‘ਕਾਲਾ ਪੀਲੀਆ‘ ਵੰਡਦਾ ਬੁੱਢਾ ਨਾਲਾ ? ਨੌਜਵਾਨਾਂ ਦੇ ਨਹੀਂ ਹੋ ਰਹੇ ਵਿਆਹ ? ਲੋਕ ਡਾਢੇ ਪਰੇਸ਼ਾਨ
ਲੁਧਿਆਣਾ ਦਾ ਬੁੱਢਾ ਨਾਲਾ ਲੋਕਾਂ ਲਈ ‘ਸ਼ਰਾਪ‘ ਬਣਦਾ ਜਾ ਰਿਹਾ ਹੈ। ਗੰਭੀਰ ਬਿਮਾਰੀਆਂ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਸ਼ਵ ਭਰ ਦੇ ਵਿੱਚ 28 ਜੁਲਾਈ ਨੂੰ ਵਰਲਡ ਹੈਪੀਟਾਈਟਸ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ, ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਕਾਲੇ ਪੀਲੀਏ ਦੀ ਵੱਡੀ ਸਮੱਸਿਆ ਹੈ, ਖਾਸ ਕਰਕੇ ਜਿਨਾਂ ਇਲਾਕਿਆਂ ਦੇ ਵਿੱਚ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਉੱਥੇ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ, ਇਸ ਦਾ ਇੱਕ ਵੱਡਾ ਕਾਰਨ ਲੁਧਿਆਣੇ ਦਾ ਬੁੱਢਾ ਨਾਲਾ ਹੈ, ਇੱਕ ਸਮਾਂ ਸੀ ਜਦੋਂ ਲੁਧਿਆਣਾ ਦੇ ਬੁੱਢੇ ਨਾਲੇ ਨੂੰ ‘ਬੁੱਢਾ ਦਰਿਆ’ ਕਿਹਾ ਜਾਂਦਾ ਸੀ ਅਤੇ ਇਸ ਦਾ ਪਾਣੀ ਸਾਫ਼ ਤੇ ਪੀਣ ਯੋਗ ਹੁੰਦਾ ਸੀ। ਪਰ, ਅੱਜ ਉਹੀ ਬੁੱਢਾ ਨਾਲਾ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਲਈ ‘ਸ਼ਰਾਪ’ ਬਣ ਚੁੱਕਾ ਹੈ। ਸਨਅਤੀ ਰਹਿੰਦ-ਖੂੰਹਦ, ਰਸਾਇਣਕ ਕੈਮੀਕਲ ਅਤੇ ਸ਼ਹਿਰ ਦਾ ਸੀਵਰੇਜ ਸਿੱਧਾ ਇਸ ਨਾਲੇ ਵਿੱਚ ਸੁੱਟੇ ਜਾਣ ਕਾਰਨ ਇਹ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ, ਜਿਸ ਦਾ ਸਭ ਤੋਂ ਮਾੜਾ ਅਸਰ ਆਸ-ਪਾਸ ਦੇ ਪਿੰਡਾਂ ਅਤੇ ਰਿਹਾਇਸ਼ੀ ਇਲਾਕਿਆਂ ਉੱਤੇ ਪੈ ਰਿਹਾ ਹੈ।
ਜ਼ਮੀਨਦੋਜ਼ ਪਾਣੀ ਹੋਇਆ ਜ਼ਹਿਰੀਲਾ: ਫੈਲ ਰਹੀਆਂ ਭਿਆਨਕ ਬਿਮਾਰੀਆਂ
ਬੁੱਢੇ ਨਾਲੇ ਦੇ ਨਾਲ ਲੱਗਦੇ ਪਿੰਡਾਂ ਵਿੱਚ ਹਲਾਤ ਦਿਨ-ਬ-ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਨਾਲੇ ਦਾ ਕੈਮੀਕਲ ਯੁਕਤ ਪਾਣੀ ਧਰਤੀ ਦੇ ਹੇਠਲੇ ਪਾਣੀ (Underground Water) ਵਿੱਚ ਰਚ-ਮਿਚ ਗਿਆ ਹੈ, ਜਿਸ ਕਰਕੇ ਨਲਕਿਆਂ ਅਤੇ ਸਮਰਸੀਬਲ ਪੰਪਾਂ ਤੋਂ ਆਉਂਦਾ ਪਾਣੀ ਪੀਣ ਯੋਗ ਨਹੀਂ ਰਿਹਾ। ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਲਈ ਪਿੰਡਾਂ ਦੇ ਵਿੱਚ 300 ਫੁੱਟ ਤੋਂ ਵੱਧ ਡੂੰਘਾ ਬੋਰ ਕਰਵਾਉਣਾ ਪੈਂਦਾ ਹੈ, ਇਸ ਦੂਸ਼ਿਤ ਪਾਣੀ ਦੀ ਵਰਤੋਂ ਕਾਰਨ ਇਲਾਕੇ ਵਿੱਚ ਕਾਲਾ ਪੀਲੀਆ, (ਹੈਪੇਟਾਈਟਸ A E) ਅਤੇ ਕੈਂਸਰ ਵਰਗੀਆਂ ਲਾਇਲਾਜ ਅਤੇ ਗੰਭੀਰ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਹਨ।
