ਇਕਬਾਲ ਸਿੰਘ ਲਾਲਪੁਰਾ
ਭਾਰਤ ਇੱਕ ਪੁਰਾਣੀ ਸਭਿਅਤਾ ਹੈ,ਇਸ ਦੇ ਲੋਕਾਂ ਦੇ ਚਰਿਤਰ ਤੇ ਅਨੁਸ਼ਾਸ਼ਨ ਦੀ ਗੱਲ ਕਰਦੇ ਹਾਂ ਤਾ ਕੇਵਲ ਤੇ ਕੇਵਲ ਭਗਵਾਨ ਰਾਮ ਚੰਦਰ ਦਾ ਨਾਮ ਹੀ ਆਉਂਦਾ ਹੈ, ਜਿਨਾਂ ਨੂੰ ਮਰਿਆਦਾ ਪੁਰਸ਼ੋਤਮ ਆਖ ਕੇ ਵੀ ਯਾਦ ਕੀਤਾ ਜਾਂਦਾ ਹੈ। ਭਗਵਾਨ ਰਾਮ ਇੱਕ ਆਦਰਸ਼ ਆਗਿਆਕਾਰੀ ਪੁੱਤਰ, ਭਾਈ ਅਤੇ ਰਾਜਾ ਸਨ। ਇਥੋਂ ਤੱਕ ਕਿ ਓਹ ਆਪਣੇ ਦੁਸ਼ਮਣ ਤੱਕ ਦੀ ਵਿੱਦਿਆ ਅਤੇ ਹੁਨਰ ਦੀ ਕਦਰ ਵੀ ਕਰਦੇ ਸਨ। ਇੱਕ ਰਾਜਾ ਦੇ ਰੂਪ ਵਿੱਚ ਓਹਨਾਂ ਦਾ ਰਾਜ ਪੂਰਨ ਸ਼ਾਂਤੀ ਤੇ ਵਿਕਾਸ ਦਾ ਮਾਰਗ ਦਰਸ਼ਕ ਹੈ। ਚੱਕਰਵਰਤੀ ਰਾਜਾ ਰਾਮ ਚੰਦਰ ਨੂੰ ਵਿਸ਼ਵ ਵਿਜੇਤਾ ਵੀ ਮੰਨਿਆ ਜਾਂਦਾ ਹੈ। ਇਸੇ ਲਈ 20ਵੀ ਸਦੀ ਦੇ ਸ਼ਾਇਰ ,ਅਲਾਮਾ ਮੁਹੱਮਦ ਇਕਬਾਲ ਨੇ ਆਖਿਆ ਹੈ. “ਹੈ ਰਾਮ ਕੇ ਵਜੂਦ ਸੇ ਹਿੰਦੁਸਤਾਨ ਕੋ ਨਾਜ । ਜੇਕਰ ਕੌਮ ਤੇ ਧਰਮ ਲਈ ਕੁਰਬਾਨੀ ਦੀ ਗੱਲ ਹੋਵੇ ,ਤਾਂ ਸਿੱਖ ਗੁਰੂ ਸਾਹਿਬਾਨ ਦਾ ਕੋਈ ਸਾਨੀ ਨਜ਼ਰ ਨਹੀਂ ਆਉਂਦਾ । ਹਲੇਮੀ ਰਾਜ ਸੰਕਲਪ ਵੀ ਇੱਕ ਆਦਰਸ਼ ਰਾਜ ਦਾ ਰਾਹ ਦਸੇਰਾ ਹੈ , ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਅਮਨ , ਸ਼ਾਂਤੀ , ਨਿਆਂ, ਵਿਕਾਸ , ਸੁਰੱਖਿਆ ਤੇ ਮਜ਼ਬੂਤ ਸਮਾਜਿਕ ਭਾਈਚਾਰੇ ਦੇ ਆਦਰਸ਼ ਵਝੋਂ ਪਰਗਟ ਕੀਤਾ ।
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ,ਸਭ ਧਰਮ ਸਥਾਨਾਂ ਦੀ ਯਾਤਰਾ ਕੀਤੀ, ਭਾਈ ਗੁਰਦਾਸ ਲਿਖਦੇ ਹਨ “ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ॥ ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥“ ਇਤਿਹਾਸਕਾਰ ਅਨੁਸਾਰ ਗੁਰੂ ਨਾਨਕ ਦੇਵ ਜੀ 1510-11 ਈ. ਵਿੱਚ ਅਯੋਧਿਆ ਵੀ ਪਧਾਰੇ ਸਨ। ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉਥੋਂ ਦੇ ਧਾਰਮਿਕ ਵਿਅਕਤੀਆਂ ਤੇ ਆਮ ਲੋਕਾਂ ਨਾਲ ਸੰਵਾਦ ਵੀ ਰਚਾਇਆ। ਇਸੇ ਹੀ ਤਰਜ਼ ਤੇ ਅਯੋਧਿਆ ਦੇ ਮੰਦਿਰ ਦੇ ਪੁਜਾਰੀਆਂ ਨਾਲ ਵੀ ਸੰਵਾਦ ਗੁਰੂ ਸਾਹਿਬ ਨੇ ਕੀਤਾ । ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਯੋਧਿਆ ਵਿੱਚ ਉਦੋਂ ਰਾਮ ਮੰਦਿਰ ਮੌਜੂਦ ਸੀ ।ਗੁਰੂ ਸਾਹਿਬ ਦੀ ਅਯੋਧਿਆ ਫੇਰੀ ਵਾਰੇ, ਮਹਾਨਕੋਸ਼ ਵਿਚ ਭਾਈ ਕਾਹਨ ਸਿੰਘ ਨਾਭਾ ਨੇ ਇਸ ਤਰ੍ਹਾਂ ਲਿੱਖਿਆ ਹੈ- “ਯੂਪੀ ਵਿੱਚ ਫੈਜਾਬਾਦ ਜ਼ਿਲ੍ਹੇ ਦੀ ਸੁਰਜੂ (ਸਰਯੂ) ਨਦੀ ਦੇ ਕਿਨਾਰੇ ਕੌਸ਼ਲ ਦੇਸ਼ ਦੀ ਪ੍ਰਧਾਨ ਪੂਰੀ, ਜਿਸ ਦੀ ਹਿੰਦੂਆਂ ਦੀਆਂ ਸੱਤ ਪਵਿੱਤਰ ਪੂਰੀਆਂ ਵਿੱਚ ਗਿਣਤੀ ਹੈ, ਅਤੇ ਰਾਮ ਚੰਦਰ ਜੀ ਦਾ ਜਨਮ ਇਸੇ ਥਾਂ ਹੋਇਆ ਹੈ, ਅਤੇ ਇਹ ਸੂਰਯਵੰਸ਼ੀ ਰਾਜਿਆ ਦੀ ਚਿਰ ਤੀਕ ਰਾਜਧਾਨੀ ਰਹੀਂ ਹੈ। ਵਾਲਮੀਕੀ ਨੇ ਲਿਖਿਆ ਹੈ ਕਿ ਅਯੋਧਿਆ ਵੈਸ਼ਵ ਮਨੂ ਨੇ ਵਸਾਈ ਸੀ, ਅਤੇ ਇਸ ਦੀ ਲੰਬਾਈ 12 ਯੋਜਨ ਅਤੇ ਚੌੜਾਈ ੨ ਯੋਜਨ ਦੱਸੀ ਹੈ, ਇਸ ਨਗਰੀ ਵਿੱਚ ਤਿੰਨ ਗੁਰਦੁਆਰੇ ਹਨ।
੧. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਹੁਣ ਪ੍ਰਸਿੱਧ ਨਹੀਂ ੨. ਸਰਿਓ ਦੇ ਕਿਨਾਰੇ ਰਾਜਾ ਦਸ਼ਰਥ ਦੀ ਸਮਾਜ ਪਾਸ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ੩. ਵਿਭੂਸ਼ਣ ਕੁੰਡ ਪਾਸ ਦਸਵੇਂ ਗੁਰੂ ਸਾਹਿਬ ਦਾ, ਕਲਗੀਧਰ ਪਟਨੇ ਤੋਂ ਪੰਜਾਬ ਨੂੰ ਆਉਂਦੇ ਇੱਥੇ ਵੀਰਾਜੇ ਸਨ। ਬਰਮ ਕੁੰਡ ਘਾਟ ਦਾ ਅਸਲੀ ਨਾਮ ਤੀਰਥ ਰਾਜ ਘਾਟ ਹੈ ,ਬ੍ਰਹਮਾ ਜੀ ਦੇ ਤਪ ਕਰਨੇ ਤੇ ਨਾਮ ਬਦਲ ਗਿਆ ਹੈ”।
