ਪੰਜਾਬ ਦੇ ਸ਼ਹਿਰੀ ਖੇਤਰਾਂ ’ਚ ਤਾਂ ਜ਼ਿਆਦਾਤਰ ਰੁਝਾਨ ਘਰਾਂ ’ਚ ਵੀ ਹਿੰਦੀ ਬੋਲਣ ਦਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਤੇ ਤਬਦੀਲੀਆਂ ’ਚ ਸੋਸ਼ਲ ਮੀਡੀਆ ਵੀ ਅਪਣੀ ਭੂਮਿਕਾ ਨਿਭਾ ਰਿਹਾ ਹੈ। ਜਿੱਥੇ ਸੋਸ਼ਲ ਮੀਡੀਆ ਤੇ ਪੰਜਾਬੀ ਸਾਹਿਤ ਨੂੰ ਇਕ ਵਖਰਾ ਮੰਚ ਮਿਲਿਆ ਹੈ, ਉੱਥੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵੀ ਹੋਈ ਹੈ ਪਰ ਸੋੋਸ਼ਲ ਮੀਡੀਆ ਤੇ ਵਰਤੀ ਜਾਂਦੀ ਪੰਜਾਬੀ ਦਾ ਵਿਆਕਰਣ ਪੱਖੋਂ ਬਿੰਦੀ, ਟਿੱਪੀ, ਅੱਧਕ ਦਾ ਕੋਈ ਖ਼ਾਸ ਖਿਆਲ ਨਹੀਂ ਰਖਿਆ ਜਾਂਦਾ। ਪੰਜਾਬੀ ਭਾਸ਼ਾ ਤੇ ਇਕ ਨਵਾਂ ਪ੍ਰਯੋਗ, ਰੋਮਨ ਲਿਪੀ ’ਚ ਲਿਖਣ ਦਾ ਵੀ ਕੀਤਾ ਜਾ ਰਿਹੈ ਜਦਕਿ ਰੋਮਨ ਲਿਪੀ ਪੰਜਾਬੀ ਭਾਸ਼ਾ ਲਈ ਬਿਲਕੁਲ ਵੀ ਢੁਕਵੀਂ ਨਹੀਂ। ਰੋਮਨ ਲਿਪੀ ਪੰਜਾਬੀ ਭਾਸ਼ਾ ਦੀਆਂ ਸਾਰੀਆਂ ਧੁਨੀਆਂ ਨੂੰ ਪ੍ਰਗਟਾਉਣ ’ਚ ਅਸਮਰਥ ਹੈ।
ਪੰਜਾਬੀ ਭਾਸ਼ਾ ਦੇ ਤਕਨੀਕੀ ਕਾਰਨਾਂ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ’ਚ ਟਾਈਪਿੰਗ ਦੀ ਸਭ ਤੋਂ ਵੱਡੀ ਸਮੱਸਿਆ ਫ਼ੌਂਟ ਦੀ ਰਹੀ ਹੈ। ਬੇਸ਼ੱਕ ਬਹੁਤ ਸਾਰੇ ਫ਼ੌਂਟ ਬਣ ਗਏ ਹਨ ਪਰ ਪੂਰੀ ਤਰ੍ਹਾਂ ਸੰਤੁਸ਼ਟੀ ਨਹੀਂ ਹੋ ਸਕੀ, ਨਾ ਹੀ ਪੰਜਾਬੀ ਭਾਸ਼ਾ ਲਈ ਕੋਈ ਵਖਰਾ ਕੀ-ਬੋਰਡ ਬਣਾਇਆ ਜਾ ਸਕਦੈ। ਸਾਨੂੰ ਰੋਮਨ ਲਿਪੀ ਦੇ ਕੀ-ਬੋਰਡ ਤੇ ਹੀ ਕੰਮ ਸਾਰਨਾ ਪੈ ਰਿਹੈ। ਇਸ ਦਾ ਇਕ ਕਾਰਨ ਪੰਜਾਬੀ ਭਾਸ਼ਾ ਦੇ ਅੱਖਰਾਂ ਦੀ ਗਿਣਤੀ ਜ਼ਿਆਦਾ ਹੋਣਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀਆਂ ਲਗਾਂ ਮਾਤਰਾਵਾਂ ਬਹੁਤ ਹਨ, ਜਿਨ੍ਹਾਂ ਲਈ ਵੱਡੇ ਕੀ-ਬੋਰਡ ਦੀ ਜ਼ਰੂਰਤ ਹੈ ਜਦਕਿ ਰੋਮਨ ਲਿਪੀ ’ਚ ਬਣੇ ਕੀ-ਬੋਰਡ ਤੇ ਟਾਈਪਿੰਗ ਆਸਾਨੀ ਨਾਲ ਹੋ ਜਾਂਦੀ ਹੈ।
ਪੰਜਾਬੀ ਭਾਸ਼ਾ ’ਚ ਹੋ ਰਹੇ ਅੰਗਰੇਜ਼ੀ ਸ਼ਬਦਾਵਲੀ ਦੇ ਮਿਲ-ਗੋਭੇ ਲਈ ਕਿਤੇ ਨਾ ਕਿਤੇ ਪੰਜਾਬੀ ਗਾਇਕੀ ਵੀ ਵੱਡਾ ਰੋਲ ਨਿਭਾ ਰਹੀ ਹੈ। ਸੰਗੀਤ ਕਿਸੇ ਚੀਜ਼ ਨੂੰ ਸਿਖਣ ਦਾ ਸਭ ਤੋਂ ਕਾਰਗਰ ਸਾਧਨ ਹੈ। ਅੱਜਕਲ ਚਲ ਰਹੇ ਗੀਤਾਂ ’ਚ ਅੱਧੇ ਤੋਂ ਵੱਧ ਸ਼ਬਦ ਅੰਗਰੇਜ਼ੀ ਦੇ ਵਰਤੇ ਜਾ ਰਹੇ ਹਨ।
