ਸਵੈ ਇੱਛਾ ਨਹੀਂ ਵਿਭਾਗੀ ਇੱਛਾ ਨਾਲ ਡਿਊਟੀ ? ਦਿੱਤੀ ਵੱਡੀ ਚਿਤਾਵਨੀ !
ਇੱਕ ਤੋਂ ਬਾਅਦ ਇੱਕ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਲੱਗ ਰਹੀਆਂ ਡਿਊਟੀਆਂ ਤੋਂ ਪਰੇਸ਼ਾਨ ਪੰਜਾਬ ਦੇ ਅਧਿਆਪਕਾਂ ਵੱਲੋਂ ਸਰਕਾਰ ਨੂੰ ਚਿਤਾਵਨੀ।
18 ਜੂਨ, 2026 – ਲੁਧਿਆਣਾ: ਦੇਸ਼ ਭਰ ਦੇ ਵਿੱਚ ਜਨਗਣਨਾ ਚੱਲ ਰਹੀ ਹੈ, ਇਸ ਦੇ ਤਹਿਤ ਪੰਜਾਬ ਦੇ ਵਿੱਚ ਵੀ ਜਨਗਣਨਾ ਦੀ ਪ੍ਰਕਿਰਿਆ ਜਾਰੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ ਨਸ਼ੇ ਦੇ ਵਿਰੁੱਧ ਡਰੱਗ ਸੋਸ਼ਲ ਅਤੇ ਇਕੋਨਮੀ ਸਰਵੇ ਕਰਵਾਇਆ ਜਾ ਰਿਹਾ ਹੈ, ਜਿਸ ਕਰਕੇ ਸਰਕਾਰੀ ਕੱਚੇ ਅਤੇ ਪੱਕੇ ਅਧਿਆਪਕਾਂ ਦੀਆਂ ਡਿਊਟੀਆਂ ਇਸ ਕੰਮ ਦੇ ਵਿੱਚ ਲੱਗੀਆਂ ਹੋਈਆਂ ਹਨ। ਹਾਲਾਂਕਿ ਇਸ ਕੰਮ ਦੇ ਲਈ ਅਧਿਆਪਕਾਂ ਨੂੰ ਵਾਧੂ ਭੱਤੇ ਵੀ ਦਿੱਤੇ ਜਾ ਰਹੇ ਨੇ ਪਰ ਅਧਿਆਪਕ ਦਾ ਕਹਿਣਾ ਹੈ ਕਿ ਡਿਊਟੀ ਸਵੈ ਇੱਛਾ ਮੁਤਾਬਕ ਹੋਣੀ ਚਾਹੀਦੀ ਹੈ ਨਾ ਕਿ ਵਿਭਾਗੀ ਇੱਛਾ ਮੁਤਾਬਕ। ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਐਸਡੀਐਮ ਦਫਤਰ ਦੇ ਬਾਹਰ ਧਰਨੇ ’ਤੇ ਬੈਠੇ ਅਧਿਆਪਕਾਂ ਵੱਲੋਂ ਮੰਗ ਕੀਤੀ ਗਈ ਕਿ ਜਿਹੜਾ ਅਧਿਆਪਕ ਡਿਊਟੀ ਨਹੀਂ ਕਰਨਾ ਚਾਹੁੰਦਾ ਉਸ ਨੂੰ ਇਸ ਤੋਂ ਦੂਰ ਰੱਖਿਆ ਜਾਵੇ। ਇਸ ਤੋਂ ਇਲਾਵਾ ਜਿਹੜਾ ਇੱਕ ਅਧਿਆਪਕ ਡਿਊਟੀ ਨਿਭਾ ਚੁੱਕਾ ਹੈ ਉਸ ਨੂੰ ਦੂਜੇ ਹਲਕੇ ਦੇ ਵਿੱਚ ਡਿਊਟੀ ਕਰਨ ਦੇ ਲਈ ਮਜਬੂਰ ਨਾ ਕੀਤਾ ਜਾਵੇ।
ਡਿਊਟੀਆਂ ਤੋਂ ਦੁਖੀ ਅਧਿਆਪਕ !
