• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us

The Punjab Pulse

Centre for Socio-Cultural Studies

  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

1947: ਪੰਜਾਬ ਦੀ ਵੰਡ ਅਤੇ ਦਲਿਤਾਂ ਦੀ ਹੋਣੀ

February 23, 2022 By Guest Author

Share

Rare pictures of those things and property divided during partition of  india and pakistan in 1947 see the viral photo before 15 august 2021 |  Partition of India 1947: आजादी के दौरान

1947 ਵਿਚ ਅੰਗਰੇਜ਼ਾਂ ਨੇ ਹਿੰਦੋਸਤਾਨ ਨੂੰ ਆਜ਼ਾਦੀ ਦੇ ਨਾਂ ’ਤੇ ਦੋ ਟੁਕੜਿਆਂ ਵਿਚ ਵੰਡ ਦਿੱਤਾ। ਇਸ ਵੰਡ ਦਾ ਸਭ ਤੋਂ ਵੱਧ ਸੰਤਾਪ ਪੰਜਾਬੀਆਂ ਨੇ ਭੋਗਿਆ। ਲੱਖਾਂ ਪੰਜਾਬੀ ਮਾਰੇ ਗਏ ਅਤੇ ਬੇਘਰ ਹੋਏ। ‘ਪੰਜਾਬੀ ਟ੍ਰਿਬਿਊਨ’ ਦੇਸ਼ ਵੰਡ ਬਾਰੇ ਲੇਖ ਲੜੀ ਪ੍ਰਕਾਸ਼ਿਤ ਕਰ ਰਿਹਾ ਹੈ। ਦਲਿਤਾਂ ਕੋਲ ਬਹੁਤ ਘੱਟ ਜਾਇਦਾਦ ਅਤੇ ਆਰਥਿਕ ਵਸੀਲੇ ਸਨ; ਉਨ੍ਹਾਂ ਦੇ ਉਜਾੜੇ ਦੀ ਕਹਾਣੀ ਬਹੁਤੀ ਅਣਕਹੀ ਹੀ ਰਹੀ ਹੈ। ਉੱਘੇ ਇਤਿਹਾਸਕਾਰ ਹਰੀਸ਼ ਪੁਰੀ ਦਾ ਇਹ ਲੇਖ ਦਲਿਤ ਭਾਈਚਾਰੇ ਦੇ ਉਜਾੜੇ ਅਤੇ ਵੰਡ ਵੇਲੇ ਦਲਿਤ ਸਿਆਸੀ ਆਗੂਆਂ ਦੀ ਦੁਚਿੱਤੀ ਨੂੰ ਬਿਆਨ ਕਰਦਾ ਹੈ।

ਇਹ ਵਿਚਾਰਨਾ ਬਣਦਾ ਹੈ ਕਿ 1947 ਵਿਚ ਭਾਰਤ ਤੇ ਪੰਜਾਬ ਦੀ ਵੰਡ ਦਾ ਦਲਿਤ ਤਬਕੇ ਲਈ ਕੀ ਮਤਲਬ ਸੀ। ਇਸ ਵੰਡ ਦੀ ਸਿਆਸਤ ਵੱਲ ਦਲਿਤ ਜਮਾਤਾਂ (ਜਥੇਬੰਦੀਆਂ) ਦਾ ਕੀ ਰਵੱਈਆ ਸੀ। ਉਸ ਵੇਲੇ ਦੀ ਕੱਟ-ਵੱਢ, ਉਜਾੜੇ, ਲੁੱਟ, ਤਸੀਹੇ, ਜਬਰ-ਜਨਾਹ ਤੇ ਸ਼ਰਨਾਰਥੀਆਂ ਦੀਆਂ, ਮੁੜ-ਵਸੇਬੇ ਦੀਆਂ ਮੁਸ਼ਕਿਲਾਂ ਬਾਰੇ ਬਹੁਤ ਕੁਝ ਲਿਖਿਆ ਮਿਲਦਾ ਹੈ। ਇਹ ਵੰਡ ਮਜ਼ਹਬੀ ਇਕਾਈਆਂ – ਹਿੰਦੂ, ਮੁਸਲਿਮ, ਸਿੱਖ – ਦੇ ਹਿਸਾਬ ਨਾਲ ਹੋਈ ਸੀ; ਇਸ ਲਈ ਦਲਿਤਾਂ ਦੀ ਹੋਣੀ ਦੀ ਕਹਾਣੀ ਅਣਗੌਲ਼ੀ ਰਹਿ ਗਈ। ਇਹ ਕਿਹੜੇ ਪਾਸੇ ਦੇ ਸਨ, ਉਨ੍ਹਾਂ ਦਾ ਇਸ ਵੱਲ ਕੀ ਨਜ਼ਰੀਆ ਸੀ; ਉਨ੍ਹਾਂ ਦੇ ਹਿਤ ਤੇ ਸੰਸੇ ਕੀ ਸਨ,

ਉਸ ਕਤਲੋਗ਼ਾਰਤ ਤੇ ਉਜਾੜੇ ਵਿਚ ਦਲਿਤਾਂ ਨਾਲ ਕੀ ਵਾਪਰਿਆ; ਉਨ੍ਹਾਂ ਦਾ ਪੱਖ – ਉਸ ਵੰਡ ਦੀ ਤਾਰੀਖ਼ ਤੇ ਇਸ ਬਾਰੇ ਲਿਖੇ ਸਾਹਿਤ ਵਿਚ ਅਣਡਿੱਠ ਹੀ ਰਿਹਾ। ਇਸ ਚੁੱਪ ਦੇ ਪਿੱਛੇ, ਜਾਂ ਉਰਵਸ਼ੀ ਬੁਟਾਲੀਆ ਦੇ ਕਹਿਣ ਵਾਂਗ ‘ਚੁੱਪ ਦਾ ਦੂਜਾ ਪਾਸਾ’ ਵੇਖਣ ਦੀ ਲੋੜ ਹੈ।

ਉਸ ਭਿਆਨਕ ਕੱਟ-ਵੱਢ ਵਿਚ ਦਲਿਤਾਂ ਦੀ ਹਾਲਤ ਕੀ ਸੀ; ਦੂਜੇ ਗ਼ੈਰ ਦਲਿਤ- ਹਿੰਦੂ, ਮੁਸਲਿਮ, ਸਿੱਖਾਂ ਦਾ ਉਨ੍ਹਾਂ ਪ੍ਰਤੀ ਕੀ ਨਜ਼ਰੀਆ ਸੀ ਅਤੇ ਉਨ੍ਹਾਂ ਦੀ ਅਪਣੀ ਨਿਗ੍ਹਾ ਵਿਚ ਉਨ੍ਹਾਂ ਦੀ ਕੀ ਔਕਾਤ ਸੀ- ਇਸ ਬਾਰੇ ਉਰਵਸ਼ੀ ਬੁਟਾਲੀਆ ਦੀ ਕਿਸੇ ਦਲਿਤ ਔਰਤ ਮਾਯਾ ਰਾਣੀ ਨਾਲ ਕੀਤੀ ਇੰਟਰਵਿਊ ਦੀ ਗੱਲ ਕਰਨੀ ਮੁਨਾਸਿਬ ਹੈ।