ਭਾਈ ਧੰਨਾ ਸਿੰਘ ਚਹਿਲ ਦੀ ਪੁਸਤਕ ‘ਸਾਇਕਲ ਯਾਤਰਾ’ ਦੇ ਪੰਨਾ ਨੰਬਰ 131 ਤੇ ਮਿਤੀ 5 ਅਪ੍ਰੈਲ 1931 ਨੂੰ ਆਪਣੇ ਅਯੋਧਿਆ ਪੁਜਣ ਤੇ ਉਥੋਂ ਦੇ ਸਿੱਖ ਗੁਰਦਵਾਰਾ ਸਾਹਿਬਾਨ ਦੇ ਇਤਿਹਾਸ ਤੇ ਮੌਜੂਦਾ ਹਾਲਾਤਾਂ ਵਾਰੇ ਇਸ ਤਰ੍ਹਾਂ ਦਰਜ ਕੀਤੇ ਹਨ- “ ਇਸ ਸ਼ਹਿਰ ਵਿਖੇ 9 ਇਤਿਹਾਸਿਕ ਗੁਰਦੁਆਰੇ ਹਨ ,ਜੋ ਕਿ ਚਾਰ ਗੁਰਦੁਆਰੇ ਸਿੱਖਾਂ ਦੇ ਪਾਸ ਹਨ ੩ ਗੁਰਦੁਆਰੇ ਬ੍ਰਹਮਕੁੰਡ ਘਾਟ ਦਰੀਆ ਸੁਰਜੂ ਦੇ ਕੰਢੇ ਤੇ ਹੈ। ਜੋ ਇੱਕ ਦਸਵੇਂ ਪਾਤਸ਼ਾਹ ਜੀ ਦਾ ਹੈ ਜੋ ਕਿ ਬਹੁਤ ਅੱਛਾ ਬਣਿਆ ਹੋਇਆ ਹੈ ਤੇ ਪਾਸ ਹੀ ਪਹਿਲੀ ਪਾਤਸ਼ਾਹੀ ਜੀ ਦੀ ਤੇ ਨੌਵੀਂ ਪਾਤਸ਼ਾਹੀ ਜੀ ਦੀਆਂ ਦੋ ਮੰਜੀਆਂ ਸਾਹਿਬ ਤੇ ਨਿਸ਼ਾਨ ਸਾਹਿਬ ਜੀ ਝੂਲ ਰਹੇ ਹੈ। ਇਹਨਾਂ ਤਿੰਨਾਂ ਦਾ ਮਹੰਤ ਜਸਵੰਤ ਸਿੰਘ ਜੀ ਹੈ ਇਸ ਜਗਹਾ ਪਹਿਲੀ ਪਾਤਸ਼ਾਹੀ ਜੀ ਪੰਜਾਬ ਤੋਂ ਆਉਂਦੇ ਹੋਏ ਠਹਿਰੇ ਸਨ ਤੇ ਨੌਵੇਂ ਪਿਤਾ ਜੀ ਪੰਜਾਬ ਨੂੰ ਜਾਂਦੇ ਹੋਏ ਠਹਿਰੇ ਸਨ। ਤੇ ਦਸਵੇਂ ਪਿਤਾ ਜੀ ਵੀ ਪੰਜਾਬ ਨੂੰ ਜਾਂਦੇ ਠਹਿਰੇ ਸਨ ਜੋ ਕਿ ਪੰਜ ਛੇ ਸਾਲ ਦੀ ਉਮਰ ਸੀ ਦਸਮ ਪਿਤਾ ਜੀ ਦੇ ਸਥਾਨ ਤੇ ਲੰਗਰ ਤੇ ਹਿਰਾਇਸ਼ ਹੈ। ਜਮੀਨ 400 ਬੀਗਾ ਦੇ ਕਰੀਬ ਹੈ ਜੋ ਕਿ ਸਾਰਾ ਪਿੰਡ ਚੱਕਰੀ ਪਰੋਆ ਹੀ ਹੈ ਇਹ ਪਿੰਡ ਜਿਲਾ ਗੋਡੇ ਵਿਖੇ ਹੈ ਜੋ ਕਿ ਅਜੂਦੀਆ ਤੇ ਉੱਤਰ ਦੀ ਤਰਫ 10/12 ਮੀਲ ਤੇ ਹੈ ਗੁਰਦੁਆਰੇ ਦੇ ਪਿੰਡ।
ਇਹ ਗੁਰਦੁਆਰੇ ਤਿੰਨੋਂ ਬ੍ਰਹਮ ਕੁੰਡ ਦੇ ਨਾਮ ਪੁਰ ਮਛਾਹੂਰ ਹੈ ਬਰਹਮ ਕੁੰਡ ਦਾ ਨਾਮ ਪਿਆ ਹੈ ਕਿ ਇਸ ਜਗਹਾ ਬ੍ਰਹਮਾ ਜੀ ਨੇ ਬੈਠ ਕੇ ਤਪ ਕੀਤਾ ਸੀ ਜੋ ਕਿ ਹੁਣ ਤੱਕ ਬਰਹਮ ਕੁੰਡ ਮਸ਼ਹੂਰ ਹੈ। ਚੌਥਾ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਜੋ ਕਿ ਨਜ਼ਰ ਬਾਗ ਦੇ ਨਾਮ ਪਰ ਮਸ਼ਹੂਰ ਹੈ ,ਇਸ ਨੂੰ ਜਮੀਨ ਨਹੀਂ ਹੈ ਸ਼ਾਇਦ ਪਹਿਲੇ ਹੁੰਦੀ ਹੋਵੇ ਤੇ ਆਲੇ ਦੁਆਲੇ ਗੁਰਦੁਆਰੇ ਦੀ ਜਮੀਨ ਸੀ ਤੇ ਬਾਗ ਸੀ ਜੋ ਕਿ ਮਹੰਤ ਜੀ ਠਠਿਆਰੇ ਲੋਕਾਂ ਨੂੰ ਵੇਚ ਖਾਦੀ ਹੈ ਤੇ ਰੁੱਪਈਆ ਬੈਂਕ ਵਿਖੇ ਜਮਾ ਕਰਾ ਦਿੱਤਾ ਹੈ। ਜਿਸ ਦੇ ਸੂਦ ਨਾਲ ਅੱਜ ਕੱਲ ਗੁਜ਼ਾਰਾ ਕਰਦਾ ਹੈ ਤੇ ਗੁਰੂ ਕੇ ਬਾਗ ਵਿੱਚ ਤੇ ਜਮੀਨ ਵਿੱਚ ਅੱਜ ਠਠਿਆਰੇ ਲੋਕਾਂ ਨੇ ਮਕਾਨ ਪਾ ਰੱਖੇ ਹੈ ਤੇ ਮੰਦਰ ਬਣਾ ਰੱਖੇ ਹੈ ਜੋ ਕਿ ਅੱਜ ਕੱਲ ਗੁਰਦੁਆਰੇ ਦੀ ਜਗ੍ਹਾ ਬਹੁਤ ਥੋੜੀ ਰਹਿ ਗਈ ਹੈ। ਹੋਰ ਸਭ ਮਹੰਤ ਜੀ ਹੜਪ ਕਰ ਚੁੱਕੇ ਹੈ ਤੇ ਮਹੰਤ ਜੀ ਦਾ ਨਾਮ ਪਵਿੱਤਰ ਬਾਬਾ ਆਤਮਾ ਸਿੰਘ ਜੀ ਹੈ ਜੋ ਕਿ ਉਮਰ 70 ਸਾਲ ਦੀ ਹੈ ਜੋ ਕਿ ਸਾਰੀ ਇਹਨਾਂ ਦੀ ਹੀ ਕਿਰਪਾ ਹੈ।
ਇਸ ਜਗਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਮ ਮੰਦਿਰ ਚਰਨ ਦੇ ਪ੍ਰਗਟ ਹੋਣੇ ਦੀ ਭਾਈ ਮਰਦਾਨੇ ਨੂੰ ਸਾਖੀ ਸੁਣਾਈ ਸੀ। ਇਹ ਚਾਰੋਂ ਗੁਰਦੁਆਰੇ ਤਾਂ ਸਿੱਖਾਂ ਪਾਸ ਹੈ ਬਾਕੀ ਤਿੰਨ ਗੁਆਰੇ ਸਾਧਾਂ ਪਾਸ ਹੈ, ਜਿਹਾ ਕੀ ਪਹਿਲਾਂ ਦਸਮ ਪਿਤਾ ਜੀ ਦਾ ਗੁਰਦੁਆਰਾ ਹਨੁਮਾਨਗੜੀ ਬੈਰਾਗੀਆਂ ਸੰਤਾਂ ਪਾਸ ਹੈ ਜਿਸ ਵਕਤ ਦਸਮ ਪਿਤਾ ਜੀ ਇਸ ਜਗਹਾ ਪਹੁੰਚੇ ਸਨ ਤਾਂ ਸਾਰੇ ਬਾਂਦਰ ਦਸਮ ਪਿਤਾ ਜੀ ਨੂੰ ਸ਼੍ਰੀ ਰਾਮ ਚੰਦ ਜੀ ਸਮਝ ਕੇ ਆਲੇ ਦੁਆਲੇ ਇਕੱਠੇ ਹੋ ਗਏ ਸਨ ਤੇ ਚਰਨਾਂ ਤੇ ਆ ਆ ਕੇ ਮੱਥਾ ਟੇਕਦੇ ਸਨ। ਦੂਸਰਾ ਗੁਰਦੁਆਰਾ ਵਸ਼ਿਸ਼ਟ ਕੁੰਡ ਦੇ ਪਾਸ ਹੈ ਜੋ ਕਿ ਇਹ ਵੀ ਦਸਮ ਪਿਤਾ ਜੀ ਦਾ ਹੈ ਇਸ ਜਗ੍ਹਾ ਪਿਤਾ ਜੀ ਨੇ ਪਹਿਲੇ ਆ ਕੇ ਪਟਨਾ ਸਾਹਿਬ ਜੀ ਤੋਂ ਆਸਨ ਲਾਇਆ ਸੀ ਇਹ ਵੀ ਵ੍ਰਿੰਦਾ ਵਣੀ ਪੰਥ ਵਾਲਿਆਂ ਦੇ ਪਾਸ ਹੈ। ਤੀਸਰਾ ਗੁਰਦੁਆਰਾ ਦਸਮ ਪਿਤਾ ਜੀ ਦਾ ਹੈ ਜੋ ਕਿ ਸਵਰ ਦੁਆਰੀ ਘਾਟ ਉਥੇ ਹੈ ਇਸ ਜਗ੍ਹਾ ਪਿਤਾ ਜੀ ਨੇ ਅਸਥਾਨ ਕੀਤਾ ਸੀ ਤੇ ਉਸ ਜਗ੍ਹਾ ਅੱਜ ਕੱਲ ਗੁਰਦੁਆਰਾ ਹੈ ਜੋ ਕਿ ਜਮੀਨ ਵੀ ਬਹੁਤ ਹੈ ਜੋ ਕਿ ਉਦਾਸੀ ਸੰਤਾਂ ਦਾ ਕਬਜ਼ਾ ਹੈ ਇਹ ਤਿੰਨ ਗੁਰਦੁਆਰਿਆਂ ਸੰਤਾ ਪਾਸ ਹੈ ਤੇ ਦੋ ਗੁਰਦੁਆਰੇ ਗੁਪਤ ਹਨ ਜੋ ਕਿ ਇਹ ਹੈ। ਦੂਸਰਾ ਸ਼ਹਿਰ ਅਜੂਧੀਆਂ ਤੋਂ 10 ਮੀਲ ਤੇ ਪੂਰਬ ਵੱਲ ਹੈ ਜੋ ਕਿ ਸੂਰਜੂ ਕੁੰਡ ਦੇ ਪਾਸ ਹੀ ਰਸਤਾ ਜਾਂਦਾ ਹੈ। ਜੋ ਬਿਲਹਾਰ ਘਾਟ ਦੇ ਨਾਮਪੁਰ ਮਸ਼ਹੂਰ ਹੈ ਇਸੀ ਜਗਹਾ ਹੀ ਰਾਜਾ ਦਸ਼ਰਥ ਜੀ ਦਾ ਸੰਸਕਾਰ ਹੋਇਆ ਸੀ ਐਸੀ ਜਗ੍ਹਾ ਨੋਵੇ ਪਿਤਾ ਜੀ ਆਏ ਸਨ ਤੇ ਜਗ੍ਹਾ ਗੁਪਤ ਹੈ ਇਹ ਗੁਰਦੁਆਰੇ ਸ਼ਹਿਰ ਅਯੋਧਿਆ ਵਿਖੇ ਹੈ ਜੋ ਕਿ ਚਾਰ ਗੁਰਦੁਆਰੇ ਸਿੱਖਾ ਪਾਸ ਤੇ ਤਿੰਨ ਸੰਤਾਂ ਪਾਸ ਤੇ ਦੋ ਗੁਪਤ ਹਨ। ਕੁੱਲ ਨੌ ਸਥਾਨ ਹਨ। ਇਸ ਸ਼ਹਿਰ ਵਿਖੇ ਅਯੋਧਿਆ ਵਿਖੇ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਸਥਾਨ ਹੈ ਤੇ ਬ੍ਰਹਮ ਕੁੰਡ ਵਸ਼ਿਸ਼ਟ ਕੁੰਡ, ਸੂਰਜ ਕੁੰਡ, ਹਨੁਮਾਨਗੜੀ, ਸੀਤਾ ਜੀ ਦੀ ਰਸੋਈ, ਇਤਿਹਾਸਿਕ ਦੇਵਤਿਆਂ ਦੇ ਬਹੁਤੇ ਸਾਰੇ ਮੰਦਰ ਹਨ”।
ਸ਼ੀ ਦਸਮ ਗ੍ਰੰਥ ਸਾਹਿਬ ਵਿਚ ਰਾਮ ਅਵਤਾਰ ਰਾਹੀਂ ਪੂਰੀ ਕਥਾ ਦਰਜ ਕੀਤੀ ਗਈ ਹੈ ।
16 ਵੀ ਸਦੀ ਵਿੱਚ ਰਾਮ ਮੰਦਿਰ ਨੂੰ ਢਾਉਣ ਦਾ ਦੋਸ਼ ਮੁਗਲ ਬਾਦਸ਼ਾਹ ਬਾਬਰ ਦੇ ਸਿਰ ਆਉਂਦਾ ਹੈ ,ਬਾਬਰ ਤਾਸ਼ਕੰਦ ਤੋਂ ਆਇਆ ਹਮਲਾਵਰ ਸੀ ,ਜਿਸਨੇ ਇਬਰਾਹਿਮ ਖਾਨ ਲੋਧੀ ਨੂੰ ਹਰਾ ਕੇ 20 ਅਪ੍ਰੈਲ 1526 ਵਿੱਚ ਭਾਰਤ ਤੇ ਕਬਜ਼ਾ ਕੀਤਾ ਸੀ। ਇਤਿਹਾਸਕਾਰਾਂ ਅਨੁਸਾਰ ਬਾਬਰ ਨੇ ਆਪਨੇ ਫੌਜ ਦੇ ਕਮਾਂਡਰ ਮੀਰ ਬਾਕੀ ਰਾਹੀ 1528 ਈਸਵੀ ਵਿੱਚ ਰਾਮ ਮੰਦਿਰ ਵਾਲੀ ਜਗ੍ਹਾ ਤੇ ਮਸਜਿਦ ਦੀ ਉਸਾਰੀ ਆਰੰਭ ਕਰਵਾਈ ਸੀ।
ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ੧੮੫੮ ਈਸਵੀ ਵਿੱਚ ਇੱਕ ਨਿਹੰਗ ਸਿੰਘਾਂ ਦਾ ਜਥਾ , ਜਿਸ ਦਾ ਮੁਖੀ ਫਕੀਰ ਸਿੰਘ ਸੀ, ਨੇ ਵਿਵਾਦਿਤ ਬਾਬਰੀ ਮਸਜਿਦ ਅੰਦਰ ਇੱਕ ਮੂਰਤੀ ਬਣਾ ਕੇ ਪੂਜਾ ਤੇ ਹਵਨ ਆਰੰਭ ਕਰ ਦਿੱਤਾ ਸੀ ,ਜਿਸ ਕਾਰਨ ਉਸ ਵਕਤ ਦੀ ਪੁਲਿਸ ਨੇ ਉਸ ਦੇ ਖਿਲਾਫ ਮੁਕਦਮਾ ਵੀ ਦਰਜ ਕੀਤਾ ਸੀ।
ਇਸ ਤਰ੍ਹਾਂ ਭਾਰਤ ਦੀ ਇਸ ਇਤਿਹਾਸਿਕ ਧਰੋਹਰ ਨੂੰ ਬਚਾਉਣ ਲਈ ,ਸਿੱਖਾਂ ਦੇ ਉਸ ਵਕਤ ਦੇ ਆਗੂਆਂ ਨੇ ਉੱਦਮ ਕੀਤਾ ਸੀ।
ਸੰਸਾਰਿਕ ਅਦਾਲਤਾਂ ਜਵਾਨੀ , ਲਿਖਤੀ ਤੇ ਇਤਿਹਾਸਕ ਗਵਾਹੀਆਂ ਦੀ ਮੰਗ ਕਰਦੀਆਂ ਹਨ ।ਰਾਮ ਮੰਦਿਰ ਤੇ ਬਾਬਰੀ ਮਸਜਿਦ ਵਿਵਾਦ ਦਾ ਫੈਸਲਾ ਕਰਦੇ ਸਮੇਂ ਵੀ ਮਾਨਯੋਗ ਅਦਾਲਤਾਂ ਨੇ 1510 ਤੱਕ ਅਯੋਧਿਆ ਵਿੱਚ ਰਾਮ ਮੰਦਿਰ ਦੇ ਹੋਣ ਵਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 1510 -11 ਈ ਵਿੱਚ ਅਯੁਧਿਆ ਆਗਮਨ ਤੇ ਪੁਜਾਰੀਆਂ ਨਾਲ ਸੰਬਾਦ ਨੂੰ ਇੱਕ ਸਬੂਤ ਪ੍ਰਵਾਨ ਕਰ ਕੇ ਫੈਸਲਾ ਕੀਤਾ ਕਿ ਉਸ ਸਮੇਂ ਤੱਕ ਰਾਮ ਮੰਦਿਰ ਮੌਜੂਦ ਸੀ ਤੇ ਮੀਰ ਬਾਕੀ ਵੱਲੋਂ 1528 ਈ ਵਿੱਚ ਮਸਜਿਦ ਬਣਾਉਣ ਵਿੱਚ ਕੇਵਲ 17/18 ਸਾਲ ਦਾ ਸਮਾਂ ਹੈ ਤੇ ਰਾਮ ਮੰਦਿਰ ਨਾ ਹੋਣ ਦਾ ਤਰਕ ਅਧਾਰ ਹੀਨ ਹੈ ।
ਇੱਕ ਹੋਰ ਗੱਲ ਵੀ ਵਿਚਾਰਨ ਯੋਗ ਹੈ ਕਿ ਅਲੀਗੜ੍ਹ ਵਿਖੇ , ਕਿਸੇ ਕਾਰਨਾਂ ਤੋਂ ਲੱਗਭਗ 12 ਸਾਲ ਤੋਂ ਵੀ ਵੱਧ ਸਮੇ 1924 ਤੋਂ ਲੈ ਕੇ1936 ਤੱਕ ਰਾਮਮੀਲਾ ਨਹੀਂ ਹੋਈ ਸੀ, ਕਿਉਂਕੀ ਉੱਥੇ ਦੀ ਬਹੁ ਗਿਨਤੀ ਭਾਈ ਚਾਰੇ ਦੇ ਲੋਕ ਹਿੰਦੂਆਂ ਨੂੰ ਰਾਮ ਲੀਲਾ ਨਹੀ ਕਰਨ ਦਿੰਦੇ ਸਨ ।ਉਸ ਸਮੇ ਅਲੀਗੜ ਦੇ ਸਿੱਖ ਆਗੂ ਸਰਦਾਰ ਜਗਤ ਸਿੰਘ , ਗਿਆਨੀ ਸਾਧੂ ਸਿੰਘ ( ਜੋ ਵਾਦ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੀ ਰਹੇ )ਇੰਚਾਰਜ ਸਿੱਖ ਮਿਸ਼ਨ ਅਲੀਗੜ ਆਦਿ ਨੇ ਇਹ ਫੈਸਲਾ ਕੀਤਾ ਕਿ ਰਾਮ ਲੀਲਾ ਕਮੇਟੀ ਦੀ ਮਦਦ ਕਰਨ ਨਾਲ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਵੱਡੀ ਮਦਦ ਮਿਲੇਗੀ ਅਤੇ ਇਸ ਨੂੰ ਅੱਗੇ ਰੱਖ ਸ਼੍ਰੀ ਜਵਾਲਾ ਪ੍ਰਸ਼ਾਦ , ਰਾਇ ਬਹਾਦੁਰ ਮੋਹਨ ਲਾਲ ਆਦਿ ਦੀ ਮਦਦ ਲਈ ,ਬੇਨਤੀ ਪ੍ਰਵਾਨ ਕੀਤੀ ।