Asian Para Games: ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਐਥਲੀਟਾਂ ਦਾ ਦਬਦਬਾ
ਪੰਜ ਸੋਨ ਤਗ਼ਮਿਆਂ ਸਣੇ ਕੁੱਲ 22 ਤਗ਼ਮੇ ਜਿੱਤੇ
23 ਅਕਤੂਬਰ, 2026 – ਨਾਗੋਆ : ਏਸ਼ਿਆਈ ਪੈਰਾ ਖੇਡਾਂ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਰਤੀ ਐਥਲੀਟਾਂ ਨੇ ਅੱਜ ਪੰਜ ਸੋਨ ਤਗ਼ਮਿਆਂ ਸਮੇਤ ਕੁੱਲ 22 ਤਗ਼ਮੇ ਦੇਸ਼ ਦੀ ਝੋਲੀ ਪਾਏ। ਇਸ ਦੇ ਨਾਲ ਹੀ ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਕੁੱਲ ਤਗ਼ਮਿਆਂ ਦੀ ਗਿਣਤੀ 62 ਹੋ ਗਈ ਹੈ, ਜਿਸ ਵਿੱਚ 14 ਸੋਨੇ, 22 ਚਾਂਦੀ ਅਤੇ 26 ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਦੇਸ਼ ਵੱਲੋਂ ਹੁਣ ਤੱਕ ਜਿੱਤੇ ਗਏ ਕੁੱਲ 14 ਸੋਨ ਤਗ਼ਮਿਆਂ ’ਚੋਂ 13 ਸਿਰਫ਼ ਐਥਲੈਟਿਕਸ ਵਿੱਚੋਂ ਆਏ ਹਨ। ਇਸੇ ਤਰ੍ਹਾਂ 22 ’ਚੋਂ 14 ਚਾਂਦੀ ਅਤੇ 26 ’ਚੋਂ 15 ਕਾਂਸੇ ਦੇ ਤਗ਼ਮੇ ਵੀ ਐਥਲੀਟਾਂ ਨੇ ਹੀ ਜਿੱਤੇ ਹਨ। ਨੇਤਰਹੀਣ ਦੌੜਾਕ ਸਿਮਰਨ ਨੇ ਕੁੜੀਆਂ ਦੀ 100 ਮੀਟਰ ਟੀ 12 ਦੌੜ ਵਿੱਚ 12.02 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਖੇਡ ਰਿਕਾਰਡ ਬਣਾਇਆ ਅਤੇ ਸੋਨੇ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਪੁਰਸ਼ਾਂ ਦੀ ਉੱਚੀ ਛਾਲ (ਟੀ 44/64) ਵਿੱਚ ਪਰਵੀਨ ਕੁਮਾਰ ਨੇ 2.05 ਮੀਟਰ ਦੀ ਛਾਲ ਨਾਲ ਅਤੇ ਪੁਰਸ਼ਾਂ ਦੇ ਸ਼ਾਟ ਪੁੱਟ (ਗੋਲਾ ਸੁੱਟਣਾ) (ਐੱਫ 46) ਵਿੱਚ ਸਚਿਨ ਨੇ 15.87 ਮੀਟਰ ਦੀ ਥਰੋਅ ਨਾਲ ਨਵੇਂ ਖੇਡ ਰਿਕਾਰਡ ਕਾਇਮ ਕਰਦਿਆਂ ਸੋਨ ਤਗ਼ਮੇ ਜਿੱਤੇ। ਸਚਿਨ ਨੇ 15.67 ਮੀਟਰ ਦਾ ਪੁਰਾਣਾ ਰਿਕਾਰਡ ਤੋੜਿਆ। ਇਨ੍ਹਾਂ ਤੋਂ ਇਲਾਵਾ ਦਿਲੀਪ ਗਾਵਿਤ ਨੇ ਪੁਰਸ਼ਾਂ ਦੀ 100 ਮੀਟਰ ਟੀ 47 ਦੌੜ ਅਤੇ ਆਯੂਸ਼ ਵਰਮਾ ਨੇ ਪੁਰਸ਼ਾਂ ਦੇ ਗੋਲਾ ਸੁੱਟਣ ਦੇ ਐੱਫ 53 ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਆਪਣੇ ਨਾਮ ਕੀਤਾ। ਦੂਜੇ ਪਾਸੇ ਪੈਰਾਲੰਪਿਕਸ ਜੇਤੂ ਪ੍ਰੀਤੀ ਪਾਲ ਨੇ ਕੁੜੀਆਂ ਦੀ 100 ਮੀਟਰ ਟੀ 35 ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜੋ ਇਸ ਟੂਰਨਾਮੈਂਟ ਵਿੱਚ ਉਸ ਦਾ ਦੂਜਾ ਤਗ਼ਮਾ ਹੈ। ਇਸ ਤੋਂ ਇਲਾਵਾ ਬੰਟੀ (ਉੱਚੀ ਛਾਲ), ਭਾਗਿਆਸ੍ਰੀ ਜਾਧਵ (ਗੋਲਾ ਸੁੱਟਣਾ), ਮੁਹੰਮਦ ਯਾਸਰ (ਗੋਲਾ ਸੁੱਟਣਾ), ਮਨਜੀਤ (ਨੇਜ਼ਾਬਾਜ਼ੀ) ਅਤੇ ਮੁਹੰਮਦ ਮੁਰਸੀਨਗਨਕਥ ਬਾਸਿਲ (100 ਮੀਟਰ ਦੌੜ) ਨੇ ਆਪੋ-ਆਪਣੇ ਵਰਗਾਂ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ। ਅਨੁਭਵ ਚੌਧਰੀ, ਰਾਕੇਸ਼ਭਾਈ ਭੱਟ (ਦੋਵੇਂ 100 ਮੀਟਰ ਦੌੜ) ਅਤੇ ਪਰਵੀਨ (ਗੋਲਾ ਸੁੱਟਣਾ) ਨੇ ਕਾਂਸੇ ਦੇ ਤਗ਼ਮੇ ਜਿੱਤੇ। ਜ਼ਿਕਰਯੋਗ ਹੈ ਕਿ ਸਿਮਰਨ ਨੇ ਇਸ ਤੋਂ ਪਹਿਲਾਂ 200 ਮੀਟਰ ਵਿੱਚ ਸੋਨੇ ਅਤੇ ਪ੍ਰੀਤੀ ਨੇ ਵੀ 200 ਮੀਟਰ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
Asian Para Games ਵਿੱਚ ਭਾਰਤ ਨੇ ਪੰਜ ਸੋਨ ਤਗ਼ਮੇ ਜਿੱਤੇ
ਐਥਲੀਟ ਨਿਸ਼ਾਦ ਨੇ ਦੂਜਾ ਸੋਨ ਤਗ਼ਮਾ ਜਿੱਤਿਆ; ਪੁਰਸ਼ਾਂ ਦੇ ਡਿਸਕਸ ਥਰੋਅ ਵਿੱਚ ਤਿੰਨੋਂ ਤਗ਼ਮੇ ਭਾਰਤ ਦੇ ਨਾਂ
ਏਸ਼ਿਆਈ ਪੈਰਾ ਖੇਡਾਂ ਵਿੱਚ ਅੱਜ ਭਾਰਤ ਨੇ ਐਥਲੈਟਿਕਸ ਵਿੱਚ ਪੂਰਾ ਦਬਦਬਾ ਬਣਾਉਂਦਿਆਂ ਪੰਜ ਸੋਨੇ, ਤਿੰਨ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਜਿੱਤੇ। ਇਸ ਦੇ ਨਾਲ ਹੀ ਨਿਸ਼ਾਨੇਬਾਜ਼ੀ ਵਿੱਚ ਇੱਕ ਚਾਂਦੀ ਤੇ ਇੱਕ ਕਾਂਸੇ, ਪਾਵਰਲਿਫਟਿੰਗ ਵਿੱਚ ਇੱਕ ਚਾਂਦੀ, ਟੇਬਲ ਟੈਨਿਸ ਵਿੱਚ ਇਤਿਹਾਸਕ ਪੰਜ ਕਾਂਸੇ ਅਤੇ ਤੈਰਾਕੀ ਵਿੱਚ ਦੋ ਕਾਂਸੇ ਦੇ ਤਗ਼ਮੇ ਭਾਰਤ ਦੀ ਝੋਲੀ ਪਏ। ਨਿਸ਼ਾਨੇਬਾਜ਼ੀ ਵਿੱਚ ਮਨੀਸ਼ ਨਰਵਾਲ ਨੇ ਦੇਸ਼ ਲਈ 2028 ਲਾਸ ਏਂਜਲਸ ਪੈਰਾਲੰਪਿਕਸ ਦਾ ਕੋਟਾ ਵੀ ਪੱਕਾ ਕਰ ਲਿਆ ਹੈ।
ਪੁਰਸ਼ਾਂ ਦੇ ਉੱਚੀ ਛਾਲ ਟੀ-47 ਮੁਕਾਬਲੇ ਵਿੱਚ ਨਿਸ਼ਾਦ ਕੁਮਾਰ ਨੇ 2.04 ਮੀਟਰ ਦੀ ਛਾਲ ਨਾਲ ਨਵਾਂ ਏਸ਼ਿਆਈ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ। ਇਸ ਟੂਰਨਾਮੈਂਟ ਵਿੱਚ ਇਹ ਉਸ ਦਾ ਦੂਜਾ ਸੋਨ ਤਗ਼ਮਾ ਹੈ, ਇਸ ਤੋਂ ਪਹਿਲਾਂ ਉਸ ਨੇ ਲੰਮੀ ਛਾਲ ਵਿੱਚ ਸੋਨਾ ਜਿੱਤਿਆ ਸੀ। ਪੁਰਸ਼ਾਂ ਦੇ ਡਿਸਕਸ ਥਰੋਅ ਐੱਫ 44/64 ਵਿੱਚ ਭਾਰਤ ਨੇ ਤਿੰਨੋਂ ਤਗ਼ਮੇ ਆਪਣੇ ਨਾਮ ਕੀਤੇ। ਦੇਵੇਂਦਰ ਕੁਮਾਰ ਨੇ 49.71 ਮੀਟਰ ਦੀ ਥਰੋਅ ਨਾਲ ਸੋਨਾ, ਜਦਕਿ ਰਾਕੇਸ਼ ਅਤੇ ਪਰਦੀਪ ਕੁਮਾਰ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ ਹਨ। ਇਸੇ ਤਰ੍ਹਾਂ ਡਿਸਕਸ ਥਰੋਅ ਐੱਫ 51/52/53 ਵਰਗ ਵਿੱਚ ਪ੍ਰਣਵ ਸੂਰਮਾ ਨੇ 11.66 ਮੀਟਰ ਦੀ ਥਰੋਅ ਨਾਲ ਨਵਾਂ ਏਸ਼ਿਆਈ ਰਿਕਾਰਡ ਬਣਾ ਕੇ ਸੋਨੇ ਅਤੇ ਰਾਮ ਰਤਨ ਸਿੰਘ ਨੇ 10.35 ਮੀਟਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