ਕਾਲਾ ਪੀਲੀਆ (Hepatitis): ਦੂਸ਼ਿਤ ਪਾਣੀ ਕਾਰਨ ਪੇਟ ਅਤੇ ਜਿਗਰ (Liver) ਦੀਆਂ ਬਿਮਾਰੀਆਂ ਆਮ ਹੋ ਗਈਆਂ ਹਨ। ਨਾਲੇ ਦੇ ਨਾਲ ਲੱਗਦੇ ਲਗਭਗ ਹਰ ਦੂਜੇ-ਤੀਜੇ ਘਰ ਵਿੱਚ ਕਾਲੇ ਪੀਲੀਏ ਦੇ ਮਰੀਜ਼ ਦੇਖਣ ਨੂੰ ਮਿਲ ਰਹੇ ਹਨ।
ਕੈਂਸਰ ਦਾ ਖ਼ਤਰਾ: ਰਸਾਇਣਕ ਤੱਤਾਂ ਅਤੇ ਹੈਵੀ ਮੈਟਲਜ਼ (Heavy Metals) ਵਾਲਾ ਪਾਣੀ ਪੀਣ ਨਾਲ ਲੋਕਾਂ ਵਿੱਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਕਈ ਪਿੰਡਾਂ ਨੂੰ ਤਾਂ ‘ਕੈਂਸਰ ਪ੍ਰਭਾਵਿਤ ਖੇਤਰ’ ਵਜੋਂ ਦੇਖਿਆ ਜਾਣ ਲੱਗਾ ਹੈ।
ਚਮੜੀ ਅਤੇ ਸਾਹ ਦੀਆਂ ਬਿਮਾਰੀਆਂ: ਬੁੱਢੇ ਨਾਲੇ ਦੀ ਬਦਬੂ ਅਤੇ ਜ਼ਹਿਰੀਲੇ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਚਮੜੀ ਦੀਆਂ ਬਿਮਾਰੀਆਂ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸਮੱਸਿਆ ਆਮ ਹੋ ਚੁੱਕੀ ਹੈ।
ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਅਤੇ ਪ੍ਰਸ਼ਾਸਨ ਦਾ ਰਵੱਈਆ
ਇਸ ਗੰਦਗੀ ਕਾਰਨ ਪਿੰਡਾਂ ਦੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ “ਉਹ ਬੀਤੇ ਲੰਮੇ ਸਮੇਂ ਤੋਂ ਇਸ ਨਰਕ ਭਰੀ ਜ਼ਿੰਦਗੀ ਨੂੰ ਜਿਉਣ ਲਈ ਮਜ਼ਬੂਰ ਹਨ। ਹਰ ਸਾਲ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਬੁੱਢੇ ਨਾਲੇ ਦੀ ਸਫ਼ਾਈ ਅਤੇ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਵੱਡੇ–ਵੱਡੇ ਦਾਅਵੇ ਕੀਤੇ ਜਾਂਦੇ ਹਨ, ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਐਲਾਨ ਹੁੰਦੇ ਹਨ, ਪਰ ਜ਼ਮੀਨੀ ਹਕੀਕਤ ਵਿੱਚ ਕੋਈ ਵੱਡਾ ਸੁਧਾਰ ਨਜ਼ਰ ਨਹੀਂ ਆਉਂਦਾ। ਨਾਲੇ ਦੇ ਨਾਲ ਲੱਗਦੇ ਪਿੰਡਾਂ ਵਿੱਚ ਸ਼ੁੱਧ ਪੀਣ ਵਾਲੇ ਪਾਣੀ ਦੀ ਘਾਟ ਹੈ, ਜਿਸ ਕਾਰਨ ਗਰੀਬ ਪਰਿਵਾਰ ਉਹੀ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਆਪਣੀ ਜਮ੍ਹਾਂ ਪੂੰਜੀ ਇਲਾਜ ਉੱਤੇ ਗੁਆ ਰਹੇ ਹਨ।”
ਕਾਲਾ ਪੀਲੀਆ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
ਕਾਲੇ ਪੀਲੀਏ ਦੇ ਮੁੱਖ ਲੱਛਣ
ਬੁੱਢੇ ਨਾਲੇ ਨਾਲ ਲੱਗਦੇ ਪਿੰਡ
ਸਾਡੀ ਟੀਮ ਵੱਲੋਂ ਬੁੱਢੇ ਨਾਲੇ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਖਾਸ ਕਰਕੇ ਪਿੰਡ ਵਲੀਪੁਰ ਜਿੱਥੇ ਬਿਲਕੁਲ ਬੁੱਢਾ ਨਾਲਾ ਕੋਲੋਂ ਲੰਘਦਾ ਹੈ ਅਤੇ ਫਿਰ ਅੱਗੇ ਜਾ ਕੇ ਸਤਲੁਜ ਦੇ ਵਿੱਚ ਮਿਲ ਜਾਂਦਾ ਹੈ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ।
ਵੱਡੀ ਗਿਣਤੀ ਵਿੱਚ ਕਾਲੇ ਪੀਲੀਏ ਦੀ ਚਪੇਟ ‘ਚ ਲੋਕ ?
