ਦੁਖੀ ਮੁਲਾਜ਼ਮ ਬੋਲੇ – ਹੁਣ ਪਿੰਡਾਂ ਵਿੱਚੋਂ ਭਜਾਵਾਂਗੇ ਝਾੜੂ ਵਾਲੇ
ਹੁਣ ਪਿੰਡਾਂ ਵਿੱਚੋਂ ਭਜਾਵਾਂਗੇ ਝਾੜੂ ਵਾਲੇ ਠੇਕਾ ਮੁਲਾਜ਼ਮਾਂ ਦਾ ਸਰਕਾਰ ‘ਤੇ ਵਾਅਦਾ ਖ਼ਿਲਾਫ਼ੀ ਦਾ ਇਲਜ਼ਾਮ,’ਅਕਾਲੀ ਤੇ ਕਾਂਗਰਸ ਤੋਂ ਬਾਅਦ ਹੁਣ ਆਪ ਸਰਕਾਰ ਨੇ
16 ਜੂਨ, 2026 – ਖੰਨਾ (ਲੁਧਿਆਣਾ) : ਪੰਜਾਬ ਸਰਕਾਰ ਦੇ “ਰੁਜ਼ਗਾਰ” ਅਤੇ “ਕੱਚੇ ਮੁਲਾਜ਼ਮ ਪੱਕੇ ਕਰਨ” ਦੇ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹਦੀ ਨਜ਼ਰ ਆਈ, ਜਦੋਂ ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਬੈਨਰ ਹੇਠ ਹਜ਼ਾਰਾਂ ਠੇਕਾ ਮੁਲਾਜ਼ਮਾਂ ਵੱਲੋਂ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਖੰਨਾ ਸਥਿਤ ਰਿਹਾਇਸ਼ ਨੇੜੇ ਪਰਿਵਾਰਾਂ ਸਮੇਤ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਧਰਨਾਕਾਰੀਆਂ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਨੇ ਉਨ੍ਹਾਂ ਨਾਲ ਕੀਤੇ ਵਾਅਦੇ ਤੋੜ ਦਿੱਤੇ ਹਨ। ਲੰਬੇ ਸਮੇਂ ਤੋਂ ਸੇਵਾ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ‘ਪੰਜਾਬ ਭਰ ਦੇ ਸਰਕਾਰੀ ਥਰਮਲ ਪਲਾਂਟਾਂ, ਹਾਈਡਲ ਪ੍ਰੋਜੈਕਟਾਂ, ਗਰਿੱਡਾਂ, ਸਟੋਰਾਂ, ਦਫ਼ਤਰਾਂ ਅਤੇ ਫੀਲਡ ਵਿੱਚ ਹਜ਼ਾਰਾਂ ਆਊਟਸੋਰਸਡ ਮੁਲਾਜ਼ਮ ਪਿਛਲੇ 15 ਤੋਂ 25 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਹਨ। ਇਹ ਮੁਲਾਜ਼ਮ ਵਿਭਾਗ ਦੀ ਰੀੜ੍ਹ ਦੀ ਹੱਡੀ ਬਣੇ ਹੋਏ ਹਨ ਪਰ ਸਰਕਾਰ ਉਨ੍ਹਾਂ ਨੂੰ ਨਾ ਤਾਂ ਪੱਕਾ ਕਰ ਰਹੀ ਹੈ ਅਤੇ ਨਾ ਹੀ ਗੁਜ਼ਾਰੇਯੋਗ ਤਨਖਾਹ ਦੇਣ ਲਈ ਤਿਆਰ ਹੈ।‘
ਨਿਯੁਕਤੀ ਪੱਤਰ ਦੇਣ ਦਾ ਦਿੱਤਾ ਭਰੋਸਾ
ਇਸ ਮੌਕੇ ਧਰਨਾ ਦੇ ਰਹੇ ਆਗੂਆਂ ਨੇ ਦੱਸਿਆ ਕਿ ’24 ਮਈ ਨੂੰ ਖੰਨਾ ਵਿਖੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਹੋਈ । ਪੈਨਲ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਸੀ ਕਿ ਚੋਣ ਜ਼ਾਬਤਾ ਖ਼ਤਮ ਹੋਣ ਉਪਰੰਤ ਆਊਟਸੋਰਸਡ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ 15 ਜੂਨ ਤੱਕ ਨਿਯੁਕਤੀ ਪੱਤਰ ਵੀ ਦੇ ਦਿੱਤੇ ਜਾਣਗੇ। ਪਰ ਅੱਜ 15 ਜੂਨ ਲੰਘ ਜਾਣ ਦੇ ਬਾਵਜੂਦ ਨਾ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਅਤੇ ਨਾ ਹੀ ਕਿਸੇ ਮੁਲਾਜ਼ਮ ਨੂੰ ਨਿਯੁਕਤੀ ਪੱਤਰ ਮਿਲਿਆ।‘
