Punjab Doctors Strike ਸੇਵਾਵਾਂ ਰੈਗੂਲਰ ਕਰਨ ਦੀ ਮੰਗ; ਵਾਅਦੇ ਤੋਂ ਬਾਅਦ ਵੀ ਮਸਲੇ ਹੱਲ ਨਾ ਕਰਨ ਦੇ ਦੋਸ਼
25 ਅਗਸਤ, 2026 – Punjab Doctors Strike: ਪੰਜਾਬ ਭਰ ਦੇ ਆਦਮੀ ਕਲੀਨਿਕਾਂ ਦੇ ਡਾਕਟਰ, ਫਾਰਮਾਸਿਸਟ ਅਤੇ ਨਰਸਾਂ 25 ਅਗਸਤ ਤੋਂ ਅਣਮਿਥੇ ਸਮੇਂ ਦੀ ਹੜਤਾਲ ’ਤੇ ਜਾ ਰਹੇ ਹਨ।
ਇਹ ਜਾਣਕਾਰੀ ਅੱਜ ਇੱਥੇ ਆਮ ਆਦਮੀ ਕਲੀਨਿਕ ਐਸੋਸੀਏਸ਼ਨ ਦੀ ਸੁਬਾਈ ਆਗੂ ਗੁਰਪ੍ਰੀਤ ਕੌਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਵੀ ਉਨ੍ਹਾਂ ਵੱਲੋਂ ਇੱਕ ਦਿਨ ਦੀ ਹੜਤਾਲ ਕੀਤੀ ਗਈ ਸੀ, ਪ੍ਰੰਤੂ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਦਿੱਤੇ ਗਏ ਭਰੋਸੇ ਉਪਰੰਤ ਹੜਤਾਲ ਵਾਪਸ ਲੈ ਲਈ ਗਈ ਸੀ ਪਰ ਨਾਲ ਹੀ ਕਿਹਾ ਗਿਆ ਸੀ ਜੇਕਰ 24 ਅਗਸਤ ਤੱਕ ਮੰਗਾਂ ਦੀ ਪੂਰਤੀ ਯਕੀਨੀ ਨਾ ਬਣਾਈ ਗਈ ਤਾਂ ਉਹ 25 ਅਗਸਤ ਤੋਂ ਅਣਮਿਥੇ ਸਮੇਂ ਦੀ ਹੜਤਾਲ ‘ਤੇ ਚਲੇ ਜਾਣਗੇ ਜਿਸ ਤਹਿਤ ਹੀ ਭਲਕੇ 25 ਅਗਸਤ ਤੋਂ ਉਹ ਆਪਣੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ ਰਾਜ ਵਿਆਪੀ ਤੇ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰਨ ਜਾ ਰਹੇ ਹਨ।
ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਉਹਨਾਂ ਦੀ ਭਰਤੀ ਰੈਗੂਲਰ ਮੁਲਾਜ਼ਮਾਂ ਦੀ ਤਰ੍ਹਾਂ ਹੀ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਹੋਈ ਹੈ।
ਉਹ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ ਪਰ ਉਹਨਾਂ ’ਤੇ ਜਦੋਂ ਕੋਈ ਅਮਲ ਨਾ ਹੋਇਆ ਤਾਂ ਹੀ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਿਆ ਹੈ।
ਪੰਜਾਬੀ ਟ੍ਰਿਬਯੂਨ