ਇਕਲੌਤੇ ਪੁੱਤਰ ਦੀ ਮੌਤ ਨਾਲ ਪਰਿਵਾਰ ‘ਚ ਮਾਤਮ ਪਸਰ ਗਿਆ ਅਤੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
04 ਮਈ, 2026 – ਅੰਮ੍ਰਿਤਸਰ: ਦਿਹਾਤੀ ਅੰਮ੍ਰਿਤਸਰ ਦੇ ਥਾਣਾ ਮਹਿਤਾ ਚੌਂਕ ਅਧੀਨ ਆਉਂਦੀ ਮਹਿਸਮਪੁਰਾ ਰੋਡ ‘ਤੇ ਬੀਤੀ ਰਾਤ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀ ਅਮਰਜੋਤ ਸਿੰਘ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੁਖਰਾਜ ਸਿੰਘ ਦੇ ਇਕਲੌਤੇ ਪੁੱਤਰ ਅਮਰਜੋਤ ਸਿੰਘ ਵਜੋਂ ਹੋਈ ਹੈ, ਜਿਸ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਹਾਦਸੇ ਦੀ ਮਿਲੀ ਸੀ ਜਾਣਕਾਰੀ
ਮਿਲੀ ਜਾਣਕਾਰੀ ਮੁਤਾਬਕ, ਸ਼ੁਰੂ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਹਿਸਮਪੁਰਾ ਰੋਡ ‘ਤੇ ਸੜਕ ਹਾਦਸਾ ਵਾਪਰਿਆ ਹੈ। ਜਦੋਂ ਥਾਣਾ ਮਹਿਤਾ ਦੇ ਐਸਐਚਓ ਸਮੇਤ ਪੁਲਿਸ ਟੀਮ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਅਮਰਜੋਤ ਸਿੰਘ ਦੀ ਮੌਤ ਹੋ ਚੁੱਕੀ ਸੀ। ਪਰ ਜਾਂਚ ਦੌਰਾਨ ਜਦੋਂ ਲਾਸ਼ ਦਾ ਮੁਆਇਨਾ ਕੀਤਾ ਗਿਆ ਤਾਂ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਇਹ ਸੜਕ ਹਾਦਸਾ ਨਹੀਂ ਸਗੋਂ ਕਤਲ ਦਾ ਮਾਮਲਾ ਹੈ।
ਗੋਲੀਆਂ ਮਾਰ ਕੇ ਕਤਲ
ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸੁਹੇਲ ਮੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਟੀਮਾਂ ਨੂੰ ਵੱਖ–ਵੱਖ ਦਿਸ਼ਾਵਾਂ ਵਿੱਚ ਲਗਾਇਆ ਗਿਆ ਹੈ ਅਤੇ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।”
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਅਮਰਜੋਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ 12ਵੀਂ ਕਲਾਸ ਵਿੱਚ ਪੜ੍ਹਦਾ ਸੀ, ਜਿਸ ਨਾਲ ਉਸਦੇ ਭਵਿੱਖ ਨਾਲ ਜੁੜੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ।
ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ
ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਤੁਰੰਤ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ। ਇਹ ਘਟਨਾ ਇੱਕ ਵਾਰ ਫਿਰ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਕਰਦੀ ਹੈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ।
ETV BHARAT