ਲੁਧਿਆਣਾ ਅਧਿਆਪਕ ਫਰੰਟ ਦੇ ਜਨਰਲ ਸੈਕਟਰੀ ਰੁਪਿੰਦਰ ਪਾਲ ਸਿੰਘ ਨਾਲ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ “ਪਹਿਲਾਂ ਦੇਸ਼ ਵਿੱਚ ਚੱਲ ਰਹੀ ਜਨਗਣਨਾ ਅਤੇ ਹੁਣ ਪੰਜਾਬ ਵਿੱਚ ਨਸ਼ੇ ਵਿਰੁੱਧ ਜਨਗਣਨਾ ਦੇ ਵਿੱਚ ਡਿਊਟੀਆਂ ਲੱਗ ਰਹੀਆਂ ਸਨ ਅਤੇ ਹੁਣ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਸਕੀਮ ਦੇ ਲਈ ਵੀ ਅਧਿਆਪਕਾਂ ਦੀ ਮੰਗ ਹੋ ਰਹੀ ਹੈ। ਲੁਧਿਆਣਾ ਦੇ ਪੱਛਮੀ ਹਲਕੇ ਦੇ ਐਸਡੀਐਮ ਵੱਲੋਂ 56 ਦੇ ਕਰੀਬ ਅਧਿਆਪਕਾਂ ਦੀ ਡਿਮਾਂਡ ਕੀਤੀ ਹੈ, ਜੋ ਇਸ ਸਰਕਾਰੀ ਸਕੀਮ ਨੂੰ ਲਾਗੂ ਕਰਨ ਦੇ ਲਈ ਕੰਮ ਕਰਨਗੇ। ਪਰ ਇਸ ਨੂੰ ਲੈ ਕੇ ਅਧਿਆਪਕ ਫਰੰਟ ਖਫਾ ਹੈ ਅਤੇ ਅਜਿਹੀਆਂ ਡਿਊਟੀਆਂ ਕਰਨ ਲਈ ਅਧਿਆਪਕਾਂ ਤੇ ਦਬਾਅ ਨਾ ਪਾਉਣ ਦੀ ਅਪੀਲ ਕਰ ਰਿਹਾ ਹੈ।”
ਵਿਭਾਗੀ ਕਾਰਵਾਈ ਦਾ ਡਰਾਵਾ ਦੇਕੇ ਲਗਾਈ ਜਾ ਰਹੀ ਡਿਊਟੀ ?
ਜਨਰਲ ਸੈਕਟਰੀ ਰੁਪਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਅਧਿਆਪਕ ਇਹ ਡਿਊਟੀ ਕਰਨ ’ਤੇ ਇਤਰਾਜ਼ ਕਰਦਾ ਹੈ ਤਾਂ ਉਸ ਉੱਤੇ ਵਿਭਾਗੀ ਕਾਰਵਾਈ ਦਾ ਡਰਾਵਾ ਦੇ ਕੇ ਉਸ ਨੂੰ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਹਾਲਾਂਕਿ ਗਰਮੀ ਦੀਆਂ ਛੁੱਟੀਆਂ ਹਨ, ਕਈ ਲੋਕ ਜੋ ਆਪਣੇ ਪਰਿਵਾਰਾਂ ਦੇ ਨਾਲ ਬਾਹਰ ਗਏ ਹਨ ਉਨ੍ਹਾਂ ਨੂੰ ਵਾਪਸ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਅਧਿਆਪਕ ਯੂਨੀਅਨਾਂ ਇਸ ਦਾ ਡਟ ਕੇ ਵਿਰੋਧ ਕਰ ਰਹੀਆਂ ਹਨ।