ਪਿੰਡ ਦੇ ਨੌਜਵਾਨ ਜਗਵਿੰਦਰ ਸਿੰਘ ਨੇ ਦੱਸਿਆ ਕਿ ‘ਪਿੰਡ ਦੇ ਵਿੱਚ ਕਾਲੇ ਪੀਲੀਏ ਦੀ ਬਹੁਤ ਵੱਡੀ ਸਮੱਸਿਆ ਹੈ। 60 ਤੋਂ 70 ਫੀਸਦੀ ਲੋਕਾਂ ਨੂੰ ਕਾਲਾ ਪੀਲੀਆ ਹੈ ਉਹ ਚੈੱਕ ਹੀ ਨਹੀਂ ਕਰਵਾਉਂਦੇ ਜਦੋਂ ਪਹਿਲਾਂ ਕੈਂਪ ਲੱਗਦੇ ਸਨ ਤਾਂ ਚੈੱਕ ਹੋ ਜਾਂਦਾ ਸੀ ਪਰ ਹੁਣ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਉਸ ਦੇ ਖੁਦ ਦੇ ਪਿਤਾ ਨੂੰ ਕਾਲਾ ਪੀਲੀਆ ਹੈ।”
“ਕਾਲੇ ਪੀਲੀਏ ਦੀ ਬਹੁਤ ਵੱਡੀ ਸਮੱਸਿਆ ਹੈ। ਗੰਦਾ ਨਾਲੇ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 70-80 ਫੀਸਦ ਲੋਕ ਕਾਲੇ ਪੀਲੀਏ ਤੋਂ ਪੀੜਤ ਹਨ। ਬੱਚੇ, ਨੌਜਵਾਨ ਅਤੇ ਬਜ਼ੁਰਗ ਇਸਦੀ ਚਪੇਟ ਵਿੱਚ ਆ ਹਨ। ਕਾਰਨ ਦੂਸ਼ਿਤ ਪਾਣੀ ਹੈ। ਇੱਥੇ ਰਿਸ਼ਤੇ ਦੇਖ ਕੇ ਹੁੰਦੇ ਹਨ।ਮਾਪੇ ਇੱਥੋਂ ਦੀ ਸਮੱਸਿਆ ਨੂੰ ਦੇਖਦੇ ਹਨ। ਜਿਸ ਕਰਕੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਵਿਆਹ ਨਹੀਂ ਹੋ ਰਹੇ। ਇਸ ਸਮੱਸਿਆ ਦੇ ਚੱਲਦੇ ਹੀ ਛੋਟੀ ਉਮਰ ਤੋਂ ਲੈਕੇ ਹਰ ਇੱਕ ਦੇ ਵਾਲ ਚਿੱਟੇ ਹੋ ਰਹੇ ਹਨ।” –ਜੋਗਵਿੰਦਰ ਸਿੰਘ, ਸਥਾਨਕ ਵਾਸੀ
‘ਕਾਲੇ ਪੀਲੀਏ ਕਾਰਨ ਹੋ ਰਹੀਆਂ ਮੌਤਾਂ‘
ਪਿੰਡ ਦੇ ਹੀ ਸਾਬਕਾ ਸਰਪੰਚ ਉਜਾਗਰ ਸਿੰਘ ਨੇ ਦੱਸਿਆ ਕਿ “ਸਾਡੇ ਪਿੰਡ ਦੇ ਵਿੱਚ 20 ਤੋਂ 25 ਮੌਤਾਂ ਕਾਲੇ ਪੀਲੀਏ ਦੇ ਨਾਲ ਹੋ ਚੁੱਕੀਆਂ ਹਨ। ਉਨ੍ਹਾਂਂ ਦੇ ਘਰ ਦੇ ਵਿੱਚ ਤਿੰਨ ਮੌਤਾਂ ਹੋਈਆਂ ਹਨ ਜਿਸ ਵਿੱਚ ਉਨ੍ਹਾਂ ਦੇ ਪਿਤਾ ਵੀ ਸ਼ਾਮਿਲ ਨੇ ਹੁਣ ਵੀ ਪਿੰਡ ਦੇ ਵਿੱਚ 15 ਤੋਂ 20 ਲੋਕ ਕਾਲੇ ਪੀਲੀਏ ਤੋਂ ਸ਼ਿਕਾਰ ਹਨ।”
ਪ੍ਰਦੂਸ਼ਿਤ ਪਾਣੀ ਕਾਰਨ ਵੱਡੀਆਂ ਸਮੱਸਿਆਵਾਂ