ਕੁੜੀਆਂ ਦੀ 200 ਮੀਟਰ ਟੀ-12 ਦੌੜ ਵਿੱਚ ਸਿਮਰਨ ਨੇ 24.80 ਸਕਿੰਟ ਦੇ ਨਵੇਂ ਰਿਕਾਰਡ ਨਾਲ ਸੋਨੇ ਦਾ ਤਗ਼ਮਾ ਜਿੱਤਿਆ। ਡੋਪਿੰਗ ਵਿਵਾਦ ਮਗਰੋਂ ਨਵੇਂ ਗਾਈਡ ਨਾਲ ਦੌੜਨ ਦੇ ਬਾਵਜੂਦ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਮੁਕਾਬਲੇ ਵਿੱਚ ਤੇਜਲਬੇਨ ਡਾਮੋਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਕੁੜੀਆਂ ਦੀ 400 ਮੀਟਰ ਟੀ-20 ਦੌੜ ਵਿੱਚ ਦੀਪਤੀ ਜੀਵਨਜੀ ਨੇ 56.36 ਸਕਿੰਟ ਦੇ ਸਮੇਂ ਨਾਲ ਲਗਾਤਾਰ ਦੂਜਾ ਏਸ਼ਿਆਈ ਪੈਰਾ ਖੇਡਾਂ ਦਾ ਸੋਨ ਤਗ਼ਮਾ ਜਿੱਤਿਆ। ਪੁਰਸ਼ਾਂ ਦੇ ਜੈਵਲਿਨ ਥਰੋਅ ਐੱਫ 53/54 ਵਿੱਚ ਪ੍ਰਦੀਪ ਕੁਮਾਰ ਨੇ 27.45 ਮੀਟਰ ਨਾਲ ਚਾਂਦੀ ਅਤੇ ਆਯੂਸ਼ ਵਰਮਾ ਨੇ 17.88 ਮੀਟਰ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਤੈਰਾਕੀ ਵਿੱਚ ਨੇਤਰਹੀਣ ਤੈਰਾਕ ਹਿਮਾਂਸ਼ੂ ਨੰਦਲ ਨੇ ਪੁਰਸ਼ਾਂ ਦੇ 400 ਮੀਟਰ ਫਰੀਸਟਾਈਲ ਐੱਸ-11 ਮੁਕਾਬਲੇ ਵਿੱਚ 5:10.91 ਸਕਿੰਟ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਨਿਰੰਜਨ ਮੁਕੁੰਦਨ ਨੇ ਵੀ 200 ਮੀਟਰ ਵਿਅਕਤੀਗਤ ਮਿਸ਼ਰਤ ਐੱਸ ਐੱਮ-7 ਮੁਕਾਬਲੇ ਵਿੱਚ 2:57.01 ਸਕਿੰਟ ਦਾ ਸਮਾਂ ਕੱਢਦਿਆਂ ਕਾਂਸੇ ਦਾ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਹੋਰਨਾਂ ਤੈਰਾਕਾਂ ਵਿੱਚ ਰਵੀ ਕਾਰਤਿਕ ਬੁਡਿਗਿਨਾ 400 ਮੀਟਰ ਫਰੀਸਟਾਈਲ ਅਤੇ 100 ਮੀਟਰ ਬਰੈਸਟਸਟਰੋਕ ’ਚ ਕ੍ਰਮਵਾਰ ਪੰਜਵੇਂ ਤੇ ਛੇਵੇਂ ਸਥਾਨ ’ਤੇ ਰਿਹਾ।
ਨਿਸ਼ਾਨੇਬਾਜ਼ ਮਨੀਸ਼ ਨੂੰ ਪੈਰਾਲੰਪਿਕਸ ਦੀ ਟਿਕਟ
ਨਿਸ਼ਾਨੇਬਾਜ਼ੀ ਦੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਐੱਸ ਐੱਚ-1 ਮੁਕਾਬਲੇ ਵਿੱਚ ਮਨੀਸ਼ ਨਰਵਾਲ ਨੇ ਫਾਈਨਲ ਵਿੱਚ 233.7 ਅੰਕ ਹਾਸਲ ਕਰ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਜਿੱਤ ਨਾਲ ਉਸ ਨੇ ਲਾਸ ਏਂਜਲਸ ਪੈਰਾਲੰਪਿਕਸ ਲਈ ਕੋਟਾ ਵੀ ਹਾਸਲ ਕਰ ਲਿਆ ਹੈ। ਕੁੜੀਆਂ ਦੇ ਇਸੇ ਮੁਕਾਬਲੇ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੀ ਸ੍ਰਿਸ਼ਟੀ ਅਰੋੜਾ ਨੇ 214.7 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ। ਪਾਵਰਲਿਫਟਿੰਗ ਦੇ 65 ਕਿਲੋ ਵਰਗ ਵਿੱਚ ਅਸ਼ੋਕ ਕੁਮਾਰ ਮਲਿਕ ਨੇ 192 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਪਿਛਲੀ ਵਾਰ ਉਸ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਇਸੇ ਖੇਡ ਦੇ 72 ਕਿਲੋ ਵਰਗ ਵਿੱਚ ਝੰਡੂ ਕੁਮਾਰ ਪੰਜਵੇਂ, ਜਦਕਿ ਕੁੜੀਆਂ ਦੇ 61 ਕਿਲੋ ਵਿੱਚ ਸੁਮਨ ਦੇਵੀ ਛੇਵੇਂ ਅਤੇ ਸੀਮਾ ਰਾਣੀ ਸੱਤਵੇਂ ਸਥਾਨ ਉੱਤੇ ਰਹੀ।
ਟੇਬਲ ਟੈਨਿਸ ਵਿੱਚ ਭਾਰਤ ਨੂੰ ਪੰਜ ਤਗ਼ਮੇ
