ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ।
04 ਮਈ, 2026 – ਲੁਧਿਆਣਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੁਧਿਆਣਾ ਪਹੁੰਚੇ। ਇਸ ਦੌਰਾਨ ਭਾਜਪਾ ਆਗੂਆ ਦੇ ਨਾਲ ਉਹਨਾਂ ਦੀ ਇੱਕ ਬੈਠਕ ਹੋਈ, ਜਿਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਸੀਐਮ ਸੈਣੀ ਨੇ ਕਿਹਾ ਕਿ ਪੰਜਾਬ ਦੇ ਇਸ ਸਮੇਂ ਜੋ ਹਾਲਾਤ ਹਨ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ।
ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ ਉਹ ਬਹੁਤ ਮੰਦਭਾਗਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ ਉਹ ਬਹੁਤ ਮੰਦਭਾਗਾ ਹੈ। ਵਿਧਾਨ ਸਭਾ ਸਾਡਾ ਮੰਦਰ ਹੈ, ਜਿੱਥੇ ਸੂਬੇ ਦੇ ਲਈ ਯੋਜਨਾਵਾਂ ਬਣਦੀਆਂ ਹਨ ਅਤੇ ਆਰਥਿਕਤਾ ਨੂੰ ਮਜਬੂਤ ਕਰਨ ਲਈ ਗੱਲਾਂ ਹੁੰਦੀਆਂ ਹਨ। ਇਸ ਮੰਦਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਸ਼ਾ ਕਰਕੇ ਜਾਣਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਉਲਟ ਹੈ। ਜੇਕਰ ਪੰਜਾਬ ਦੇ ਮੁੱਖ ਮੰਤਰੀ ਖੁਦ ਨਸ਼ਾ ਕਰਦੇ ਹਨ ਤਾਂ ਉਹ ਦੀ ਨੌਜਵਾਨੀ ਨੂੰ ਕੀ ਸੇਧ ਦੇਣਗੇ।
“ਪੰਜਾਬ ਦੇ ਵਿੱਚ ਡਬਲ ਇੰਜਨ ਸਰਕਾਰ ਦੀ ਲੋੜ ਹੈ। ਲੋਕ ਮਨ ਬਣਾ ਚੁੱਕੇ ਹਨ ਕਿ ਇਸ ਵਾਰ ਭਾਜਪਾ ਦੇ ਹੱਕ ਵਿੱਚ ਉਹ ਫਤਵਾ ਦੇਣਗੇ। ਹਰਿਆਣਾ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤਰੱਕੀ ਕਰ ਚੁੱਕਾ ਹੈ। ਸਾਡੀ ਸਰਕਾਰ ਵੱਲੋਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਪੈਸੇ ਪਹੁੰਚਾਏ ਗਏ। ਪਹਿਲੇ ਬਜਟ ਦੇ ਵਿੱਚ ਹੀ 5 ਹਜ਼ਾਰ ਕਰੋੜ ਰੁਪਏ ਔਰਤਾਂ ਲਈ ਰਾਖਵੇਂ ਰੱਖੇ ਗਏ।”– ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ “ਪੰਜਾਬ ਦੀ ਸਰਕਾਰ ਨੇ ਇਸ਼ਤਿਹਾਰ ਦੇਣ ਤੋਂ ਇਲਾਵਾਂ ਹੋਰ ਕੁਝ ਨਹੀਂ ਕੀਤਾ ਹੈ। ਸਰਕਾਰ ਜ਼ਮੀਨੀ ਪੱਧਰ ਉੱਤੇ ਕੰਮ ਨਹੀਂ ਕਰ ਸਕੀ ਹੈ। ਪੰਜਾਬ ਦੇ ਲੋਕ ਇਹ ਭਲੀਭਾਤ ਜਾਣਦੇ ਹਨ, ਇਸ ਕਰਕੇ ਹੁਣ ਪੰਜਾਬ ਵਿੱਚ ਭਾਜਪਾ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ। ਪਿੰਡਾਂ ਦੇ ਵਿੱਚ ਵੀ ਲੋਕ ਭਾਜਪਾ ਨੂੰ ਪਸੰਦ ਕਰ ਰਹੇ ਹਨ ਅਤੇ 2027 ਦੇ ਵਿੱਚ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਨਰਿੰਦਰ ਮੋਦੀ ਦੇ ਹੱਥ ਹੋਰ ਮਜਬੂਤ ਕਰਨ ਅਤੇ ਪੰਜਾਬ ਨੂੰ ਤਰੱਕੀਆਂ ਵੱਲ ਲੈ ਜਾਣ ਦੇ ਲਈ ਭਾਜਪਾ ਦੀ ਸਰਕਾਰ ਬਣਾਉਣ।”
ਆਪ ਆਗੂਆਂ ਨੇ ਕੀਤਾ ਵਿਰੋਧ
ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਵੱਲੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਲੁਧਿਆਣਾ ਫੇਰੀ ਦਾ ਕਾਲੇ ਝੰਡਿਆਂ ਨਾਲ ਤੀਖਾ ਵਿਰੋਧ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਤਿੰਦਰ ਖੰਗੂੜਾ ਦੀ ਅਗਵਾਈ ਵਿੱਚ ਆਪ ਆਗੂਆਂ ਨੇ ਮੁੱਖ ਮੰਤਰੀ ਦਾ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਪ੍ਰਤੀ ਭਾਜਪਾ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ।
ਇਸ ਮੌਕੇ ਜਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ “ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਲਈ ਅਜੇ ਤੱਕ ਇੱਕ ਵੀ ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਭਾਜਪਾ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕਰਦੀ ਆਈ ਹੈ। ਇੱਕ ਮਈ ਨੂੰ ਹੀ ਭਾਜਪਾ ਸਰਕਾਰ ਨੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਦਾ ਵਾਧਾ ਕੀਤਾ ਹੈ, ਜਿਸ ਕਾਰਨ ਢਾਬਾ–ਹੋਟਲ ਵਾਲੇ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋ ਰਹੇ ਹਨ। ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕਰ ਰਹੀ ਹੈ, ਫਿਰ ਵੀ ਪੰਜਾਬ ਨੂੰ ਕੋਈ ਆਰਥਿਕ ਪੈਕੇਜ ਨਾ ਦੇ ਕੇ ਆਪਣੀ ਨਫ਼ਰਤ ਸਾਫ਼ ਜ਼ਾਹਰ ਕਰ ਰਹੀ ਹੈ।”
ETV BHARAT