ਪਿੰਡ ਦੇ ਨੌਜਵਾਨ ਜਸਵਿੰਦਰ ਸਿੰਘ ਨੇ ਦੱਸਿਆ “ਬੁੱਢੇ ਨਾਲੇ ਦੇ ਕਰਕੇ ਪਿੰਡ ਦਾ ਪਾਣੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ। ਹਲਾਤ ਇਹ ਬਣੇ ਹੋਏ ਨੇ ਕਿ ਪੀਣ ਵਾਲਾ ਪਾਣੀ ਸਾਨੂੰ ਦੂਰ–ਦੂਰ ਜਾ ਕੇ ਲਿਆਉਣਾ ਪੈਂਦਾ ਹੈ। ਜਿਨ੍ਹਾਂ ਦੇ ਘਰ ਦੇ ਵਿੱਚ ਡੂੰਘੇ ਬੋਰ ਹਨ ਜਾਂ ਫਿਰ ਸਪਲਾਈ ਦਾ ਪਾਣੀ ਹੈ ਉਹ ਤਾਂ ਠੀਕ ਹੈ 150 ਫੁੱਟ ਤੱਕ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਕਾਲਾ ਪੀਲੀਆ, ਚਮੜੀ ਰੋਗ, ਕੈਂਸਰ ਵਰਗੀਆਂ ਬਿਮਾਰੀਆਂ ਪਿੰਡ ਵਿੱਚ ਪੈਦਾ ਹੋ ਰਹੀਆਂ ਹਨ। ਛੋਟੀ ਉਮਰ ਦੇ ਵਿੱਚ ਹੀ ਵਾਲ ਚਿੱਟੇ ਹੋ ਜਾਂਦੇ ਹਨ। ਇੱਥੋਂ ਤੱਕ ਕਿ ਪਿੰਡ ਦੇ ਨੌਜਵਾਨਾਂ ਦੇ ਸਾਕ ਵੀ ਨਹੀਂ ਹੋ ਰਹੇ ਲੋਕ ਬਿਮਾਰੀਆਂ ਤੋਂ ਡਰਦੇ ਹਨ। ਪਿੰਡ ਬਾਰੇ ਪਤਾ ਕਰਦੇ ਨੇ ਤਾਂ ਰਿਸ਼ਤਾ ਤੋੜ ਦਿੰਦੇ ਹਨ।”
“ਤਕਰੀਬਨ ਸਾਡੇ ਪਿੰਡ ਵਿੱਚ ਕਾਲੇ ਪੀਲੀਏ ਕਾਰਨ 20-25 ਮੌਤਾਂ ਹੋ ਚੁੱਕੀਆਂ ਹਨ। ਸਾਡੇ ਆਪਣੇ ਘਰ ਦੇ 3 ਜੀਅ ਸ਼ਿਕਾਰ ਹੋ ਚੁੱਕੇ ਹਨ। ਹਾਲੇ ਵੀ ਕਾਲੇ ਪੀਲੀਏ ਦਾ ਕਹਿਰ ਜਾਰੀ ਹੈ। ਕਈ ਲੋਕ ਕਾਲੇ ਪੀਲੀਏ ਦੀ ਚਪੇਟ ਵਿੱਚ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸਾਡੇ ਪਿੰਡ ਦੇ ਨਾਲ ਲੱਗਦਾ ਗੰਦਾ ਨਾਲਾ ਹੈ। ਇਸ ਨਾਲੇ ਵਿੱਚ ਫੈਕਟਰੀਆਂ ਤੋਂ ਇਲਾਵਾ ਹੋਰ ਜ਼ਹਿਰੀਲਾ ਪਾਣੀ ਪਾਇਆ ਜਾਂਦਾ ਹੈ। ਜਿਸ ਕਾਰਨ ਆਲੇ ਦੁਆਲੇ ਵਸਦੇ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪੈ ਰਹੀਆਂ ਹਨ।”– ਉਜਾਗਰ ਸਿੰਘ,ਸਾਬਕਾ ਸਰਪੰਚ, ਪਿੰਡ ਵਲੀਪੁਰ
ਕਈ ਪਿੰਡ ਬਿਮਾਰੀਆਂ ਦੀ ਚਪੇਟ ‘ਚ
ਪਿੰਡ ਦੇ ਮੌਜੂਦਾ ਸਰਪੰਚ ਹਰਦਿਆਲ ਸਿੰਘ ਨੇ ਦੱਸਿਆ ਕਿ “ਸਾਡੇ ਪਿੰਡ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਕਈ ਪਿੰਡ ਜਿਨ੍ਹਾਂ ਦੇ ਵਿੱਚ ਵਲੀਪੁਰ ਕਲਾਂ, ਵਲੀਪੁਰ ਖੁਰਦ, ਗੌਂਸਗੜ੍ਹ, ਸੇਖੂਪੁਰ, ਤਾਜਪੁਰ, ਬਲੋਕੇ, ਸਲੇਮਪੁਰ, ਗੋਂਸਪੁਰ, ਫਾਗਲਾ, ਗੁਜਰਾਂਵਾਲ ਹੋਰ ਕਈ ਦਰਜਣਾ ਅਜਿਹੇ ਪਿੰਡ ਹਨ ਜਿੱਥੇ ਇਹ ਪਾਣੀ ਬਿਮਾਰੀਆਂ ਵੰਡ ਰਿਹਾ ਹੈ। ਪਿੰਡਾਂ ਦੇ ਵਿੱਚ ਰਿਸ਼ਤੇ ਨਹੀਂ ਹੋ ਰਹੇ। ਮੌਤਾਂ ਦਾ ਸਿਲਸਿਲਾ ਜਾਰੀ ਹੈ। ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਕੋਈ ਕੈਂਪ ਨਹੀਂ ਲੱਗ ਰਹੇ।”