ਮਨੁੱਖ ਸਮਾਜਕ ਪ੍ਰਾਣੀ ਹੈ। ਜਿਊਣ ਲਈ ਮੁੱਖ ਤੌਰ ’ਤੇ ਸੰਚਾਰ ਦੀ ਲੋੜ ਹੁੰਦੀ ਹੈ। ਮਨੁੱਖਤਾ ਦੇ ਵਿਕਾਸ ’ਚ ਸੰਚਾਰ ਦਾ ਸਭ ਤੋਂ ਵੱਧ ਯੋਗਦਾਨ ਹੈ। ਸੰਚਾਰ ਸਾਰੇ ਹੀ ਪ੍ਰਾਣੀ ਜਗਤ ’ਚ ਵਿਦਮਾਨ ਹੈ ਪਰ ਮਨੁੱਖੀ ਸੰਚਾਰ ਦੀ ਸਮਰੱਥਾ ਸਭ ਤੋਂ ਸ਼੍ਰੇਸ਼ਟ ਤੇ ਵਿਆਪਕ ਹੈ। ਮਾਨਵੀ ਸੰਚਾਰ ਦੇ ਸੰਦਰਭ ’ਚ ਭਾਸ਼ਾ ਉਪ੍ਰੰਤ ਲਿਪੀ ਦੀ ਭੂਮਿਕਾ ਸਰਵੋਤਮ ਹੈ। ਭਾਸ਼ਾ ਮਨੁੱਖ ਦੀ ਸੱਭ ਤੋਂ ਮਹਾਨ ਖੋਜ ਹੈ। ਭਾਸ਼ਾ ਤੋਂ ਅੱਗੇ ਲਿਪੀ ਮਨੁੱਖ ਦੀ ਦੂਜੀ ਵੱਡੀ ਪ੍ਰਾਪਤੀ ਹੈ। ਛਾਪੇਖ਼ਾਨੇ ਦੀ ਈਜਾਦ ਨਾਲ ਸੰਚਾਰ ਦਾ ਘੇਰਾ ਹੋਰ ਵੀ ਵੱਧ ਗਿਆ ਹੈ।
ਇਸ ਨੇ ਸੰਚਾਰ ਦੀ ਗਤੀ ’ਚ ਇਕ ਵੱਡਾ ਇਨਕਲਾਬ ਲਿਆਂਦਾ ਹੈ। ਭਾਸ਼ਾ ਮਨੁੱਖੀ ਸੰਚਾਰ ਦਾ ਮਾਧਿਅਮ ਹੈ। ਭਾਸ਼ਾ ਦੀ ਸਿਰਜਣਾ ਬਾਕੀ ਸਾਰੀਆਂ ਮਨੁੱਖੀ ਸਿਰਜਨਾਵਾਂ ਨਾਲੋਂ ਸੱਭ ਤੋਂ ਉੱਤਮ ਹੈ। ਬਾਕੀ ਸਾਰੇ ਜੀਵਾਂ ਦੇ ਮੁਕਾਬਲੇ ਮਨੁੱਖੀ ਜ਼ੁਬਾਨ ਦੀ ਬਣਤਰ ਹੀ ਅਜਿਹੀ ਹੈ ਕਿ ਉਹ ਵੱਖੋਂ ਵਖਰੀਆਂ ਧੁਨੀਆਂ ਉਚਾਰ ਸਕਦਾ ਹੈ। ਬਾਕੀ ਸਾਰੇ ਜਾਨਵਰ ਭਾਵੇਂ ਕਿਸੇ ਵੀ ਦੇਸ਼ ਦੇ ਹੋਣ ਨਿਸ਼ਚਿਤ ਧੁਨੀਆਂ ਤਕ ਹੀ ਸੀਮਤ ਹਨ ਜਦਕਿ ਮਨੁੱਖ ਅਪਣੀ ਉਚਾਰਨ ਸ਼ਕਤੀ ਕਾਰਨ ਵੱਖੋ-ਵਖਰੀਆਂ ਧੁਨੀਆਂ ਉਚਾਰ ਸਕਦਾ ਹੈ। ਇਸੇ ਲਈ ਸੰਸਾਰ ਭਰ ’ਚ ਹਜ਼ਾਰਾਂ ਹੀ ਭਾਸ਼ਾਵਾਂ ਤੇ ਉਪ-ਭਾਸ਼ਾਵਾਂ ਹਨ। ਕਿਹਾ ਜਾਂਦਾ ਹੈ ਕਿ ਬੋਲੀ ਬਾਰਾਂ ਕੋਹ ’ਤੇ ਬਦਲ ਜਾਂਦੀ ਹੈ। ਇਸ ਲਈ ਵੱਖ-ਵੱਖ ਖ਼ਿੱਤਿਆਂ ’ਚ ਰਹਿਣ ਵਾਲੇ ਲੋਕਾਂ ਦੀਆਂ ਵੱਖੋਂ ਵਖਰੀਆਂ ਭਾਸ਼ਾਵਾਂ ਹਨ।
ਪੰਜਾਬੀ ਗਿਣਤੀ ਦੇ ਆਧਾਰ ’ਤੇ ਦੁਨੀਆਂ ਦੀ ਦਸਵੀਂ ਸੱਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। 