ਇਸ ਤਰਾਂ ਸਰਦਾਰ ਜਗਤ ਸਿੰਘ , ਗਿਆਨੀ ਸਾਧੂ ਸਿੰਘ ਆਦਿ ਸਿੱਖ ਆਗੂਆਂ ਨੇ ਅੱਗੇ ਲੱਗ ਕੇ ਤੇ1000 ਤੋਂ ਵੱਧ ਸਿੱਖਾਂ ਨੇ ਸੁਰੱਖਿਆ ਦੇ ਕੇ ਸ਼ੋਭਾ ਯਾਤਰਾ ਕਡਵਾਈ ਤੇ ਅਲੀਗੜ ਵਿੱਚ ਰਾਮ ਲੀਲਾ 12 ਸਾਲ ਵਾਦ ਮੁੜ ਅਰੰਭ ਕਰਵਾਈ ਸੀ ।
ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਸਿੱਖ ਪੰਥ ਤੇ ਖਾਲਸਾ , ਆਪਣੀ ਅਜ਼ਾਦ ਹਸਤੀ ਬਰਕਰਾਰ ਰੱਖਦਾ ਹੋਇਆ , ਹਰ ਮਜ਼ਲੂਮ ਨਾਲ ਖੜਾ ਹੋ, ਜਾਵਰ ਨਾਲ ਲੜਿਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਆਦੇਸ਼ “ਸ਼ਸਤਰ ਗਰੀਬ ਕੀ ਰੱਖਿਆ ਅਤੇ ਜਰਬਾਨੇ ਕੀ ਭੱਖਿਆ “ ਹਮੇਸ਼ਾ ਕੌਮ ਨੂੰ ਗਰੀਬ ਦੀ ਰੱਖਿਆ ਦੀ ਪ੍ਰੇਰਨਾ ਦਿੰਦਾ ਹੈ।
ਅਲੀਗੜ ਦੀ ਇਸ ਸਹਾਇਤਾ ਤੋਂ ਵਾਦ ਹੀ ਪੰਡਿਤ ਮਦਨ ਮੋਹਨ ਵਾਲਵੀਆ ਜੀ ਅਤੇ ਸੁਆਮੀ ਸ਼ੰਕਰਾਚਾਰਿਆ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਚ ਹਾਜ਼ਰ ਹੋ ,ਭਰੇ ਦੀਵਾਨ ਵਿੱਚ ਐਲਾਨ ਕੀਤਾ ਸੀ ,ਕਿ ਹਰੇਕ ਹਿੰਦੂ ਨੂੰ ,ਆਪਣਾ ਇੱਕ ਲੜਕਾ ਸਿੰਘ ਸਜਾਉਣਾ ਚਾਹੀਦਾ ਹੈ ,ਫਿਰ ਭਾਰਤਵਾਸੀ ਹਿੰਦੂਆਂ ਦਾ ਹਰ ਪਹਿਲੂ ਵਿੱਚ ਕਲਿਆਣ ਹੋ ਜਾਵੇਗਾ ।
ਸਵਾਮੀ ਵਿਵੇਕਾ ਨੰਦ ਜੀ ਵੀ ਹਰ ਭਾਰਤੀ ਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਨਣ ਦੀ ਗੱਲ ਆਖਦੇ ਸਨ ।
ਬਾਬਰ ਆਪਣੇ ਆਪ ਨੂੰ ਕਦੇ ਵੀ ਭਾਰਤੀ ਨਹੀਂ ਸੀ ਮੰਨਦਾ ਅਤੇ ਨਾ ਹੀ ਮਰ ਕੇ ਭਾਰਤ ਵਿੱਚ ਸਪੁਰਦੇ ਖਾਕ ਹੋਣਾ ਚਾਹੁੰਦਾ ਸੀ ,ਇਸ ਲਈ ਉਸਨੇ ਆਦੇਸ਼ ਦਿੱਤਾ ਸੀ ,ਕਿ ਉਸ ਦਾ ਸਰੀਰ ਅਫਗਾਨਿਸਤਾਨ ਵਿੱਚ ਦਫਨ ਕੀਤਾ ਜਾਵੇ । ਉਸਦੀ ਇਹ ਇੱਛਾ ਸ਼ੇਰਸ਼ਾਹ ਸੂਰੀ ਨੇ ਪੂਰੀ ਕੀਤੀ ਤੇ ਉਸਦਾ ਸ਼ਰੀਰ ਆਗਰੇ ਤੋਂ ਭੇਜ ਕੇ ਕਾਬੁਲ ਵਿੱਚ ਦਫਨ ਕੀਤਾ ,ਜਿੱਥੇ ਅੱਜ ਕੱਲ ਬਾਗੇ ਬਾਬਰ ਨਾਮ ਦਾ ਬਗੀਚਾ ਤੇ ਮਕਬਰਾ ਹੈ ।