- “ਅਧਿਆਪਕ ਦਾ ਕੰਮ ਸਿਰਫ ਬੱਚਿਆਂ ਨੂੰ ਪੜ੍ਹਾਉਣਾ ਹੀ ਹੋਣਾ ਚਾਹੀਦਾ ਹੈ, ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਡਿਊਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਲਗਾਤਾਰ ਡਿਊਟੀਆਂ ਚੱਲ ਰਹੀਆਂ ਹਨ। ਛੁੱਟੀਆਂ ਖਤਮ ਹੋਣ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਲੋੜੀਦੇ ਅਧਿਆਪਕ ਵੀ ਸਕੂਲਾਂ ਦੇ ਵਿੱਚ ਮੌਜੂਦ ਨਹੀਂ ਹੋਣਗੇ। ਅਜਿਹੇ ਦੇ ਵਿੱਚ ਬੱਚਿਆਂ ਦਾ ਭਵਿੱਖ ਜਿੱਥੇ ਦਾਅ ’ਤੇ ਲੱਗ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਅਧਿਆਪਕਾਂ ਦੇ ਅਧਿਕਾਰਾਂ ਦੀ ਵੀ ਉਲੰਘਣਾ ਹੋ ਰਹੀ ਹੈ।“ਰੁਪਿੰਦਰ ਪਾਲ ਸਿੰਘ,ਜਨਰਲ ਸੈਕਟਰੀ ਅਧਿਆਪਕ ਫਰੰਟ ਲੁਧਿਆਣਾ
‘ਸਾਡੀਆਂ ਪੂਰੀਆਂ ਛੁੱਟੀਆਂ ਬਰਬਾਦ ਹੋ ਗਈਆਂ‘
ਰਮਨਜੀਤ ਸੰਧੂ ਲੁਧਿਆਣਾ ਜ਼ਿਲ੍ਹਾ ਅਧਿਆਪਕ ਫਰੰਟ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ “ਸਾਡੀਆਂ ਪੂਰੀ ਛੁੱਟੀਆਂ ਬਰਬਾਦ ਹੋ ਗਈਆਂ ਹਨ। ਇਹ ਗਲਤ ਹੈ, ਪੰਜਾਬ ਸਰਕਾਰ ਨਸ਼ੇ ਨੂੰ ਲੈਕੇ ਜਨਗਣਨਾ ਕਰ ਰਹੀ ਹੈ ਉਸ ਲਈ ਜ਼ਬਰਨ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜੋ ਪਹਿਲਾਂ ਹੀ ਇੱਕ ਹਲਕੇ ਦੇ ਵਿੱਚ ਅਧਿਆਪਕ ਆਪਣੀ ਡਿਊਟੀ ਨਿਭਾ ਚੁੱਕਾ ਹੈ ਉਸ ਨੂੰ ਹੁਣ ਦੂਜੇ ਹਲਕੇ ਦੇ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਕਿ ਇਹ ਡਿਊਟੀਆਂ ਸਵੈ ਇੱਛਾ ਮੁਤਾਬਿਕ ਲੱਗਣੀਆਂ ਚਾਹੀਦੀਆਂ ਹਨ। ਬਿਨਾਂ ਕਿਸੇ ਵੀ ਅਧਿਆਪਕ ਦੀ ਇੱਛਾ ਤੋਂ ਉਸ ਨੂੰ ਇਹ ਡਿਊਟੀਆਂ ਕਰਨ ਲਈ ਵਿਭਾਗ ਵੱਲੋਂ ਮਜਬੂਰ ਕੀਤਾ ਜਾ ਰਿਹਾ ਹੈ, ਸਾਡੀ ਗੱਲ ਚੁੱਕਣ ਵਾਲਾ ਉੱਪਰ ਕੋਈ ਨਹੀਂ।”
ਡਿਊਟੀਆਂ ਨੂੰ ਲੈਕੇ ਵੱਡੇ ਇਤਰਾਜ਼ !