ਫਸਲਾਂ ਨੂੰ ਵੀ ਲਗਾਉਣਾ ਪੈ ਰਿਹਾ ਪ੍ਰਦੂਸ਼ਿਤ ਪਾਣੀ
ਇਸੇ ਤਰ੍ਹਾਂ ਪਿੰਡ ਦੇ ਹੀ ਕੇਸਰ ਸਿੰਘ ਅਤੇ ਹਰਨੇਕ ਸਿੰਘ ਨੇ ਦੱਸਿਆ “ਫਸਲ ਨੂੰ ਅਸੀਂ ਇਹੀ ਪਾਣੀ ਲਾਉਣ ਲਈ ਮਜਬੂਰ ਹਾਂ ਕਿਉਂਕਿ ਕਈ ਮੋਟਰਾਂ ਦਾ ਪਾਣੀ 100 ਫੁੱਟ ਤੋਂ ਵੀ ਉੱਪਰ ਹੈ। ਪਿੰਡ ਦੇ ਵਿੱਚ ਕੋਈ ਅਜਿਹਾ ਸ਼ਖਸ ਨਹੀਂ ਹੈ ਜਿਸ ਦੀ ਉਮਰ 65 ਸਾਲ ਤੋਂ ਵਧੇਰੇ ਹੋਵੇ। 65 ਸਾਲ ਤੱਕ ਤਾਂ ਸਭ ਦੀ ਮੌਤ ਹੋ ਜਾਂਦੀ ਹੈ। ਪਿੰਡ ਵਿੱਚ ਕੋਈ ਹੀ ਸ਼ਖਸ ਹੋਵੇਗਾ ਜੋ 65 ਸਾਲ ਟੱਪਿਆ ਹੋਵੇ। 80-90 ਸਾਲ ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਹੈ।”
ਸਥਾਨਕ ਡਾਕਟਰ ਵੱਲੋਂ ਚਿੰਤਾ ਜ਼ਾਹਰ
ਪਿੰਡ ਵਾਲੀਪੁਰ ਕਲਾਂ ਦੀ ਡਾਕਟਰ ਨਵਦੀਪ ਕੌਰ ਵੱਲੋਂ ਕੁਝ ਸਮੇਂ ਪਹਿਲਾਂ ਹੀ ਇੱਥੇ ਕਲੀਨਿਕ ਖੋਲ੍ਹਿਆ ਗਿਆ ਹੈ, ਜਿਨ੍ਹਾਂ ਦੱਸਿਆ ਕਿ “ਸਾਡੇ ਕੋਲ ਰੂਟੀਨ ਦੇ ਵਿੱਚ ਜ਼ਿਆਦਾਤਰ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਮਰੀਜ਼ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਫੂਡ ਪੋਇਜ਼ਨਿੰਗ, ਪੇਟ ਦਰਦ, ਅੱਖਾਂ ਅਤੇ ਹੱਥਾਂ ਦੇ ਵਿੱਚ ਖਾਰਿਸ਼ ਆਦਿ ਦੇ ਜ਼ਿਆਦਾ ਮਰੀਜ਼ ਆ ਰਹੇ ਹਨ। ਇਨ੍ਹਾਂ ਪਿੰਡਾਂ ਦੇ ਵਿੱਚ ਕਾਲੇ ਪੀਲੀਏ ਦੀ ਬਹੁਤ ਵੱਡੀ ਸਮੱਸਿਆ ਹੈ। ਬਹੁਤ ਸਾਰੇ ਲੋਕ ਇਸ ਤੋਂ ਪੀੜਤ ਹਨ, ਪਰ ਲੋਕਾਂ ਨੂੰ ਜਾਗਰੂਕਤਾ ਦੀ ਵੱਡੀ ਕਮੀ ਹੈ ਲੋਕ ਆਪਣਾ ਚੈੱਕਅੱਪ ਨਹੀਂ ਕਰਵਾ ਰਹੇ ਜਦੋਂ ਸਮੱਸਿਆ ਵੱਧ ਜਾਂਦੀ ਹੈ, ਤਾਂ ਫਿਰ ਇਲਾਜ ਅਸੰਭਵ ਹੋ ਜਾਂਦਾ ਹੈ। ਪਿੰਡ ਦੇ ਵਿੱਚ ਕਈ ਲੋਕ ਇਸ ਤੋਂ ਪੀੜਤ ਹਨ ਜਿਸ ਦਾ ਇੱਕ ਵੱਡਾ ਕਾਰਨ ਧਰਤੀ ਹੇਠਲਾ ਪ੍ਰਦੂਸ਼ਿਤ ਪਾਣੀ ਹੈ ਜੋ ਕਿ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ ਇਸ ‘ਤੇ ਠੱਲ ਪਾਉਣ ਦੀ ਲੋੜ ਹੈ।”