10 ਕਰੋੜ ਤੋਂ ਜ਼ਿਆਦਾ ਲੋਕ ਪੰਜਾਬੀ ਬੋਲਣ ਵਾਲੇ ਹਨ। ਪੰਜਾਬੀ ਬੋਲੀ ਨੂੰ ਸੱਭ ਤੋਂ ਜ਼ਿਆਦਾ ਬੋਲਣ ਵਾਲੇ ਲੋਕ ਪਾਕਿਸਤਾਨ ’ਚ ਹਨ। ਇਸ ਤੋਂ ਬਾਅਦ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਆਦਿ ਵਰਗੇ ਦੇਸ਼ ਵੀ ਪੰਜਾਬੀ ਬੋਲਣ ਵਾਲੇ ਖੇਤਰ ’ਚ ਸ਼ਾਮਲ ਹਨ ਕਿਉਂਕਿ ਸੱਭ ਤੋਂ ਜ਼ਿਆਦਾ ਪੰਜਾਬੀ ਪ੍ਰਵਾਸੀ ਇਨ੍ਹਾਂ ਦੇਸ਼ਾਂ ’ਚ ਹੀ ਵਸਦੇ ਹਨ। ਇਸ ਸਮੇਂ ਇਹ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਪੰਜਾਬੀ ਭਾਸ਼ਾ ਖ਼ਤਮ ਹੋਣ ਵਾਲੀ ਹੈ ਜਾਂ ਆਉਣ ਵਾਲੇ ਕੁੱਝ ਸਾਲਾਂ ’ਚ ਖ਼ਤਮ ਹੋ ਜਾਵੇਗੀ।
ਅੱਜ ਹਰ ਕੋਈ ਅੰਗਰੇਜ਼ੀ ਭਾਸ਼ਾ ਦੀ ਦਿਨੋਂ ਦਿਨ ਵੱਧ ਰਹੀ ਵਰਤੋਂ ਤੇ ਪੰਜਾਬੀ ਭਾਸ਼ਾ ’ਚ ਨਿਘਾਰ ਕਾਰਨ ਚਿੰਤਿਤ ਹੈ। ਸੱਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਭਾਸ਼ਾ ਦੁਆਰਾ ਸ਼ਬਦ ਲੈਣ ਦੀ ਗੱਲ ਕੋਈ ਨਵੀਂ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਅਰਬੀ ਫ਼ਾਰਸੀ ਵਰਗੀਆਂ ਭਾਸ਼ਾਵਾਂ ਦੇ ਸ਼ਬਦ ਪੰਜਾਬੀ ਭਾਸ਼ਾ ’ਚ ਆ ਚੁੱਕੇ ਹਨ। ਪੰਜਾਬੀ ਭਾਸ਼ਾ ਦਾ ਤਾਂ ਨਾਂ ਵੀ ਹੋਰ ਭਾਸ਼ਾ ਤੋਂ ਪਿਆ ਹੈ। ਜਿਹੜਾ ਫ਼ਾਰਸੀ ਦੇ ਦੋ ਸ਼ਬਦਾਂ ਪੰਜ ਤੇ ਆਬ ਤੋਂ ਮਿਲ ਕੇ ਬਣਿਆ ਹੈ। ਇਸ ਦਾ ਭਾਵ ਕਿ ਸਾਡੀ ਭਾਸ਼ਾ ਦਾ ਤਾਂ ਨਾਮ ਵੀ ਦੂਜੀਆਂ ਭਾਸ਼ਾਵਾਂ ਨੂੰ ਮਿਲ ਕੇ ਬਣਿਆ ਹੈ।
ਭਾਵ ਇਹ ਹੈ ਕਿ ਵੱਖ-ਵੱਖ ਭਾਸ਼ਾਵਾਂ ’ਚ ਸ਼ਬਦਾਂ ਦੇ ਲੈਣ-ਦੇਣ ਦੀ ਪ੍ਰਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ, ਇਸ ਨਾਲ ਜਿਸ ਭਾਸ਼ਾ ’ਚੋਂ ਸ਼ਬਦ ਲਏ ਜਾ ਰਹੇ ਹਨ, ਉਨ੍ਹਾਂ ਦਾ ਵਿਸਥਾਰ ਵੀ ਤੇ ਜਿਸ ਭਾਸ਼ਾ ’ਚ ਸ਼ਬਦ ਸ਼ਾਮਲ ਹੋ ਰਹੇ ਹਨ ਉਸ ਦਾ ਵੀ। ਸਮੇਂ ਸਮੇਂ ਤੇ ਪੰਜਾਬੀ ਭਾਸ਼ਾ ਨੇ ਵੱਖ-ਵੱਖ ਭਾਸ਼ਾਵਾਂ ਤੋਂ ਤਤਸਮ ਤੇ ਤਦਭਵ ਰੂਪ ’ਚ ਸ਼ਬਦ ਲਏ ਤੇ ਅਪਣੇ ਆਪ ਨੂੰ ਅਮੀਰ ਕੀਤਾ, ਉੱਥੇ ਹੀ ਅੱਜ ਅੰਗਰੇਜ਼ੀ ਤੇ ਹਿੰਦੀ ਵਰਗੀਆਂ ਭਾਸ਼ਾਵਾਂ ਤੋਂ ਪੰਜਾਬੀ ਭਾਸ਼ਾ ਨੂੰ ਖ਼ਤਰਾ ਮਹਿਸੂਸ ਕੀਤਾ ਜਾ ਰਿਹੈ। ਜਦਕਿ ਕੋਈ ਵੀ ਭਾਸ਼ਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦੀ ਬਲਕਿ ਭਾਸ਼ਾ ’ਚੋਂ ਸ਼ਬਦਾਵਲੀ ਖ਼ਤਮ ਹੁੰਦੀ ਜਾਂਦੀ ਹੈ, ਜਦੋਂ ਦੂਜੀ ਭਾਸ਼ਾ ਦੇ ਸ਼ਬਦ ਭਾਰੂ ਪੈ ਜਾਂਦੇ ਹਨ।
ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਜ਼ਮੀਨ ’ਤੇ ਵੱਖ-ਵੱਖ ਹਮਲਾਵਰ ਆਉਂਦੇ ਰਹੇ ਤੇ ਅਪਣੇ ਨਾਲ ਅਪਣਾ ਸਭਿਆਚਾਰ ਤੇ ਭਾਸ਼ਾ ਵੀ ਲੈ ਕੇ ਆਉਂਦੇ ਰਹੇ। ਜਦੋਂ ਮੁਸਲਮਾਨ ਆਏ ਤਾਂ ਅਸੀਂ ਉਨ੍ਹਾਂ ਦੇ ਸਭਿਆਚਾਰ ਦੇ ਨਾਲ-ਨਾਲ ਉਨ੍ਹਾਂ ਦੀ ਭਾਸ਼ਾ ਦੇ ਸ਼ਬਦ ਵੀ ਅਪਣਾਏ। ਉਸ ਸਮੇਂ ਦੀਆਂ ਪੰਜਾਬੀ ਲਿਖਤਾਂ ’ਤੇ ਅਰਬੀ ਤੇ ਫ਼ਾਰਸੀ ਦਾ ਜ਼ਿਆਦਾ ਪ੍ਰਭਾਵ ਹੈ ਕਿਉਂਕਿ ਉਸ ਸਮੇਂ ਰਾਜ ਭਾਸ਼ਾ ਵੀ ਫ਼ਾਰਸੀ ਸੀ। ਸਿੱਖ ਰਾਜ ਕਾਲ ’ਚ ਵੀ ਪੰਜਾਬੀ ਰਾਜ ਭਾਸ਼ਾ ਨਹੀਂ ਬਣ ਸਕੀ ਬਲਕਿ ਉਸ ਸਮੇਂ ਦੀ ਸਰਕਾਰੀ ਭਾਸ਼ਾ ਫ਼ਾਰਸੀ ਸੀ।
ਫਿਰ ਅੰਗਰੇਜ਼ ਆਏ। ਉਹ ਜਾਣਦੇ ਸਨ ਕਿ ਜੇਕਰ ਕਿਸੇ ਕੌਮ ਨੂੰ ਗ਼ੁਲਾਮ ਬਣਾਉਣਾ ਹੈ ਤਾਂ ਸੱਭ ਤੋਂ ਪਹਿਲਾਂ ਉਸ ਨੂੰ ਭਾਸ਼ਾਈ ਤੌਰ ਤੇ ਗ਼ੁਲਾਮ ਬਣਾਉਣਾ ਪਵੇਗਾ। ਉਨ੍ਹਾਂ ਨੇ ਈਸਾਈ ਮਿਸ਼ਨਰੀਆਂ ਨੂੰ ਅੰਗਰੇਜ਼ੀ ਸਾਹਿਤ ਤੇ ਅੰਗਰੇਜ਼ੀ ਭਾਸ਼ਾ ਦੇ ਪ੍ਰਚਾਰ ਦਾ ਜ਼ਿੰਮਾ ਸੌਂਪਿਆ। ਫਿਰ ਅੰਗਰੇਜ਼ੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾ ਦਿਤਾ ਕਿਉਂਕਿ ਉਨ੍ਹਾਂ ਨੂੰ ਨੌਕਰੀਆਂ ਲਈ ਸਸਤੇ ਕਲਰਕ ਚਾਹੀਦੇ ਸਨ ਤੇ ਇਹ ਲੋੜ ਉਨ੍ਹਾਂ ਨੇ ਭਾਰਤੀਆਂ ਨੂੰ ਅੰਗਰੇਜ਼ੀ ਭਾਸ਼ਾ ਸਿਖਾ ਕੇ ਕੀਤੀ।
ਈਸਾਈ ਧਰਮ ਤੇ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਵਿਸ਼ੇਸ਼ ਰਿਆਇਤਾਂ ਦਿਤੀਆਂ ਜਾਂਦੀਆਂ ਸਨ ਤਾਕਿ ਉਨ੍ਹਾਂ ਦੀ ਦੇਖਾ-ਦੇਖੀ ਦੂਜੇ ਲੋਕ ਵੀ ਪ੍ਰੇਰਿਤ ਹੋ ਸਕਣ। ਅੰਗਰੇਜ਼ ਭਾਵੇਂ ਚਲੇ ਗਏ ਪਰ ਉਨ੍ਹਾਂ ਦੀ ਭਾਸ਼ਾ ਦੀ ਗ਼ੁਲਾਮੀ ਵਾਲੀ ਮਾਨਸਿਕਤਾ ਨਹੀਂ ਬਦਲੀ। ਅੰਗਰੇਜ਼ਾਂ ਦੁਆਰਾ ਭਾਰਤ ਛੱਡ ਜਾਣ ਦੇ ਏਨੇ ਸਮੇਂ ਬਾਅਦ ਵੀ ਅੰਗਰੇਜ਼ੀ ਭਾਸ਼ਾ ਦੀ ਸਰਦਾਰੀ ਹੈ। ਇਸ ਪਿੱਛੇ ਸਿਆਸੀ ਕਾਰਨ ਵੀ ਕਾਰਜਸ਼ੀਲ ਹਨ। ਅੰਗਰੇਜ਼ ਜਾਂਦੇ ਸਮੇਂ ਸ਼ਾਸਨ ਦੀ ਵਾਗਡੋਰ ਅਪਣੇ ਸ਼ੁਭਚਿੰਤਕਾਂ ਨੂੰ ਹੀ ਦੇ ਕੇ ਗਏ ਜਿਨਾਂ ਨੇ ਅੱਗੇ ਅੰਗਰੇਜ਼ੀ ਨੂੰ ਰਵਾਇਤ ਵਜੋਂ ਤੋਰੀ ਰਖਿਆ। ਜਦੋਂ 1950 ’ਚ ਭਾਰਤੀ ਸੰਵਿਧਾਨ ਲਾਗੂ ਹੋਇਆ ਤਾਂ ਉਸ ਸਮੇਂ ਸਿਰਫ਼ 15 ਸਾਲਾਂ ਲਈ ਅੰਗਰੇਜ਼ੀ ਭਾਸ਼ਾ ਨੂੰ ਸਹਾਇਕ ਰਾਜ ਭਾਸ਼ਾ ਵਜੋਂ ਥਾਂ ਦਿਤੀ ਗਈ। ਸਮੇਂ ਨਾਲ ਅੰਗਰੇਜ਼ੀ ਭਾਸ਼ਾ ਦਾ ਦਾਇਰਾ ਵਧਦਾ ਗਿਆ।