ਮਾਯਾ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਸ਼ਹਿਰ ਵਿਚ ਹੋਈ ਫ਼ਿਰਕੂ ਮਾਰ-ਧਾੜ ਤੇ ਕਤਲੋਗ਼ਾਰਤ ਦੀ ਬਾਲੜੀ ਗਵਾਹ ਸੀ। ਪਹਿਲਾਂ ਜਦੋਂ ਅਫ਼ਵਾਹ ਫੈਲੀ ਕਿ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਵਿਚ ਚਲਾ ਗਿਆ ਹੈ ਤਾਂ ਉਹਨੇ ਵੇਖਿਆ ਕਿ ਮਾਰ-ਧਾੜ ਦਾ ਸ਼ਿਕਾਰ ਹਿੰਦੂ-ਸਿੱਖ ਹੋ ਰਹੇ ਸਨ। ਪਰ ਦੋ-ਤਿੰਨ ਦਿਨਾਂ ਬਾਅਦ ਐਲਾਨ ਹੋਇਆ ਕਿ ਗੁਰਦਾਸਪੁਰ-ਦੀਨਾਨਗਰ ਵਗ਼ੈਰਾ ਤਾਂ ਭਾਰਤ ਵਿਚ ਹੀ ਰਹਿਣਗੇ। ਤਦ ਮੁਸਲਮਾਨਾਂ ਉੱਤੇ ਸਿਰੇ ਦਾ ਕਹਿਰ ਬਰਸਿਆ, ਕਤਲ ਹੋਏ, ਘਰਾਂ ਨੂੰ ਅੱਗਾਂ ਲੱਗੀਆਂ। ਮਾਯਾ ਨੇ ਇਹ ਸਭ ਕੁਝ ਅੱਖੀਂ ਵੇਖਿਆ ਸੀ। ਮਾਯਾ ਦੀਆਂ ਹਮਉਮਰ ਕੋਈ ਗਿਆਰਾਂ ਕੁੜੀਆਂ ਭਾਣੇ ਇਸ ਹਫੜਾ-ਦਫੜੀ ਤੇ ਉੱਜੜੇ – ਸੜ ਰਹੇ ਖ਼ਾਲੀ ਘਰਾਂ ਵਿਚ, ਲੁੱਟ-ਮਾਰ ਕਰਨ ਦੀ ਮੌਜ ਲੱਗ ਗਈ ਸੀ। ਉਹ ਕੋਠੇ ਟੱਪ ਕੇ ਘਰੀਂ ਜਾ ਵੜਦੀਆਂ ਤੇ ਜੋ ਕੁਝ ਹੱਥ ਲੱਗਦਾ ਚੁੱਕ-ਚੁੱਕ ਆਪਣੇ ਘਰਾਂ ਨੂੰ ਲਿਜਾਂਦੀਆਂ ਰਹੀਆਂ। ਉਹਨੇ ਬੁਟਾਲੀਆ ਨੂੰ ਦੱਸਿਆ ਕਿ ਘਰੇਲੂ ਸਾਜ਼ੋ-ਸਾਮਾਨ ਛੋਟੇ-ਵੱਡੇ ਭਾਂਡੇ, ਕੱਪੜਿਆਂ ਦੇ ਥਾਨ, ਰਜਾਈਆਂ, ਆਟਾ, ਦੇਸੀ ਘਿਉ, ਬਾਦਾਮ ਆਦਿ – ਸਭ ਕੁਝ ਉਨ੍ਹਾਂ ਨੇ ਲੁੱਟਿਆ। ‘‘ਅਸੀਂ ਗਿਆਰਾਂ ਕੁੜੀਆਂ ਸਾਂ, ਅਸੀਂ ਸਾਰੀਆਂ ਨੇ ਲੁੱਟੇ ਮਾਲ ਨਾਲ ਆਪਣਾ-ਆਪਣਾ ਦਾਜ ਬਣਾ ਲਿਆ।’’ ਚਾਲ੍ਹੀ ਕੁ ਵਰ੍ਹੇ ਪਹਿਲਾਂ ਦੀ ਘਟਨਾ ਦਾ ਬਿਆਨ ਕਰਦਿਆਂ ਸਫ਼ਾਈ ਕਰਨ ਵਾਲੀ ਇਹ ਦਲਿਤ ਔਰਤ ਹੱਸ-ਹੱਸ ਗੱਲਾਂ ਦੱਸ ਰਹੀ ਸੀ।

‘‘ਤੁਹਾਨੂੰ ਡਰ ਨਹੀਂ ਸੀ ਲੱਗਿਆ?’’ ਬੁਟਾਲੀਆ ਨੇ ਪੁੱਛਿਆ। ‘‘ਨਾ, ਸਾਨੂੰ ਕੋਈ ਡਰ ਨਹੀਂ ਲੱਗਾ,’’ ਮਾਯਾ ਨੇ ਸਹਿਜ ਸੁਭਾਅ ਜਵਾਬ ਦਿੱਤਾ। ‘‘ਹਰ ਕੋਈ ਸਾਨੂੰ ਡਰਾਉਂਦਾ ਸੀ। ਸਾਡੇ ਮਾਪਿਆਂ ਨੇ ਵੀ ਕਿਹਾ ਤੁਹਾਨੂੰ ਕੋਈ ਜਾਨੋਂ ਮਾਰ ਦੇਵੇਗਾ। ਪਰ ਸਾਡੇ ਮਨ ਵਿਚ ਸੀ ਕਿ ਸਾਨੂੰ ਕੀਹਨੇ ਮਾਰਨਾ? ਅਸੀਂ ਤਾਂ ਦਲਿਤ ਅਖਵਾਉਂਦੇ ਹਾਂ… ਸਾਨੂੰ ਕੋਈ ਨਹੀਂ ਲਿਜਾ ਸਕਦਾ… ਸਾਨੂੰ ਕੋਈ ਖ਼ਤਰਾ ਨਹੀਂ ਸੀ। ਅਸੀਂ ਤਾਂ ਦਲਿਤ ਸਾਂ। ਭਾਵੇਂ ਕਿਤੇ ਪਾਕਿਸਤਾਨ ਬਣੇ ਜਾਂ ਹਿੰਦੋਸਤਾਨ, ਸਾਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ।’’

आजाद मुल्क और बंटवारे की टीस: जिंदगी फिर से चल जरूर पड़ी है, लेकिन जख्म आज  भी हरे हैं... - TIS Media

ਬੁਟਾਲੀਆ ਦੇ ਵਿਚਾਰ ਵਿਚ ‘‘ਮਾਯਾ ਤੇ ਉਹਦੇ ਮਾਪਿਆਂ ਨੂੰ ਇਹ ਬਿਲਕੁਲ ਸਹੀ ਜਾਪਦਾ ਸੀ ਕਿ ਉਹ ਦਲਿਤ ਸਨ, ਤੇ ਦਲਿਤ ਆਪਣੇ ਆਪ ਨੂੰ ਹਿੰਦੂ, ਇਸਾਈ ਜਾਂ ਇਹੋ-ਜਿਹਾ ਕੁਝ ਹੋਰ ਨਹੀਂ ਸੀ ਸਮਝਦੇ। ਬਲਕਿ ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਸੀ; ਕਿ ਸਮਾਜ ਦੀ ਮੁੱਖਧਾਰਾ ਵਿਚ ਉਨ੍ਹਾਂ ਦਾ ਨਜ਼ਰ ਨਾ ਆਉਣਾ ਇਸੇ ਗੱਲ ’ਤੇ ਟਿਕਿਆ ਸੀ ਕਿ ਉਹ ਹਿੰਦੂ ਸਮਾਜ ਦੀ ਜਾਤ-ਪਾਤ ਵਾਲੀ ਵਲਗਣ ਤੋਂ ਬਾਹਰ ਸਨ। ਵੰਡ ਵੇਲੇ ਦੇ ਤਸ਼ੱਦਦ ਵਿਚ ਦਲਿਤ ਲੋਕ ਅਲੋਪ ਸਨ।’’ ਬੁਟਾਲੀਆ ਮੁਤਾਬਿਕ ਇਹ ਹਾਲਤ ਤਾਂ ‘‘ਤਾਰੀਖ਼ ਦਾ ਓਹਲਾ’’ ਬਣ ਗਈ ਸੀ, ‘‘ਕਿਉਂ ਜੋ ਤਾਰੀਖ਼ ਦੇ ਲਿਖਣ ਵਿਚ ਵੀ ਇਹ ਲੋਕ ਤਕਰੀਬਨ ਓਹਲੇ (ਅਛੂਤ) ਹੀ ਰਹੇ।’’