ਪਬਲਿਕ ਐਕਸ਼ਨ ਕਮੇਟੀ
ਬੁੱਢੇ ਨਾਲੇ ਦੇ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਲੈ ਕੇ ਪਬਲਿਕ ਐਕਸ਼ਨ ਕਮੇਟੀ ਵੱਲੋਂ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਪਬਲਿਕ ਐਕਸ਼ਨ ਕਮੇਟੀ ਦੇ ਹੀ ਮੌਜੂਦਾ ਮੈਂਬਰ ਕਰਨਲ ਲਖਨਪਾਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ “ਲੁਧਿਆਣਾ ਦਾ ਬੁੱਢਾ ਨਾਲਾ ਜੋ ਕਿ ਕਿਸੇ ਵੇਲੇ ਬੁੱਢਾ ਦਰਿਆ ਹੁੰਦਾ ਉਸ ਦੇ ਹਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਪਾਣੀ ਸਤਲੁਜ ਦੇ ਵਿੱਚ ਜਾ ਕੇ ਮਿਲਦਾ ਹੈ ਬੁੱਢੇ ਨਾਲੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ। ਲੋਕ ਇਸ ਤੋਂ ਪੀੜਤ ਆਪਣੀਆਂ ਜਾਨਾਂ ਗਵਾ ਰਹੇ ਹਨ। ਘੱਟ ਉਮਰ ਦੇ ਵਿੱਚ ਵਾਲ ਚਿੱਟੇ ਹੋ ਰਹੇ ਹਨ। ਕਾਲਾ ਪੀਲੀਆ ਇਨ੍ਹਾਂ ਵੱਧ ਚੁੱਕਾ ਹੈ ਕਿ ਲੋਕ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰਿਹਾ। ਜਾਗਰੂਕਤਾ ਦੀ ਵੱਡੀ ਕਮੀ ਹੈ।”
“ਸਿਵਲ ਹਸਪਤਾਲ ਦੇ ਵਿੱਚ ਜੋ ਇਲਾਜ ਕਰਾਉਣ ਲਈ ਆ ਰਹੇ ਹਨ। ਉਹ ਸ਼ਹਿਰ ਦੇ ਲੋਕ ਨੇ ਜਾਂ ਫਿਰ ਜ਼ਿਆਦਾਤਰ ਫੈਕਟਰੀਆਂ ਚ ਕੰਮ ਕਰਨ ਵਾਲੇ ਲੋਕ ਹਨ। ਲੁਧਿਆਣਾ ਦੇ ਵਿੱਚ ਨਾ ਸਿਰਫ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਸਗੋਂ ਡੈਰੀਆਂ ਦਾ ਵੇਸਟ ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਦੇ ਸੀਵਰੇਜ ਦਾ ਪਾਣੀ ਵੀ ਬੁੱਢੇ ਨਾਲੇ ਦੇ ਵਿੱਚ ਸਿੱਧਾ ਮਿਲ ਰਿਹਾ ਹੈ।ਅਤੇ ਇਹ ਅੱਗੇ ਜਾ ਕੇ ਵਲੀਪੁਰ ਪਿੰਡ ਦੇ ਵਿੱਚ ਸਤਲੁਜ ਦਰਿਆ ‘ਚ ਮਿਲ ਜਾਂਦਾ ਹੈ ਜੋ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਅੱਗੇ ਰਾਜਸਥਾਨ ਪਹੁੰਚਦਾ ਹੈ ਅਤੇ ਬਿਮਾਰੀਆਂ ਵੰਡਦਾ ਹੋਇਆ ਜਾਂਦਾ ਹੈ।”–ਕਰਨਲ ਲਖਨਪਾਲ,ਪੀ ਏ ਸੀ ਮੈਂਬਰ
ਸਮੱਸਿਆ ਦਾ ਹੱਲ: ਕੀ ਕੀਤੇ ਜਾਣ ਦੀ ਲੋੜ ਹੈ?
