸਮਝੌਤਾ ਕਰਕੇ ਹੱਦ ਦਰਜ਼ੇ ਦੇ ਨੀਵੇਂ ਪੱਧਰ ਦੀ ਰਾਜਨੀਤੀ ਖੇਡਦੇ ਹੋਏ ਪੰਥ ਨੂੰ ਸਿਉਂਕ ਦੀ ਤਰਾਂ ਅੰਦਰੋਂ ਅੰਦਰ ਖੋਖਲਾ ਕਰ ਰਹੇ ਹਨ । ਅੰਤ ਵਿਚ ਇਹ ਹੀ ਕਾਮਨਾ ਕੀਤੀ ਜਾ ਸਕਦੀ ਹੈ ਕਿ ਪਰਮਾਤਮਾ ਸਭ ਨੂੰ ਬਲ, ਬੁੱਧੀ ਤੇ ਪ੍ਰੇਰਣਾ ਦੇਕੇ ਸਿੱਖ ਪੰਥ ਨੂੰ ਅੰਦਰੂਨੀ ਤੇ ਬਾਹਰੀ ਪੰਥ ਦੋਖੀਆਂ ਦੀਆਂ ਅਤਿ ਨਿੰਦਣਯੋਗ ਘਿਨਾਉਣੀਆਂ ਚਾਲਾਂ ਦੇ ਦੁਸ਼ਟ ਪ੍ਰਭਾਵਾਂ ਤੋਂ ਬਚਾਵੇ ।
(ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ)
test