ਬਾਜ਼ਾਰ ਅਤੇ ਗਲੀ ਮੁਹੱਲਿਆਂ ‘ਚ ਫੈਲੀ ਗੰਦਗੀ
21 ਜੁਲਾਈ, 2026 – ਧਰਮਕੋਟ (ਮੋਗਾ) : ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੇ ਮੋਗਾ ਨੂੰ ਕੂੜੇਦਾਨ ਵਿੱਚ ਬਦਲ ਦਿੱਤਾ ਹੈ। ਸ਼ਹਿਰ ਦੇ ਸਾਰੇ ਗਲੀ-ਮੁਹੱਲੇ ਕੂੜੇ ਅਤੇ ਗੰਦਗੀ ਨਾਲ ਭਰੇ ਪਏ ਹਨ। ਸਫ਼ਾਈ ਵਿਵਸਥਾ ਠੱਪ ਹੋਣ ਕਾਰਨ ਸ਼ਹਿਰ ਨਿਵਾਸੀ ਹਾਲੋਂ-ਬੇਹਾਲ ਹਨ, ਪਰ ਸਥਾਨਕ ਪ੍ਰਸ਼ਾਸਨ ਅਜੇ ਵੀ ਸੁੱਤਾ ਦਿਖਾਈ ਦੇ ਰਿਹਾ ਹੈ।
ਸ਼ਹਿਰ ਦੇ ਮੇਅਰ ਅਤੇ ਪ੍ਰਸ਼ਾਸਨ ਵੱਲੋਂ ਅਜਿਹੀ ਪੈਦਾ ਹੋਈ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਕੋਈ ਬਦਲਵੇਂ ਪ੍ਰਬੰਧ ਅਮਲ ਵਿੱਚ ਨਾ ਲਿਆਉਣ ਕਰਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਵੱਲੋਂ ਵੀ ਹੜਤਾਲੀ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਗੱਲਬਾਤ ਦੇ ਕੋਈ ਸਕਰਾਤਮਕ ਸਿੱਟੇ ਨਾ ਨਿਕਲਣ ਸਦਕਾ ਲੋਕਾਂ ਨੂੰ ਇਸ ਬਦਬੂਦਾਰ ਗੰਦਗੀ ਤੋਂ ਛੁਟਕਾਰਾ ਮਿਲਦਾ ਦਿਖਾਈ ਨਹੀਂ ਦੇ ਰਿਹਾ ਹੈ।
ਸ਼ਹਿਰ ਵਿੱਚ ਸਭ ਤੋਂ ਮੰਦਾ ਹਾਲ ਪੁਰਾਣੇ ਮੋਗੇ ਦਾ ਦਿਖਾਈ ਦੇ ਰਿਹਾ ਹੈ। ਇਸ ਦੇ ਸ਼ੇਖਾਂ ਵਾਲਾ ਚੌਕ ਕੋਲ ਟੈਂਕੀ ਵਾਲੀ ਗਲੀ ਸਾਹਮਣੇ ਨਰਕ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਆਸ-ਪਾਸ ਦਾ ਸਮੁੱਚਾ ਖੇਤਰ ਅਤੇ ਮੁੱਖ ਬਜ਼ਾਰ ਵੱਡੇ-ਵੱਡੇ ਗੰਦਗੀ ਦੇ ਢੇਰਾਂ ਨਾਲ ਭਰ ਚੁੱਕਾ ਹੈ। ਦੁਕਾਨਦਾਰ ਆਪਣੀ ਦੁਕਾਨ ਦੀ ਸਫ਼ਾਈ ਤੋਂ ਪਹਿਲਾਂ ਉੱਥੇ ਖਿਲਰੀ ਗੰਦਗੀ ਨੂੰ ਸਾਫ਼ ਕਰਦੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਦੁਕਾਨਾਂ ਉੱਤੇ ਕੋਈ ਗਾਹਕ ਨਹੀਂ ਆ ਰਿਹਾ ਹੈ, ਸਗੋਂ ਉਹ ਖ਼ੁਦ ਮਾਨਸਿਕ ਅਤੇ ਸਰੀਰਕ ਤੌਰ ‘ਤੇ ਬੀਮਾਰ ਹੁੰਦੇ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਸ਼ੇਰਾਂ ਵਾਲਾ ਗੇਟ ਸਥਿਤ ਦੁਕਾਨਦਾਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਧਰਨਾ ਵੀ ਦਿੱਤਾ।
ਇਸ ਦੌਰਾਨ ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਵੀ ਰੋਸ ਧਰਨੇ ਵਿੱਚ ਸ਼ਾਮਲ ਹੋਏ ਅਤੇ ਸਥਾਨਕ ਪ੍ਰਸ਼ਾਸਨ ਸਮੇਤ ਇਸ ਦੇ ਬਦਲਵੇਂ ਪ੍ਰਬੰਧਾਂ ਦੀ ਮੰਗ ਕੀਤੀ। ਇਸ ਮਾਮਲੇ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਵਿੰਦਰ ਸਿੰਘ ਜੌਹਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪੰਜਾਬੀ ਟ੍ਰਿਬਯੂਨ