1997 ’ਚ ਇਕ ਕਾਨੂੰਨ ਰਾਹੀਂ ਇਹ ਵਿਵਸਥਾ ਕੀਤੀ ਗਈ ਕਿ ਨਿਆਂਪਾਲਿਕਾ ਦੇ ਸਾਰੇ ਕੰਮ ਅੰਗਰੇਜ਼ੀ ਭਾਸ਼ਾ ’ਚ ਹੀ ਹੋਣਗੇ। ਇਸ ਕਾਨੂੰਨ ਨੂੰ ਖ਼ਤਮ ਕੀਤਾ ਜਾ ਸਕਦਾ ਸੀ ਪਰ ਜੇਕਰ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਦੋ ਤਿਹਾਈ ਮੈਂਬਰ ਸੰਸਦ ’ਚ ਇਹ ਪ੍ਰਸਤਾਵ ਰਖਦੇ ਪਰ ਅਜਿਹਾ ਅੱਜ ਤਕ ਨਹੀਂ ਹੋਇਆ ਕਿ ਕਿਸੇ ਨੇ ਅੰਗਰੇਜ਼ੀ ਭਾਸ਼ਾ ਨੂੰ ਨਿਆਂਪਾਲਿਕਾ ਦੀ ਭਾਸ਼ਾ ਤੋਂ ਖ਼ਤਮ ਕਰਨ ਲਈ ਕੋਈ ਕਦਮ ਚੁਕਿਆ ਹੋਵੇ।
ਬੇਸ਼ੱਕ ਭਾਰਤੀ ਸੰਵਿਧਾਨ ਦੀ ਅੱਠਵੀਂ ਸੂਚੀ ’ਚ ਪੰਜਾਬੀ ਭਾਸ਼ਾ ਨੂੰ ਉਨ੍ਹਾਂ 22 ਭਾਸ਼ਾਵਾਂ ’ਚ ਸ਼ਾਮਲ ਕੀਤਾ ਗਿਐ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਵਲੋਂ ਮਾਨਤਾ ਪ੍ਰਾਪਤ ਹੈ ਪਰ ਫਿਰ ਵੀ ਹਿੰਦੀ ਭਾਸ਼ਾ ਨੂੰ ਪੂਰੇ ਰਾਸ਼ਟਰ ਦੀ ਭਾਸ਼ਾ ਵਜੋਂ ਪੇਸ਼ ਕੀਤਾ ਜਾ ਰਿਹੈ ਜਦਕਿ ਸੰਵਿਧਾਨ (ਆਰਟੀਕਲ 343) ਅਨੁਸਾਰ ਭਾਰਤ ਦੀ ਕੋਈ ਵੀ ਰਾਸ਼ਟਰੀ ਭਾਸ਼ਾ ਨਹੀਂ। ਹਿੰਦੀ ਸਿਰਫ਼ ਇਕ ਰਾਜ ਭਾਸ਼ਾ ਹੈ ਜਿਹੜੀ ਕਿ ਸੰਘ ਦੇ ਸ਼ਾਸਨ ਦੇ ਕੰਮਾਂ ਲਈ ਵਰਤੀ ਜਾਂਦੀ ਹੈ।
ਕਿਹਾ ਜਾਂਦਾ ਹੈ ਕਿ ਜਿਹੜੀ ਬੋਲੀ ਬੱਚਾ ਅਪਣੀ ਮਾਂ ਤੋਂ ਸਿਖਦਾ ਹੈ, ਉਹ ਉਸ ਦੀ ਮਾਂ ਬੋਲੀ ਹੈ ਪਰ ਅੱਜ ਦੇ ਸਮੇਂ ’ਚ ਤਾਂ ਬੱਚੇ ਨੂੰ ਥੋੜ੍ਹੀ ਜਿਹੀ ਸੁਰਤ ਸੰਭਲਣ ਤੇ ਮਾਂ ਅਪਣਾ ਸਾਰਾ ਜੋਰ ਬੱਚੇ ਨੂੰ ਛੇਤੀ ਤੋਂ ਛੇਤੀ ਅੰਗਰੇਜ਼ੀ ਸਿਖਾਉਣ ’ਤੇ ਲਾ ਦੇਂਦੀ ਹੈ। ਫਿਰ ਬੱਚਾ ਸਕੂਲ ਜਾਣ ਲੱਗ ਜਾਂਦਾ ਹੈ। ਅੱਜ ਬਹੁਤੇ ਸਕੂਲ ਅਜਿਹੇ ਹਨ ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਜਾਂ ਸਜ਼ਾ ਮਿਲਦੀ ਹੈ। ਮਾਂ ਵਲੋਂ ਤੇ ਸਕੂਲ ਵਲੋਂ ਅੰਗਰੇਜ਼ੀ ਭਾਸ਼ਾ ਦੇ ਦਬਾਅ ਹੇਠ ਬੱਚਾ ਨਾ ਤਾਂ ਪੂਰੀ ਤਰ੍ਹਾਂ ਅੰਗਰੇਜ਼ੀ ਸਿਖ ਪਾਉਂਦਾ ਹੈ ਤੇ ਨਾ ਹੀ ਪੰਜਾਬੀ। ਸਾਡੀ ਰੋਜ਼ਾਨਾ ਦੀ ਜ਼ਿੰਦਗੀ ’ਚ ਅੰਗਰੇਜ਼ੀ ਏਨੀ ਸ਼ਾਮਲ ਹੋ ਚੁੱਕੀ ਹੈ ਕਿ ਸਾਨੂੰ ਪਤਾ ਹੀ ਨਹੀਂ ਲਗਦਾ ਕਿ ਅਸੀਂ ਅੰਗਰੇਜ਼ੀ ਦੇ ਸ਼ਬਦ ਵਰਤ ਰਹੇ ਹਾਂ ਕਿਉਂਕਿ ਅਜਿਹੇ ਸ਼ਬਦ ਹਨ ਜਿਹੜੇ ਸਾਨੂੰ ਅਪਣੀ ਪੰਜਾਬੀ ਦਾ ਹਿੱਸਾ ਹੀ ਲਗਦੇ ਹਨ। ਇਹ ਸ਼ਬਦ ਅਸੀਂ ਬਿਨਾਂ ਕਿਸੇ ਉਚੇਚ ਦੇ ਸਹਿਜੇ ਹੀ ਬੋਲ ਜਾਂਦੇ ਹਾਂ। ਪੰਜਾਬੀ ਭਾਸ਼ਾ ’ਤੇ ਅੰਗਰੇਜ਼ੀ ਭਾਸ਼ਾ ਦੋ ਤਰੀਕਿਆਂ ਨਾਲ ਭਾਰੂ ਹੋ ਰਹੀ ਹੈ।
ਪਹਿਲੀ ਸ਼ਬਦਾਵਲੀ ਜਿਨ੍ਹਾਂ ਦਾ ਸਾਡੇ ਕੋਲ ਪੰਜਾਬੀ ’ਚ ਕੋਈ ਰੂਪਾਂਤਰਣ ਨਹੀਂ, ਉਨ੍ਹਾਂ ਨੂੰ ਵਰਤਣਾ ਸਾਡੀ ਮਜਬੂਰੀ ਹੈ ਜਿਵੇਂ ਸਕੂਟਰ, ਮੋਬਾਈਲ, ਮਾਈਕਰੋਵੇਵ, ਓਵਨ ਆਦਿ। ਕਿਉਂਕਿ ਇਹ ਵਸਤਾਂ ਸਾਡੇ ਸਭਿਆਚਾਰ ’ਚੋਂ ਪੈਦਾ ਨਹੀਂ ਹੋਈਆਂ ਬਲਕਿ ਦੂਜੇ ਸਭਿਆਚਾਰ ’ਚੋਂ ਲਈਆਂ ਗਈਆਂ ਹਨ, ਇਨ੍ਹਾਂ ਦਾ ਸਾਡੇ ਕੋਲ ਪੰਜਾਬੀ ’ਚ ਕੋਈ ਉਲਥਾ ਨਹੀਂ। ਦੂਜਾ ਤਰੀਕਾ ਅਪਣੀ ਭਾਸ਼ਾ ਨੂੰ ਪ੍ਰਭਾਵੀ ਬਣਾਉਣ ਲਈ ਜਾਂ ਅਪਣੇ ਗਿਆਨਵਾਨ ਹੋਣ ਦਾ ਰੋਅਬ ਪਾਉਣ ਲਈ ਵਰਤੀ ਜਾਂ ਰਹੀ ਸ਼ਬਦਾਵਲੀ ਹੈ। ਬੇਸ਼ੱਕ ਸਾਡੇ ਕੋਲ ਪੰਜਾਬੀ ’ਚ ਅਪਣੇ ਸ਼ਬਦ ਵੀ ਹਨ ਪਰ ਫਿਰ ਵੀ ਇਸ ਦੀ ਜਗ੍ਹਾ ਅਸੀਂ ਹੋਰ ਭਾਸ਼ਾ ਦੇ ਸ਼ਬਦ ਵਰਤਣਾ ਵਧੇਰੇ ਪਸੰਦ ਕਰਦੇ ਹਾਂ ਜਿਵੇਂ ਵਾਇ ਨਾਟ, ਐਕਸਕਿਊਜ਼ ਮੀ, ਪਲੀਜ਼ ਆਦਿ।
ਅਪਣੀ ਭਾਸ਼ਾ ਦੇ ਸ਼ਬਦ ਬੋਲਦੇ ਸਮੇਂ ਸੰਗ ਸ਼ਰਮ ਮਹਿਸੂਸ ਕਰਨਾ, ਮੁਆਫੀ ਜਾਂ ਧੰਨਵਾਦ ਵਰਗੇ ਸ਼ਬਦ ਸਾਡੀ ਜ਼ੁਬਾਨ ’ਚ ਇੰਜ ਅੜਕਦੇ ਹਨ ਜਿਵੇਂ ਅਸੀਂ ਕੋਈ ਗ਼ੈਰ ਭਾਸ਼ਾ ਬੋਲ ਰਹੇ ਹੋਈਏ। ਹੁਣ ਸਾਨੂੰ ਇਨ੍ਹਾਂ ਦੀ ਜਗ੍ਹਾ ਅੰਗਰੇਜ਼ੀ ਸ਼ਬਦ ਹੀ ਜ਼ਿਆਦਾ ਰਾਸ ਆ ਰਹੇ ਹਨ। ਜਿਉਂ ਜਿਉਂ ਸਭਿਆਚਾਰਕ ਤਬਦੀਲੀਆਂ ਆਉਂਦੀਆਂ ਹਨ, ਸਾਡੇ ਕੋਲ ਸ਼ਬਦਾਵਲੀ ਵੀ ਵੱਧ ਜਾਂਦੀ ਹੈ।
ਚਮਕਦੀਆਂ ਟਾਈਲਾਂ ਨਾਲ ਬਣੀ ਹੋਈ ਰਸੋਈ (ਝਲਾਨੀ) ਨੂੰ ਕੋਈ ਵੀ ਪੰਜਾਬੀ ’ਚ ਕਹਿਣਾ ਪਸੰਦ ਨਹੀਂ ਕਰੇਗਾ ਸਗੋਂ ਕਿਚਨ ਸ਼ਬਦ ਹੀ ਵਰਤਿਆ ਜਾਂਦਾ ਹੈ। ਹੋਰ ਤਾਂ ਹੋਰ ਅੱਜਕਲ ਪੰਜਾਬੀਆਂ ਦੇ ਘਰਾਂ ਅੱਗੇ ਨਾਮ ਦੀਆਂ ਪਲੇਟਾਂ ਅੰਗਰੇਜ਼ੀ ’ਚ ਲਿਖੀਆਂ ਜਾਂਦੀਆਂ ਹਨ। ਕੁੱਝ ਸਭਿਆਚਾਰਕ ਤਬਦੀਲੀਆਂ ਵੀ ਕੁੱਝ ਸ਼ਬਦਾਂ ਦੇ ਖਾਰਜ ਹੋਣ ’ਚ ਭੂਮਿਕਾ ਨਿਭਾਉਂਦੀਆਂ ਹਨ। ਕੂੰਡਾ, ਘੋਟਣਾ, ਫੌਹੜਾ, ਨੇਹੀ, ਮਧਾਣੀ ਆਦਿ ਵਸਤੂਆਂ ਦੀ ਜਿਉਂ ਜਿਉਂ ਵਰਤੋਂ ਘੱਟ ਰਹੀ ਹੈ, ਉਵੇਂ ਹੀ ਇਹ ਸ਼ਬਦ ਪੰਜਾਬੀ ਭਾਸ਼ਾ ’ਚੋਂ ਖਾਰਜ ਹੋ ਜਾਣਗੇ।