ਰੁਪਿੰਦਰ ਪਾਲ ਸਿੰਘ ਜਨਰਲ ਸੈਕਟਰੀ ਨੇ ਦੱਸਿਆ ਕਿ “1997 ਤੋਂ ਉਹ ਸੇਵਾਵਾਂ ਨਿਭਾਅ ਰਹੇ ਹਨ ਜਿੰਨੀਆਂ ਡਿਊਟੀਆਂ ਇਸ ਵਾਰ ਪੰਜਾਬ ਸਰਕਾਰ ਦੇ ਇਸ ਕਾਰਜਕਾਲ ਦੇ ਦੌਰਾਨ ਅਧਿਆਪਕਾਂ ਦੀਆਂ ਲੱਗੀਆਂ ਹਨ। ਇੰਨੀਆਂ ਡਿਊਟੀਆਂ ਪਿਛਲੇ 25 ਸਾਲਾਂ ਦੇ ਦੌਰਾਨ ਕਿਸੇ ਵੀ ਸਰਕਾਰ ਦੇ ਦੌਰਾਨ ਨਹੀਂ ਲੱਗੀਆਂ। ਇਸ ਸਰਕਾਰ ਦੇ ਵਿੱਚ ਅਧਿਆਪਕਾਂ ਦੀਆਂ ਇੱਕ ਤੋਂ ਬਾਅਦ ਇੱਕ ਡਿਊਟੀਆਂ ਲੱਗ ਰਹੀਆਂ ਹਨ, ਜਦੋਂ ਕਿ ਸਾਡੇ ਸੂਬੇ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਦੀ ਕੋਈ ਕਮੀ ਨਹੀਂ ਹੈ। ਸਰਕਾਰ ਇਸ ਜਨਗਣਨਾ ਦੇ ਲਈ 250 ਘਰਾਂ ਨੂੰ ਕਵਰ ਕਰਨ ਲਈ ਲਗਭਗ 62 ਹਜ਼ਾਰ ਰੁਪਏ ਦੇ ਰਹੀ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਹੈ। ਅਜਿਹੇ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਕੰਮ ’ਤੇ ਲਗਾਇਆ ਜਾ ਸਕਦਾ ਹੈ ਅਜਿਹੇ ਅਧਿਆਪਕ ਜੋ ਆਪਣੀ ਇੱਛਾ ਨਾਲ ਡਿਊਟੀ ਕਰਨਾ ਚਾਹੁੰਦੇ ਹਨ। ਉਹ ਇਸ ਡਿਊਟੀ ਵਿੱਚ ਹਿੱਸਾ ਲੈ ਸਕਦੇ ਪਰ ਪਰ ਇਹ ਸਵੈ ਇੱਛਾ ਹੋਣੀ ਚਾਹੀਦੀ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਰਕਾਰ ਮੌਕੇ ਇਸ ਜਨਗਣਨਾ ਦੇ ਦੌਰਾਨ ਦੇ ਸਕਦੀ”
ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਨੇ ਇਸ ਮਸਲੇ ’ਤੇ ਕੀ ਕਿਹਾ ?
ਹਾਲਾਂਕਿ ਇਸ ਸਬੰਧੀ ਜਦੋਂ ਅਸੀਂ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮਦਾਨ ਨੇ ਇਹ ਜ਼ਰੂਰ ਕਿਹਾ ਕਿ ਇਸ ਗੱਲ ਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਡਿਊਟੀਆਂ ਬਹੁਤ ਵੱਡੇ ਪੱਧਰ ’ਤੇ ਲੱਗ ਰਹੀਆਂ ਹਨ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਯੋਜਨਾ ਵੱਧ ਤਰੀਕੇ ਦੇ ਨਾਲ ਲਗਾਇਆ ਜਾ ਸਕੇ। ਖਾਸ ਕਰਕੇ ਜੇਕਰ ਕਿਸੇ ਅਧਿਆਪਕ ਦੀ ਕੋਈ ਨਾ ਨਜ਼ਰ ਅੰਦਾਜ਼ ਕਰਨ ਯੋਗ ਪਰੇਸ਼ਾਨੀ ਹੈ ਤਾਂ ਉਸ ਲਈ ਉਹ ਆਪਣੀ ਮਜਬੂਰੀ ਸਬੰਧੀ ਦੱਸ ਕੇ ਆਪਣੀਆਂ ਡਿਊਟੀਆਂ ਹਟਾ ਵੀ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਪੜ੍ਹੇ ਲਿਖੇ ਅਤੇ ਅਜਿਹੇ ਲੋਕਾਂ ਦੀ ਲੋੜ ਹੈ ਜੋ ਵਿਸ਼ਵਾਸਯੋਗ ਹੋਣ ਇਸ ਕਰਕੇ ਹੀ ਅਧਿਆਪਕਾਂ ਦੀਆਂ ਡਿਊਟੀਆਂ ਇਸ ਕੰਮ ਦੇ ਲਈ ਲਗਾਈਆਂ ਜਾ ਰਹੀਆਂ ਹਨ ਪਰ ਜਿਨ੍ਹਾਂ ਦੀਆਂ ਮੁਸ਼ਕਿਲਾਂ ਸਾਨੂੰ ਲੱਗ ਰਿਹਾ ਹੈ ਕਿ ਸਹੀ ਹਨ ਉਨ੍ਹਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਿਊਟੀਆਂ ਤੋਂ ਹਟਾਇਆ ਜਾ ਸਕੇ’
ETV BHARAT