ਅਯੋਧਿਆ ਨਗਰੀ ਵਿੱਚ ਰਾਮ ਮੰਦਿਰ ਸਥਾਪਿਤ ਹੋਵੇਗਾ ਅਤੇ ਇਸ ਵਿੱਚ ਕੋਣ ਸਹਾਇਤਾ ਕਰੇਗਾ ਇਸ ਗੱਲਬਾਤ ਬਾਰੇ ਪੂਰਨ ਰੂਪ ਵਿੱਚ ਕੋਈ ਆਖ ਨਹੀਂ ਸੀ ਸਕਦਾ ਕਿਉਂਕੀ ਇਹ ਮੰਗ 500 ਸਾਲਾਂ ਤੋਂ ਬਣੀ ਹੋਈ ਸੀ।
ਹਰ ਇੱਕ ਦੇ ਧਰਮ ਅਸਥਾਨ ਸਤਿਕਾਰਯੋਗ ਤੇ ਪੂਜਣ ਯੋਗ ਹਨ । ਬਾਬਰ ਵੱਲੋਂ ਰਾਮ ਮੰਦਿਰ ਢਾਹੁਣ ਦਾ ਜੋ ਅਪਰਾਧ ਕੀਤਾ ਸੀ ਵਾਰੇ ਇਨਸਾਫ ਮਿਲਣ ਲਈ ਲੰਬਾ ਸਮਾਂ ਲੱਗ ਗਿਆ ।
ਇੱਕ ਅਫਗਾਨ ਧਾੜਵੀ ,ਅਹਿਮਦ ਸ਼ਾਹ ਅਬਦਾਲੀ ਨੇ ਵੀ ਸ਼੍ਰੀ ਹਰਿਮੰਦਿਰ ਸਾਹਿਬ ਢਾਹ ਢੇਰੀ ਕਰ ਦਿੱਤਾ ਸੀ , ਪਰ ਖਾਲਸਾ ਪੰਥ ਨੇ ਬਾਬਾ ਜਸਾ ਸਿੰਘ ਆਹਲੂਵਾਲਿਆ ਦੀ ਅਗਵਾਈ ਵਿਚ ਇਸ ਪਵਿੱਤਰ ਸਥਾਨ ਦੀ ਜਲਦੀ ਹੀ ਮੁੜ ਉਸਾਰੀ ਕਰ ਲਈ ਸੀ ।
ਅਯੁਧਿਆ ਵਿੱਚ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ,ਜੋ ਭਾਰਤੀ ਸਭਿਯਾਤਾ ਦੇ ਮਹਾਨਾਇਕ ਹਨ , ਦੇ ਮੰਦਿਰ ਦੀ ਮੁੜ ਉਸਾਰੀ ਇਤਿਹਾਸਕ ਗਲਤੀਆਂ ਨੂੰ ਸੁਧਾਰਨ ਦਾ ਸ਼ਲਾਘਾ ਯੋਗ ਉਦਮ ਹੈ ।ਹਰ ਭਾਰਤੀ ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਅਤੇ ਕਿਸੇ ਵੀ ਫਿਰਕੇ ਵਿੱਚ ਆਸਥਾ ਰੱਖਦਾ ਹੋਵੇ, ਉਹ ਭਾਰਤ ਦੀ ਅਮੀਰ ਸੱਭਿਅਤਾ ਦੇ ਮਹਾਨਾਯਿਕ ਜਿਸ ਵਾਰੇ ਅਲਾਮਾ ਇਕਬਾਲ ਨੇ ਲਿਖਿਆ ਹੈ “ਲਵਰੇਜ ਹੈ ਸ਼ਰਾਬੇ ਹਕੀਕਤ ਸੇ ਜਾਮੇ ਹਿੰਦ ਸਭ ਫਲਸਫੀ ਹੈ ਖਿਤਾਈ ਮਗਰੀ ਕੇ ਰਾਮੇ ਹਿੰਦ” ਦੇ ਮੰਦਿਰ ਦੀ ਮੁੜ ਉਸਾਰੀ ਤੇ ਖੁਸ਼ ਹੋਵੇਗਾ । ਖਾਸ ਕਰਕੇ ਸਿੱਖ ਕਿਉਂਕੀ ਜਿੱਥੇ ਬਾਬਾ ਨਾਨਕ ਦੇ ਧਰੇ ਪੈਰ ਗਵਾਹੀ ਬਣੇ ਹੋਣ।
(ਇਕਬਾਲ ਸਿੰਘ ਲਾਲਪੁਰਾ – ਚੈਅਰਮੈਨ, ਘੱਟ ਗਿਣਤੀ ਕਮਿਸ਼ਨ)
test