ਟੇਬਲ ਟੈਨਿਸ ਵਿੱਚ ਭਾਰਤ ਨੇ ਉਸ ਵੇਲੇ ਇਤਿਹਾਸ ਰਚ ਦਿੱਤਾ ਜਦੋਂ ਰਵੀ ਬੇਬੀ ਸਾਹਨਾ (ਕਲਾਸ 9) ਅਤੇ ਪ੍ਰਾਚੀ ਪਾਂਡੇ (ਕਲਾਸ 6) ਸਟੈਂਡਿੰਗ ਵਰਗ ਵਿੱਚ ਤਗ਼ਮੇ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਇਨ੍ਹਾਂ ਦੋਵਾਂ ਤੋਂ ਇਲਾਵਾ ਵ੍ਹੀਲਚੇਅਰ ਵਰਗ ਵਿੱਚ ਭਾਵਿਨਾ ਪਟੇਲ (ਕਲਾਸ 4-5), ਸੋਨਲਬੇਨ ਪਟੇਲ (ਕਲਾਸ 3) ਅਤੇ ਜਹਾਨ ਮਦਾਨ (ਕਲਾਸ 1) ਨੇ ਆਪੋ-ਆਪਣੇ ਵਰਗਾਂ ਵਿੱਚ ਕਾਂਸੇ ਦੇ ਤਗ਼ਮੇ ਜਿੱਤੇ। ਇਸ ਤਰ੍ਹਾਂ ਭਾਰਤ ਨੇ ਟੇਬਲ ਟੈਨਿਸ ਵਿੱਚ ਰਿਕਾਰਡ ਪੰਜ ਤਗ਼ਮੇ ਹਾਸਲ ਕੀਤੇ ਹਨ।
Asian Para Games: ਸ਼ੀਤਲ ਦੇਵੀ ਨੇ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਜਿੱਤੇ ਤੀਰਅੰਦਾਜ਼ੀ ਦੇ ਦੋ ਸੋਨ ਤਗਮੇ
ਐਥਲੈਟਿਕਸ ਵਿੱਚ ਭਾਰਤ ਦਾ ਦਬਦਬਾ ਬਰਕਰਾਰ
ਨਾਗੋਆ ਵਿਖੇ ਚੱਲ ਰਹੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਆਪਣੇ ਕੁੱਲ ਤਗਮਿਆਂ ਦੀ ਗਿਣਤੀ 88 ਕਰ ਲਈ ਹੈ, ਜਿਸ ਵਿੱਚ 21 ਸੋਨ, 26 ਚਾਂਦੀ ਅਤੇ 41 ਕਾਂਸੀ ਦੇ ਤਗਮੇ ਸ਼ਾਮਲ ਹਨ।
19 ਸਾਲਾ ਵਿਸ਼ਵ ਚੈਂਪੀਅਨ ਤੀਰਅੰਦਾਜ਼ ਸ਼ੀਤਲ ਦੇਵੀ ਨੇ ਕਮਾਲ ਕਰਦਿਆਂ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ। ਸ਼ੀਤਲ ਬਾਹਾਂ ਤੋਂ ਬਿਨਾਂ ਕੰਪਾਊਂਡ ਬੋਅ (ਧਨੁਸ਼) ਨੂੰ ਸਥਿਰ ਕਰਨ ਲਈ ਆਪਣੇ ਪੈਰਾਂ ਤੇ ਲੱਤਾਂ ਅਤੇ ਤੀਰ ਨੂੰ ਖਿੱਚਣ ਤੇ ਛੱਡਣ ਲਈ ਆਪਣੇ ਮੋਢੇ ਤੇ ਜਬਾੜੇ ਦੀ ਵਰਤੋਂ ਕਰਦੀ ਹੈ। ਉਸਨੇ ਪਹਿਲਾਂ ਤੋਮਨ ਕੁਮਾਰ ਨਾਲ ਮਿਲ ਕੇ ਮਿਕਸਡ ਟੀਮ ਮੁਕਾਬਲੇ ਵਿੱਚ ਇੰਡੋਨੇਸ਼ੀਆ ਨੂੰ ਹਰਾਇਆ ਅਤੇ ਫਿਰ ਵਿਅਕਤੀਗਤ ਮੁਕਾਬਲੇ ਵਿੱਚ ਸਿੰਗਾਪੁਰ ਦੀ ਅਲੀਮ ਨੂਰ ਸ਼ਾਹਿਦਾ ਨੂੰ ਪਛਾੜ ਕੇ ਸੋਨੇ ਦਾ ਤਗਮਾ ਜਿੱਤਿਆ। ਤੀਰਅੰਦਾਜ਼ੀ ਦੇ ਡਬਲਯੂ-1 (W1) ਵਰਗ ਵਿੱਚ ਸਵਾਤੀ ਚੌਧਰੀ ਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਇਸ ਵਰਗ ਵਿੱਚ ਪਹਿਲਾ ਤਗਮਾ ਪੱਕਾ ਕੀਤਾ।
ਐਥਲੈਟਿਕਸ ਵਿੱਚ ਭਾਰਤ ਦਾ ਪ੍ਰਦਰਸ਼ਨ ਸਭ ਤੋਂ ਵੱਧ ਸ਼ਾਨਦਾਰ ਰਿਹਾ ਹੈ, ਜਿਸ ਵਿੱਚ ਹੁਣ ਤੱਕ 52 ਤਗਮੇ (18 ਸੋਨ, 16 ਚਾਂਦੀ, 18 ਕਾਂਸੀ) ਆ ਚੁੱਕੇ ਹਨ। ਸੁਵਰਨਾ ਰਾਜ ਨੇ ਔਰਤਾਂ ਦੇ ਐਫ54 ਡਿਸਕਸ ਥਰੋਅ ਵਿੱਚ 15.66 ਮੀਟਰ ਦੇ ਸਰਵੋਤਮ ਪ੍ਰਦਰਸ਼ਨ ਨਾਲ ਸੋਨ ਤਗਮਾ ਜਿੱਤਿਆ। ਪੁਰਸ਼ਾਂ ਦੀ ਹਾਈ ਜੰਪ (ਟੀ63) ਵਿੱਚ ਭਾਰਤ ਨੇ ਕਲੀਨ ਸਵੀਪ ਕੀਤਾ। ਇਸ ਦੌਰਾਨ ਸ਼ੈਲੇਸ਼ ਕੁਮਾਰ ਨੇ 1.89 ਮੀਟਰ ਦੀ ਛਾਲ ਨਾਲ ਖੇਡ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗਮਾ, ਵਰੁਣ ਭਾਟੀ ਨੇ ਚਾਂਦੀ ਦਾ ਤਗਮਾ ਅਤੇ ਰਾਹੁਲ ਨੇ ਕਾਂਸੀ ਦਾ ਤਗਮਾ ਜਿੱਤਿਆ। ਔਰਤਾਂ ਅਤੇ ਪੁਰਸ਼ਾਂ ਦੀ 400 ਮੀਟਰ (ਟੀ47) ਦੌੜ ਵਿੱਚ ਕ੍ਰਮਵਾਰ ਅੰਜਨਾਬੇਨ ਬੁੰਬਾਡੀਆ ਅਤੇ ਦਿਲੀਪ ਮਹਾਦੂ ਗਾਵਿਤ ਨੇ ਸੋਨੇ ਦਾ ਤਗਮਾ ਜਿੱਤਿਆ। ਲੰਮੀ ਛਾਲ ਵਿੱਚ ਸੋਲਾਈਰਾਜ ਧਰਮਰਾਜ ਨੇ 7.15 ਮੀਟਰ ਦੇ ਨਵੇਂ ਏਸ਼ਿਆਈ ਰਿਕਾਰਡ ਨਾਲ ਸੋਨਾ ਹਾਸਲ ਕੀਤਾ।
ਤੈਰਾਕੀ ਵਿੱਚ ਕਪਿਲ ਕੁਮਾਰ ਨੇ ਚਾਂਦੀ ਦਾ ਤਗਮਾ, ਜਦਕਿ ਰਵੀ ਬੁਡਿਗਿਨਾ, ਸਵਾਤਿਕ ਅਤੇ ਤੇਜਸ ਨੇ ਕਾਂਸੀ ਦੇ ਤਗਮੇ ਜਿੱਤੇ। ਬੈਡਮਿੰਟਨ ਦੇ ਪੁਰਸ਼ ਸਿੰਗਲਜ਼ (ਐਸਐਲ3) ਫਾਈਨਲ ਵਿੱਚ ਹੁਣ ਭਾਰਤ ਦੇ ਪ੍ਰਮੋਦ ਭਗਤ ਅਤੇ ਨਿਤੇਸ਼ ਕੁਮਾਰ ਆਹਮੋ-ਸਾਹਮਣੇ ਹੋਣਗੇ, ਜਿਸ ਨਾਲ ਭਾਰਤ ਦੇ ਸੋਨ ਅਤੇ ਚਾਂਦੀ ਦੋਵੇਂ ਤਗਮੇ ਪੱਕੇ ਹੋ ਗਏ ਹਨ। ਟੇਬਲ ਟੈਨਿਸ ਦੇ ਮਿਕਸਡ ਡਬਲਜ਼ (ਐਕਸਡੀ7) ਵਿੱਚ ਭਾਵਿਨਾ ਪਟੇਲ ਅਤੇ ਸ਼ੁਭਮ ਵਧਵਾ ਦੀ ਜੋੜੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ।
Asian Para Games: ਭਾਰਤੀ ਖਿਡਾਰੀ ਸੰਦੀਪ ਨੇ 400 ਮੀਟਰ ਦੌੜ ‘ਚ ਜਿੱਤਿਆ ਸੋਨ ਤਗ਼ਮਾ, ਅਜੇ ਕੁਮਾਰ ਨੂੰ ਕਾਂਸੀ
ਇਸ ਤੋਂ ਪਹਿਲਾਂ ਭਾਰਤ ਦੀ ਨਿਮੀਸ਼ਾ ਚੱਕੰਗਲਪਰੰਬਿਲ ਅਤੇ ਪਰਮੋਦ ਬਿਜਾਰਨੀਆ ਨੇ ਕ੍ਰਮਵਾਰ ਔਰਤਾਂ ਦੇ ਲੌਂਗ ਜੰਪ T47 ਅਤੇ ਪੁਰਸ਼ਾਂ ਦੀ 1500 ਮੀਟਰ T46 ਪ੍ਰਤੀਯੋਗਤਾਵਾਂ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ
ਭਾਰਤੀ ਖਿਡਾਰੀ ਸੰਦੀਪ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ 400 ਮੀਟਰ T64 ਫਾਈਨਲ ਵਿੱਚ 52.28 ਸੈਕਿੰਡ ਦੇ ਵਿਸ਼ਵ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤ ਲਿਆ ਹੈ, ਜਦੋਂ ਕਿ ਉਸ ਦੇ ਹਮਵਤਨ ਅਜੇ ਕੁਮਾਰ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
ਸੰਦੀਪ, ਜਿਸ ਦਾ ਰਿਐਕਸ਼ਨ ਟਾਈਮ 0.264 ਸੀ, ਸਾਊਦੀ ਅਰਬ ਦੇ ਨੂਰ ਅਲਸਾਨਾ ਤੋਂ 0.85 ਸੈਕਿੰਡ ਅੱਗੇ ਰਹਿ ਕੇ ਪਹਿਲੇ ਨੰਬਰ ‘ਤੇ ਰਿਹਾ। ਨਾਗੋਆ ਸਿਟੀ ਮਿਜ਼ੂਹੋ ਪਾਰਕ ਅਥਲੈਟਿਕ ਸਟੇਡੀਅਮ ਵਿੱਚ ਅਜੇ ਕੁਮਾਰ 53.61 ਸੈਕਿੰਡ ਦੇ ਖੇਡ ਰਿਕਾਰਡ (Games Record) ਨਾਲ ਤੀਜੇ ਸਥਾਨ ‘ਤੇ ਰਿਹਾ, ਜੋ ਆਪਣੇ ਹਮਵਤਨ ਤੋਂ 1.33 ਸੈਕਿੰਡ ਪਿੱਛੇ ਸੀ।
ਸੰਦੀਪ ਅਤੇ ਅਲਸਾਨਾ ਨੂੰ T44 ਸ਼੍ਰੇਣੀ ਵਿੱਚ ਅਤੇ ਕੁਮਾਰ ਨੂੰ T64 ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। T44 ਅਤੇ T64 ਦੋਵੇਂ ਹੇਠਲੇ ਹਿੱਸੇ (ਲੱਤਾਂ) ਦੀਆਂ ਅਪਾਹਜਤਾ ਵਾਲੀਆਂ ਸ਼੍ਰੇਣੀਆਂ ਹਨ ਅਤੇ ਅਕਸਰ ਇਹ ਦੌੜਾਂ ਇਕੱਠੀਆਂ ਕਰਵਾਈਆਂ ਜਾਂਦੀਆਂ ਹਨ।