ਪੰਜਾਬ ਦੇ ਸ਼ਹਿਰੀ ਖੇਤਰਾਂ ’ਚ ਤਾਂ ਜ਼ਿਆਦਾਤਰ ਰੁਝਾਨ ਘਰਾਂ ’ਚ ਵੀ ਹਿੰਦੀ ਬੋਲਣ ਦਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਤੇ ਤਬਦੀਲੀਆਂ ’ਚ ਸੋਸ਼ਲ ਮੀਡੀਆ ਵੀ ਅਪਣੀ ਭੂਮਿਕਾ ਨਿਭਾ ਰਿਹਾ ਹੈ। ਜਿੱਥੇ ਸੋਸ਼ਲ ਮੀਡੀਆ ਤੇ ਪੰਜਾਬੀ ਸਾਹਿਤ ਨੂੰ ਇਕ ਵਖਰਾ ਮੰਚ ਮਿਲਿਆ ਹੈ, ਉੱਥੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵੀ ਹੋਈ ਹੈ ਪਰ ਸੋੋਸ਼ਲ ਮੀਡੀਆ ਤੇ ਵਰਤੀ ਜਾਂਦੀ ਪੰਜਾਬੀ ਦਾ ਵਿਆਕਰਣ ਪੱਖੋਂ ਬਿੰਦੀ, ਟਿੱਪੀ, ਅੱਧਕ ਦਾ ਕੋਈ ਖ਼ਾਸ ਖਿਆਲ ਨਹੀਂ ਰਖਿਆ ਜਾਂਦਾ। ਪੰਜਾਬੀ ਭਾਸ਼ਾ ਤੇ ਇਕ ਨਵਾਂ ਪ੍ਰਯੋਗ, ਰੋਮਨ ਲਿਪੀ ’ਚ ਲਿਖਣ ਦਾ ਵੀ ਕੀਤਾ ਜਾ ਰਿਹੈ ਜਦਕਿ ਰੋਮਨ ਲਿਪੀ ਪੰਜਾਬੀ ਭਾਸ਼ਾ ਲਈ ਬਿਲਕੁਲ ਵੀ ਢੁਕਵੀਂ ਨਹੀਂ। ਰੋਮਨ ਲਿਪੀ ਪੰਜਾਬੀ ਭਾਸ਼ਾ ਦੀਆਂ ਸਾਰੀਆਂ ਧੁਨੀਆਂ ਨੂੰ ਪ੍ਰਗਟਾਉਣ ’ਚ ਅਸਮਰਥ ਹੈ।
ਪੰਜਾਬੀ ਭਾਸ਼ਾ ਦੇ ਤਕਨੀਕੀ ਕਾਰਨਾਂ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ’ਚ ਟਾਈਪਿੰਗ ਦੀ ਸਭ ਤੋਂ ਵੱਡੀ ਸਮੱਸਿਆ ਫ਼ੌਂਟ ਦੀ ਰਹੀ ਹੈ। ਬੇਸ਼ੱਕ ਬਹੁਤ ਸਾਰੇ ਫ਼ੌਂਟ ਬਣ ਗਏ ਹਨ ਪਰ ਪੂਰੀ ਤਰ੍ਹਾਂ ਸੰਤੁਸ਼ਟੀ ਨਹੀਂ ਹੋ ਸਕੀ, ਨਾ ਹੀ ਪੰਜਾਬੀ ਭਾਸ਼ਾ ਲਈ ਕੋਈ ਵਖਰਾ ਕੀ-ਬੋਰਡ ਬਣਾਇਆ ਜਾ ਸਕਦੈ। ਸਾਨੂੰ ਰੋਮਨ ਲਿਪੀ ਦੇ ਕੀ-ਬੋਰਡ ਤੇ ਹੀ ਕੰਮ ਸਾਰਨਾ ਪੈ ਰਿਹੈ। ਇਸ ਦਾ ਇਕ ਕਾਰਨ ਪੰਜਾਬੀ ਭਾਸ਼ਾ ਦੇ ਅੱਖਰਾਂ ਦੀ ਗਿਣਤੀ ਜ਼ਿਆਦਾ ਹੋਣਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀਆਂ ਲਗਾਂ ਮਾਤਰਾਵਾਂ ਬਹੁਤ ਹਨ, ਜਿਨ੍ਹਾਂ ਲਈ ਵੱਡੇ ਕੀ-ਬੋਰਡ ਦੀ ਜ਼ਰੂਰਤ ਹੈ ਜਦਕਿ ਰੋਮਨ ਲਿਪੀ ’ਚ ਬਣੇ ਕੀ-ਬੋਰਡ ਤੇ ਟਾਈਪਿੰਗ ਆਸਾਨੀ ਨਾਲ ਹੋ ਜਾਂਦੀ ਹੈ।
