ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ‘ਤੇ ਸ਼ਰੇਆਮ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
10 ਜੂਨ, 2026 – ਗੁਰਦਾਸਪੁਰ: ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆ ਦੇ ਪਿੰਡ ਕਾਦੀਆਂ ਰਾਜਪੂਤਾ ਵਿੱਚ ਦੇਰ ਸ਼ਾਮ ਹੋਈ ਵੱਡੀ ਵਾਰਦਾਤ ਹੋਈ ਹੈ। ਪਿੰਡ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਇਹ ਵਾਰਦਾਤ ਪਿੰਡ ਵਿੱਚ ਹੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਗੁਰਬਿੰਦਰ ਸਿੰਘ ਆਪਣੇ ਚਾਚੇ ਦੇ ਘਰ ਤੋਂ ਬਾਹਰ ਨਿੱਕਲ ਆਪਣੀ ਗੱਡੀ ਵਿੱਚ ਬੈਠਣ ਦੀ ਤਿਆਰੀ ਵਿੱਚ ਸੀ ਕਿ ਅਚਾਨਕ ਨਜ਼ਦੀਕ ਖੜ੍ਹੇ ਅਣਪਛਾਤੇ ਦੋ ਨੌਜਵਾਨ ਜੋ ਮੋਟਰਸਾਈਕਲ ’ਤੇ ਸਵਾਰ ਸਨ ਉਨ੍ਹਾਂ ਨੇ ਗੁਰਬਿੰਦਰ ’ਤੇ ਫਾਇਰਿੰਗ ਕਰ ਦਿੱਤੀ।
“ਅਸੀਂ ਘਰ ਵਿੱਚ ਹੀ ਬੈਠੇ ਸੀ ਜਿਸ ਤੋਂ ਬਾਅਦ ਸਰਪੰਚ ਘਰ ਜਾਣ ਦੀ ਤਿਆਰੀ ਹੀ ਕਰ ਰਿਹਾ ਸੀ, ਇਸ ਦੌਰਾਨ ਦੋ ਨੌਜਵਾਨ ਪਹਿਲਾਂ ਤੋਂ ਹੀ ਮੋਟਰਸਾਇਕਲ ’ਤੇ ਬਾਹਰ ਖੜ੍ਹੇ ਸੀ, ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਹ ਕੀ ਕਰਨ ਆਏ ਹਨ। ਇਸ ਦੌਰਾਨ ਮੁਲਜ਼ਮਾਂ ਨੇ ਦੇਖਦੇ ਹੀ ਦੇਖਦੇ ਗੁਰਬਿੰਦਰ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ, ਗੋਲੀਆਂ ਗੁਰਬਿੰਦਰ ਦੀਆਂ ਲੱਤਾਂ ਵਿੱਚ ਜਾ ਵੱਜੀਆਂ ਤੇ ਗੋਲੀਆਂ ਮਾਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।” ਮੁਖਬੈਨ ਸਿੰਘ, ਸਰਪੰਚ ਦਾ ਚਾਚਾ
ਵਾਰਦਾਤ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ
ਫਾਇਰਿੰਗ ਦੀ ਇਸ ਵਾਰਦਾਤ ਤੋਂ ਬਾਅਦ ਪਿੰਡ ਵਿੱਚ ਹੜਕੰਪ ਮਚ ਗਿਆ। ਇਕੱਠੇ ਹੋਏ ਲੋਕਾਂ ਅਤੇ ਪਰਿਵਾਰਕ ਮੈਂਬਰ ਤੁਰੰਤ ਜ਼ਖ਼ਮੀ ਹਾਲਤ ਵਿੱਚ ਸਰਪੰਚ ਨੂੰ ਹਸਪਤਾਲ ਲੈ ਗਏ। ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਨੇ ਪੀੜਤ ਸਰਪੰਚ ਨੂੰ ਅੰਮ੍ਰਿਤਸਰ ਹਸਪਤਾਲ ਲਈ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਵੱਲੋਂ ਪੀੜਤ ਦਾ ਇਲਾਜ ਕੀਤਾ ਜਾ ਰਿਹਾ ਹੈ।
ਫਾਇਰਿੰਗ ਦੀ ਚੁੱਕੀ ਜ਼ਿੰਮੇਵਾਰੀ, ਪੋਸਟ ਵਾਇਰਲ
ਫਾਇਰਿੰਗ ਦੀ ਇਸ ਵਾਰਦਾਤ ਦੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੁਝ ਲੋਕਾਂ ਵੱਲੋਂ ਜ਼ਿੰਮੇਵਾਰੀ ਚੁੱਕੀ ਗਈ ਹੈ। ਹਾਲਾਂਕਿ ਇਸ ਵਾਇਰਲ ਪੋਸਟ ਦੀ ਈਟੀਵੀ ਭਾਰਤ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ। ਪੋਸਟ ਪਾ ਜ਼ਿੰਮੇਵਾਰੀ ਚੁੱਕਣ ਵਾਲੇ ਆਪਣੇ ਆਪ ਨੂੰ ਆਦੇਸ਼ ਜਾਮਾਰਾਏ ਅਤੇ ਨਿਸ਼ਾਨ ਜੋੜੀਆਂ ਦੱਸ ਰਹੇ ਹਨ।
ਪੁਲਿਸ ਵੱਲੋਂ ਜਾਂਚ ਜਾਰੀ
ਉਧਰ ਇਸ ਮਾਮਲੇ ਵਿੱਚ ਬਟਾਲਾ ਦੇ ਥਾਣਾ ਫ਼ਤਹਿਗੜ੍ਹ ਚੂੜਿਆ ਦੇ ਡੀ ਐੱਸ ਪੀ ਲਲਿਤ ਕੁਮਾਰ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਇਸ ਵਾਰਦਾਤ ਦੀ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਸੀ। ਪੁਲਿਸ ਦਾ ਕਹਿਣਾ ਕਿ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਪੋਸਟ ਨੂੰ ਲੈਕੇ ਵੀ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ETV BHARAT