2013 ਵਿਚ ਛਪੀ ਇਸ਼ਤਿਆਕ ਅਹਿਮਦ ਦੀ ਪੰਜਾਬ ਦੀ ਵੰਡ ਬਾਰੇ ਕਿਤਾਬ ਵਿਚ ਵੀ ਇਹ ਵਾਜ਼ਿਆ ਕੀਤਾ ਗਿਆ ਕਿ ਉਸ ਵੱਡੇ ਪੈਮਾਨੇ ਦੇ ਘੱਲੂਘਾਰੇ, ਕ਼ਤਲੇਆਮ ਤੇ ਗ਼ੈਰ-ਮੁਸਲਮਾਨਾਂ ਨੂੰ ਬਾਹਰ ਕੱਢੇ ਜਾਣ ਵੇਲੇ ‘‘ਸਿਰਫ਼ ਹਿੰਦੂ ਦਲਿਤ ਹੀ ਬਚ ਸਕੇ ਸਨ।’’

ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ ਕਿ ਵੰਡ ਵੇਲੇ ਦੇ ਕ਼ਤਲੇਆਮ ਵਿਚ ਦਲਿਤ ਉਸ ਤਰ੍ਹਾਂ ਦੇ ਤਸ਼ੱਦਦ ਦਾ ਸ਼ਿਕਾਰ ਨਹੀਂ ਹੋਏ; ਜਿਵੇਂ ਹਿੰਦੂ, ਮੁਸਲਮਾਨ, ਸਿੱਖ ਸ਼ਿਕਾਰ ਹੋਏ ਸਨ। ਜਲੰਧਰ ਸ਼ਹਿਰ ਦੇ ਪਤਵੰਤੇ ਅੰਬੇਡਕਰੀ ਦਲਿਤ ਵਿਦਵਾਨ ਲਾਹੌਰੀ ਰਾਮ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਲਿਦ ਨੇ ਦੱਸਿਆ ਸੀ ਕਿ ਭਾਈਚਾਰੇ ਦੇ ਕੁਝ ਲੋਕਾਂ ਨੇ ਆਪਣੇ ਹੱਥ ਰੰਗ ਕੇ, ਰੰਗ ਵਾਲੀਆਂ ਬਾਲਟੀਆਂ ਚੁੱਕੀ ਰੱਖੀਆਂ ਤਾਂ ਕਿ ਸਭਨਾਂ ਨੂੰ ਪਤਾ ਰਹੇ ਕਿ ਇਹ ਤਾਂ ਚਮੜਾ ਰੰਗਣ ਵਾਲੇ ਭਾਈਚਾਰੇ ਦੇ ਹਨ ਅਤੇ ਉਹ ਕਤਲ ਕਰਦੇ ਫਿਰਦੇ ਟੋਲਿਆਂ ਹੱਥੋਂ ਬਚੇ ਰਹਿਣ।

ਉਸ ਤਸ਼ੱਦਦ ਵਿਚ ਦਲਿਤ ਲੋਕਾਂ ਦੇ ਕਾਫ਼ੀ ਹੱਦ ਤਕ ਬਚੇ ਰਹਿਣ ਵਾਲੀ ਗੱਲ ਦਰੁਸਤ ਹੈ, ਪਰ ਇਹ ਉਸ ਵੇਲੇ ਦੀ ਅਸਲੀਅਤ ਦਾ ਸਿਰਫ਼ ਇਕ ਪੱਖ ਹੈ। ਜਿਵੇਂ ਕਿ ਅਸੀਂ ਇਸ ਲੇਖ ਵਿਚ ਅੱਗੇ ਚੱਲ ਕੇ ਵੇਖਾਂਗੇ, ਦਲਿਤ ਲੋਕਾਂ ਨੂੰ ਜਿਹੜੀ ਤਸ਼ੱਦਦ ਤੋਂ ਬਚੇ ਰਹਿਣ ਵਾਲੀ ਖ਼ੁਸ਼ਫ਼ਹਿਮੀ ਸੀ; ਉਹ ਸਹੀ ਨਹੀਂ ਸੀ। ਪਾਕਿਸਤਾਨ ਵਿੱਚੋਂ ਜਬਰੀ ਬਾਹਰ ਧੱਕੇ ਜਾਣ ਦੀ ਬਜਾਏ ਵੱਡੇ ਪੈਮਾਨੇ ’ਤੇ ਉਨ੍ਹਾਂ ਨੂੰ ਜਬਰਨ ਮੁਸਲਮਾਨ ਬਣਾਉਣ ਦੀ ਮੁਹਿੰਮ ਚਲਾਈ ਗਈ ਸੀ; ਤਾਂ ਕਿ ਉਨ੍ਹਾਂ ਤੋਂ ਜਹਾਲਤ, ਜ਼ਿੱਲਤ ਤੇ ਜਿਸਮਾਨੀ ਕਸ਼ਟ ਸਹਿੰਦਿਆਂ – ਗੰਦਗੀ ਦੀ ਸਫ਼ਾਈ ਅਤੇ ਅਜਿਹੇ ਹੋਰ ਕੰਮ ਕਰਵਾਏ ਜਾ ਸਕਣ। ਬਾਅਦ ਵਿਚ ਉਨ੍ਹਾਂ ਦੀ ਵੱਡੀ ਗਿਣਤੀ ਦੇ ਨਿਕਾਸ ਤੋਂ ਬਾਅਦ ਸ਼ਰਨਾਰਥੀ ਕੈਂਪਾਂ ਵਿਚ ਜਾਤ-ਪਾਤ ਦੇ ਵਿਤਕਰੇ ਤੇ ਨਦਾਮਤ ਤੇ ਮੁੜ-ਵਸੇਬੇ ਵਿਚ ਉਨ੍ਹਾਂ ਨੂੰ ਅਛੂਤ ਬਣਾਈ ਰੱਖਣ ਦੀਆਂ ਨੀਤੀਆਂ ਰਾਹੀਂ ਉਨ੍ਹਾਂ ਦੇ ਬਚਾਉ ਵਾਲੀਆਂ ਉਮੀਦਾਂ ਭੈੜਾ ਮਜ਼ਾਕ ਸਾਬਿਤ ਹੋਈਆਂ। ਪਰ ਇਹ ਸਭ ਕੁਝ ਉਸ ਵੰਡ ਦੇ ਬਿਆਨ ਅਤੇ ਸਾਹਿਤ ਵਿਚ ਅਣਡਿੱਠ ਹੀ ਰਿਹਾ।