ਉਦਯੋਗਿਕ ਕੈਮੀਕਲ ਉੱਤੇ ਸਖ਼ਤੀ: ਫੈਕਟਰੀਆਂ ਅਤੇ ਟੈਕਸਟਾਈਲ ਯੂਨਿਟਾਂ ਦੁਆਰਾ ਬਿਨਾਂ ਟ੍ਰੀਟ ਕੀਤਾ ਕੈਮੀਕਲ ਵਾਲਾ ਪਾਣੀ ਨਾਲੇ ਵਿੱਚ ਸੁੱਟਣ ਉੱਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ।
STP (Sewage Treatment Plants) ਦੀ ਸਮਰੱਥਾ ਵਧਾਉਣਾ: ਸੀਵਰੇਜ ਅਤੇ ਉਦਯੋਗਿਕ ਪਾਣੀ ਨੂੰ ਸਾਫ਼ ਕਰਨ ਲਈ ਆਧੁਨਿਕ ਟ੍ਰੀਟਮੈਂਟ ਪਲਾਟਾਂ ਨੂੰ ਪੂਰੀ ਸਮਰੱਥਾ ਨਾਲ ਚਲਾਇਆ ਜਾਵੇ।
ਸਾਫ਼ ਪੀਣ ਵਾਲਾ ਪਾਣੀ: ਪ੍ਰਭਾਵਿਤ ਪਿੰਡਾਂ ਵਿੱਚ ਪ੍ਰਸ਼ਾਸਨ ਵੱਲੋਂ ਤੁਰੰਤ ਨਹਿਰੀ ਪਾਣੀ ਜਾਂ ਆਰ.ਓ. (RO) ਪਲਾਂਟਾਂ ਰਾਹੀਂ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।
ਮੁਫ਼ਤ ਸਿਹਤ ਕੈਂਪ: ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਲਗਾ ਕੇ ਕਾਲੇ ਪੀਲੀਏ ਅਤੇ ਕੈਂਸਰ ਦੀ ਜਾਂਚ ਕੀਤੀ ਜਾਵੇ ਅਤੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ।
ਕੀ ਹੈ ਬੁੱਢਾ ਨਾਲਾ ਅਤੇ ਕਿੱਥੋਂ ਹੁੰਦਾ ਹੈ ?
ਦਰਅਸਲ, ਮਾਛੀਵਾੜਾ ਦੇ ਨੇੜੇ ਲੱਗਦੇ ਪਿੰਡ ਬਹਿਲੋਲਪੁਰ ਦੀ ਇੱਕ ਚੈਨਲ ਤੋਂ ਬੁੱਢੇ ਨਾਲੇ ਦੀ ਸ਼ੁਰੂਆਤ ਹੁੰਦੀ ਹੈ। ਕੁੰਮ ਕਲਾਂ ਦੇ ਵਿੱਚ ਇਹ ਦੋ ਚੈਨਲ ਆ ਕੇ ਇਕੱਠੇ ਹੁੰਦੇ ਹਨ ਅਤੇ ਉਥੋਂ ਹੀ ਬੁੱਢਾ ਦਰਿਆ ਸ਼ੁਰੂ ਹੁੰਦਾ ਹੈ ਹਾਲਾਂਕਿ ਇਸ ਵਿੱਚ ਪਹਿਲਾ ਪਾਣੀ ਸਾਫ ਹੁੰਦਾ ਸੀ ਪਰ ਸਮੇਂ ਦੇ ਬਦਲਣ ਨਾਲ ਸ਼ਹਿਰੀਕਰਨ ਵੱਧਦਾ ਗਿਆ ਅਤੇ ਲੁਧਿਆਣਾ ਦੇ ਵਿੱਚ ਲੱਗਣ ਵਾਲੀਆਂ ਫੈਕਟਰੀਆਂ ਨੇ ਆਪਣਾ ਵੇਸਟ ਖਾਸ ਕਰਕੇ ਕੱਪੜੇ ਰੰਗਣ ਵਾਲੀਆਂ ਫੈਕਟਰੀਆਂ ਨੇ ਕੈਮੀਕਲ ਯੁਕਤ ਪਾਣੀ ਬੁੱਢੇ ਨਾਲੇ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਟਰੀਟਮੈਂਟ ਪਲਾਂਟ ਵੀ ਲਗਾਏ ਗਏ। ਇਸ ਤੋਂ ਬਾਅਦ ਬੁੱਢੇ ਨਾਲੇ ਦੇ ਨਾਲ ਤਾਸ਼ਪੁਰ ਰੋਡ ਅਤੇ ਖਾਸ ਕਰਕੇ ਹੰਬੜਾ ਦੇ ਕੋਲ ਲੱਗਦੀਆਂ ਡਾਇਰੀਆਂ ਵੱਲੋਂ ਵੀ ਆਪਣਾ ਵੇਸਟ ਮਟੀਰੀਅਲ ਬੁੱਢੇ ਨਾਲੇ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ। ਮਰੇ ਹੋਏ ਡੰਗਰ ਇਸ ਨਾਲੇ ਦੇ ਵਿੱਚ ਸੁੱਟੇ ਜਾਣ ਕਰਕੇ ਇਸ ਦਾ ਪਾਣੀ ਇਨਾਂ ਪ੍ਰਦੂਸ਼ਿਤ ਹੋ ਗਿਆ ਕਿ ਇਹ ਪਾਣੀ ਲੁਧਿਆਣਾ ਤੋਂ 20 ਕਿਲੋਮੀਟਰ ਦੇ ਇਲਾਕੇ ਦੇ ਵਿੱਚੋਂ ਲੰਘਦਾ ਹੋਇਆ ਪਿੰਡ ਵਾਲੀਪੁਰ ਜਾ ਕੇ ਸਤਲੁਜ ਦਰਿਆ ਦੇ ਵਿੱਚ ਮਿਲ ਜਾਂਦਾ ਹੈ। ਜਿਸ ਨਾਲ ਸਤਲੁਜ ਦਰਿਆ ਵੀ ਪੂਰੀ ਤਰਹਾਂ ਪ੍ਰਦੂਸ਼ਿਤ ਹੋ ਜਾਂਦਾ ਹੈ।
650 ਕਰੋੜ ਦਾ ਪ੍ਰੋਜੈਕਟ
ਅਜਿਹਾ ਨਹੀਂ ਹੈ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ ਯਤਨ ਨਾ ਕੀਤੇ ਹੋਣ। ਲੁਧਿਆਣਾ ਨਗਰ ਨਿਗਮ ਦੇ ਨਾਲ ਪੰਜਾਬ ਦੀ ਸਮੇਂ ਦੀਆਂ ਸਰਕਾਰਾਂ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ ਅਨੇਕਾਂ ਦਾਅਵੇ ਕੀਤੇ ਗਏ। ਸੰਤ ਬਲਵੀਰ ਸਿੰਘ ਸੀਚੇਵਾਲ ਬੁੱਢੇ ਨਾਲੇ ਦੀ ਸਫਾਈ ਲਈ ਲਗਾਤਾਰ ਕੰਮ ਕਰ ਰਹੇ ਨੇ ਪਰ ਬੁੱਢਾ ਨਾਲਾ ਸਾਫ ਨਹੀਂ ਹੋ ਪਾ ਰਿਹਾ ਹੈ। ਸਥਾਨਕ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹਲਾਤ ਜਿਉਂ ਦੇ ਤਿਉਂ ਨੇ ਫਰਕ ਵਿਖਾਈ ਨਹੀਂ ਦੇ ਰਿਹਾ। ਇਸ ਤੋਂ ਪਹਿਲਾਂ ਜੈਰਾਮ ਰਮੇਸ਼ ਵੱਲੋਂ ਬੁੱਢੇ ਨਾਲੇ ਦੇ ਵਿੱਚ ਸਫਾਈ ਕਰਨ ਦੇ ਲਈ ਮੱਛੀਆਂ ਸੁੱਟੀਆਂ ਗਈਆਂ ਸਨ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਕੈਮੀਕਲ ਵੀ ਪਾਏ ਗਏ। ਟ੍ਰੀਟਮੈਂਟ ਪਲਾਂਟ ਲਗਾਏ ਗਏ ਕਾਂਗਰਸ ਦੀ ਸਰਕਾਰ ਵੇਲੇ 2017 ਦੇ ਅੰਦਰ 650 ਕਰੋੜ ਦਾ ਪ੍ਰੋਜੈਕਟ ਬੁੱਢੇ ਨਾਲ ਇਹਦੀ ਸਫਾਈ ਲਈ ਪਾਸ ਕੀਤਾ ਗਿਆ, ਪੈਸੇ ਵੀ ਲਾ ਦਿੱਤੇ ਗਏ 2026 ਆ ਗਿਆ ਪਰ ਬੁੱਢੇ ਨਾਲੇ ਦੇ ਹਲਾਤ ਨਹੀਂ ਬਦਲੇ।
ETV BHARAT