ਇਸ ਤੋਂ ਪਹਿਲਾਂ ਭਾਰਤ ਦੀ ਨਿਮੀਸ਼ਾ ਚੱਕੰਗਲਪਰੰਬਿਲ ਅਤੇ ਪਰਮੋਦ ਬਿਜਾਰਨੀਆ ਨੇ ਕ੍ਰਮਵਾਰ ਔਰਤਾਂ ਦੇ ਲੌਂਗ ਜੰਪ T47 ਅਤੇ ਪੁਰਸ਼ਾਂ ਦੀ 1500 ਮੀਟਰ T46 ਪ੍ਰਤੀਯੋਗਤਾਵਾਂ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ।
ਨਿਮੀਸ਼ਾ ਨੇ 5.37 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਸ਼੍ਰੀਲੰਕਾ ਦੀ ਧਨੰਜਨਾ ਵਿਕਰਮਾਸਿੰਘੇ ਨੇ 5.52 ਮੀਟਰ ਦੀ ਛਲਾਂਗ ਨਾਲ ਖੇਡ ਰਿਕਾਰਡ (Games Record) ਬਣਾ ਕੇ ਸੋਨੇ ਦਾ ਤਗ਼ਮਾ ਜਿੱਤਿਆ, ਜੋ ਭਾਰਤੀ ਖਿਡਾਰਨ ਤੋਂ 15 ਸੈਂਟੀਮੀਟਰ ਅੱਗੇ ਸੀ।
T47 ਸ਼੍ਰੇਣੀ ਉਨ੍ਹਾਂ ਅਥਲੀਟਾਂ ਲਈ ਨਿਰਧਾਰਤ ਕੀਤੀ ਗਈ ਹੈ ਜਿਨ੍ਹਾਂ ਦੇ ਇੱਕ ਉਪਰਲੇ ਅੰਗ ਵਿੱਚ ਅਪਾਹਜਤਾ ਹੁੰਦੀ ਹੈ (ਇੱਕ ਬਾਂਹ ਪ੍ਰਭਾਵਿਤ ਹੁੰਦੀ ਹੈ), ਜਿਵੇਂ ਕਿ ਕੂਹਣੀ ਜਾਂ ਗੁੱਟ ਤੋਂ ਹੇਠਾਂ ਅੰਗ ਦਾ ਕੱਟਿਆ ਹੋਣਾ, ਅੰਗ ਦੀ ਘਾਟ, ਜਾਂ ਬਾਂਹ ਵਿੱਚ ਮਾਸਪੇਸ਼ੀਆਂ ਦੀ ਸ਼ਕਤੀ/ਗਤੀਸ਼ੀਲਤਾ ਦੀ ਕਮੀ। T46 ਸ਼੍ਰੇਣੀ ਖੜ੍ਹੇ ਹੋਣ ਵਾਲੇ ਉਨ੍ਹਾਂ ਅਥਲੀਟਾਂ ਲਈ ਹੈ ਜਿਨ੍ਹਾਂ ਦੇ ਉਪਰਲੇ ਅੰਗਾਂ ਵਿੱਚ ਅਪਾਹਜਤਾ ਹੁੰਦੀ ਹੈ, ਜਿਵੇਂ ਕਿ ਇੱਕ ਬਾਂਹ ਦੀ ਕੂਹਣੀ ਤੋਂ ਉੱਪਰ ਜਾਂ ਹੇਠਾਂ ਕੱਟਿਆ ਹੋਣਾ ਜਾਂ ਮੋਢੇ ਜਾਂ ਕੂਹਣੀ ਨੂੰ ਪ੍ਰਭਾਵਿਤ ਕਰਨ ਵਾਲੀ ਅਜਿਹੀ ਹੀ ਗੰਭੀਰ ਕਾਰਜਾਤਮਕ ਅਪਾਹਜਤਾ।
ਪੁਰਸ਼ਾਂ ਦੇ ਡਿਸਕਸ ਥ੍ਰੋ F11 ਫਾਈਨਲ ਵਿੱਚ ਭਾਰਤ ਦੇ ਪ੍ਰਵੀਨ ਸ਼ਰਮਾ 30.64 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਚੌਥੇ ਸਥਾਨ ‘ਤੇ ਰਹੇ, ਜਦੋਂ ਕਿ ਇਰਾਨ ਨੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤ ਕੇ ਪੂਰੀ ਪ੍ਰਤੀਯੋਗਤਾ ‘ਤੇ ਹੂੰਝਾ ਫੇਰਿਆ। ਦੂਜੇ ਪਾਸੇ ਅਮੀਸ਼ਾ ਰਾਵਤ ਵੀ ਔਰਤਾਂ ਦੇ ਸ਼ਾਟ ਪੁੱਟ F46 ਫਾਈਨਲ ਵਿੱਚ 11.16 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਚੌਥੇ ਸਥਾਨ ‘ਤੇ ਰਹੀ।
Javelin Throw: ਰਿੰਕੂ ਨੂੰ ਸੋਨ ਤਗ਼ਮਾ
ਭਾਰਤ ਦੇ ਰਿੰਕੂ ਨੇ ਅੱਜ ਇੱਥੇ ਏਸ਼ਿਆਈ ਪੈਰਾ ਖੇਡਾਂ ’ਚ ਪੁਰਸ਼ਾਂ ਦੇ ਨੇਜ਼ਾ ਸੁੱਟਣ ਦੇ ਐੱਫ46 ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਅਤੇ ਹਮਵਤਨ ਅਜੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਰਿੰਕੂ ਨੇ 65.11 ਮੀਟਰ ਦੂਰ ਨੇਜ਼ਾ ਸੁੱਟ ਕੇ…
ਭਾਰਤ ਦੇ ਰਿੰਕੂ ਨੇ ਅੱਜ ਇੱਥੇ ਏਸ਼ਿਆਈ ਪੈਰਾ ਖੇਡਾਂ ’ਚ ਪੁਰਸ਼ਾਂ ਦੇ ਨੇਜ਼ਾ ਸੁੱਟਣ ਦੇ ਐੱਫ46 ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਅਤੇ ਹਮਵਤਨ ਅਜੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਰਿੰਕੂ ਨੇ 65.11 ਮੀਟਰ ਦੂਰ ਨੇਜ਼ਾ ਸੁੱਟ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ ਹੈ। ਉਸ ਨੇ ਅਜੀਤ ਨੂੰ ਸਿਰਫ਼ ਨੌਂ ਸੈਂਟੀਮੀਟਰ ਦੇ ਫ਼ਰਕ ਨਾਲ ਪਛਾੜਿਆ। ਅਜੀਤ ਨੇ 65.02 ਮੀਟਰ ਦੇ ਥ੍ਰੋਅ ਨਾਲ ਚਾਂਦੀ ਤਗ਼ਮਾ ਹਾਸਲ ਕੀਤਾ। ਤਿੰਨ ਖਿਡਾਰੀਆਂ ਦੇ ਇਸ ਮੁਕਾਬਲੇ ’ਚ ਇੰਡੋਨੇਸ਼ੀਆ ਦੇ ਆਰ ਸਤਯੋਨੋ ਨੇ 55.30 ਮੀਟਰ ਦੂਰ ਨੇਜ਼ਾ ਸੁੱਟ ਕੇ ਕਾਂਸੀ ਤਗ਼ਮਾ ਹਾਸਲ ਕੀਤਾ।
Asian Para Games: ਨਿਸ਼ਾਦ ਦੀ ਸੁਨਹਿਰੀ ਛਾਲ
ਭਾਰਤ ਦੇ ਨਿਸ਼ਾਦ ਕੁਮਾਰ ਨੇ ਅੱਜ ਇੱਥੇ ਏਸ਼ਿਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਲੰਮੀ ਛਾਲ ਟੀ47 ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ ਹੈ। ਇਸ 27 ਸਾਲਾ ਖਿਡਾਰੀ ਨੇ ਪਿਛਲੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਵੀ ਉੱਚੀ ਛਾਲ ਦੇ ਟੀ47…
ਭਾਰਤ ਦੇ ਨਿਸ਼ਾਦ ਕੁਮਾਰ ਨੇ ਅੱਜ ਇੱਥੇ ਏਸ਼ਿਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਲੰਮੀ ਛਾਲ ਟੀ47 ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ ਹੈ। ਇਸ 27 ਸਾਲਾ ਖਿਡਾਰੀ ਨੇ ਪਿਛਲੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਵੀ ਉੱਚੀ ਛਾਲ ਦੇ ਟੀ47 ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਮੌਜੂਦਾ ਖੇਡਾਂ ਦੀ ਪੈਰਾ ਐਥਲੈਟਿਕਸ ਮੁਕਾਬਲੇ ਦੇ ਪਹਿਲੇ ਦਿਨ ਲੰਬੀ ਛਾਲ ਵਿੱਚ ਆਪਣੇ ਤੀਜੇ ਅਤੇ ਪੰਜਵੇਂ ਦੋਵਾਂ ਯਤਨਾਂ ਵਿੱਚ 7.11 ਮੀਟਰ ਲੰਮੀ ਛਾਲ ਮਾਰੀ। ਦਿਲਚਸਪ ਗੱਲ ਇਹ ਹੈ ਕਿ ਉਹ ਪਹਿਲੀ ਵਾਰ ਲੰਬੀ ਛਾਲ ਮੁਕਾਬਲੇ ’ਚ ਹਿੱਸਾ ਲੈ ਰਿਹਾ ਹੈ। ਉਜ਼ਬੇਕਿਸਤਾਨ ਦੇ ਓਮਾਦਬੇਕ ਖਾਸਾਨੋਵ ਅਤੇ ਸ੍ਰੀਲੰਕਾ ਦੇ ਮੁਹੰਮਦ ਸਫ਼ਰਾਨ ਨੇ ਕ੍ਰਮਵਾਰ 6.99 ਮੀਟਰ ਅਤੇ 6.55 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ ਹਨ।
Wrestling World Championship: ਭਾਰਤ ਨੂੰ ਤਿੰਨ ਕਾਂਸੀ ਤਗ਼ਮੇ
ਰੋਹਿਤ, ਜਸਕਰਨ ਸਿੰਘ ਅਤੇ ਚੰਦਰਮੋਹਨ ਨੇ ਅੰਡਰ–23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਆਪੋ–ਆਪਣੇ ਭਾਰ ਵਰਗਾਂ ’ਚ ਕਾਂਸੀ ਦੇ ਤਗ਼ਮੇ ਜਿੱਤੇ ਹਨ ਜਿਸ ਨਾਲ ਭਾਰਤ ਨੇ ਛੇ ਤਗ਼ਮਿਆਂ ਨਾਲ ਇਸ ਟੂਰਨਾਮੈਂਟ ਦੀ ਸਮਾਪਤੀ ਕੀਤੀ ਹੈ। ਰੋਹਿਤ ਨੇ 57 ਕਿਲੋ ਰੈਪੇਚੇਜ਼ ਦੌਰ ’ਚ…