14 August 1947 Moments | India independence, History of pakistan, India and  pakistan

ਵੰਡ ਦਾ ਸਵਾਲ ਤੇ ਪੰਜਾਬ ਦੇ ਦਲਿਤਾਂ ਦੀਆਂ ਉਮੰਗਾਂ

ਭਾਰਤ ਦੇ ਦਲਿਤਾਂ ਵਿਚ ਕਿਸੇ ਖ਼ਾਸ ਧਰਮ ਨਾਲ ਲਗਾਉ ਦਾ ਕਾਫ਼ੀ ਦੇਰ ਤੋਂ ਸਾਫ਼ ਪਤਾ ਨਹੀਂ। ਹਿੰਦੂ ਧਰਮ ਤੇ ਸਮਾਜ ਵਿਚ ਇਨ੍ਹਾਂ ਨੂੰ ਚਾਰ ਵਰਣਾਂ ਤੋਂ ਬਾਹਰ ‘ਆਊਟਕਾਸਟ’ ਧੱਕੇ ਹੋਏ, ਗੰਦੇ ਤੇ ਹੀਣੇ ਗਿਣਿਆ ਜਾਂਦਾ ਸੀ। ਦਲਿਤਾਂ ਨੂੰ ਭਿੱਟੇ, ਉੱਚ-ਜਾਤਾਂ ਤੋਂ ਬਿਲਕੁਲ ਵੱਖਰੇ ਅਤੇ ਦੂਰ ਰਹਿਣ ਵਾਲੇ ਮੰਨਿਆ ਜਾਂਦਾ ਸੀ। ਪੰਜਾਬ ਵਿਚ ਬ੍ਰਾਹਮਣਵਾਦ ਤੇ ਛੂਤ-ਛਾਤ ਦਾ ਅਸਰ ਦੂਜੇ ਸੂਬਿਆਂ ਦੇ ਮੁਕਾਬਲੇ ਕਾਫ਼ੀ ਘੱਟ ਸੀ। ਆਮ ਵਰਤਾਰਾ ਇਸ ਤਰ੍ਹਾਂ ਦਾ ਸੀ ਕਿ ਜਿਨ੍ਹਾਂ ਪਿੰਡਾਂ ਦੀ ਚੌਧਰ ਜ਼ਿਮੀਂਦਾਰ ਮੁਸਲਮਾਨਾਂ ਦੀ ਸੀ, ਉਨ੍ਹਾਂ ਪਿੰਡਾਂ ਵਿਚ ਦਲਿਤ ਕਾਮੇ ਮੁਸਲਮਾਨਾਂ ਵਾਲੇ ਸਭਿਆਚਾਰ ਵਿਚ ਢਲ਼ ਜਾਂਦੇ ਸਨ ਤੇ ਹਿੰਦੂ ਜਾਂ ਸਿੱਖਾਂ ਦੀ ਅਕਸਰੀਅਤ ਤੇ ਚੌਧਰ ਵਾਲੇ ਪਿੰਡਾਂ ਵਿਚ ਉਨ੍ਹਾਂ ਵਰਗੇ ਰਸਮੋ-ਰਿਵਾਜ ਅਪਣਾਅ ਲੈਂਦੇ ਸਨ। ਆਰੀਆ ਸਮਾਜ ਦੇ ਸੁਧਾਰਵਾਦੀ ਵਲਵਲੇ ਹੇਠ ਛੂਤ-ਛਾਤ ਨੂੰ ਖ਼ਤਮ ਕਰਨ ਵਾਲੇ ਪ੍ਰੋਗਰਾਮਾਂ, ਦਲਿਤਾਂ ਲਈ ਤਾਲੀਮ ਤੇ ਸ਼ੁੱਧੀਕਰਨ ਦੇ ਯਤਨਾਂ ਨਾਲ ਇਨ੍ਹਾਂ ਦੀ ਕਾਫ਼ੀ ਗਿਣਤੀ ਦਾ ਹਿੰਦੂ ਸ਼ਨਾਖ਼ਤ ਵੱਲ ਰੁਝਾਨ ਬਣ ਗਿਆ ਸੀ। ਪਰ ਜਦੋਂ ਮਾਨਟੈਗੂ-ਚੈਮਸਫੋਰਡ ਸੁਧਾਰਾਂ ਕਰਕੇ ਸਿਆਸੀ ਨੁਮਾਇੰਦਗੀ ਦੀ ਅਹਿਮੀਅਤ ਨਜ਼ਰ ਆਈ ਤਾਂ ਪੰਜਾਬ ਦੇ ਦਲਿਤਾਂ ਦੇ ਤਰੱਕੀਯਾਫ਼ਤਾ ਹਿੱਸੇ ਵਿਚ ਆਪਣੀ ਵੱਖਰੀ ਪਛਾਣ ਤੇ ਸਿਆਸੀ ਨੁਮਾਇੰਦਗੀ ਦੀ ਲਹਿਰ ਸ਼ੁਰੂ ਹੋ ਗਈ। 1926 ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੂਗੋਵਾਲ ਪਿੰਡ ਵਿਚ ਵੱਡੀ ਕਾਨਫ਼ਰੰਸ ਹੋਈ। ਇੱਥੇ ਇਨਕਲਾਬੀ ਫ਼ੈਸਲਾ ਕੀਤਾ ਗਿਆ ਕਿ ਦਲਿਤਾਂ ਦਾ ਵੱਖਰਾ ਧਰਮ ‘ਆਦਿ-ਧਰਮ’ ਬਣਾਇਆ ਜਾਵੇ। ਇਹ ਦਾਅਵਾ ਪੇਸ਼ ਕੀਤਾ ਗਿਆ ਕਿ ਦਲਿਤ ਵੱਖਰੀ ‘ਕੌਮ’ ਹਨ – ਉਸੇ ਤਰ੍ਹਾਂ, ਜਿਵੇਂ ਹਿੰਦੂ, ਮੁਸਲਮਾਨ, ਸਿੱਖ ਖ਼ਾਸ ‘ਕੌਮਾਂ’ ਹਨ। ਪਾਸ ਕੀਤੇ ਮਤੇ ਵਿਚ ਸਾਫ਼ ਐਲਾਨ ਕੀਤਾ ਗਿਆ:

‘‘ਅਸੀਂ ਹਿੰਦੂ ਨਹੀਂ ਹਾਂ। ਅਸੀਂ ਸਰਕਾਰ ਨੂੰ ਪੁਰਜ਼ੋਰ ਦਰਖ਼ਾਸਤ ਕਰਦੇ ਹਾਂ ਕਿ ਸਾਨੂੰ ਹਿੰਦੂ ਨਾ ਸਮਝਿਆ ਜਾਵੇ। ਸਾਡਾ ਧਰਮ ਹਿੰਦੂ ਨਹੀਂ, ਆਦਿ-ਧਰਮ ਹੈ। ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਹਾਂ ਤੇ ਹਿੰਦੂ ਸਾਡੇ ਵਿੱਚੋਂ ਨਹੀਂ ਹਨ। ਅਸੀਂ ਇਸ ਦੇਸ਼ ਦੇ ਆਦਿਵਾਸੀ ਹਾਂ ਤੇ ਸਾਡਾ ਧਰਮ ਆਦਿ-ਧਰਮ ਹੈ।’’

ਇਸ ਤਨਜ਼ੀਮ ਦਾ ਲੀਡਰ ਬਾਬਾ ਮੰਗੂ ਰਾਮ ਸੀ। ਉਸ ਵੇੇਲੇ ਸਿਆਸੀ ਪਾਰਟੀਆਂ ਵਿਚ ਫ਼ਿਰਕਾਪ੍ਰਸਤੀ ਅਤੇ ਬਰਤਾਨਵੀ ਸਰਕਾਰ ਖ਼ਿਲਾਫ਼ ਜੋਸ਼ ਵਧ ਰਿਹਾ ਸੀ। ਇਸ ਉਭਾਰ ਦੇ ਉਲਟ ਆਦਿ-ਧਰਮ ਮੰਡਲ ਨੇ ਅੰਗਰੇਜ਼ ਸਰਕਾਰ ਨਾਲ ਪੂਰੀ ਵਫ਼ਾਦਾਰੀ ਦਾ ਐਲਾਨ ਕੀਤਾ ਕਿ ‘‘ਅਸੀਂ ਹਮੇਸ਼ਾ ਹੀ ਵਫ਼ਾਦਾਰ ਸੀ, ਹਾਂ, ਤੇ ਅੱਗੇ ਨੂੰ ਵੀ ਰਹਾਂਗੇ।’’

ਇਸ ਤੋਂ ਇਲਾਵਾ ਆਦਿ-ਧਰਮ ਮੰਡਲ ਦੀ ਰਿਪੋਰਟ 1926-1931 ਵਿਚ ਇਹ ਚੇਤਾਵਨੀ ਦਿੱਤੀ ਗਈ ਕਿ ‘‘ਜਦੋਂ ਤਕ ਦਲਿਤ ਦੂਜਿਆਂ ਦੇ ਬਰਾਬਰ ਤੇ ਆਜ਼ਾਦ ਨਹੀਂ ਹੋ ਜਾਂਦੇ, ਓਨਾ ਚਿਰ ਭਾਰਤ ਨੂੰ ਆਜ਼ਾਦੀ ਨਾ ਦਿੱਤੀ ਜਾਵੇ। ਨਹੀਂ ਤਾਂ ਬਰਤਾਨਵੀ ਰਾਜ ਲਈ ਇਹ ਬੇਇੱਜ਼ਤੀ ਵਾਲੀ ਗੱਲ ਹੋਵੇਗੀ।’’

1929 ਵਿਚ ਆਦਿ-ਧਰਮ ਮੰਡਲ ਨੇ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਆਦਿ-ਧਰਮ ਨੂੰ ਅਲੱਗ ਧਰਮ ਮੰਨ ਲਿਆ ਜਾਵੇ ਤੇ ਆਉਣ ਵਾਲੀ 1931 ਦੀ ਮਰਦਮਸ਼ੁਮਾਰੀ ਵਿਚ ਦਲਿਤਾਂ ਨੂੰ ਖੁੱਲ੍ਹ ਦਿੱਤੀ ਜਾਵੇ ਕਿ ਆਪਣੇ ਆਪ ਨੂੰ ਆਦਿ-ਧਰਮ ਦੇ ਪੈਰੋਕਾਰ ਦੱਸ ਸਕਣ। ਉਨ੍ਹਾਂ ਦਾ ਸੁਝਾਅ ਮੰਨ ਲਿਆ ਗਿਆ ਤੇ ਇਸ ਮਰਦਮਸ਼ੁਮਾਰੀ ਵਿਚ 4 ਲੱਖ 18 ਹਜ਼ਾਰ 789 ਦਲਿਤ ਲੋਕਾਂ ਨੇ ਆਪਣੇ ਆਪ ਨੂੰ ਆਦਿਧਰਮੀ ਲਿਖਵਾਇਆ; ਹਿੰਦੂ ਜਾਂ ਸਿੱਖ ਨਹੀਂ। ਇਹ ਸਮਾਂ ਆਦਿ-ਧਰਮ ਦੀ ਵੱਖਰੀ ਪਛਾਣ ਤੇ ਹਠਧਰਮੀ ਦੀ ਚੜ੍ਹਤ ਦਾ ਸਿਖਰ ਸੀ। 1937 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਦਿਧਰਮ ਮੰਡਲ ਦੀ ਹਮਾਇਤ ਵਾਲੀਆਂ 8 ਰਾਖਵੀਆਂ ਸੀਟਾਂ ਵਿੱਚੋਂ 7 ਉਮੀਦਵਾਰ ਕਾਮਯਾਬ ਹੋ ਗਏ ਸਨ। ਪੰਜਾਬ ਦੀ ਯੂਨੀਅਨਿਸਟ ਪਾਰਟੀ ਦੀ ਸਰਕਾਰ ਮੁਸਲਿਮ ਲੀਗ ਦੀ ਪਾਕਿਸਤਾਨ ਵਾਲੀ ਮੰਗ ਦੇ ਖ਼ਿਲਾਫ਼ ਸੀ ਤੇ ਮੰਗੂ ਰਾਮ ਇਸ ਪਾਰਟੀ ਦੇ ਨਾਲ ਖਲੋਤਾ ਸੀ।

ਵੰਡ ਬਾਰੇ ਅੰਬੇਡਕਰ ਦੇ ਵਿਚਾਰ ਤੇ ਦਲਿਤਾਂ ਦੀ ਦੁਚਿੱਤੀ

ਦਲਿਤਾਂ ਦਾ ਸਿਰਕੱਢ ਨੇਤਾ ਬੀ.ਆਰ. ਅੰਬੇਡਕਰ ਉਨ੍ਹਾਂ ਮੁੱਢਲੇ ਨੇਤਾਵਾਂ ਵਿੱਚੋਂ ਸੀ ਜਿਨ੍ਹਾਂ ਨੇ ਪਾਕਿਸਤਾਨ ਦਾ ਸਵਾਲ ਬਹੁਤ ਸੰਜੀਦਗੀ ਨਾਲ ਵਿਚਾਰਿਆ ਸੀ। ਮੁਸਲਿਮ ਲੀਗ ਨੇ 23 ਮਾਰਚ 1940 ਨੂੰ ਲਾਹੌਰ ਵਿਚ ਪਾਕਿਸਤਾਨ ਦੀ ਮੰਗ ਦਾ ਮਤਾ ਪਾਸ ਕੀਤਾ ਤੇ ਅੰਬੇਡਕਰ ਦੀ ਇੰਡੀਅਨ ਲੇਬਰ ਪਾਰਟੀ ਦੀ ਐਗਜ਼ੈਕਟਿਵ ਨੇ ਇਕਦਮ ਫ਼ੈਸਲਾ ਕੀਤਾ ਕਿ ਇਸ ਮਾਮਲੇ ਵਿਚ ਦਲਿਤਾਂ ਦੀ ਧਿਰ ਦਾ ਰਵੱਈਆ ਕੀ ਹੋਵੇ, ਇਸ ਬਾਰੇ ਸੋਚ ਸਮਝ ਕੇ ਫ਼ੈਸਲਾ ਕੀਤਾ ਜਾਵੇ। ਅੰਬੇਡਕਰ ਨੇ ਜ਼ਿੰਮੇਵਾਰੀ ਚੁੱਕੀ ਤੇ ਦਸੰਬਰ 1940 ਦੇ ਅਖ਼ੀਰ ਵਿਚ ‘ਥੌਟਸ ਔਨ ਪਾਕਿਸਤਾਨ’ (ਪਾਕਿਸਤਾਨ ਬਾਰੇ ਵਿਚਾਰ) ਨਾਂ ਦੀ 380 ਸਫ਼ਿਆਂ ਦੀ ਕਿਤਾਬ ਤਿਆਰ ਕਰ ਦਿੱਤੀ। ਮੁਸਲਿਮ ਲੀਗ ਦੀਆਂ ਦਲੀਲਾਂ ਤੇ ਹਿੰਦੂਆਂ ਦੇ ਇਤਰਾਜ਼ਾਂ ਬਾਰੇ ਗਹਿਰਾਈ ਨਾਲ ਵਿਚਾਰ ਕਰਦਿਆਂ ਤੇ ਸਮੱਸਿਆ ਦੇ ਵੱਖ-ਵੱਖ ਮੁਮਕਿਨ ਹੱਲਾਂ ਦੀ ਨਿਰਪੱਖ ਢੰਗ ਨਾਲ ਘੋਖ ਕਰਦਿਆਂ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦਾ ਬਣਾਇਆ ਜਾਣਾ ਲਾਜ਼ਮੀ ਹੈ। ‘‘ਭਾਰਤ ਇਕ ਨੇਸ਼ਨ ਨਹੀਂ ਹੈ। ਇਸ ਵਿਚ ਦੋ ਕੌਮਾਂ ਹਨ, ਤੇ ਦੋਵਾਂ ਵਿਚ ਆਪਸੀ ਸਮਝੌਤੇ ਦੇ ਇਮਕਾਨ ਨਾ ਹੋਣ ਕਾਰਨ ਵੰਡ ਰਾਹੀਂ ਪਾਕਿਸਤਾਨ ਇਕ ਵੱਖਰਾ ਮੁਲਕ ਬਣਾਇਆ ਜਾਣਾ ਦੋਵਾਂ ਕੌਮਾਂ ਦੇ ਹਿਤ ਵਿਚ ਹੋਵੇਗਾ।’’ ਅੰਬੇਡਕਰ ਨੂੰ ਇਸ ਗੱਲ ਦਾ ਫ਼ਖ਼ਰ ਸੀ ਕਿ ਉਹ ਅਸਲ ਵਿਚ ‘‘ਪਾਕਿਸਤਾਨ ਦਾ ਫ਼ਿਲਾਸਫ਼ਰ’’ ਬਣ ਗਿਆ ਸੀ। ਉਹਦਾ ਵਿਚਾਰ ਸੀ ਕਿ ‘‘ਇਹ ਮੇਰੀ ਕਿਤਾਬ ਹੀ ਸੀ ਜਿਹਨੇ ਜਿਨਾਹ ਨੂੰ ਪਾਕਿਸਤਾਨ ਦੀ ਮੰਗ ਬਾਰੇ ਵਿਚਾਰ ਤੇੇ ਨੁਕਤੇ ਸੁਝਾਏ ਸਨ।’’

ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਬੇਡਕਰ ਨੇ ਇਹ ਵਿਚਾਰ ਨਹੀਂ ਸੀ ਕੀਤਾ ਕਿ ਇਸ ਤਰ੍ਹਾਂ ਦੀ ਵੰਡ ਵਿਚ ਦਲਿਤਾਂ ਦਾ ਪੱਖ ਤੇ ਹੋਣੀ ਕੀ ਹੋਵੇਗੀ। ਉਹ ਕਿੱਧਰ ਦੇ ਸਨ? ਜਦੋਂ ਹਿੰਦੂ-ਮੁਸਲਮਾਨਾਂ ਦਾ ਧਰਮ ਦੇ ਹਿਸਾਬ ਲੋਕਾਂ ਦਾ ਤਬਾਦਲਾ ਹੋਵੇਗਾ ਤਾਂ ਉਨ੍ਹਾਂ ਵਿਚਲੇ ਦਲਿਤ ਲੋਕ ਕਿਹੜੇ ਪਾਸੇ ਦੇ ਹੋਣਗੇ। ਜਦੋਂ ਹਾਲਾਤ ਕਾਫ਼ੀ ਵਿਗੜ ਗਏ ਤੇ ਧਾਰਮਿਕ ਫ਼ਿਰਕਿਆਂ ਦੇ ਹਿਸਾਬ ਨਾਲ ਵੰਡ ਕੀਤੇ ਜਾਣ ਦਾ ਵੇਲਾ ਆ ਗਿਆ ਤਾਂ ਦਲਿਤ ਲੀਡਰ ਤੇ ਜਥੇਬੰਦੀਆਂ ਲਈ ਸੋਚਣਾ ਜ਼ਰੂਰੀ ਬਣ ਗਿਆ ਕਿ ਉਨ੍ਹਾਂ ਦਾ ਫ਼ੈਸਲਾ ਕੀ ਹੋਵੇ। ਅੰਬੇਡਕਰ ਦੀ ਸਿਆਸੀ ਜੱਦੋਜਹਿਦ ਦਾ ਕੇਂਦਰੀ ਮੁੱਦਾ ਇਹ ਸੀ ਕਿ ਦਲਿਤਾਂ ਨੂੰ, ਮੁਸਲਮਾਨਾਂ ਤੇ ਇਸਾਈਆਂ ਵਾਂਗ, ਇਕ ਘੱਟਗਿਣਤੀ – ਅਕਲੀਅਤ – ਧਿਰ ਮੰਨਿਆ ਜਾਵੇ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ। ਸਿਆਸੀ ਲੇਖਾ-ਜੋਖਾ ਕਰਦਿਆਂ ਉਨ੍ਹਾਂ ਨੂੰ ਮੁਸਲਿਮ ਘੱਟਗਿਣਤੀ ਨਾਲ ਗੱਠਜੋੜ ਕਰਨਾ ਮੁਨਾਸਿਬ ਲੱਗਦਾ ਸੀ। 1931 ਦੀ ਗੋਲ਼ ਮੇਜ਼ ਕਾਨਫਰੰਸ ਵੇਲੇ ਵੀ ਉਨ੍ਹਾਂ ਨੇ ਦੂਜੇ ਘੱਟਗਿਣਤੀ ਭਾਈਚਾਰਿਆਂ ਨਾਲ ਮਿਲ ਕੇ ‘ਘੱਟਗਿਣਤੀ ਇਕਰਾਰਨਾਮਾ’ ਤਿਆਰ ਕੀਤਾ ਸੀ। ਉਸੇ ਆਧਾਰ ’ਤੇ 1932 ਦਾ ‘ਕਮਿਊਨਲ ਐਵਾਰਡ’ ਦਿੱਤਾ ਗਿਆ ਸੀ ਜਿਹਦਾ ਮਹਾਤਮਾ ਗਾਂਧੀ ਨੇ ਵਿਰੋਧ ਕੀਤਾ ਸੀ ਤੇ ਅੰਤ ਵਿਚ ਪੂਨਾ ਸਮਝੌਤਾ ਕਰਨਾ ਪਿਆ ਸੀ। ਅੰਬੇਡਕਰ ਦੀ ਪੱਕੀ ਧਾਰਨਾ ਬਣ ਗਈ ਸੀ ਕਿ ਹਿੰਦੂ ਸਮਾਜ ਵਿਚ ਦਲਿਤਾਂ ਨੂੰ ਇਨਸਾਫ਼ ਜਾਂ ਇੱਜ਼ਤ ਮਿਲਣ ਦਾ ਕੋਈ ਇਮਕਾਨ ਨਹੀਂ। ਇਸੇੇ ਲਈ 1935 ਵਿਚ ਅੰਬੇਡਕਰ ਨੇ ਐਲਾਨ ਕੀਤਾ ਕਿ ਉਹਦਾ ਜਨਮ ਤਾਂ ਹਿੰਦੂ ਸਮਾਜ ਵਿਚ ਹੋਇਆ, ਪਰ ਮੌਤ ਤੋਂ ਪਹਿਲਾਂ ਇਸ ਧਰਮ ਤੋਂ ਬਾਹਰ ਹੋ ਜਾਣਗੇ। ਉਨ੍ਹਾਂ ਦਾ ਵੱਡਾ ਤੌਖ਼ਲਾ ਇਹ ਸੀ ਕਿ ਸਵਰਾਜ ਜਾਂ ਆਜ਼ਾਦੀ ਤੋਂ ਬਾਅਦ ਬਹੁਮਤ ਦੀ ਧੌਂਸ ਅਤੇ ਦਬਾਉ ਵਾਲੇ ਮਾਹੌਲ ਵਿਚ ਦਲਿਤਾਂ ਦੇ ਭਾਗ ਬਹੁਤ ਮਾੜੇ ਹੋਣਗੇ। (ਦਲਿਤ ਅੱਜ ਸੋਚਦੇ ਹੋਣਗੇ ਕਿ ਅੰਬੇਡਕਰ ਦਾ ਡਰ ਤੇ ਫ਼ਿਕਰ ਕਿੰਨਾ ਸੱਚਾ ਸੀ।) ਇਸ ਡਰ ਕਾਰਨ ਅੰਬੇਡਕਰ ਦਾ ਝੁਕਾਅ ਕੁਝ-ਕੁਝ ਜਿਨਾਹ ਦੀ ਮੁਸਲੀਮ ਲੀਗ ਵੱਲ ਹੋ ਗਿਆ। ਬੰਗਾਲ ਸੂਬੇ ਵਿਚ ਤਾਂ ਅੰਬੇਡਕਰ ਦੀ ਕੁਲ ਹਿੰਦ ਸ਼ੈਡਿਉਲਡ ਕਾਸਟ ਫੈਡਰੇਸ਼ਨ (AISF) ਨੇ ਮੁਸਲਿਮ ਲੀਗ ਨਾਲ ਸਿੱਧਾ ਸਮਝੌਤਾ ਕਰ ਲਿਆ ਸੀ। ਪਰ ਜਦੋਂ ਕੈਬਨਿਟ ਮਿਸ਼ਨ ਪਲੈਨ ਦਾ ਐਲਾਨ ਹੋਇਆ ਤਾਂ ਇਸ ਪਲੈਨ ਦਾ ਜ਼ੋਰਦਾਰ ਵਿਰੋਧ ਕਰਦਿਆਂ ਮਤਾ ਪਾਸ ਕੀਤਾ ਗਿਆ ਸੀ ਕਿ ‘‘ਅਨੁਸੂਚਿਤ ਜਾਤੀਆਂ ਨੂੰ ਕੋਈ ਆਈਨ ਮਨਜ਼ੂਰ ਨਹੀਂ ਹੋਏਗਾ, ਜਦੋਂ ਤਕ ਇਹ ਮੰਨ ਨਾ ਲਿਆ ਜਾਵੇ ਕਿ ਅਨੁਸੂਚਿਤ ਜਾਤੀਆਂ, ਹਿੰਦੂ ਸਮਾਜ ਤੋਂ ਵੱਖਰੀ ਖ਼ਾਸ ਪਛਾਣ ਵਾਲੀ, ਭਾਰਤ ਦੇ ਕੌਮੀ ਜੀਵਨ ਦੀ ਅਹਿਮ ਧਿਰ ਹੈ।’’

1946 ਦੀਆਂ ਚੋਣਾਂ ਤੋਂ ਬਾਅਦ ਏ.ਆਈ.ਐੱਸ.ਐੱਫ਼ ਦੀ ਸਿਆਸੀ ਤਾਕਤ ਘਟ ਗਈ ਸੀ। ਜਿਸ ਵੇਲੇ ਭਾਰਤ ਦੀ ਤਕਸੀਮ ਹੋਣੀ ਤੈਅ ਹੋ ਗਈ, ਤਦ ਅੰਬੇਡਕਰ ਤੇ ਉਹਦੀ ਪਾਰਟੀ ਲਈ ਵੱਡਾ ਮਸਲਾ ਬਣ ਗਿਆ। ਉਹਦੇ ਵਿਚਾਰ ਵਿਚ ਮੁੱਖ ਮੁੱਦਾ ਅਨੁਸੂਚਿਤ ਜਾਤੀਆਂ ਦੀ ਸਿਆਸੀ ਤਾਕਤ ਦਾ ਸੀ – ਜੇ ਤਾਕਤ ਵਿਚ ਹਿੱਸਾ ਹੋਵੇ, ਤਦ ਹੀ ਇਨ੍ਹਾਂ ਦੇ ਸਮਾਜੀ-ਸਕਾਫ਼ਤੀ ਰੁਤਬੇ ਦੀ ਉਮੀਦ ਹੋ ਸਕਦੀ ਸੀ। ਅੰਬੇਡਕਰ ਨੂੰ ਹਿੰਦੂ ਲੀਡਰਾਂ ਤੇ ਕਾਂਗਰਸ ਪਾਰਟੀ ਦਾ ਰਤਾ ਯਕੀਨ ਨਹੀਂ ਸੀ। ਜਿਨਾਹ ਨੇ ਐਸੀ ਉਮੀਦ ਦੀ ਕਿਰਨ ਦਿਖਾਈ ਸੀ ਕਿ ਪਾਕਿਸਤਾਨ ਵਿਚ ਦਲਿਤ ਲੋਕਾਂ ਨਾਲ ਬਿਹਤਰ ਸਲੂਕ ਕੀਤਾ ਜਾਵੇਗਾ। ਅੰਬੇਡਕਰ ਨੂੰ ਲੀਗ ਉੱਤੇ ਵੀ ਯਕੀਨ ਨਹੀਂ ਸੀ, ਪਰ ਤਾਂ ਵੀ ਇੰਜ ਜਾਪਦਾ ਸੀ ਕਿ ਸ਼ਾਇਦ ਮੁਸਲਮਾਨਾਂ ਦਾ ਦਲਿਤਾਂ ਵੱਲ ਰਵੱਈਆ ਹਿੰਦੂਆਂ ਨਾਲੋਂ ਚੰਗਾ ਰਹੇ। ਇਸ ਦੁਚਿੱਤੀ ਦੀ ਹਾਲਤ ਵਿਚ ਯੂ.ਪੀ. ਦੀ ਏ.ਆਈ.ਐੱਸ.ਐੱਫ਼ ਨੇ ਵੀ ਬੰਗਾਲ ਪਾਰਟੀ ਸ਼ਾਖਾ ਵਾਂਗ ਲੀਗ ਨਾਲ ਗੱਠਜੋੜ ਕਰ ਲਿਆ। ਪਰ ਸੰਸੇ ਬਣੇ ਰਹੇ। ਉਹਨੇ 2 ਜੂਨ 1947 ਦੀ ਜੋਗੇਂਦਰਨਾਥ ਮੰਡਲ ਨੂੰ ਲਿਖੀ ਚਿੱਠੀ ਵਿਚ ਆਪਣੇ ਖ਼ਦਸ਼ੇ ਦੀ ਗੱਲ ਫੇਰ ਦੁਹਰਾਈ: ‘‘ਅਨੁਸੂਚਿਤ ਜਾਤੀਆਂ ਦਰਅਸਲ ਇਸ ਤਕਸੀਮ ਦੇ ਸਵਾਲ ਦਾ ਕੋਈ ਠੋਸ ਹੱਲ ਨਹੀਂ ਕਰ ਸਕਦੀਆਂ। ਨਾ ਤਾਂ ਉਹ ਇਸ ਤਕਸੀਮ ਲਈ ਜ਼ੋਰ ਪਾ ਸਕਦੀਆਂ ਹਨ ਤੇ ਨਾ ਹੀ ਇਹਨੂੰ ਰੋਕ ਸਕਦੀਆਂ ਹਨ…। ਅਨੁਸੂਚਿਤ ਜਾਤੀਆਂ ਲਈ ਇੱਕੋ-ਇਕ ਰਸਤਾ ਇਹ ਹੈ ਕਿ ਉਨ੍ਹਾਂ ਦੇ ਹਿੱਤਾਂ (ਸੇਫ਼ਗਾਰਡਜ਼) ਲਈ ਜੂਝਿਆ ਜਾਵੇ। … ਮੇਰਾ ਖ਼ਿਆਲ ਇਹ ਹੈ ਕਿ ਮੁਸਲਮਾਨ ਅਨੁਸੂਚਿਤ ਜਾਤੀਆਂ ਦੇ ਹਿੰਦੂਆਂ ਨਾਲੋਂ ਵੱਡੇ ਦੋਸਤ ਨਹੀਂ ਹਨ। ਪਰ ਤਾਂ ਵੀ ਉਹ ਅਨੁਸੂਚਿਤ ਜਾਤੀਆਂ ਲਈ ਵੱਖਰੇ ਚੋਣ ਹਲਕੇ ਬਣਾਉਣ ਲਈ ਰਾਜ਼ੀ ਹੋ ਜਾਣਗੇ, ਕਿਉਂ ਜੋ ਉਹ ਆਪ ਵੀ ਆਪਣੀ ਘੱਟਗਿਣਤੀ ਲਈ ਵੱਖਰੇ ਚੋਣ ਹਲਕੇ ਚਾਹੁੰਦੇ ਹਨ।’’