ਪੰਜਾਬੀ ਭਾਸ਼ਾ ’ਚ ਹੋ ਰਹੇ ਅੰਗਰੇਜ਼ੀ ਸ਼ਬਦਾਵਲੀ ਦੇ ਮਿਲ-ਗੋਭੇ ਲਈ ਕਿਤੇ ਨਾ ਕਿਤੇ ਪੰਜਾਬੀ ਗਾਇਕੀ ਵੀ ਵੱਡਾ ਰੋਲ ਨਿਭਾ ਰਹੀ ਹੈ। ਸੰਗੀਤ ਕਿਸੇ ਚੀਜ਼ ਨੂੰ ਸਿਖਣ ਦਾ ਸਭ ਤੋਂ ਕਾਰਗਰ ਸਾਧਨ ਹੈ। ਅੱਜਕਲ ਚਲ ਰਹੇ ਗੀਤਾਂ ’ਚ ਅੱਧੇ ਤੋਂ ਵੱਧ ਸ਼ਬਦ ਅੰਗਰੇਜ਼ੀ ਦੇ ਵਰਤੇ ਜਾ ਰਹੇ ਹਨ। ਇਕ ਹੋਰ ਰੁਝਾਨ ਅੰਗਰੇਜ਼ੀ ਭਾਸ਼ਾ ਨੂੰ ਪੰਜਾਬੀ ਲਹਿਜੇ ’ਚ ਆ ਅੰਤਕ ਲਾ ਕੇ ਬੋਲਣ ਦਾ ਹੈ। ਜਿਵੇਂ ਬੁੱਕਾਂ, ਕਲਾਸਾਂ, ਡਰੈਸਾਂ, ਬੈਂਕਾਂ ਤੇ ਸਕੂਲਾਂ ਆਦਿ। ਇਹ ਨਾ ਤਾਂ ਪੰਜਾਬੀ ਭਾਸ਼ਾ ਹੈ, ਨਾ ਹੀ ਅੰਗਰੇਜ਼ੀ ਹੈ। ਸਚਾਈ ਤਾਂ ਇਹ ਹੈ ਕਿ ਅਸੀਂ ਭਾਸ਼ਾ ਦੀ ਵਰਤੋਂ ਪ੍ਰਤੀ ਬਿਲਕੁਲ ਵੀ ਸੁਚੇਤ ਨਹੀਂ ਰਹੇ, ਜੋ ਵੀ ਸਾਨੂੰ ਸਮੇਂ ਸਥਿਤੀ ਅਨੁਸਾਰ ਠੀਕ ਲਗਦੈ ਅਸੀਂ ਉਸ ਨੂੰ ਹੀ ਵਰਤ ਲੈਂਦੇ ਹਾਂ।
ਭਾਸ਼ਾ ਕੋਈ ਵੀ ਮਾੜੀ ਨਹੀਂ ਤੇ ਨਾ ਹੀ ਹੋਰ ਭਾਸ਼ਾਵਾਂ ਸਿਖਣਾ ਬੁਰਾ ਹੈ ਪਰ ਅਪਣੀ ਭਾਸ਼ਾ ਨੂੰ ਛੱਡ ਕੇ ਦੂਜੀ ਭਾਸ਼ਾ ਵਰਤਣਾ ਦਿਮਾਗ਼ੀ ਗ਼ੁਲਾਮੀ ਦਾ ਸਬੂਤ ਹੈ। ਭਾਸ਼ਾ ਵਿਗਿਆਨ ’ਚ ਹੋਈਆਂ ਖੋਜਾਂ ਵੀ ਸਾਬਤ ਕਰ ਚੁਕੀਆਂ ਹਨ ਕਿ ਹੋਰ ਭਾਸ਼ਾ ਸਿਖਣ ਲਈ ਵੀ ਪਹਿਲਾਂ ਅਪਣੀ ਭਾਸ਼ਾ ਸਿਖਣੀ ਜ਼ਰੂਰੀ ਹੈ। ਅਜਿਹਾ ਲਗਦੈ ਕਿ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਡਾ ਖ਼ਤਰਾ ਸਾਡੇ ਤੋਂ ਹੀ ਹੈ ਜੋ ਇਕ ਸੰਪੂਰਨ ਭਾਸ਼ਾ ਹੋਣ ਦੇ ਬਾਵਜੂਦ ਅਸੀ ਹੋਰ ਭਾਸ਼ਾ ਦੀ ਵਰਤੋਂ ਕਰ ਰਹੇ ਹਾਂ। ਜਿੱਥੇ ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਦੇ ਪੈਰੋਕਾਰ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ’ਚ ਲੱਗੇ ਹੋਏ ਹਨ ਉੱਥੇ ਬਹੁਤ ਸਾਰੀਆਂ ਸੰਸਥਾਵਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਹਨ। ਸੋ ਪੰਜਾਬੀ ਭਾਸ਼ਾ ਦੇ ਬਿਹਤਰੀਨ ਭਵਿੱਖ ਲਈ ਠੋਸ ਕਦਮ ਚੁਕਣੇ ਜ਼ਰੂਰੀ ਹਨ।
ਖੋਜਾਰਥੀ ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਟੀ, ਪਟਿਆਲਾ
ਮੋਬਾਈਲ : 98888-70822.
– ਜਸਵੰਤ ਕੌਰ ਮਣੀ
test