ਰੋਹਿਤ, ਜਸਕਰਨ ਸਿੰਘ ਅਤੇ ਚੰਦਰਮੋਹਨ ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਆਪੋ-ਆਪਣੇ ਭਾਰ ਵਰਗਾਂ ’ਚ ਕਾਂਸੀ ਦੇ ਤਗ਼ਮੇ ਜਿੱਤੇ ਹਨ ਜਿਸ ਨਾਲ ਭਾਰਤ ਨੇ ਛੇ ਤਗ਼ਮਿਆਂ ਨਾਲ ਇਸ ਟੂਰਨਾਮੈਂਟ ਦੀ ਸਮਾਪਤੀ ਕੀਤੀ ਹੈ। ਰੋਹਿਤ ਨੇ 57 ਕਿਲੋ ਰੈਪੇਚੇਜ਼ ਦੌਰ ’ਚ ਮਾਲਦੋਵਾ ਦੇ ਇਓਨ ਬੁਲਗਾਰੂ ਨੂੰ ਤਕਨੀਕੀ ਬਿਹਤਰੀ ਦੇ ਆਧਾਰ ’ਤੇ 12-2 ਨਾਲ ਹਰਾਇਆ। ਇਸ ਮਗਰੋਂ ਉਸ ਨੇ ਕਾਂਸੀ ਤਗ਼ਮੇ ਦੇ ਮੁਕਾਬਲੇ ’ਚ ਅਰਮੀਨੀਆ ਦੇ ਆਰਮਨ ਹਾਰੁਤਯੁਨਿਆਨ ਨੂੰ 8-3 ਨਾਲ ਮਾਤ ਦਿੱਤੀ। ਸੈਮੀ ਫਾਈਨਲ ’ਚ ਹਾਰਨ ਮਗਰੋਂ ਜਸਕਰਨ (65 ਕਿਲੋ) ਨੇ ਬੇਲਾਰੂਸ ਦੇ ਮਾਗੋਮੇਦਖਾਨ ਮਾਗੋਮੇਦਖਾਨੋਵ ਨੂੰ 8-5 ਨਾਲ ਹਰਾ ਕੇ ਭਾਰਤ ਦੇ ਤਗ਼ਮਿਆਂ ਦੀ ਗਿਣਤੀ ’ਚ ਵਾਧਾ ਕੀਤਾ ਹੈ। ਚੰਦਰਮੋਹਨ (79 ਕਿਲੋ) ਨੇ ਕਾਂਸੀ ਤਗ਼ਮੇ ਦੇ ਮੁਕਾਬਲੇ ’ਚ ਤੁਰਕੀ ਦੇ ਇਬਰਾਹਿਮ ਮੈਤੇਹਾਨ ਯਾਪਰਾਕ ਨੂੰ 5-2 ਨਾਲ ਹਰਾ ਕੇ ਤਗ਼ਮਾ ਆਪਣੇ ਨਾਂ ਕੀਤਾ।
Asian Para Games: ਸੌਮਿਆ ਨੂੰ ਸੋਨ ਤਗ਼ਮਾ
ਇੱਥੇ ਹੋ ਰਹੀਆਂ ਏਸ਼ੀਆਡ ਪੈਰਾ ਖੇਡਾਂ ਵਿੱਚ ਅੱਜ ਭਾਰਤ ਦੀ ਸੌਮਿਆ ਨੇ ਮਹਿਲਾਵਾਂ ਦੇ 1500 ਮੀਟਰ ਟੀ12-ਟੀ13 ਮੁਕਾਬਲੇ ’ਚ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਹਮਵਤਨ ਰਾਧਾ ਵੈਂਕਟੇਸ਼ ਨੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ ਹੈ। ਸੌਮਿਆ ਨੇ ਪੰਜ ਮਿੰਟ 12.39…
ਇੱਥੇ ਹੋ ਰਹੀਆਂ ਏਸ਼ੀਆਡ ਪੈਰਾ ਖੇਡਾਂ ਵਿੱਚ ਅੱਜ ਭਾਰਤ ਦੀ ਸੌਮਿਆ ਨੇ ਮਹਿਲਾਵਾਂ ਦੇ 1500 ਮੀਟਰ ਟੀ12-ਟੀ13 ਮੁਕਾਬਲੇ ’ਚ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਹਮਵਤਨ ਰਾਧਾ ਵੈਂਕਟੇਸ਼ ਨੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ ਹੈ। ਸੌਮਿਆ ਨੇ ਪੰਜ ਮਿੰਟ 12.39 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਜਿੱਤਿਆ ਅਤੇ ਰਾਧਾ ਨੇ ਪੰਜ ਮਿੰਟ 30.90 ਸਕਿੰਟ ’ਚ ਦੌੜ ਪੂਰੀ ਕਰਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਨੇਤਰਹੀਣ ਖਿਡਾਰੀਆਂ ਦੇ ਇਸ ਮੁਕਾਬਲੇ ’ਚ ਸੌਮਿਆ ਨਾਲ ਗਾਇਡ ਕੁਮਾਰ ਭਰਤ ਸਨ ਅਤੇ ਨਾਲ ਗੋਵਿੰਦ ਸੋਲੰਕੀ ਨੇ ਗਾਇਡ ਦੀ ਭੂਮਿਕਾ ਨਿਭਾਈ। ਜਪਾਨ ਦੀ ਮਾਨਾ ਸਾਸਾਕੀ ਤੀਜੇ ਸਥਾਨ ’ਤੇ ਰਹੀ।
ਪੰਜਾਬੀ ਟ੍ਰਿਬਯੂਨ