ਪਹਿਲੀਆਂ ਸਰਕਾਰਾਂ ਨੇ ਵੀ ਲਾਏ ਲਾਰੇ
ਧਰਨੇ ਵਿੱਚ ਸ਼ਾਮਲ ਥਰਮਲ ਪਲਾਂਟ ਕਰਮਚਾਰੀ ਪਰਮਜੀਤ ਕੌਰ ਨੇ ਕਿਹਾ ਕਿ ‘ਅਸੀਂ ਅਤੇ ਸਾਡੇ ਵਰਗੇ ਹਜ਼ਾਰਾਂ ਮੁਲਾਜ਼ਮ 20 ਤੋਂ 25 ਸਾਲਾਂ ਤੋਂ ਠੇਕੇਦਾਰੀ ਪ੍ਰਣਾਲੀ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਸਿਰਫ਼ 10 ਤੋਂ 12 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਦੀ ਹੈ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਪਹਿਲਾਂ ਅਕਾਲੀ ਦਲ ਨੇ ਪੱਕਾ ਕਰਨ ਦੇ ਵਾਅਦੇ ਕੀਤੇ, ਫਿਰ ਕਾਂਗਰਸ ਨੇ ਭਰੋਸੇ ਦਿੱਤੇ, ਪਰ ਕੋਈ ਵੀ ਸਰਕਾਰ ਆਪਣੇ ਵਾਅਦੇ ‘ਤੇ ਖਰੀ ਨਹੀਂ ਉਤਰੀ। ਪਰਮਜੀਤ ਕੌਰ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ–ਵੱਡੇ ਦਾਅਵੇ ਕੀਤੇ ਸਨ, ਪਰ ਹੁਣ ਉਹ ਵੀ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ।‘
ਧਰਨੇ ਨੂੰ ਭਰਾਤਰੀ ਜਥੇਬੰਦੀਆਂ ਦਾ ਵੀ ਵੱਡਾ ਸਮਰਥਨ ਮਿਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੌਦਾਗਰ ਸਿੰਘ ਘਰਾਣੀ, ਟੀਐੱਸਯੂ ਭੰਗਲ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਡੀਟੀਐੱਫ ਦੇ ਰੇਸ਼ਮ ਸਿੰਘ ਅਤੇ ਲੋਕ ਸੰਘਰਸ਼ ਕਮੇਟੀ ਖੰਨਾ ਦੇ ਕਨਵੀਨਰ ਮਲਕੀਤ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਸਰਕਾਰ ਦੀ ਨੀਤੀ ਦੀ ਆਲੋਚਨਾ ਕੀਤੀ।
ਆਗੂਆਂ ਨੇ ਦਿੱਤੀ ਚਿਤਾਵਨੀ
ਯੂਨੀਅਨ ਆਗੂ ਹਰਜੀਤ ਸਿੰਘ ਡਡਵਾਲ, ਸਿਮਰਨਜੀਤ ਸਿੰਘ ਨੀਲੋਂ ਅਤੇ ਗੁਰਵਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਹੁਣ ਮੁਲਾਜ਼ਮ ਖਾਲੀ ਭਰੋਸਿਆਂ ਨਾਲ ਨਹੀਂ ਮਨਣਗੇ ਅਤੇ ਆਪਣਾ ਹੱਕ ਲੈ ਕੇ ਹੀ ਘਰ ਵਾਪਸ ਜਾਣਗੇ। ਬਿਜਲੀ ਮੰਤਰੀ ਦੀ ਕੋਠੀ ਬਾਹਰ ਪਰਿਵਾਰਾਂ ਸਮੇਤ ਬੈਠੇ ਮੁਲਾਜ਼ਮਾਂ ਦਾ ਇਹ ਧਰਨਾ ਸਰਕਾਰ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ, ਕਿਉਂਕਿ ਇੱਕ ਪਾਸੇ ਸਰਕਾਰ ਰੁਜ਼ਗਾਰ ਅਤੇ ਮੁਲਾਜ਼ਮ-ਹਿਤੈਸ਼ੀ ਨੀਤੀਆਂ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸਾਲਾਂ ਤੋਂ ਸੇਵਾ ਨਿਭਾ ਰਹੇ ਮੁਲਾਜ਼ਮ ਆਪਣੇ ਹੱਕਾਂ ਲਈ ਸੜਕਾਂ ‘ਤੇ ਉਤਰਨ ਲਈ ਮਜਬੂਰ ਹਨ।
ETV BHARAT