ਪਰ ਅਨੁਸੂਚਿਤ ਜਾਤੀਆਂ ਦੀ ਦੂਜੀ ਤਨਜ਼ੀਮ ਜਗਜੀਵਨ ਰਾਮ ਵਾਲੀ ਡੀਪ੍ਰੈੱਸਡ ਕਲਾਸਿਜ਼ ਲੀਗ, ਮੁਸਲਿਮ ਲੀਗ ਦੇ ਖ਼ਿਲਾਫ਼ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਸੀ।

ਅਛੂਤਸਤਾਨ ਦਾ ਮੋਰਚਾ

ਪੰਜਾਬ ਵਾਲੀ ਅਨੁਸੂਚਿਤ ਜਾਤੀਆਂ ਦੀ ਫੈਡਰੇਸ਼ਨ ਦੀ ਸ਼ਾਖ਼ਾ ਨੇ ਵੀ ਪੰਜਾਬ ਦੀ ਵੰਡ ਦੇ ਸਵਾਲ ’ਤੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਇਸੇ ਅਨੁਸੂਚਿਤ ਜਾਤੀਆਂ ਦੀ ਫੈਡਰੇਸ਼ਨ ਦੇ ਸਰਕਰਦਾ ਨੇਤਾ ਐੱਨ. ਰਾਜਭੋਜ ਨੇ ਦਲਿਤ ਲੋਕਾਂ ਲਈ ਵੱਖਰੇ ਅਛੂਤਸਤਾਨ ਦੀ ਮੰਗ ਪੇਸ਼ ਕਰ ਦਿੱਤੀ। ਉਹਦੀ ਦਲੀਲ ਇਹ ਸੀ:

‘‘ਅਨੁਸੂਚਿਤ ਜਾਤੀਆਂ ਦੀ ਹਿੰਦੂ (ਉੱਚ) ਜਾਤੀਆਂ ਨਾਲ ਕੋਈ ਸਾਂਝ ਨਹੀਂ ਹੈ। ਤੇ ਦੂਜੇ ਪਾਸੇ ਸਿੱਖ ਵੀ ਅਸਲ ਵਿਚ ਹਿੰਦੂਆਂ ਦੇ ਹੀ ਨਹੁੰ-ਮਾਸ ਹਨ। ਅਨੁਸੂਚਿਤ ਜਾਤੀਆਂ ਦੀ ਸੰਖਿਆ, ਮਜ਼੍ਹਬੀ ਸਿੱਖਾਂ ਨੂੰ ਮਿਲਾ ਕੇ, ਸਿੱਖਾਂ ਦੀ ਗਿਣਤੀ ਦੇ ਬਰਾਬਰ ਹੈ। ਇਸ ਲਈ ਜੇ ਪੰਜਾਬ ਦੀ ਵੰਡ ਕਰਨੀ ਹੋਵੇ ਤਾਂ ਇਹ ਤਿੰਨ ਹਿੱਸਿਆਂ ਵਿਚ ਹੋਣੀ ਚਾਹੀਦੀ ਹੈ – ਯਾਨੀ ਮੁਸਲਿਮ ਪੰਜਾਬ, ਸਿੱਖ-ਹਿੰਦੂ ਪੰਜਾਬ ਤੇ ਅਨੁਸੂਚਿਤ ਜਾਤੀਆਂ ਦਾ ਪੰਜਾਬ।’’

ਨਵੰਬਰ 1946 ਤੱਕ ਅਨੁਸੂਚਿਤ ਜਾਤੀਆਂ ਦੇ ਕੁਝ ਲੋਕਾਂ ਨੇ ਕੁਲ-ਹਿੰਦ ਅਛੂਤਸਤਾਨ ਮੋਰਚਾ ਲਾ ਦਿੱਤਾ। ਪੰਜਾਬ ਦੇ ਬਰਤਾਨਵੀ ਗਵਰਨਰ ਨੂੰ ਲਿਖੀ ਲੰਬੀ ਚਿੱਠੀ ਰਾਹੀਂ ਇਸ ਤਹਿਰੀਕ ਦੇ ਬਾਨੀ ਬੀਆਹ ਲਾਲ ਨੇ ਦਲੀਲ ਪੇਸ਼ ਕੀਤੀ ਕਿ ਕਿਉਂਕਿ ਅਨੁਸੂਚਿਤ ਜਾਤੀਆਂ ਨਾ ਤਾਂ ਹਿੰਦੂ ਹਨ ਤੇ ਨਾ ਹੀ ਮੁਸਲਮਾਨ ਤੇ ਕਿਉਂ ਜੋ ਉਹ ਪਹਿਲਾਂ ਹੀ ਪੀੜਿਤ ਹਨ, ਇਸ ਲਈ ਤਕਸੀਮ ਕੀਤੇ ਪੰਜਾਬ ਵਿਚ ਕਿਸੇ ਹੋਰ ਇਕ ਧਰਮ ਦੀ ਨਿਰੋਲ ਬਹੁਗਿਣਤੀ ਦੇ ਰਾਜ ਅਧੀਨ ਹੋਣ ਨਾਲੋਂ ਉਹ ਤਾਂ ਮੌਤ ਨੂੰ ਤਰਜੀਹ ਦੇਣਗੇ। ਇਹ ਵੱਖਰੀ ਗੱਲ ਹੈ ਕਿ ਕਿਸੇ ਵੀ ਧਿਰ ਨੇ ਇਸ ਗ਼ੈਰ-ਮੁਨਾਸਿਬ ਦਾਅਵੇ ਵੱਲ ਧਿਆਨ ਨਹੀਂ ਦਿੱਤਾ।

Courtesy : Punjabi Tribune


Share
test

Filed Under: Governance & Politics, Stories & Articles

Primary Sidebar

More to See

Sri Guru Granth Sahib

August 27, 2022 By Jaibans Singh

ਅੱਤਵਾਦ ਦੀ ਰੋਕਥਾਮ ਲਈ ਵਚਨਬੱਧਤਾ

May 8, 2025 By Guest Author

Missile part found in Punjab’s border village; sparks panic, villagers say ‘explosion heard’

May 8, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army Indira Gandhi ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • ਭਾਰਤ ਪ੍ਰਤੀ ਨਫ਼ਰਤ ਨਾਲ ਲਬਰੇਜ਼ ਪਾਕਿ
  • ਅੱਤਵਾਦ ਦੀ ਰੋਕਥਾਮ ਲਈ ਵਚਨਬੱਧਤਾ
  • Missile part found in Punjab’s border village; sparks panic, villagers say ‘explosion heard’
  • India destroys Air Defence System at Lahore
  • ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਦਾ ਮਾਹੌਲ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army Indira Gandhi ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive